ਸਰਕਾਰੀ ਸਕੂਲ ‘ਚ ਸ਼ਿਫ਼ਟਾਂ ਵਿਚ ਕਲਾਸਾਂ ਲਾਉਣ ਦਾ ਤਾਨਾਸ਼ਾਹੀ ਫ਼ੈਸਲਾ 

  • ਅਧਿਆਪਕਾ ਵੱਲੋਂ ਅਧਿਕਾਰੀਆਂ ਨੂੰ ਸ਼ਿਕਾਇਤਾਂ ਭੇਜੀਆਂ

IMG-20190504-WA0073

ਬਠਿੰਡਾ/ 4 ਮਈ/  — ਸਥਾਨਕ ਸੰਜੇ ਨਗਰ ‘ਚ ਇੱਕ ਸਕੂਲ ਨਿਵੇਕਲੀ ਪਿਰਤ ਪਾ ਰਿਹਾ ਹੈ, ਇਸ ਸੀਨੀਅਰ ਸੈਕੰਡਰੀ ਸਕੂਲ ਦੀਆਂ ਕਲਾਸਾਂ ਦੋ ਸ਼ਿਫ਼ਟਾਂ ਵਿਚ ਲਗਾਈਆਂ ਜਾ ਰਹੀਆਂ ਹਨ। ਸੈਕੰਡਰੀ ਕਲਾਸਾਂ ਤਿੱਖੜ ਦੁਪਹਿਰੇ ਬਾਰਾਂ ਵਜੇ ਸ਼ੁਰੂ ਕੀਤੀਆਂ ਜਾ ਜਾਂਦੀਆਂ ਹਨ। ਸਕੂਲ ਵਿਦਿਆਰਥੀਆਂ ਨੇ ਇਸ ਤਾਨਾਸ਼ਾਹੀ ਹੁਕਮਾਂ ਤੇ ਇਤਰਾਜ਼ ਕੀਤਾ ਤਾਂ ਸਿੱਖਿਆ ਵਿਭਾਗ ਦੇ ਅਧਿਕਾਰੀ ਤੇ ਸੱਤਾਧਾਰੀ ਧਿਰ ਦੇ ਆਗੂਆਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਸਬੰਧੀ ਇੱਕ ਸਕੂਲ ਅਧਿਆਪਕਾ ਵੱਲੋਂ ਉੱਚ ਅਧਿਕਾਰੀਆਂ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਨੂੰ ਸ਼ਿਕਾਇਤਾਂ ਭੇਜ ਦਿੱਤੀਆਂ ਗਈਆਂ ਲੋੜੀਂਦੀ ਕਾਰਵਾਈ ਦੀ ਮੰਗ ਕੀਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸੀਨੀਅਰ ਸੈਕੰਡਰੀ ਸਕੂਲ ਦਹਾਕਿਆਂ ਤੋਂ ਚੱਲ ਰਿਹਾ ਹੈ। ਕੁੱਝ ਸਮਾਂ ਪਹਿਲਾਂ ਇਸ ਸਕੂਲ ਦੀਆਂ ਪ੍ਰਾਇਮਰੀ ਜਮਾਤਾਂ ਦੇ ਕਮਰਿਆਂ ਨੂੰ ਢਾਹ ਦਿੱਤਾ ਗਿਆ ਹੈ। ਕਮਰੇ ਢਾਉਣ ਤੋਂ ਬਾਅਦ ਜਦ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਲਈ ਕਮਰਿਆਂ ਦਾ ਕੋਈ ਪ੍ਰਬੰਧ ਨਾ ਹੋਇਆ ਤਾਂ ਇੱਕ ਨਿਵੇਕਲਾ ਢੰਗ ਲੱਭ ਲਿਆ, ਕਿ ਸੁਭਾ ੭ ਵਜੇ ਤੋਂ ੧੨ ਵਜੇ ਤੱਕ ਪ੍ਰਾਇਮਰੀ ਕਲਾਸਾਂ ਲਾਈਆਂ ਜਾਣਗੀਆਂ ਅਤੇ 12 ਵਜੇ ਤੋਂ 5 ਵਜੇ ਤੱਕ ਸੈਕੰਡਰੀ ਕਲਾਸਾਂ ਲਾਈਆਂ ਜਾਣਗੀਆਂ।

ਮੌਜੂਦਾ ਅੱਤ ਦੀ ਗਰਮੀ ਦੇ ਮੌਸਮ ਵਿਚ ਜਦ ਵਿਦਿਆਰਥੀਆਂ ਨੇ 12 ਵਜੇ ਕਲਾਸਾਂ ਸ਼ੁਰੂ ਕਰਨ ਤੇ ਇਤਰਾਜ਼ ਕੀਤਾ, ਤਾਂ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਈ, ਆਖ਼ਰ ਸੈਕੰਡਰੀ ਵਿਦਿਆਰਥੀਆਂ ਨੇ ਬੀਤੇ ਕੱਲ੍ਹ ਸਕੂਲ ਮੂਹਰੇ ਧਰਨਾ ਲਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਇਸ ਦੀ ਸੂਚਨਾ ਮਿਲਣ ਤੇ ਡਿਪਟੀ ਡੀ ਈ ਓ ਸ੍ਰੀਮਤੀ ਭੁਪਿੰਦਰ ਕੌਰ ਮੌਕੇ ਤੇ ਪਹੁੰਚੀ ਅਤੇ ਦੋ ਸ਼ਿਫ਼ਟਾਂ ਵਿਚ ਹੀ ਕਲਾਸਾਂ ਲਾਉਣ ਦੇ ਫ਼ੈਸਲੇ ਨੂੰ ਦਰੁਸਤ ਦੱਸਿਆ। ਬੱਚਿਆਂ ਵੱਲੋਂ ਇਹ ਫ਼ੈਸਲਾ ਵਾਪਸ ਲੈਣ ਲਈ ਜ਼ੋਰ ਪਾਇਆ ਤਾਂ ਉਨ੍ਹਾਂ ਕਿਹਾ ਕਿ ਇਹ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਹੋਇਆ ਫ਼ੈਸਲਾ ਹੈ, ਉਸੇ ਤਰ੍ਹਾਂ ਲਾਗੂ ਹੋਵੇਗਾ।

