ਸ. ਅਮਰੀਕ ਸਿੰਘ ਸੰਘਾ ਵੱਲੋਂ ਸੋਨੇ ਦੇ ਤਮਗਿਆਂ ਦਾ ਐਲਾਨ: ਨਿਊਜ਼ੀਲੈਂਡ ਦੀ ਮਹਿਲਾ ਕਬੱਡੀ ਟੀਮ ਦੀ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਵਾਪਿਸੀ ‘ਤੇ ਏਅਰਪੋਰਟ ਉਤੇ ਸਨਮਾਨਿਆ ਜਾਵੇਗਾ

NZ PIC 12 Dec-1
ਨਿਊਜ਼ੀਲੈਂਡ ਦੀ ਮਹਿਲਾ ਕਬੱਡੀ ਟੀਮ ਜਿਹੜੀ ਕਿ ਕੁੜੀਆਂ ਦੇ ਚੌਥੇ ਵਿਸ਼ਵ ਕੱਪ ਦੇ ਵਿਚ ਦੂਜੀ ਲਗਾਤਾਰ ਜਿੱਤ ਹਾਸਿਲ ਕਰ ਚੁੱਕੀ ਹੈ ਅਤੇ ਪੂਰੇ ਵਿਸ਼ਵ ਕੱਪ ਦਾ ਧਿਆਨ ਆਪਣੇ ਵੱਲ ਖਿਚ ਰਹੀ ਹੈ, ਦੇ ਲਈ ਇਨਾਮਾਂ ਦੀ ਬਰਸਾਤ ਹੋਣੀ ਸ਼ੁਰੂ ਹੋ ਗਈ ਹੈ। ਇੰਟਰਨੈਸ਼ਨਲ ਅਕੈਡਮੀ ਅਤੇ ਯੂਥ ਕਾਂਗਰਸ ਨਿਊਜ਼ੀਲੈਂਡ ਦੇ ਪ੍ਰਧਾਨ ਸ. ਅਮਰੀਕ ਸਿੰਘ ਸੰਘਾ ਨੇ ਅੱਜ ਐਲਾਨ ਕੀਤਾ ਹੈ ਕਿ ਨਿਊਜ਼ੀਲੈਂਡ ਦੀਆਂ ਜਿਹੜੀਆਂ ਵੀ ਦੋ ਕੁੜੀਆਂ ਬੈਸਟ ਰੇਡਰ ਅਤੇ ਬੈਸਟ ਜਾਫੀ ਐਲਾਨੀਆਂ ਜਾਣਗੀਆਂ ਉਨ੍ਹਾਂ ਨੂੰ ਵਾਪਿਸੀ ਉਤੇ ਆਕਲੈਂਡ ਹਵਾਈ ਅੱਡੇ ਉਤੇ ਸੋਨੇ ਦੇ ਤਮਗਿਆਂ ਨਾਲ ਸਨਮਾਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕੁੜੀਆਂ ਨੇ ਨਿਊਜ਼ੀਲੈਂਡ ਦੀ ਕਬੱਡੀ ਨੂੰ ਪੂਰੇ ਵਿਸ਼ਵ ਦੇ ਵਿਚ ਮਸ਼ਹੂਰ ਕੀਤਾ ਹੈ ਅਤੇ ਮਾਓਰੀ ਕਬੀਲੇ ਦੀਆਂ ਹੋਣ ਦੇ ਬਾਵਜੂਦ ਇਨ੍ਹਾਂ ਦਾ ਵੀ ਓਨਾ ਹੀ ਸਤਿਕਾਰ ਹੋਣਾ ਬਣਦਾ ਹੈ। ਸ. ਅਮਰੀਕ ਸਿੰਘ ਸੰਘਾ ਹੋਰਾਂ ਕਿਹਾ ਕਿ ਸੁਪਰੀਮ ਸਿੱਖ ਸੁਸਾਇਟੀ ਤੋਂ ਸ. ਦਲਜੀਤ ਸਿੰਘ ਵੀ ਇਨ੍ਹਾਂ ਕੁੜੀਆਂ ਦੀ ਹੌਂਸਲਾ ਅਫਜਾਈ ਲਈ ਇੰਡੀਆ ਪਹੁੰਚੇ ਹਨ ਅਤੇ ਉਨ੍ਹਾਂ ਪੀ.ਟੀ.ਸੀ. ਉਤੇ ਪੂਰੇ ਨਿਊਜ਼ੀਲੈਂਡ ਵਾਸੀਆਂ ਦੀ ਹਾਜ਼ਰੀ ਲਗਵਾਈ ਹੈ।
ਉਨ੍ਹਾਂ ਆਸ ਪ੍ਰਗਟ ਕੀਤੀ ਹੈ ਜਿਸ ਕਾਬਲੀਅਤ ਅਤੇ ਤਕਨੀਕ ਦੇ ਨਾਲ ਇਹ ਕੁੜੀਆਂ ਆਪਣਾ ਪ੍ਰਦਰਸ਼ਨ ਕਰ ਰਹੀਆਂ ਹਨ ਲਗਦਾ ਹੈ ਕਿ ਇਸ ਵਾਰ ਦਾ ਮਹਿਲਾ ਵਿਸ਼ਵ ਕੱਪ ਜਰੂਰ ਨਿਊਜ਼ੀਲੈਂਡ ਪਹੁੰਚੇਗਾ। ਉਨ੍ਹਾਂ ਕੁੜੀਆਂ ਦੀ ਸਿਖਲਾਈ ਦੇਣ ਲਈ ਮਨਜੀਤ ਸਿੰਘ ਬੱਲਾ, ਕੋਚ ਤਾਰਾ ਸਿੰਘ ਬੈਂਸ, ਅਵਤਾਰ ਸਿੰਘ ਤਾਰੀ ਅਤੇ ਹੋਰ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਹੈ।