ਦਾਦਾ-ਦਾਦੀ ਅਤੇ ਨਾਨਾ-ਨਾਨੀ ਦੀ ਸਰਕਾਰ ਨੂੰ ਗੁਹਾਰ -ਉਨ੍ਹਾਂ ਨੂੰ ਵੀ ਪਰਵਾਰਕ ਯਾਤਰਾਵਾਂ ਦੀਆਂ ਛੋਟਾਂ ਵਿੱਚ ਕੀਤਾ ਜਾਵੇ ਸ਼ਾਮਿਲ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆ ਅੰਦਰ ਬੀਤੇ ਮਾਰਚ ਦੇ ਮਹੀਨੇ ਤੋਂ ਕੋਵਿਡ-19 ਕਾਰਨ ਲਗਾਈਆਂ ਗਈਆਂ ਅੰਤਰ-ਰਾਸ਼ਟਰੀ ਪਾਬੰਧੀਆਂ ਤੋਂ ਬਾਅਦ ਦਿੱਤੀਆਂ ਗਈਆਂ ਕੁੱਝ ਰਿਆਇਤਾਂ ਅੰਦਰ ਜਿੱਥੇ ਪਰਵਾਰਕ ਯਾਤਰਾਵਾਂ ਦੀ ਛੋਟ ‘ਨਿਯਮਾਂ ਅਧੀਨ’ ਅਤੇ ਆਪਣੇ ਘਰਾਂ ਨੂੰ ਪਰਤਣ ਲਈ ਦਿੱਤੀ ਗਈ ਹੈ ਉਥੇ ਗਰੈਂਡ ਪੇਰੈਂਟਸ (ਦਾਦਾ-ਦਾਦੀ ਅਤੇ ਨਾਨਾ-ਨਾਨੀ) ਨੂੰ ਆਪਣੇ ਪਰਵਾਰ ਨੂੰ ਮਿਲਣ ਲਈ ਯਾਤਰਾ ਵਿੱਚ ਹਾਲ ਦੀ ਘੜੀ ਪਾਬੰਧੀਆਂ ਅਧੀਨ ਹੀ ਰੱਖਿਆ ਗਿਆ ਹੈ ਅਤੇ ਬਜ਼ੁਰਗਾਂ ਨੂੰ ਹਾਲੇ ਦੇਸ਼ ਵਿੱਚ ਆਉਣ ਦੀ ਇਜਾਜ਼ਤ ਨਹੀਂ ਹੈ ਅਤੇ ਬੇਸ਼ੱਕ ਫੇਰ ਉਨ੍ਹਾਂ ਦੇ ਬੱਚੇ ਇੱਥੇ ਪੱਕੇ ਤੌਰ ਤੇ ਰਹਿੰਦੇ ਹੀ ਕਿਉਂ ਨਾ ਹੋਣ। ਇਸ ਭਿਆਨਕ ਸਮੇਂ ਦੌਰਾਨ ਵੀ ਰੱਬ ਦੀਆਂ ਦਾਤਾਂ ਜਾਰੀ ਹਨ ਅਤੇ ਨਵੇਂ ਬੱਚੇ ਦੁਨੀਆਂ ਵਿੱਚ ਕਦਮ ਵੀ ਰੱਖ ਚੁਕੇ ਹਨ ਅਤੇ ਜਾਂ ਫੇਰ ਰੱਖਣ ਵਾਲੇ ਹਨ। ਅਜਿਹੇ ਮੌਕਿਆਂ ਦਾ ਪਰਵਾਰਕ ਆਨੰਦ ਲੈਣ ਵਾਸਤੇ ਹਮੇਸ਼ਾ ਦਾਦਾ-ਦਾਦੀ ਅਤੇ ਨਾਨਾ-ਨਾਨੀ (ਗਰੈਂਡ ਪੇਰੈਂਟਸ) ਦੀ ਇੱਛਾ ਹੁੰਦੀ ਹੈ ਕਿ ਉਹ ਛੇਤੀ ਤੋਂ ਛੇਤੀ ਆਪਣੇ ਪੋਤਿਆਂ/ਪੋਤੀਆਂ-ਦੋਹਤਿਆਂ/ਦੋਹਤੀਆਂ ਨੂੰ ਮਿਲਣ ਅਤੇ ਕਿਉਂਕਿ ਹਾਲੇ ਸਰਕਾਰ ਇਸ ਗੱਲ ਦੀ ਇਜਾਜ਼ਤ ਨਹੀਂ ਦੇ ਰਹੀ ਤਾਂ ਉਨ੍ਹਾਂ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਬੇਸ਼ਕ ਨਿਯਮਾਂ ਦੇ ਤਹਿਤ ਹੀ -ਪਰੰਤੂ ਉਨ੍ਹਾਂ ਦੀ ਆਮਦ ਨੂੰ ਵੀ ਹੋਰਨਾਂ ਯਾਤਰੀਆਂ ਵਾਂਗ ਹੀ ਸਵਿਕਾਰਿਆ ਜਾਵੇ ਤਾਂ ਜੋ ਉਹ ਆਪਣੇ ਪਰਵਾਰ ਵਿੱਚ ਹੋਏ ਇਜ਼ਾਫ਼ੇ ਦਾ ਭਰਪੂਰ ਆਨੰਦ ਮਾਣ ਸਕਣ ਅਤੇ ਆਪਣੇ ਵਿਛੜੇ ਹੋਏ ਬੱਚਿਆਂ ਨੂੰ ਵੀ ਮਿਲ ਸਕਣ। ਜ਼ਿਕਰਯੋਗ ਹੈ ਕਿ ਇਸ ਪੰਕਤੀ ਵਿੱਚ ਹਜ਼ਾਰਾਂ ਹੀ ਲੋਕ ਖੜ੍ਹੇ ਹਨ ਅਤੇ ਸਰਕਾਰ ਵੱਲ ਦੇਖ ਰਹੇ ਹਨ ਕਿ ਕਦੋਂ ਸਰਕਾਰ ਲੱਗੀਆਂ ਹੋਈਆਂ ਪਾਬੰਧੀਆਂ ਨੂੰ ਹਟਾਵੇ ਅਤੇ ਕਦੋਂ ਉਹ ਆਪਣੀਆਂ ਯਾਤਰਾਵਾਂ ਦੀ ਤਿਆਰੀ ਕਰਨ। ਸਰਕਾਰ ਦੇ ਬੁਲਾਰਿਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਤਾਂ ਸਾਰੇ ਫੈਸਲੇ ਸਿਹਤ ਅਧਿਕਾਰੀਆਂ ਦੀ ਤਰਜਮਾਨੀ ਦੇ ਆਧਾਰ ਤੇ ਹੀ ਲੈਣੇ ਹਨ ਅਤੇ ਹਾਲ ਦੀ ਘੜੀ ਸਿਹਤ ਅਧਿਕਾਰੀਆਂ ਵੱਲੋਂ ਅਜਿਹੇ ਕਿਸੇ ਵੀ ਤਰ੍ਹਾਂ ਦੀ ਕੋਈ ਸਲਾਹ ਨਹੀਂ ਦਿੱਤੀ ਜਾ ਰਹੀ ਅਤੇ ਸਾਨੂੰ ਕੁੱਝ ਚਿਰ ਹੋਰ ਇੰਤਜ਼ਾਰ ਕਰਨਾ ਹੀ ਪਵੇਗਾ ਕਿਉਂਕਿ ਹੋਰ ਕੋਈ ਚਾਰਾ ਹੀ ਨਹੀਂ ਹੈ।

Install Punjabi Akhbar App

Install
×