ਗੁੱਡ ਮੌਰਨਿੰਗ ਕਲੱਬ ਵਲੋਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੇ ਬਿਆਨ ਦਾ ਸਮਰਥਨ

ਸੰਯੁਕਤ ਕਿਸਾਨ ਮੋਰਚੇ ਦੀ ਅਨੁਸ਼ਾਸ਼ਨਮਈ ਸੋਚ ਕਾਰਨ ਸੰਘਰਸ਼ ਜਿੱਤ ਵੱਲ: ਭਠੇਜਾ

ਫਰੀਦਕੋਟ :-ਗੁੱਡ ਮੋਰਨਿੰਗ ਵੈੱਲਫੇਅਰ ਕਲੱਬ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦੇ ਉਸ ਬਿਆਨ ਦਾ ਸੁਆਗਤ ਅਤੇ ਸਮਰਥਨ ਕੀਤਾ ਹੈ, ਜਿਸ ਵਿੱਚ ਉਨਾਂ ਦੂਜੀਆਂ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਅਤੇ ਯੂ.ਪੀ. ਸਮੇਤ ਹੋਰ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਹਿੱਸਾ ਲੈਣ ਦਾ ਸੁਝਾਅ ਦਿੱਤਾ ਹੈ। ਸਥਾਨਕ ਮਿਉਸਪਲ ਪਾਰਕ ਵਿਖੇ ਬੀ ਕੇ ਯੂ ਚੜੂਨੀ ਦੇ ਰਾਜਸਥਾਨ ਦੇ ਸੂਬਾਈ ਪ੍ਰਧਾਨ ਅਸ਼ਵਨੀ ਭਠੇਜਾ ਦੇ ਪੁੱਜਣ ‘ਤੇ ਉਨਾਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ ਅਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਪਿਛਲੇ ਲਗਭਗ 10 ਮਹੀਨਿਆਂ ਤੋਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਜਬਰੀ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾ ਦੇ ਵਿਰੋਧ ਵਿੱਚ ਸੰਘਰਸ਼ ਕਰਨ ਵਾਲੇ ਕਿਸਾਨਾ ਅਤੇ ਪਿਛਲੇ ਸਾਢੇ 7 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ‘ਤੇ ਦਿਨ ਰਾਤ ਦੇ ਧਰਨੇ ਦੇ ਰਹੇ ਕਿਸਾਨਾ ਨਾਲ ਭਾਵੇਂ ਮਜਦੂਰ, ਵਪਾਰੀ, ਮੁਲਾਜਮ, ਵਿਦਿਆਰਥੀ ਵਰਗ ਜੁੜ ਚੁੱਕਾ ਹੈ ਪਰ ਉਕਤ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾ ਵਲੋਂ ਸਿਆਸਤ ਦੇ ਮੈਦਾਨ ਵਿੱਚ ਉਤਰਨ ਦਾ ਫੈਸਲਾ ਕੋਈ ਗਲਤ ਨਹੀਂ ਮੰਨਿਆ ਜਾਵੇਗਾ। ਅਸ਼ਵਨੀ ਭਠੇਜਾ ਨੇ ਦੱਸਿਆ ਕਿ ਭਾਵੇਂ ਗੁਰਨਾਮ ਸਿੰਘ ਚੜੂਨੀ ਵਲੋਂ ਉਸਦੀ ਡਿਊਟੀ ਸਮੁੱਚੇ ਰਾਜਸਥਾਨ ਸੂਬੇ ਦੀਆਂ ਖੇਤੀ ਨਾਲ ਮੁਸ਼ਕਿਲਾਂ ਨਾਲ ਸਬੰਧਤ ਕਿਸਾਨਾਂ ਨਾਲ ਰਾਬਤਾ ਕਰਨ ਦੀ ਲਾਈ ਹੈ ਪਰ ਕਾਰਜਕਾਰੀ ਤੌਰ ‘ਤੇ ਪੰਜਾਬ ਦੇ ਕਿਸਾਨਾ ਨਾਲ ਸੰਪਰਕ ਬਣਾਉਣ ਬਾਰੇ ਵੀ ਹਦਾਇਤ ਕੀਤੀ ਗਈ ਹੈ। ਉਨਾ ਦਾਅਵਾ ਕੀਤਾ ਕਿ ਸੰਯੁਕਤ ਕਿਸਾਨਾ ਮੋਰਚਾ ਵਲੋਂ ਸਹਿਜ, ਸੰਜਮ, ਸੰਤੋਖ, ਧੀਰਜ, ਸ਼ਹਿਣਸ਼ੀਲਤਾ, ਨਿਮਰਤਾ ਅਤੇ ਅਨੁਸ਼ਾਸ਼ਨਮਈ ਢੰਗ ਨਾਲ ਲਏ ਜਾ ਰਹੇ ਫੈਸਲਿਆਂ ਤੋਂ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਕਿਸਾਨ ਸੰਘਰਸ਼ ਮੁਕੰਮਲ ਜਿੱਤ ਵੱਲ ਵਧ ਰਿਹਾ ਹੈ। ਕਲੱਬ ਦੇ ਪ੍ਰੈੱਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਮੁਤਾਬਿਕ ਇਸ ਮੌਕੇ ਗੁਰਨਾਮ ਸਿੰਘ ਚੜੂਨੀ ਦੇ ਉਕਤ ਬਿਆਨ ਸਬੰਧੀ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੇ ਹਾਂਪੱਖੀ ਅਤੇ ਨਾਂਹਪੱਖੀ ਵਿਚਾਰਾਂ ਦੇ ਬਾਵਜੂਦ ਬਹੁਤਿਆਂ ਦਾ ਤਰਕ ਇਹੀ ਸੀ ਕਿ ਸਾਫ ਸੁਥਰੇ ਅਕਸ ਵਾਲੇ ਕਿਸਾਨਾ ਨੂੰ ਸਿਆਸਤ ਦੇ ਮੈਦਾਨ ਵਿੱਚ ਜਰੂਰ ਕੁੱਦਣਾ ਚਾਹੀਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks