ਗੋਬਿੰਦ-ਗਿਰੀ -17 ਨਵੰਬਰ, 1913 ਦੇ ਭੀਲ ਅੰਦੋਲਨ ਦਾ ਨਾਇਕ

ਭਾਰਤ ਅੰਦਰ ਸਦੀਆਂ ਤੋਂ ਆਦਿਵਾਸੀ ਅਤੇ ਕਬਾਇਲੀ ਲੋਕ ਜੋ ਮੂਲ ਰੂਪ ਵਿੱਚ ਇੱਥੋ ਦੇ ਅਸਲੀ ਵਸਨੀਕ ਦੇ ਅਸਲੀ ਵਸਨੀਕ,’ਜਿਹੜੇ ਜਲ ਜੰਗਲ ਅਤੇ ਜ਼ਮੀਨ ਦੇ ਕੁਦਰਤੀ ਸੋਮਿਆਂ ਨਾਲ ਜੁੜੇ ਹੋਏ ਮਾਲਕ ਸਨ। ਜਿਊ -ਜਿਊ ਸਮਾਜ ਅੰਦਰ ਰਾਜਸਭਾ ‘ਤੇ ਕਾਬਜ ਹਾਕਮਾ ਵਲੋ ਇੱਥੋ ਦੇ ਲੋਕਾਂ ਪਾਸੋ ਜੋਰ ਜਬਰੀ ਕੁਦਰਤੀ ਸੋਮਿਆਂ ਦੀ ਮਾਲਕੀ ਖੋਈ ਜਾਂਦੀ ਰਹੀ। ਇਹ ਲੋਕ ਸਮਾਜ ਦੇ ਹਾਸ਼ੀਏ ਵੱਲ ਧੱਕੇ ਜਾਂਦੇ ਰਹੇ। ਉਨ੍ਹਾ ਦੀਆਂ ਜਮੀਨਾਂ ਖੋਹੀਆਂ ਗਈਆਂ, ਜੰਗਲਾਂ ਦੇ ਹੱਕਾਂ ਤੋਂ ਮਰਹੂਮ ਕਰ ਦਿੱਤਾ ਗਿਆ ਅਤੇ ਹਰ ਯੁੱਗ ਅੰਦਰ ਉਨਾ ‘ਤੇ ਘੋਰ ਅੱਤਿਆਚਾਰ ਹੁੰਦੇ ਗਏ। ਉਨ੍ਹਾ ਨੂੰ ਸਦੀਆਂ ਤੋਂ ਬੰਧੂਆਂ ਮਜ਼ਦੂਰ ਬਣਾ ਕੇ ਉਨ੍ਹਾ ਦੇ ਹਰ ਤਰ੍ਹਾ ਸ਼ੋਸ਼ਣ ਕੀਤਾ ਜਾਂਦਾ ਰਿਹਾ ਹੈ। ਦੇਸ਼ ਦੇ ਕੁਝ ਰਾਜਾਂ ਦੇ ਗਠਵੇਂ ਇਲਾਕੇ ਰਾਜਸਥਾਨ, ਗੁਜਰਾਤ, ਮਹਾਰਾਸ਼ਟਰ ਅਤੇ ਮੱਧ-ਪ੍ਰਦੇਸ਼ ਅਜਿਹੇ ਰਾਜ ਹਨ, ਜਿੱਥੇ ਆਦਿ ਵਾਸੀ ਲੋਕ ਵੱਸੇ ਹੋਏ ਹਨ, ਜਿਨ੍ਹਾ ਦੀ ਨਿਖੱੜਵੀਂ ਭਾਸ਼ਾ ਅਤੇ ਸੱਭਿਆਚਾਰ ਹੈ। ਇਨ੍ਹਾ ਕਬੀਲਿਆਂ ਅੰਦਰ ਇੱਕ ਮੁੱਖ ਕਬੀਲਾ ਹੈ ”ਭੀਲ” ਲੋਕਾਂ ਦਾ। ਜੋ ਆਪਣੀ ਹੋਂਦ ਤੋਂ ਹੀ ਆਪਣੇ ਹੱਕਾਂ, ਆਜਾਦੀ ਅਤੇ ਸੱਭਿਆਚਾਰ ਦਾ ਕਾਇਮੀ ਲਈ ਸੰਘਰਸ਼ ਕਰਦੇ ਆ ਰਹੇ ਹਨ। ਆਪਣੀ ਪਛਾਣ ਤੇ ਹੋਂਦ ਲਈ ਸਾਮੰਤਵਾਦ ਅਤੇ ਬਸਤੀਵਾਦ ਵਿਰੁੱਧ ਇਨ੍ਹਾ ਵਜੋ ਕੀਤੇ ਸੰਘਰਸ਼ਾਂ ਵਿੱਚੋ ਰਾਜਸਥਾਨ ਦੇ ਬਾਂਸਵਾੜਾ ਦੇ ਜੰਗਲਾਂ ਵਿੱਚ ਵੱਸੇ ਮਾਨਗੜ੍ਹ ਦੇ ਸਥਾਨ ਤੇ ਭੀਲਾਂ ਵੱਲੋ 17 ਨਵੰਬਰ, 1913 ਨੂੰ ਕੀਤਾ ਗਿਆ ਇਤਿਹਾਸਕ ਵਿਦਰੋਹ ਸੀ। ਜਿਸ ਦੌਰਾਨ ਰਾਜਾਸ਼ਾਹੀ ਤੇ ਬਸਤੀਵਾਦੀ ਫੋਜਾਂ ਹੱਥੋ ਬਹਾਦਰ 1500 ਤੋਂ ਵੱਧ ਭੀਲ ਲੋਕ ਬਚਿਆਂ ਸਮੇਤ ਇਸਤਰੀਆਂ ਤੇ ਮਰਦ ਸ਼ਹੀਦ ਹੋਏ ਸਨ।
ਭੀਲਾਂ ਦੀ ਕਤਲੋਗਾਰਤ ਦੇਸ਼ ਅੰਦਰ ਇਹ ਇੱਕ ਬਹੁਤ ਵੱਡਾ ਨਰ-ਸੰਘਾਰ ਸੀ, ਜਿਸਨੂੰ ਹਾਕਮਾਂ ਅਤੇ ਉਨ੍ਹਾਂ ਦੇ ਇਤਿਹਾਸਕਾਰਾਂ ਨੇ ਕਦੀ ਵੀ ਲੋਕਾਂ ਸਾਹਮਣੇ ਪੇਸ਼ ਨਹੀਂ ਕੀਤਾ ਹੈ। ਬਿਰਸਾ ਮੁੰਡਾ, ਮਾਪੱਲਾ,ਭੀਲ ਆਦਿ ਕਬਾਇਲੀ ਲੋਕਾਂ ਦੇ ਅਜਿਹੇ ਵਿਦਰੋਹ ਜਮਾਤੀ ਸੰਘਰਸ਼ ਸਨ ਜਿਨ੍ਹਾ ਤੋਂ ਭੈਅ-ਭੀਤ ਸਾਮੰਤਵਾਦੀ, ਬਸਤੀਵਾਦੀ ਅਤੇ ਮੌਜੂਦਾ ਪੂੰਜੀਵਾਦੀ ਹਾਕਮ ਇਨ੍ਹਾਂ ਘਟਨਾਵਾ ਨੂੰ ਇਤਿਹਾਸ ਦਾ ਪੰਨਾ ਨਹੀ ਬਣਨ ਦੇਣਾ ਚਾਹੁੰਦੇ ਸਨ। ਪੰਜਾਬ ਅੰਦਰ ਵੀ ਵਾਪਰੇ। 13-ਅਪ੍ਰੈਲ, 1919 ਦੇ ਜੱਲ੍ਹਿਆਂ ਵਾਲਾ ਬਾਗ ਦੀ ਘਟਨਾ ਵੀ ਗੋਰੇ ਬਸਤੀਵਾਦੀ ਹਾਕਮਾਂ ਦਾ ਕਰੂਰ ਕਾਰਾ ਸੀ ਜੋ ਮਨੁੱਖੀ ਜ਼ੁਲਮਾਂ ਦੀ ਇੱਕ ਹੱਦ ਸੀ।
ਦੇਸ਼ ਅੰਦਰ ਰਾਜਸਥਾਨ ਤੇ ਆਲੇ ਦੁਆਲੇ ਦੇ ਰਜਵਾੜੇ ਜੋ ਲੋਕਾਂ ਤੇ ਲਗਾਤਾਰ ਜ਼ੁਲਮ ਕਰਦੇ ਸਨ ਸਾਰੇ ਗੋਰੇ ਬਸਤੀਵਾਦੀ ਹਾਕਮਾਂ ਦੇ ਦੁੰਮ-ਛਾਲੇ ਸਨ। ਜਿਨ੍ਹਾਂ ਨੇ ਮਿਲ ਕੇ ਭੀਲ ਲੋਕਾਂ ਤੇ ਕਹਿਰ ਢਾਇਆਂ ਸੀ ਜੋ ਆਪਣੇ ਆਗੂ ਗੋਬਿੰਦ ਗੀਰੀ ਦੀ ਅਗਵਾਈ ‘ਚ ਰਿਆਸਤੀ ਹਕੂਮਤ ਵਿਰੁੱਧ ਸਨ, ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ। 