ਕੋਵਿਡ-19 ਵੈਕਸੀਨ ਦੀ ਬੁਕਿੰਗ ਕਰਨ ਵਾਲੀ ਸਰਕਾਰੀ ਵੈਬਸਾਈਟ ਲਾਂਚ ਹੋਣ ਦੇ ਕੁੱਝ ਘੰਟਿਆਂ ਅੰਦਰ ਹੀ ਤਕਨੀਕੀ ਖ਼ਾਮੀਆਂ ਦੀ ਹੋਈ ਸ਼ਿਕਾਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਜਨਤਕ ਤੌਰ ਤੇ ਲੋਕਾਂ ਨੂੰ ਕੋਵਿਡ-19 ਵੈਕਸੀਨ ਦੀ ਆਪਣੀ ਖੁਰਾਕ, ਆਪਣੇ ਨਜ਼ਦੀਕੀ ਕੇਂਦਰਾਂ ਉਪਰ ਮਿਲਣ ਖਾਤਰ ਬੁੱਕ ਕਰਵਾਉਣ ਵਾਸਤੇ ਜੋ ਵੈਬਸਾਈਟ ਸਰਕਾਰ ਵੱਲੋਂ ਅੱਜ ਸਵੇਰੇ ਲਾਂਚ ਕੀਤੀ ਗਈ ਸੀ, ਉਹ ਲਾਂਚ ਹੋਣ ਦੇ ਕੁੱਝ ਘੰਟਿਆਂ ਬਾਅਦ ਹੀ ਆਪਣੀਆਂ ਹੀ ਖ਼ਾਮੀਆਂ ਦਾ ਸ਼ਿਕਾਰ ਹੋ ਗਈ ਅਤੇ ਬਹੁਤ ਸਾਰੇ ਯੂਜ਼ਰਾਂ ਨੂੰ ਇੱਕੋ ਤਰ੍ਹਾਂ ਦੇ ‘ਐਰਰ ਮੈਸੇਜ’ ਆਉਣ ਲੱਗ ਪਏ ਅਤੇ ਉਹ ਉਕਤ ਵੈਬਸਾਈਟ ਰਾਹੀਂ ਹਾਲ ਦੀ ਘੜੀ ਤਾਂ ਆਪਣੀ ਬੁਕਿੰਗ ਤੋਂ ਵਾਂਝਿਆਂ ਰਹਿ ਗਏ ਹਨ। ਸਰਕਾਰ ਨੇ ਇਹ ਵੈਬਸਾਈਟ ਕਰੋਨਾ ਵੈਕਸੀਨ ਦੇ ਵਿਤਰਣ ਦੇ 1ਬੀ ਪੜਾਅ ਤਹਿਤ ਲਾਂਚ ਕੀਤੀ ਸੀ।
ਜਦੋਂ ਵੀ ਕਿਸੇ ਵਿਅਕਤੀ ਵੱਲੋਂ ਉਕਤ ਵੈਕਸੀਨ ਲੈਣ ਲਈ ਆਪਣੇ ਨਜ਼ਦੀਕੀ ਜੀ.ਪੀਆਂ ਨੂੰ ਅਪਰੋਚ ਕੀਤਾ ਜਾਂਦਾ ਹੈ ਤਾਂ ਇੱਕੋ ਜਵਾਬ ਮਿਲਦਾ ਹੈ ਕਿ ਵੈਕਸੀਨ ਹਾਲੇ ਆਈ ਨਹੀਂ ਅਤੇ ਉਹ ਅਗਲੇ ਹਫ਼ਤੇ ਸੰਪਰਕ ਕਰਨ ਅਤੇ ਕਈ ਤਾਂ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਹਾਲੇ ਤੱਕ ਅਜਿਹੀ ਕੋਈ ਹਦਾਇਤ ਹੀ ਨਹੀਂ ਮਿਲੀ ਕਿ ਉਨ੍ਹਾਂ ਨੇ ਲੋਕਾਂ ਨੂੰ ਕਰੋਨਾ ਦੀ ਵੈਕਸੀਨ ਲਗਾਉਣੀ ਹੈ ਜਾਂ ਨਹੀਂ….? ਇਸ ਵਾਸਤੇ ਉਹ ਕੋਈ ਵੀ ਅਪੁਆਇੰਟਮੈਂਟ ਦੀ ਬੁਕਿੰਗ ਨਹੀਂ ਕਰ ਸਕਦੇ।
