‘ਗ੍ਰੇਟ ਸਦਰਨ ਨਾਈਟਸ’ ਸ਼ੋਅ ਚਲ ਰਹੇ ਜੋਰਾਂ ਸ਼ੋਰਾਂ ਨਾਲ

ਸਬੰਧਤ ਵਿਭਗਾਂ ਦੇ ਮੰਤਰੀ ਸਟੁਅਰਟ ਆਇਰਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਨਿਊ ਸਾਊਥ ਵੇਲਜ਼ ਦੀ ਸਰਕਾਰ ਦੇ ਇੱਕ ਹੋਰ ਉਦਮ ਸਦਕਾ ਰਾਜ ਅੰਦਰ ਚਲ ਰਹੇ ਗਾਣਿਆਂ ਦੇ ਲਾਈਵ ਸ਼ੋਆਂ ਨਾਲ ਲੋਕਾਂ ਦਾ ਭਰਪੂਰ ਮਨੋਰੰਜਨ ਹੋ ਰਿਹਾ ਹੈ ਅਤੇ ਹੁਣ ਤੱਕ ਘੱਟੋ ਘੱਟ 140 ਤੋਂ ਵੀ ਵੱਧ ਥਾਵਾਂ ਉਪਰ 1100 ਦੇ ਕਰੀਬ ਅਜਿਹੇ ਹੀ ਲਾਈਵ ਸ਼ੋਅ ਕੀਤੇ ਜਾ ਚੁਕੇ ਹਨ ਜਿੱਥੇ ਕਿ ਲੋਕਾਂ ਨੇ ਬਹੁਤ ਜ਼ਿਆਦਾ ਆਨੰਦ ਮਾਣਿਆ ਹੈ। ਜ਼ਿਕਰਯੋਗ ਹੈ ਕਿ ਅਜਿਹੇ ਸ਼ੋਆਂ ਦੀ ਵਿਉਂਤਬੰਦੀ ਰਾਜ ਸਰਕਾਰ ਵੱਲੋਂ ਕੀਤੀ ਗਈ ਅਤੇ ਡੈਸਟੀਨੇਸ਼ਨ ਨਿਊ ਸਾਊਥ ਵੇਲਜ਼ ਕੰਪਨੀ ਨੇ ਆਸਟ੍ਰੇਲੀਆਈ ਰਿਕੋਰਡਿੰਗ ਇੰਡਸਟਰੀ ਐਸੋਸਿਏਸ਼ਨ (ARIA) ਨਾਲ ਮਿਲ ਕੇ ਇਸ ਦਾ ਪ੍ਰਾਯੋਜਨ ਕੀਤਾ ਅਤੇ ਇਸ ਨੂੰ ਸਿਡਨੀ ਦੇ ਸਬਅਰਬਾਂ ਦੇ ਨਾਲ ਨਾਲ ਸਮੁੱਚੇ ਰਾਜ ਅੰਦਰ ਹੀ ਬੀਤੇ ਨਵੰਬਰ ਦੇ ਮਹੀਨੇ ਤੋਂ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ ਇਨ੍ਹਾਂ ਸ਼ੋਆਂ ਦੇ 75,000 ਟਿਕਟ ਵਿਕ ਚੁਕੇ ਹਨ ਅਤੇ ਇਸ ਦੀ ਲੋਕਪ੍ਰਿਯਤਾ ਲਗਾਤਾਰ ਜਾਰੀ ਹੈ ਅਤੇ ਦਿਨ ਪ੍ਰਤੀ ਦਿਨ ਵੱਧ ਹੀ ਰਹੀ ਹੈ। ਕੋਵਿਡ-19 ਕਾਰਨ ਲਗਾਈਆਂ ਗਈਆਂ ਪਬੰਧੀਆਂ ਵਿਚ ਜਦੋਂ ਰਿਆਇਤਾਂ ਦੇ ਕੇ ਥਿਏਟਰ ਆਦਿ ਖੋਲ੍ਹੇ ਗਏ ਤਾਂ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਅਤੇ ਇਸ ਨੂੰ ਭਰਪੂਰ ਹੁੰਗਾਰਾ ਮਿਲਿਆ ਅਤੇ ਇਸ ਦੇ ਨਾਲ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਕਲਾਕਾਰਾਂ ਨੂੰ ਮਾਲੀ ਅਤੇ ਰੂਹਾਨੀ ਮਦਦ ਵੀ ਮਿਲੀ ਕਿਉਂਕਿ ਲੋਕਾਂ ਨੇ ਉਨ੍ਹਾਂ ਦੇ ਸ਼ੋਅ ਦੇਖਣ ਲਈ ਟਿਕਟਾਂ ਖਰੀਦੀਆਂ ਅਤੇ ਭਰਪੂਰ ਪਿਆਰ ਅਤੇ ਮਾਣ ਸਨਮਾਨ ਵੀ ਦਿੱਤਾ। ਇਸ ਦੇ ਨਾਲ ਹੀ ਥਿਏਟਰਾਂ ਅਤੇ ਹੋਰ ਅਜਿਹੇ ਅਦਾਰਿਆਂ ਨੂੰ ਵੀ ਦੋਬਾਰਾ ਖੁਲ੍ਹੱਣ ਤੋਂ ਬਾਅਦ ਮਾਲੀ ਸਹਾਇਤਾ ਮਿਲੀ। ਰਾਜ ਅੰਦਰ ਕਾਟੂੰਬਾ ਤੋਂ ਲੈ ਕੇ ਕਿੰਗਜ਼ਕਲਿਫ ਅਤੇ ਗੌਲਬਰਨ ਤੋਂ ਗੋਸਫੋਰਡ, ਹਰ ਕਿਤੇ ਅਜਿਹੇ 300 ਤੋਂ ਵੀ ਵੱਧ ਅਦਾਰਿਆਂ ਅੰਦਰ 2500 ਤੋਂ ਵੀ ਜ਼ਿਆਦਾ ਕਲਾਕਾਰਾਂ ਨੇ ਅਜਿਹੇ ਸ਼ੋਅ ਕਰਕੇ ਜਿੱਥੇ ਲੋਕਾਂ ਦਾ ਮਨੋਰੰਜਨ ਕੀਤਾ ਉਥੇ ਆਪਣੀ ਕਮਾਈ ਵਿੱਚ ਵੀ ਇਜ਼ਾਫ਼ਾ ਕੀਤਾ। ਕਲਾਕਾਰ, ਥਿਏਟਰ ਆਦਿ ਵਾਲੇ ਲੋਕ, ਅਤੇ ਇਸ ਕਿੱਤੇ ਨਾਲ ਸਿੱਧੇ ਅਤੇ ਅਸਿੱਧੇ ਤੌਰ ਤੇ ਰੌਜ਼ਗਾਰ ਦੇ ਨਾਤੇ ਜੁੜੇ ਹਰ ਤਰਾ੍ਹਂ ਦੇ ਅਤੇ ਹਰ ਵਰਗ ਦੇ ਲੋਕਾਂ ਨੇ ਹੀ ਸਰਕਾਰ ਦੇ ਇਸ ਕਦਮ ਦਾ ਉਚੇਚੇ ਤੌਰ ਤੇ ਸ਼ੁਕਰਿਆ ਅਦਾ ਕੀਤਾ ਹੈ ਕਿਉਂਕਿ ਸਾਰਿਆਂ ਨੂੰ ਹੀ ਰੌਜ਼ਗਾਰ ਮਿਲਿਆ ਹੈ।

Install Punjabi Akhbar App

Install
×