1500 ਤੋਂ ਵੱਧ ਭੀਲ ਮਾਰੇ ਗਏ ਸਨ।
ਭੀਲ ਘੱਟ ਗਿਣਤੀ ਫ਼ਿਰਕਾ ਭਾਰਤ ਦੇ ”ਅਰਾਵਲੀ ਪੱਬੀ” ਇਲਾਕੇ ਦੇ ਪੱਛਮੀ ਹਿੱਸੇ ‘ਚ ਪਾਇਆਂ ਜਾਂਦਾ ਹੈ। ਉਹ ਆਪਣੇ ਕਬਾਇਲੀ ਰਵਾਇਤੀ ਪਹਿਰਾਵੇ, ਭੀਲ ਬੋਲੀ ਜੋ ਇੰਡੋ -ਆਰੀਅਨ ਬੋਲੀ ਤੋਂ ਵੀ ਪਹਿਲਾ ਹੋਂਦ ‘ਚ ਸੀ ਬੋਲੀ ਜਾਂਦੀ ਹੈ। ਇੱਕ ਕਬਾਇਲੀ ਲੋਕ ਆਦਿਵਾਸੀ ਹਨ ਜੋ ਜਾਇਦਾਤਰ ਭਾਰਤ ਦੇ ਪੱਛਮ ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰਾ ਅਤੇ ਰਾਜਸਥਾਨ ਰਾਜਾਂ ਅੰਦਰ ਵੱਸੇ ਹੋਏ ਹਨ। ਕੁਝ ਤ੍ਰੀਪੁਰਾ ਅਤ ਬੰਗਲਾ ਦੇਸ਼ ਵਿੱਚ ਵੀ ਰਹਿੰਦੇ ਹਨ। ਭੀਲ ਅੰਦਰੂਨੀ ਖੇਤਰੀ ਇਲਾਕਿਆਂ ਅੰਦਰ ਕਈ ਫਿਰਕਿਆਂ ਅਤੇ ਵੰਸ਼ਾਂ ‘ਚ ਰਹਿ ਰਹੇ ਹਨ। ਇਨ੍ਹਾ ਦੀ ਬੋਲੀ ‘ਚ ਮਰਾਠੀ, ਗੁਜਰਾਤੀ ਬੋਲੀ ਦਾ ਪ੍ਰਭਾਵ ਹੈ। ਇਹ ਫਿਰਕਾ ਪਿਛਲੀ ਗਣ-ਜਣਨਾ ਮੁਤਾਬਿਕ 17 -ਮਿਲੀਅਨ ਦੇ ਲਗਭਗ ਦੀ ਹੋਂਦ ਰੱਖਦਾ ਹੈ। ਭੀਲ ਫਿਰਕਿਆਂ ਦਾ ਦੇਸ਼ ਦੇ ਮਾਲਵਾ ਅਤੇ ਕੇਂਦਰੀ ਭਾਰਤ ‘ਚ ਰਾਜ ਰਿਹਾ ਹੈ। ਉਹ ਇਦਾਰ, ਰਾਜ ਪਿਪਲਾ, ਮੰਡਵੀ ਬੰਡਸਾ ਅਤੇ ਧਰਮਪੁਰ ਗੁਜਰਾਤ ਤੱਕ ਰਾਜ ਕਰਦੇ ਰਹੇ ਹਨ। ਉਘਨਾ ਪਾਨਵਾਰਾ ਦੇ ਮੁਖੀ ਹਰਪਾਲ ਦੇ ਪੋਤਰੇ ਰਾਜਾ ਰਾਜਾ-ਪੁੰਜਾ ਜੋ ਸੇਰਪੁਰ ਦਾ ਰਾਜਾ ਸੀ ਨੇ ਮਹਾਰਾਜਾ ਪ੍ਰਤਾਪ ਦੀ ਅਕਬਰ ਵਿਰੁੱਧ ਲੜਾਈ ਦੌਰਾਨ ਸਹਾਇਤਾ ਕੀਤੀ ਸੀ।
ਭੀਲਾਂ ਦਾ ਬੜਾ ਇਨਕਲਾਬੀ ਵਿਰਸਾ ਰਿਹਾ ਹੈ ਤੇ ਉਹ ਸਦਾ ਨਾਬਰੀ ਵਿਰੁੱਧ, ਗੁਲਾਮੀ ਦੇ ਖਾਤਮੇ ਲਈ ਹਥਿਆਰ ਉਠਾਉਂਦੇ ਰਹੇ ਹਨ। ਭਾਰਤ ਦੇ ਇਤਿਹਾਸ ਅੰਦਰ ਉਨ੍ਹਾਂ ਨੇ 1846, 1857-58 ਅਤੇ 1866 ਦੌਰਾਨ ਬਸਤੀਵਾਦੀ ਬਰਤਾਨਵੀ ਜਰਵਾਣਿਆਂ ਵਿਰੁੱਧ ਬਗਾਵਤਾਂ ਕੀਤੀਆ ਸਨ। ਇਸੇ ਕਰਕੇ ਉਨ੍ਹਾ ਦੇ ਇਨਕਲਾਬੀ ਸੁਭਾਅ ਅਤੇ ਨਾਬਰੀ ਕਰਕੇ, ‘ਵਿਰਸੇ ਨੂੰ ਦੇਖ ਕੇ ਗੋਰੀ ਹਕੂਮਤ ਨੇ ਉਨ੍ਹਾ ਨੂੰ ਜੁਰਾਇਮ-ਪੇਸ਼ਾ ਐਲਾਨਿਆ ਸੀ। ਬਰਤਾਨਵੀ ਹਕੂਮਤ ਨੇ ਭੀਲਾਂ ਵਿਰੁੱਧ ‘ਜੁਰਾਇਮ ਪੇਸ਼ਾਕ ਕਬੀਲਾ ਐਕਟ-1871’ ਬਣਾਇਆ ਸੀ। ਇਸ ਕਾਨੂੰਨ ਤਾਹਿਤ ਭੀਲ ਫਿਰਕੇ ਦੇ ਲੋਕਾਂ ਨੂੰ ਗੋਰੀ ਸਰਕਾਰ ਅਤੇ ਉਸਦੇ ਬੂਟ ਚੱਟ ਰਿਆਸਤੀ ਹਾਕਮ ਕਦੀ ਵੀ ਭੀਲ ਭਾਈਚਾਰੇ ਦੇ ਲੋਕਾ ਨੂੰ ਗ੍ਰਿਫਤਾਰ ਕਰਕੇ, ਕੁੱਟਮਾਰ ਕਰਨੀ ਅਤੇ ਇੱਥੋ ਤੱਕ ਮਾਰ ਦੇਣ ਦਾ ਅਧਿਕਾਰ ਰੱਖਦੇ ਸਨ। ਇਸੇ ਕਰਕੇ ਗੋਰੀ ਸਰਕਾਰ ਅਤੇ ਰਿਆਸਤੀ ਹਾਕਮਾਂ ਦਾ ਭੀਲ ਵਿਰੋਧੀ ਰਵੱਈਆਂ ਹੋਣ ਕਰਕੇ ਭੀਲ ਲੋਕ ਹਾਕਮਾਂ ਵਿਰੁੱਧ ਸਦਾ ਹੀ ਬਗਾਵਤੀ ਸੁਰਾ ਰੱਖਦੇ ਰਹੇ ਹਨ। ਈਸਟ ਇੰਡੀਆਂ ਕੰਪਨੀ ਵਿਰੁਧ ਭੀਲਾਂ ਨੇ 1857 ਦੇ ਪਹਿਲੇ ਆਜਾਦੀ ਅੰਦੋਲਨਚ ਵੱਧ ਚੜ੍ਹ ਕੇ ਭਾਗ ਲਿਆ ਸੀ। ਜਿਸ ਕਰਕੇ ਹਾਕਮਾਂ ਨੇ 1871 