ਅੱਜ ਵਿੱਤ ਮੰਤਰੀ ਪੰਜਾਬ ਦੀ ਧਰਮ-ਪਤਨੀ ਸ੍ਰੀਮਤੀ ਵੀਨੂੰ ਬਾਦਲ ਇਸ ਮਾਮਲੇ ਸਬੰਧੀ ਜਾਇਜ਼ਾ ਲੈਣ ਲਈ ਸਕੂਲ ‘ਚ ਪਹੁੰਚੀ, ਜਿਸਨੇ ਇਹ ਦੋ ਸ਼ਿਫ਼ਟਾਂ ਵਾਲਾ ਫ਼ੈਸਲਾ ਜਾਰੀ ਰੱਖਣ ਨੂੰ ਜਾਇਜ਼ ਕਰਾਰ ਦਿੰਦਿਆਂ ਸਕੂਲ ਸਟਾਫ਼ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਗੁੰਮਰਾਹ ਕਰਦੇ ਹਨ। ਇਸ ਉਪਰੰਤ ਉਸਨੇ ਇੱਕ ਦਲਿਤ ਅਧਿਆਪਕਾ ਸ੍ਰੀਮਤੀ ਕੁਲਵਿੰਦਰ ਕੌਰ ਨੂੰ ਕਿਹਾ ਕਿ ਤੂੰ ਵਿਦਿਆਰਥੀਆਂ ਨੂੰ ਗੁੰਮਰਾਹ ਕਰ ਕੇ ਰੌਲਾ ਪਵਾਉਂਦੀ ਹੈਂ, ਤੈਨੂੰ ਸਬਕ ਸਿਖਾਉਣਾ ਪਵੇਗਾ।

ਅੱਤ ਦੀ ਗਰਮੀ ਵਿਚ ਵਿਦਿਆਰਥੀਆਂ ਨੂੰ ਦੁਪਹਿਰ ਸਮੇਂ ਆਉਣਾ ਬਹੁਤ ਮੁਸ਼ਕਿਲ ਹੈ, ਪਰ ਉਨ੍ਹਾਂ ਦੀ ਪ੍ਰਸ਼ਾਸਨ ਵੱਲੋਂ ਸੁਣਵਾਈ ਨਹੀਂ ਹੋ ਰਹੀ। ਇਸ ਸਬੰਧੀ ਜਦ ਡਿਪਟੀ ਡੀ ਈ ਓ ਸ੍ਰੀਮਤੀ ਭੁਪਿੰਦਰ ਕੌਰ ਨਾਲ ਫ਼ੋਨ ਤੇ ਸੰਪਰਕ ਕੀਤਾ ਤਾਂ ਉਨ੍ਹਾਂ ਦੋ ਸ਼ਿਫ਼ਟਾਂ ਵਿਚ ਕਲਾਸਾਂ ਲਾਉਣ ਅਤੇ ਵਿਦਿਆਰਥੀਆਂ ਵੱਲੋਂ ਧਰਨਾ ਲਾਉਣ ਦੀ ਘਟਨਾ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਬੀਤੇ ਕੱਲ੍ਹ ਹੀ ਇਸ ਮਾਮਲੇ ਦਾ ਹੱਲ ਕਰ ਦਿੱਤਾ ਗਿਆ ਸੀ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਅੱਜ ਵੀ ਸੈਕੰਡਰੀ ਕਲਾਸਾਂ ਬਾਰਾਂ ਵਜੇ ਹੀ ਸ਼ੁਰੂ ਕੀਤੀਆਂ ਗਈਆਂ ਹਨ।

ਦੂਜੇ ਪਾਸੇ ਸਕੂਲ ਦੀ ਅਧਿਆਪਕਾ ਸ੍ਰੀਮਤੀ ਕੁਲਵਿੰਦਰ ਕੌਰ ਨੇ ਆਪਣੇ ਨਾਲ ਹੋਈ ਵਧੀਕੀ ਸਬੰਧੀ ਮੁੱਖ ਚੋਣ ਕਮਿਸ਼ਨ ਪੰਜਾਬ, ਡਿਪਟੀ ਕਮਿਸ਼ਨਰ ਬਠਿੰਡਾ ਅਤੇ ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਨੂੰ ਦਰਖਾਸਤਾਂ ਭੇਜ ਕੇ ਸ਼ਿਕਾਇਤ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ।

(ਬਲਵਿੰਦਰ ਸਿੰਘ ਭੁੱਲਰ)

bhullarbti@gmail.com

Install Punjabi Akhbar App

Install
×