ਅਮਾਂਡਾ ਸਟੋਕਰ ਨੂੰ ਔਰਤਾਂ ਦੇ ਸਹਾਇਕ ਮੰਤਰੀ ਨਿਯੁੱਕਤੀ ਉਪਰ ਗ੍ਰੇਸ ਟੇਮ ਨੂੰ ਪੂਰਾ ਇਤਰਾਜ਼

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) 26 ਸਾਲਾਂ ਦੀ ‘ਆਸਟ੍ਰੇਲੀਅਨ ਆਫ ਦ ਇਅਰ’ ਅਤੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਗੇਸ ਟੇਮ ਨੇ ਪ੍ਰਧਾਨ ਮੰਤਰੀ -ਸਕਾਟ ਮੋਰੀਸਨ, ਦੁਆਰਾ ਸੈਨੇਟਰ ਅਮਾਂਡਾ ਸਟੋਕਰ ਨੂੰ ਔਰਤਾਂ ਦੇ ਮਾਮਲਿਆਂ ਵਾਲੇ ਵਿਭਾਗ ਦੇ ਮੰਤਰਾਲੇ ਵਿੱਚ ਸਹਾਇਕ ਮੰਤਰੀ ਵਜੋਂ ਨਿਯੁੱਕਤ ਕੀਤੇ ਜਾਣ ਉਪਰ ਗਹਿਰਾ ਖੇਦ ਪ੍ਰਗਟ ਕਰਦਿਆਂ ਕਿਹਾ ਹੈ ਕਿ ਜਿਹੜੇ ਲੋਕ ਦੇਸ਼ ਦੀਆਂ ਯੂਨੀਵਰਸਿਟੀਆਂ ਆਦਿ ਵਿੱਚ ਚੱਲ ਰਹੇ ਵਿਦਿਆਰਥਣਾਂ ਦੇ ਸਰੀਰਕ ਸ਼ੋਸ਼ਣ ਨੂੰ ਗਲਤ ਅਤੇ ਝੂਠਾ ਕਰਾਰ ਦਿੰਦੇ ਹਨ, ਉਨ੍ਹਾਂ ਲੋਕਾਂ ਨੂੰ ਹੀ ਔਰਤਾਂ ਦੇ ਵਿਭਾਗ ਵਿੱਚ ਸਹਾਇਕ ਮੰਤਰੀ ਬਣਾ ਦਿੱਤਾ ਜਾਂਦਾ ਹੈ ਤਾਂ ਇਹ ਨਿੰਦਣਯੋਗ ਹੈ ਅਤੇ ਪ੍ਰਧਾਨ ਮੰਤਰੀ ਨੂੰ ਫੌਰਨ ਇਸ ਨਿਯੁੱਕਤੀ ਨੂੰ ਰੱਦ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੇਸ਼ ਅੰਦਰ ਔਰਤਾਂ ਪ੍ਰਤੀ ਜਿਹੜੇ ਬਦਲ ਦਾ ਦੌਰ ਚਾਹੁੰਦੇ ਹਨ, ਉਸ ਦੀ ਸ਼ੁਰੂਆਤ ਉਪਰਲੇ ਪਾਸਿਉਂ ਹੀ ਹੋਣੀ ਹੈ ਅਤੇ ਇਸ ਵਾਸਤੇ ਪ੍ਰਧਾਨ ਮੰਤਰੀ ਨੂੰ ਫੌਰਨ ਇਸ ਬਾਬਤ ਸੋਚ ਕੇ ਸਹੀ ਫੈਸਲਾ ਲੈਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਦ ਆਸਟ੍ਰੇਲੀਅਨ ਵਿੱਚ ਸਾਲ 2019 ਵਿੱਚ ਛਪੇ ਇੱਕ ਆਰਟੀਕਲ ਵਿੱਚ ਸੈਨੇਟਰ ਅਮਾਂਡਾ ਸਟੋਕਰ ਨੇ ਖੁਲਾਸਾ ਕਰਦਿਆਂ ਕਿਹਾ ਸੀ ਕਿ ਯੂਨੀਵਰਸਿਟੀਆਂ ਅੰਦਰ ਚੱਲ ਰਹੀਆਂ ਅਨੁਸ਼ਾਸ਼ਨਿਕ ਸੰਸਥਾਵਾਂ ਆਦਿ ਤਾਂ ਮਹਿਜ਼ ‘ਕੰਗਾਰੂ ਅਦਾਲਤਾਂ’ ਬਣ ਕੇ ਰਹਿ ਗਈਆਂ ਹਨ ਅਤੇ ਹਮੇਸ਼ਾ ਹੀ ਇੱਕ ਤਰਫਾ ਅਤੇ ਗੈਰ-ਜ਼ਿੰਮੇਵਾਰਾਨਾ ਫੈਸਲਿਆਂ ਉਪਰ ਹੀ ਅੜੀਆਂ ਰਹਿੰਦੀਆਂ ਹਨ। ਇਸ ਵਾਸਤੇ ਯੂਨੀਵਰਸਿਟੀਆਂ ਵਿੱਚ ਜਿਹੜੇ ਝੂਠੇ ਇਲਜ਼ਾਮ ਮਰਦਾਂ ਉਪਰ ਲਗਾਏ ਜਾਂਦੇ ਹਨ ਉਨ੍ਹਾਂ ਦੀ ਪੈਰਵੀ ਵਾਸਤੇ ਅਜਿਹੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਹੋਰ ਜ਼ਿਆਦਾ ਹੱਕ ਮਿਲਣੇ ਚਾਹੀਦੇ ਹਨ ਤਾਂ ਜੋ ਉਹ ਆਪਣੇ ਆਪ ਨੂੰ ਸਹੀ ਸਾਬਤ ਕਰ ਸਕਣ।
ਮਿਸ ਟੇਮ ਨੇ ਕਿਹਾ ਕਿ ਅਜਿਹੀਆਂ ਹਾਲਤਾਂ ਵਿੱਚ ਜਾਂ ਤਾਂ ਫੇਰ ਪ੍ਰਧਾਨ ਮੰਤਰੀ ਇਹ ਕਹਿਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ‘ਜਗ ਜਾਹਰ’ ਅਸਲੀਅਤਾਂ ਦਾ ਪਤਾ ਹੀ ਨਹੀਂ ਹੈ ਅਤੇ ਜਾਂ ਫੇਰ ਉਹ ਜਾਣ ਬੁੱਝ ਕੇ ਅਜਹੀਆਂ ਹਾਲਤਾਂ ਤੋਂ ਪਾਸਾ ਵੱਟਣਾ ਚਾਹੁੰਦੇ ਹਨ ਅਤੇ ਔਰਤਾਂ ਪ੍ਰਤੀ ਅਜਿਹੇ ਅਪਰਾਧਾਂ ਨੂੰ ਬੜਾਵਾ ਦੇਣ ਲਈ ਹੀ ਅਜਿਹੇ ਕਾਰਕੂਨਾਂ ਨੂੰ ਅੱਗੇ ਲੈ ਕੇ ਆ ਰਹੇ ਹਨ ਜੋ ਕਿ ਸਮਾਜ ਵਿੱਚ ਫੈਲੀਆਂ ਅਜਿਹੀਆਂ ਕੁਰੀਤੀਆਂ ਨੂੰ ਸਿਰੇ ਤੋਂ ਹੀ ਨਕਾਰ ਦਿੰਦੇ ਹਨ।
ਵੈਸੇ ਜ਼ਿਕਰਯੋਗ ਇਹ ਵੀ ਹੈ ਕਿ ਸੈਨੇਟਰ ਸਟੋਕਰ ਇਸ ਤੋਂ ਪਹਿਲਾਂ ਵੀ ਟ੍ਰਾਂਸਜੈਂਡਰ ਮਾਮਲਿਆਂ ਅਤੇ ਐਂਟੀ ਐਬਾਰਸ਼ਨ ਵਾਲੇ ਮਾਮਲਿਆਂ ਬਾਬਤ ਆਪਣੇ ਬਿਆਨਾਂ ਕਾਰਨ ਕਾਫੀ ਸੁਰਖੀਆਂ ਵਿੱਚ ਰਹੇ ਹਨ।
ਦੂਸਰੇ ਪਾਸੇ ਸੈਨੇਟਰ ਸਟੋਕਰ ਦਾ ਕਹਿਣਾ ਹੈ ਕਿ ਉਹ ਮਿਸ ਟੇਮ ਨੂੰ ਉਨ੍ਹਾਂ ਨਾਲ ਖੁੱਲ੍ਹੀ ਗੱਲਬਾਤ ਅਤੇ ਵਿਚਾਰ ਵਿਮਰਸ਼ ਲਈ ਨਿਮੰਤਰਣ ਦਿੰਦੇ ਹਨ ਅਤੇ ਮਿਸ ਟੇਮ ਉਨ੍ਹਾਂ ਨੂੰ ਵਿਭਾਗੀ ਕਾਰਵਾਈਆਂ ਦੇ ਜ਼ਰੀਏ ਕਦੇ ਵੀ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਖੁੱਲ੍ਹੀ ਗੱਲਬਾਤ ਰਾਹੀਂ ਸਾਰੀਆਂ ਗੱਲਾਂ ਅਤੇ ਸਥਿਤੀਆਂ ਨੂੰ ਸਪੱਸ਼ਟ ਕੀਤਾ ਜਾ ਸਕਦਾ ਹੈ ਅਤੇ ਉਹ ਇਸ ਲਈ ਹਮੇਸ਼ਾ ਤਿਆਰ ਹਨ।

Install Punjabi Akhbar App

Install
×