ਜਦੋਂ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾਂਦਾ ਹੈ ਤਾਂ ਇੱਕ ਹੋਰ ਮੈਸੇਜ ਵੀ ਆਉਂਦਾ ਹੈ ਕਿ ਉਕਤ ਕਲਿਨਿਕ ਕਿਸੇ ਵੀ ਨਵੇਂ ਮਰੀਜ਼ ਨੂੰ ਹਾਲ ਦੀ ਘੜੀ ਸਵਿਕਾਰ ਕਰਨ ਵਿੱਚ ਅਸਮਰਥ ਹੈ।
ਪਹਿਲਾਂ ਦੀਆਂ ਖ਼ਬਰਾਂ ਮੁਤਾਬਿਕ ਤਾਂ ਇਹੋ ਜ਼ਾਹਰ ਕੀਤਾ ਗਿਆ ਹੈ ਕਿ ਦੇਸ਼ ਵਿਚਲੀਆਂ 1,000 ਤੋਂ ਵੀ ਵੱਧ ਜਨਰਲ ਪ੍ਰੈਕਟਿਸ਼ਨਰਾਂ ਦੀਆਂ ਕਲਿਨਿਕਾਂ ਆਉਣ ਵਾਲੀ 22 ਮਾਰਚ ਤੋਂ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਵੈਕਸੀਨ ਲਗਾਉਣੀ ਸ਼ੁਰੂ ਕਰ ਦੇਵੇਗੀ।
ਵੈਬਸਾਈਟ ਨੂੰ ਲਾਂਚ ਕਰਦਿਆਂ ਸਿਹਤ ਮੰਤਰੀ ਗਰੈਗ ਹੰਟ ਨੇ ਕਿਹਾ ਸੀ ਕਿ ਦੇਸ਼ ਵਿੱਚ ਉਕਤ ਵੈਕਸੀਨ ਦੇ ਵਿਤਰਣ ਦੇ 1ਬੀ ਪੜਾਅ ਤਹਿਤ 6 ਮਿਲੀਅਨ ਅਜਿਹੇ ਲੋਕਾਂ ਨੂੰ ਵੈਕਸੀਨ ਦਿੱਤੀ ਜਾਵੇਗੀ ਜੋ ਕਿ ਕਰੋਨਾ ਦੇ ਜ਼ਿਆਦਾ ਜੋਖਮ ਝੇਲ ਰਹੇ ਹਨ ਅਤੇ ਫਰੰਟ ਲਾਈਨ ਵਰਕਰਾਂ ਦੇ ਤੌਰ ਤੇ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਦੇ ਨਾਲ ਹੀ ਬਜ਼ੁਰਗਾਂ (70 ਸਾਲ ਤੋਂ ਵੱਧ), ਐਬੋਰਿਜਨਲ ਅਤੇ ਟੋਰਸ ਸਟ੍ਰੇਟ ਆਈਲੈਂਡਰ ਦੇ ਬਜ਼ੁਰਗਾਂ (55 ਸਾਲ ਤੋਂ ਵੱਧ) ਅਤੇ ਫੇਰ ਕਿਸੇ ਕਿਸਮ ਦੀ ਮੈਡੀਕਲ ਬਿਮਾਰੀ ਵਾਲੇ ਹਾਲਾਤ ਝੇਲ ਰਹੇ ਲੋਕ ਸ਼ਾਮਿਲ ਹਨ। ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਸਰਕਾਰ ਦੀਆਂ ਸਕੀਮਾਂ ਮੁਤਾਬਿਕ ਇਸ ਵੈਕਸੀਨ ਤੋਂ ਕੋਈ ਵੀ ਵਿਅਕਤੀ ਵਾਂਝਾ ਨਹੀਂ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਤੱਕ 200,000 ਦੇ ਕਰੀਬ ਲੋਕਾਂ ਨੂੰ ਇਹ ਵੈਕਸੀਨ ਦਿੱਤੀ ਜਾ ਵੀ ਚੁਕੀ ਹੈ।

Install Punjabi Akhbar App

Install
×