ਜੇਕਰ ਪੀੜਿਤ ਇਸ ਗੱਲ ਲਈ ਇਤਰਾਜ਼ ਕਰਦੇ ਹਨ ਤਾਂ ਸੁਪਰਐਨੂਏਸ਼ਨ ਪਾਲਿਸੀ ਲਾਗੂ ਨਹੀਂ ਕੀਤੀ ਜਾਵੇਗੀ -ਜੇਨ ਹਿਊਮ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸੁਪਰਐਨੂਏਸ਼ਨ ਮੰਤਰੀ ਜੇਨ ਹਿਊਮ, ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜੇਕਰ ਘਰੇਲੂ ਹਿੰਸਾ ਦੀਆਂ ਸ਼ਿਕਾਰ ਮਹਿਲਾਵਾਂ ਨੂੰ ਸਰਕਾਰ ਦੀਆਂ ਅਜਿਹੀਆਂ ਸਕੀਮਾਂ ਉਪਰ ਇਤਰਾਜ਼ ਹੈ ਅਤੇ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੇ ਬੁਢਾਪੇ ਲਈ ਸੁਰੱਖਿਅਤ ਰੱਖਿਆ ਹੋਇਆ ਪੈਸਾ ਹੀ ਸਰਕਾਰ ਵੱਲੋਂ ਉਨ੍ਹਾਂ ਪੀੜਿਤਾਂ ਦੀ ਸੁਰੱਖਿਆ ਵਾਸਤੇ ਵਰਤਿਆ ਜਾ ਰਿਹਾ ਹੈ ਤਾਂ ਸਰਕਾਰ ਅਜਿਹੀ ਪਾਲਿਸੀ ਨੂੰ ਲਾਗੂ ਹੀ ਨਹੀਂ ਕਰੇਗੀ।
ਉਕਤ ਗੱਲ ਉਪਰ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਵੱਲੋਂ ਵੀ ਮੋਹਰ ਲਗਾਈ ਗਈ ਹੈ ਅਤੇ ਕਿਹਾ ਹੈ ਕਿ ਉਕਤ ਪਾਲਿਸੀ ਦਾ ਪ੍ਰਸਤਾਵ ਹਾਲੇ ਤਾਂ ਵਿਚਾਰ ਅਧੀਨ ਹੈ ਅਤੇ ਇਸ ਬਾਬਤ ਲੋਕਾਂ, ਪੀੜਿਤਾਂ ਅਤੇ ਫਰੰਟਲਾਈਨ ਵਰਕਰਾਂ ਕੋਲੋਂ ਰਾਇ ਮੰਗੀ ਜਾ ਰਹੀ ਹੈ ਅਤੇ ਜੇਕਰ ਕੋਈ ਖਾਸ ਮੁੱਦੇ ਉਠਦੇ ਹਨ ਤਾਂ ਫੇਰ ਇਸ ਪਾਲਿਸੀ ਨੂੰ ਲਾਗੂ ਨਹੀਂ ਕੀਤਾ ਜਾਵੇਗਾ।
ਦਰਅਸਲ ਫੈਡਰਲ ਸਰਕਾਰ ਨੇ ਪਿੱਛਲੇ ਹਫ਼ਤੇ ਹੀ ਇਹ ਐਲਾਨ ਕੀਤਾ ਸੀ ਕਿ ਅਜਿਹੀਆਂ ਮਹਿਲਾਵਾਂ ਜੋ ਕਿ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਇਸ ਦੇ ਖ਼ਿਲਾਫ਼ ਘਰਾਂ ਵਿੱਚੋਂ ਨਿਕਲ ਕੇ ਕਿਸੇ ਸੁਰੱਖਿਅਤ ਥਾਂ ਉਪਰ ਸ਼ਰਣ ਲੈਣਾ ਚਾਹੰਦੀਆਂ ਹਨ ਤਾਂ ਆਪਣੇ ਸੁਪਰਐਨੂਏਸ਼ਨ ਫੰਡ ਵਿੱਚੋਂ 10,000 ਡਾਲਰ ਤੱਕ ਲੈ ਸਕਦੀਆਂ ਹਨ ਤਾਂ ਜੋ ਉਹ ਆਪਣੀ ਸੁਰੱਖਿਆ ਅਤੇ ਰਹਿਣ-ਸਹਿਣ ਦੇ ਨਾਲ ਨਾਲ ਆਪਣੇ ਵਸੇਬੇ ਦਾ ਵੀ ਇੰਤਜ਼ਾਮ ਕਰ ਸਕਣ ਪਰੰਤੂ ਆਸਟ੍ਰੇਲੀਆਈ ਕਾਂਸਲ ਆਫ ਟ੍ਰੇਡ ਯੂਨੀਅਨ ਵੱਲੋਂ ਜਨਤਕ ਤੌਰ ਉਪਰ ਇਹ ਗੱਲ ਸਾਹਮਣੇ ਲਿਆਂਦੀ ਗਈ ਹੈ ਕਿ ਇਹ ਪੈਸਾ ਤਾਂ ਉਨ੍ਹਾਂ ਦਾ (ਜਾਂ ਘਰੇਲੂ ਹਿੰਸਾ ਦੇ ਸ਼ਿਕਾਰ ਪੀੜਿਤਾਂ ਦਾ) ਆਪਣਾ ਹੀ ਹੈ ਜੋ ਕਿ ਉਹ ਆਪਣੇ ਬੁਢਾਪੇ ਲਈ ਬਚਾ ਕੇ ਰੱਖਦੇ ਹਨ ਤਾਂ ਫੇਰ ਇਸ ਪੈਸੇ ਦਾ ਇਸਤੇਮਾਲ ਉਹ ਸਮੇਂ ਤੋਂ ਪਹਿਲਾਂ ਹੀ ਕਿਉਂ ਕਰਨ….?
ਇਸ ਤੋਂ ਇਲਾਵਾ ਨਿਊ ਸਾਊਥ ਵੇਲਜ਼ ਦੇ ਘਰੇਲੂ ਹਿੰਸਾ ਖ਼ਿਲਾਫ਼ ਕੰਮ ਕਰ ਰਹੇ ਵਿਭਾਗ ਨੇ ਵੀ ਇਸ ਲਈ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਇਸ ਨਾਲ ਤਾਂ ਸਗੋਂ ਹੋਰ ਵੀ ਨੁਕਸਾਨ ਹੋਵੇਗਾ ਅਤੇ ਹਿੰਸਾ ਕਰਨ ਵਾਲੇ ਇਸ ਗੱਲ ਉਪਰ ਵੀ ਪੀੜਿਤ ਦੀ ਪ੍ਰਤਾੜਨਾ ਕਰ ਸਕਦੇ ਹਨ ਅਤੇ ਉਸਨੂੰ ਇਸ ਪੈਸੇ ਨੂੰ ਕਢਵਾ ਕੇ ਉਨ੍ਹਾਂ ਨੂੰ ਦੇਣ ਲਈ ਜ਼ਬਰਦਸਤੀ ਵੀ ਕਰ ਸਕਦੇ ਹਨ ਅਤੇ ਇਹ ਇੱਕ ਬਹੁਤ ਹੀ ਗਹਿਰਾ ਅਤੇ ਪੇਚੀਦਾ ਮਾਮਲਾ ਸਿੱਧ ਹੋ ਸਕਦਾ ਹੈ ਅਤੇ ਪਹਿਲਾਂ ਨਾਲੋਂ ਵੀ ਖ਼ਤਰਨਾਕ ਹੋ ਸਕਦਾ ਹੈ।

Install Punjabi Akhbar App

Install
×