ਗਲੀਆਂ ਅੰਦਰ ਅਤੇ ਹੋਰ ਜਨਤਕ ਥਾਵਾਂ ਉਪਰ ਹੋ ਰਹੀ ਮਹਿਲਾਵਾਂ ਨਾਲ ਛੇੜਛਾੜ ਅਤੇ ਪ੍ਰਤਾੜਨਾ -ਇੱਕ ਰਿਪੋਰਟ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਿਕਟੋਰੀਆ ਅੰਦਰ ਬੇਸ਼ੱਕ ਆਉਣ ਵਾਲੀ 19 ਅਪ੍ਰੈਲ ਤੋਂ 23 ਅਪ੍ਰੈਲ ਤੱਕ ਮਹਿਲਾਵਾਂ ਪ੍ਰਤੀ ਗਲੀਆਂ ਅਤੇ ਹੋਰ ਜਨਤਕ ਜਨਤਕ ਥਾਵਾਂ ਉਪਰ ਹੋ ਰਹੀ ਛੇੜਛਾੜ ਅਤੇ ਪ੍ਰਤਾੜਨਾ ਖ਼ਿਲਾਫ਼ ‘ਹਫ਼ਤਾ’ ਮਨਾਇਆ ਜਾ ਰਿਹਾ ਹੈ ਪਰੰਤੂ ਵਿਕਟੋਰੀਆਈ ਅਦਾਰੇ ਦੀ ਇੱਕ ਰਿਪੋਰਟ ਰਾਹੀਂ ਪਤਾ ਲਗਾਇਆ ਗਿਆ ਹੈ ਕਿ ਅਜਿਹੀਆਂ ਵਾਰਦਾਤਾਂ ਆਮ ਹੋ ਰਹੀਆਂ ਹਨ ਅਤੇ ਘੱਟ ਗਿਣਤੀ ਲੋਕਾਂ ਨੂੰ ਬੇਵਜਹ ਅਜਿਹੀਆਂ ਪ੍ਰਤਾੜਨਾ ਕਾਰਨ ਨਿਤ ਪ੍ਰਤੀ ਦਿਨ ਹੈਰਾਸ ਹੋਣਾ ਪੈਂਦਾ ਹੈ ਅਤੇ ਸ਼ਰੇਆਮ ਬੇਇਜ਼ਤੀ ਕਬੂਲ ਕੇ ਵੀ ਚੁੱਪ ਰਹਿ ਜਾਣਾ ਪੈਂਦਾ ਹੈ। ਇਹ ਸਾਫ ਹੀ ਮੰਨਿਆ ਜਾ ਸਕਦਾ ਹੈ ਕਿ ਮਹਿਲਾਵਾਂ ਪ੍ਰਤੀ ਅਜਿਹੀਆਂ ਭਾਵਨਾਵਾਂ ਅਤੇ ਕਾਰਗੁਜ਼ਾਰੀਆਂ ਵੀ ਜਾਤ-ਪਾਤ, ਰੰਗ-ਨਸਲ ਭੇਦ ਦਾ ਹਿੱਸਾ ਹੈ ਅਤੇ ਜਾਂ ਕਹਿ ਲਵੋ ਕਿ ਇਹ ਵੀ ‘ਹੋਮੋਫੋਬੀਆ’ ਹੈ।
23 ਸਾਲਾਂ ਦੀ ਇੱਕ ਮਹਿਲਾ, ਮੈਲਬੋਰਨ ਦੀ ਗਰੇਸ, ਜੋ ਕਿ ਚੀਨੀ ਮੂਲ ਦੀ ਹੈ, ਦੱਸਦੀ ਹੈ ਕਿ ਇੱਕ ਵਾਰੀ ਉਹ ਇੱਕ ਟ੍ਰੇਨ ਰਾਹੀਂ ਕੰਮ ਤੋਂ ਘਰ ਵਾਪਸੀ ਤੇ ਸੀ ਤਾਂ ਗੱਡੀ ਅੰਦਰ ਭੀੜ ਸੀ ਪਰੰਤੂ ਉਸਨੂੰ ਇੱਕ ਖਾਲੀ ਥਾਂ ਦਿਖ ਗਈ ਅਤੇ ਉਹ ਉਧਰ ਨੂੰ ਜਾਣ ਵਾਸਤੇ ਵਧੀ ਤਾਂ ਰਾਹ ਵਿੱਚ ਇੱਕ ਆਦਮੀ ਖੜ੍ਹਾ ਸੀ। ਜਦੋਂ ਉਸਨੇ ਉਸਨੂੰ ਪਰਾਂ ਹੋਣ ਨੂੰ ਕਿਹਾ ਤਾਂ ਉਹ ਪਹਿਲਾਂ ਤਾਂ ਕੁੱਝ ਵੀ ਨਾ ਬੋਲਿਆ ਪਰੰਤੂ ਫੇਰ ਭੜਕ ਪਿਆ ਅਤੇ ਕਹਿਣ ਲੱਗਾ ਕਿ ਤੈਨੂੰ ਇਸ ਗੱਡੀ ਵਿੱਚ ਕੋਈ ਥਾਂ ਨਹੀਂ ਮਿਲ ਸਕਦੀ -ਗੱਡੀ ਵਿੱਚ ਤਾਂ ਕੀ ਤੈਨੂੰ ਤਾਂ ਦੇਸ਼ ਅੰਦਰ ਹੀ ਕੋਈ ਥਾਂ ਨਹੀਂ ਮਿਲਣੀ ਚਾਹੀਦੀ, ਤੂ ਫੌਰਨ ਇੱਥੋਂ ਦਫਾ ਹੋ ਜਾ। ਕੁੱਝ ਲੋਕਾਂ ਨੇ ਉਕਤ ਵਿਅਕਤੀ ਦਾ ਵਿਰੋਧ ਵੀ ਕੀਤਾ ਸੀ ਅਤੇ ਇਸ ਵਾਸਤੇ ਉਹ ਅਜਿਹੇ ਲੋਕਾਂ ਦੀ ਆਭਾਰੀ ਰਹੇਗੀ ਜੋ ਕਿ ਦੇਸ਼ ਅੰਦਰ ਡਰ ਅਤੇ ਭੈਅ ਦੇ ਮਾਹੌਲ ਦੇ ਖ਼ਿਲਾਫ਼ ਖੜ੍ਹੇ ਹਨ ਅਤੇ ਸਭ ਨੂੰ ਬਰਾਬਰ ਦੀਆਂ ਹਾਲਤਾਂ ਵਿੱਚ ਜਿਉਣ ਦਾ ਅਧਿਕਾਰੀ ਦਿੰਦੇ ਹਨ।
ਗਰੇਸ ਜੋ ਕਿ ਮਹਿਜ਼ ਚਾਰ ਸਾਲਾਂ ਦੀ ਸੀ ਜਦੋਂ ਆਪਣੇ ਪਰਿਵਾਰ ਸਮੇਤ, ਚੀਨ ਤੋਂ ਆਸਟ੍ਰੇਲੀਆ ਆਈ ਸੀ ਅਤੇ ਉਸ ਦਾ ਕਹਿਣਾ ਹੈ ਕਿ ਉਹ ਆਪਣੇ ਬਚਪਨ ਤੋਂ ਹੀ ਅਜਿਹੀਆਂ ਪ੍ਰਤਾੜਨਾਵਾਂ ਨੂੰ ਸਹਿੰਦੀ ਆ ਰਹੀ ਹੈ ਅਤੇ ਉਸਨੂੰ ਸਮਾਜ ਅੰਦਰ ਕੋਈ ਵੀ ਬਦਲ ਦਿਖਾਈ ਨਹੀਂ ਦੇ ਰਿਹਾ ਅਤੇ ਕਈ ਵਾਰੀ ਤਾਂ ਉਸ ਦੇ ਮਹਿਲਾ ਸਰੀਰ ਲਈ ਵੀ ਅਭੱਦਰ ਭਾਸ਼ਾਵਾਂ ਅਤੇ ਸ਼ਬਦ ਸੁਣਨ ਨੂੰ ਉਸਨੂੰ ਮਿਲੇ ਹਨ -ਪਰੰਤੂ ਉਹ ਚੁੱਪ ਹੀ ਰਹੀ ਹੈ।
ਉਸ ਨੇ ਹੋਰ ਵੀ ਕਿਹਾ ਕਿ ਇੱਕ ਵਾਰੀ ਉਹ ਆਪਣੇ ਘਰ ਦੇ ਬਾਹਰ ਦੌੜ ਲਗਾ ਰਹੀ ਸੀ ਤਾਂ ਇੱਕ ਵਿਅਕਤੀ ਕਾਰ ਦੀ ਖਿੜਕੀ ਵਿੱਚੋਂ ਆਪਣੇ ਮੋਬਾਇਲ ਕੈਮਰੇ ਦੇ ਨਾਲ ਉਸ ਦੀ ਵੀਡੀਉ ਬਣਾ ਰਿਹਾ ਸੀ ਅਤੇ ਜਾਂ ਫੇਰ ਉਸਦੀਆਂ ਫੋਟੋਆਂ ਖਿੱਚ ਰਿਹਾ ਸੀ। ਉਸਦੀ ਹਰਕਤ ਤੋਂ ਉਸਦੇ ਇਰਾਦੇ ਸਾਫ ਝਲਕਦੇ ਸਨ। ਉਹ ਦਿਨ ਤੇ ਆਹ ਦਿਨ, ਉਸ ਨੇ ਜਨਤਕ ਥਾਵਾਂ ਉਪਰ ਦੌੜ ਲਗਾਉਣੀ ਹੀ ਛੱਡ ਦਿੱਤੀ।
ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਜਿੰਨੀ ਮਾਤਰਾ ਵਿੱਚ ਲੋਕਾਂ ਨਾਲ ਅਜਿਹੀਆਂ ਗੱਲਾਂ ਕੀਤੀਆਂ ਗਈਆਂ ਤਾਂ 86.6% ਨੇ ਮੰਨਿਆ ਕਿ ਬੀਤੇ 6 ਮਹੀਨਿਆਂ ਵਿੱਚ ਹੀ ਉਨ੍ਹਾਂ ਨੂੰ ਅਜਿਹੀਆਂ ਅਤੇ ਜਾਂ ਫੇਰ ਇਸ ਤੋਂ ਵੀ ਵੱਧ ਬੇਇੱਜ਼ਤੀ ਦੇ ਪਲ਼ਾਂ ਨੂੰ ਝੇਲਣਾ ਪਿਆ ਹੈ ਅਤੇ ਇਸ ਦੇ ਨਾਲ ਹੀ 75% ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਤਾਂ ਮਹਿਜ਼ ਇੱਕ ਮਹੀਨੇ ਵਿੱਚ ਹੀ ਅਜਿਹੇ ਵਾਕਿਆ ਹੋਏ ਹਨ। ਘੱਟ ਗਿਣਤੀਆਂ, ਮਹਿਲਾਵਾਂ ਦੇ ਨਾਲ ਨਾਲ ਇੱਥੋਂ ਤੱਕ ਕਿ ਦੇਖਣ ਨੂੰ ਲਾਚਾਰ ਲੋਕ ਵੀ ਮੰਨਦੇ ਹਨ ਕਿ ਉਨ੍ਹਾਂ ਨਾਲ ਕਈ ਥਾਵਾਂ ਉਪਰ ਧੱਕਾ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਅੰਨ੍ਹੇਪਣ ਦੀ ਹਾਲਤ ਨੂੰ ਵੀ ਨਜ਼ਰ-ਅੰਦਾਜ਼ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦੀ ਬੇਇੱਜ਼ਤੀ, ਕੁੱਝ ਲੋਕਾਂ ਲਈ ਮਹਿਜ਼ ਥੋੜ੍ਹਾ ਜਿਹਾ ‘ਮਜ਼ਾਕ’ ਬਣ ਕੇ ਰਹਿ ਜਾਂਦੀ ਹੈ ਅਤੇ ਉਹ ਜ਼ਿੰਦਗੀ ਭਰ ਅਜਿਹੇ ਪਲ਼ਾਂ ਨੂੰ ਭੁੱਲ ਨਹੀਂ ਸਕਦੇ।

Install Punjabi Akhbar App

Install
×