ਜੋਹਨਸਨ ਐਂਡ ਜੋਹਨਸਨ ਦੀ ਇੱਕ ਖੁਰਾਕ ਵਾਲੀ ਕਰੋਨਾ ਦਵਾਈ ਦੇ ਖ਼ਿਲਾਫ਼ ਸਰਕਾਰ ਦਾ ਫੈਸਲਾ -ਨਹੀਂ ਕਰਾਂਗੇ ਇਸਤੇਮਾਲ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਿਹਤ ਮੰਤਰੀ ਗ੍ਰੈਗ ਹੰਟ ਨੇ ਸਾਫ ਸ਼ਬਦਾਂ ਵਿੱਚ ਜੋਹਨਸਨ ਐਂਡ ਜੋਹਨਸਨ ਦੀ ਇੱਕ ਖੁਰਾਕ ਵਾਲੀ ਕਰੋਨਾ ਦਵਾਈ ਨੂੰ ਵਰਤਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਇਹ ਦਵਾਈ ਵੀ ਐਸਟ੍ਰਾਜੈਨੇਕਾ ਦੀ ਤਰਜ ਉਪਰ ਹੀ ਬਣੀ ਹੋਈ ਹੈ ਅਤੇ ਦੋਹਾਂ ਵਿੱਚ ਕਾਫੀ ਸਮਾਨਤਾਵਾਂ ਹਨ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਪਹਿਲਾਂ ਜੋਹਨਸਨ ਐਂਡ ਜੋਹਨਸਨ ਕੰਪਨੀ ਨਾਲ ਇਸ ਬਾਬਤ ਗੱਲਬਾਤ ਸ਼ੁਰੂ ਵੀ ਕੀਤੀ ਸੀ ਅਤੇ ਕੰਪਨੀ ਨੇ ਇਸ ਦਵਾਈ ਵਾਸਤੇ ਆਸਟ੍ਰੇਲੀਆਈ ਮੈਡੀਸਨ ਰੈਗੂਲੇਸ਼ਨ ਅਥਾਰਿਟੀ ਕੋਲੋਂ ਪ੍ਰਵਾਨਗੀ ਲਈ ਦਰਖਾਸਤ ਵੀ ਦਿੱਤੀ ਸੀ ਪਰੰਤੂ ਅੱਜ ਸਵੇਰੇ ਸਿਹਤ ਮੰਤਰੀ ਦੇ ਬੁਲਾਰੇ ਨੇ ਸਿਹਤ ਮੰਤਰੀ ਦੀ ਤਰਫੋਂ ਇੱਕ ਬਿਆਨ ਜਾਰੀ ਕਰਦਿਆਂ ਇਸ ਤੋਂ ਸਾਫ ਇਨਕਾਰ ਕਰ ਦਿੱਤਾ ਹੈ।
ਬੀਤੇ ਕੁੱਝ ਦਿਨਾਂ ਤੋਂ ਹੀ, ਜਦੋਂ ਤੋਂ ਐਸਟ੍ਰਾਜੈਨੇਕਾ ਦਵਾਈ ਦੀਆਂ ਰਿਪੋਰਟਾਂ ਅੰਦਰ ‘ਬਲੱਡ ਕਲਾਟਿੰਗ’ ਦੀ ਪ੍ਰਮਾਣਿਕਤਾ ਸਾਬਿਤ ਹੋਈ ਹੈ, ਦੇਸ਼ ਅੰਦਰ ਇਸ ਦੇ ਇਸਤੇਮਾਲ ਉਪਰ ਰੋਕ ਲਗਾ ਦਿੱਤੀ ਗਈ ਹੈ ਅਤੇ ਇਸਤੋਂ ਬਾਅਦ ਹੁਣ ਫਾਈਜ਼ਰ ਕੰਪਨੀ ਦੀ ਵੈਕਸੀਨ ਨੂੰ 50 ਸਾਲਾਂ ਤੋਂ ਘੱਟ ਉਮਰ ਵਰਗ ਦੇ ਲੋਕਾਂ ਨੂੰ ਲਗਾਇਆ ਜਾ ਰਿਹਾ ਹੈ।
