ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ‘ਮਹਿਲਾਵਾਂ ਲਈ ਹਫ਼ਤਾ 2021’ ਦੇ ਪ੍ਰੋਗਰਾਮਾਂ ਲਈ ਫੰਡ ਜਾਰੀ

ਮਹਿਲਾਵਾਂ ਵਾਲੇ ਵਿਭਾਗਾਂ ਦੇ ਮੰਤਰੀ ਬਰੋਨੀ ਟੇਲਰ ਨੇ ਜਾਣਕਾਰੀ ਰਾਹੀਂ ਦੱਸਿਆ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਇਸ ਸਾਲ ‘ਮਹਿਲਾਵਾਂ ਲਈ ਹਫ਼ਤਾ 2021’ ਮਨਾਉਣ ਲਈ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੇ ਲਈ ਫੰਡ ਜਾਰੀ ਕਰ ਦਿੱਤੇ ਹਨ ਅਤੇ ਇਨ੍ਹਾਂ ਪ੍ਰੋਗਰਾਮਾਂ ਦੌਰਾਨ -ਆਨਲਾਈਨ ਅਤੇ ਆਹਮੋ-ਸਾਹਮਣੇ ਦੀਆਂ ਕ੍ਰਾਫਟ ਕਲਾਸਾਂ, ਸੰਗੀਤ ਨਾਲ ਸਬੰਧਤ ਪ੍ਰੋਫੈਸ਼ਨਲਾਂ ਵੱਲੋਂ ਮਾਸਟਰ ਕਲਾਸਾਂ, ਆਊਟ ਡੋਰ ਯੋਗਾ ਵਰਕਸ਼ਾਮ ਅਤੇ ਹੋਰ ਇਹੋ ਜਿਹੇ ਹੀ ਕੁੱਲ 27 ਦੇ ਕਰੀਬ ਪ੍ਰੋਗਰਾਮ ਉਲੀਕੇ ਗਏ ਹਨ ਜਿਨ੍ਹਾਂ ਨਾਲ ਮਹਿਲਾਵਾਂ ਨੂੰ ਸਿੱਖਲਾਈ ਆਦਿ ਦਾ ਸਿੱਧਾ ਲਾਭ ਮੁਹੱਈਆ ਕਰਵਾਇਆ ਜਾਵੇਗਾ। ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਆਪ ਵੀ ਇੱਕ ਮਹਿਲਾ ਹਨ ਅਤੇ ਮਹਿਲਾਵਾਂ ਦੀ ਮਹੱਤਤਾ ਨੂੰ ਸਮਝਦੇ ਹਨ ਅਤੇ ਜਦੋਂ ਕਦੇ ਵੀ ਮਹਿਲਾਵਾਂ ਪ੍ਰਤੀ ਕੋਈ ਅਜਿਹੇ ਪ੍ਰੋਗਰਾਮ ਉਲੀਕੇ ਜਾਂਦੇ ਹਨ ਜਿੱਥੇ ਕਿ ਉਨ੍ਹਾਂ ਨੂੰ ਵੱਖ ਵੱਖ ਖੇਤਰਾਂ ਅੰਦਰ ਨਵੀਆਂ ਨਵੀਆਂ ਸਿਖਲਾਈਆਂ ਦੇਣੀਆਂ ਹੁੰਦੀਆਂ ਹਨ ਤਾਂ ਉਹ ਹਮੇਸ਼ਾ ਇਸਨੂੰ ਪਹਿਲ ਦੇ ਆਧਾਰ ਤੇ ਲੈਂਦੇ ਹਨ ਅਤੇ ਸਰਕਾਰ ਦਾ ਵੀ ਧੰਨਵਾਦ ਕਰਦੇ ਹਨ ਕਿਉਂਕਿ ਮੌਜੂਦਾ ਸਮੇਂ ਵਿੱਚ ਸਰਕਾਰ ਨੂੰ ਚਲਾਉਣ ਵਾਲੇ ਵੀ ਇੱਕ ਮਹਿਲਾ ਹੀ ਹਨ ਅਤੇ ਉਨ੍ਹਾਂ ਦੀ ਉਦਾਰਤਾ ਅਤੇ ਸੁਹਿਰਦਤਾ ਜੱਗ ਜ਼ਾਹਿਰ ਹੈ। ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਵੱਲੋਂ ਚੁੱਕੇ ਗਏ ਅਜਿਹੇ ਉਸਾਰੂ ਕਦਮ ਦਿਖਾਉਂਦੇ ਹਨ ਕਿ ਮਹਿਲਾਵਾਂ ਹੀ ਮਹਿਲਾਵਾਂ ਨੂੰ ਸਹੀ ਰਾਹ ਦਿਖਾ ਸਕਦੀਆਂ ਹਨ ਅਤੇ ਦਿਖਾ ਵੀ ਰਹੀਆਂ ਹਨ। ਰਾਜ ਅੰਦਰ ਉਕਤ ਹਫ਼ਤਾਵਾਰੀ ਪ੍ਰੋਗਰਾਮਾਂ ਦਾ ਆਗਾਜ਼ 8 ਮਾਰਚ 2021 ਨੂੰ ਹੋਣਾ ਹੈ ਅਤੇ ਇਸ ਵਿੱਚ ਸਮਾਜਿਕ ਅਤੇ ਸਭਿਆਚਾਰਕ ਗਤੀਵਿਧੀਆਂ ਦੇ ਨਾਲ ਨਾਲ ਜਿੱਥੇ ਮਹਿਲਾਵਾਂ ਨੂੰ ਕੰਮਾਂ-ਕਾਰਾਂ ਬਾਰੇ ਜਾਣੂ ਕਰਵਾਇਆ ਜਾਵੇਗਾ ਉਥੇ ਹੀ ਰਾਜਨੀਤਿਕ ਤੌਰ ਉਪਰ ਮਹਿਲਾਵਾਂ ਦੀਆਂ ਉਪਲੱਭਧੀਆਂ ਬਾਰੇ ਵੀ ਝਾਤ ਪਾਈ ਜਾਵੇਗੀ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਦਿਮਾਗੀ ਤੌਰ ਤੇ ਆਪਣੇ ਆਪ ਨੂੰ ਸੰਤੁਲਿਤ ਅਤੇ ਸਿਹਤਮੰਦ ਰੱਖਣ ਬਾਰੇ ਵੀ ਪ੍ਰੋਗਰਾਮ ਉਲੀਕੇ ਗਏ ਹਨ ਅਤੇ ਅਜਿਹੀਆਂ ਵਰਕਸ਼ਾਪਾਂ ਨੂੰ ਐਥਲਵੁੱਡ ਕੰਟਰੀ ਵੂਮੇਨਜ਼ ਐਸੋਸਿਏਸ਼ਨ ਵੱਲੋਂ ਪ੍ਰਾਯੋਜਕ ਕੀਤਾ ਜਾਵੇਗਾ; ਬੈਗਾ ਵੈਲੀ ਸ਼ਾਇਰ ਲਾਇਬ੍ਰੇਰੀ ਵਿਖੇ ਕਹਾਣੀਆਂ ਦੱਸਣ ਦਾ ਪ੍ਰੋਗਰਾਮ ਵੀ ਹੈ; ਇੱਕ ਪ੍ਰੋਗਰਾਮ ਦੇ ਤਹਿਤ ਮਹਿਲਾਵਾਂ ਨੂੰ ਟੈਕਸ ਆਦਿ ਦੇ ਭੁਗਤਾਨਾਂ ਦੀ ਜਾਣਕਾਰੀ ਦਿੱਤੀ ਜਾਵੇਗੀ।
ਉਕਤ ਪ੍ਰੋਗਰਾਮਾਂ ਨੂੰ ਰਾਜ ਸਰਕਾਰ ਦੀ ਔਰਤਾਂ ਨੂੰ ਹਰ ਖਿੱਤੇ ਅੰਦਰ ਅਪ-ਟੂ-ਡੇਟ ਕਰਨ ਵਾਸਤੇ ਜੋ 2018-2022 ਤੱਕ ਦੀ ਸਟ੍ਰੈਟਜੀ ਉਲੀਕੀ ਗਈ ਹੈ, ਉਸੇ ਦੇ ਤਹਿਤ ਲਿਆ ਗਿਆ ਹੈ ਅਤੇ ਸਰਕਾਰ ਦਾ ਮੰਨਣਾ ਹੈ ਕਿ ਰਾਜ ਦੀ ਹਰ ਔਰਤ ਨੂੰ ਇਸ ਦੌਰਾਨ ਹਰ ਪ੍ਰਕਾਰ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।
ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ https://www.women.nsw.gov.au/commissioning/nsw-womens-week-grants ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×