ਸਿਹਤ ਵਿਭਾਗ ਦੇ ਸਕੱਤਰ ਬ੍ਰੈਂਡਨ ਮਰਫੀ ਦਾ ਵੀ ਇਹੋ ਕਹਿਣਾ ਹੈ ਕਿ ਕੰਪਨੀ ਨਾਲ ਉਨ੍ਹਾਂ ਦੀ ਗੱਲਬਾਤ ਬੇਸ਼ੱਕ ਚੱਲ ਰਹੀ ਸੀ ਪਰੰਤੂ ਜਦੋਂ ਉਕਤ ਵੈਕਸੀਨ ਬਾਰੇ ਖੋਜ ਪੜਤਾਲ ਕੀਤੀ ਗਈ ਤਾਂ ਇਹ ਵੀ ਐਸਟ੍ਰਾਜੈਨੇਕਾ ਵਾਲੀਆਂ ਸਮਾਨਤਾਵਾਂ ਦੀ ਹੀ ਧਾਰਨੀ ਪਾਈ ਗਈ ਅਤੇ ਇਸੇ ਵਾਸਤੇ ਇਸਨੂੰ ਖ੍ਰੀਦਣ ਵਿੱਚ ਹੁਣ ਪ੍ਰਹੇਜ਼ ਹੀ ਕਰਨਾ ਪੈ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਾਲੇ ਵੀ ਵਿਗਿਆਨਿਕ ਇਸੇ ਖੋਜਬੀਨ ਵਿੱਚ ਲੱਗੇ ਹਨ ਕਿ ਅਸਲ ਵਿੱਚ ਐਸਟ੍ਰਾਜੈਨੇਕਾ ਨਾਲ ਹੀ ਬਲੱਡ ਕਾਲਾਟਿੰਗ ਹੋ ਰਹੀ ਹੈ ਜਾਂ ਫੇਰ ਇਸ ਦੇ ਕੋਈ ਹੋਰ ਕਾਰਨ ਵੀ ਹਨ, ਪਰੰਤੂ ਹਾਲ ਦੀ ਘੜੀ ਕੁੱਝ ਵੀ ਕਿਹਾ ਨਹੀਂ ਜਾ ਸਕਦਾ ਅਤੇ ਹਰ ਕੋਈ ਸ਼ਸ਼ੋਪੰਜ ਵਿੱਚ ਹੀ ਹੈ।
ਜੋਹਨਸਨ ਐਂਡ ਜੋਹਨਸਨ ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦਵਾਈ ਅਮਰੀਕਾ ਵਿੱਚ ਫਰਵਰੀ ਦੇ ਮਹੀਨੇ ਵਿੱਚ ਆਪਾਤਕਾਲੀਨ ਸਥਿਤੀਆਂ ਦੇ ਤੌਰ ਤੇ ਇਸਤੇਮਾਲ ਕੀਤੀ ਗਈ ਹੈ ਅਤੇ ਇਸ ਨੂੰ 18 ਸਾਲਾਂ ਅਤੇ ਇਸ ਤੋਂ ਵੱਧ ਦੀ ਉਮਰ ਦੇ ਲੋਕਾਂ ਨੂੰ ਦਿੱਤਾ ਗਿਆ ਹੈ। ਅਪ੍ਰੈਲ 11 ਤੱਕ ਇਸ ਦੀਆਂ 6.5 ਮਿਲੀਅਨ ਖੁਰਾਕਾਂ ਦਿੱਤੀਆਂ ਗਈਆਂ ਹਨ ਅਤੇ ਇਹ ਆਂਕੜੇ ਅਮਰੀਕਾ ਦੀਆਂ ਸਿਹਤ ਸੰਸਥਾਵਾਂ ਵੱਲੋਂ ਹੀ ਜਾਰੀ ਕੀਤੇ ਗਏ ਹਨ।

Install Punjabi Akhbar App

Install
×