ਦਾ ਕਨੂੰਨ ਬਣਾਇਆ ਸੀ। ਸਾਲ 1881 ਦੀ ਜਣਗਣਨਾ ਦੌਰਾਨ ਭੀਲਾਂ ਵਿਰੁੱਧ ਸ਼ਰਾਬ ਪੀਣ, ਭਰਮ -ਵਹਿਮਾਂ, ਜਾਦੂਗਿਰੀ ਆਦਿ ਕੁਰੀਤੀਆਂ ਦੇ ਨਾਂ ਹੇਠ ਪੁਲੀਸ ਵੱਲੋ ਲੋਕਾਂ ‘ਤੇ ਤਸ਼ਦੱਦ ਕਰਨਾ ਤੇ ਰੋਕਾਂ ਲਾਉਣੀਆਂ ਸ਼ੁਰੂ ਕਰ ਦਿਤੀਆਂ ਤਾਂ ਭੀਲ ਭੜਕ ਉੱਠੇ ਅਤੇ ਹਾਕਮੀ ਦਬਾਅ ਵਿਰੁੱਧ ਉਨ੍ਹਾ ਦਾ ਪਾਰਾ ਉੱਪਰ ਚੜ੍ਹ ਗਿਆ ਸੀ।
1881 ਬਾਦ ਜਦੋਂ ਭੀਲਾਂ ਨੂੰ ਸਮਾਜ ਅੰਦਰ ਆਵਾਮ ਨਾਲੋ ਤੋੜਨ ਦੇ ਇਰਾਦੇ ਨਾਲ ਉਨ੍ਹਾਂ ਦੀ ਸਮਾਜਕ ਵਿਗਾਨਗੀ ਵਜੋਂ ਗੋਰੀ ਹਕੂਮਤ ਅਤੇ ਰਿਆਸਤੀ ਹਾਕਮਾਂ ਨੇ ਕਾਨੂੰਨੀ ਵੇਖਰਵੇਂ ਪੈਦਾ ਦਿਤੇ ਜਿਸ ਨੇ ਭੀਲਾਂ ਅੰਦਰ ਇਕ ਰੋਸ ਦੀ ਲਹਿਰ ਭਰ ਦਿੱਤੀ ਸੀ। ਉਨ੍ਹਾਂ ਵਿਰੁਧ ਨੂੰ ਪ੍ਰਸ਼ਾਸਕੀ ਢੁੱਕੇ ਹਾਕਮੀ ਜ਼ਾਬਰ ਕਦਮਾਂ ਕਰਕੇ ਭੀਲਾ ਦੇ ਗੁੱਸੇ ਦਾ ਪਾਰਾ ਉਪਰ ਚੜ ਗਿਆ। ਸਾਲ 1899-1900 ਦੌਰਾਨ ਅਕਾਲ ਕਾਰਨ ਹਜ਼ਾਰਾਂ ਭੀਲ ਮਰ ਗਏ ਸਨ। ਲੋਕਾਂ ਦੀ ਸਹਾਇਤਾ ਪ੍ਰਤੀ ਹਾਕਮਾਂ ਦੇ ਉਦਾਸੀਨਤਾ ਰਵੱਈਏ ਕਾਰਨ ਤੇ ਲੋਕਾਂ ਦੀ ਬਾਂਹ ਨਾ ਫੜਨ ਲਈ ਜਦੋਂ ਵੀ ਸਾਹਮਣੇ ਨਾ ਆਇਆ ਤਾਂ ਉਨ੍ਹਾਂ ਦੇ ਭਾਈਚਾਰੇ ਦੇ ਲੋਕਾਂ ਨੇ ਹੀ ਉਨ੍ਹਾਂ ਦੀ ਬਾਂਹ ਫੜੀ। ਭਾਵੇ ਪਹਿਲਾ ਵੀ 1818 ਨੂੰ ਵੀ ਭੀਲਾਂ ਅੰਦਰ ਇਕ ਵਿਦਰੋਹ ਪਨਪਿਆ ਸੀ ਜਿਸ ਦੀ ਅਗਵਾਨੀ ਭੀਲਾ ਦੇ ਪਿੰਡਾਂ ਅੰਦਰ ਰਹਿੰਦੇ ਉਨ੍ਹਾਂ ਦੇ ਮੁੱਖੀਆਂ ਨੇ ਹੀ ਕੀਤੀ ਸੀ। ਉਸ ਵੇਲੇ ਵਿਦਰੋਹ ਨੂੰ ਈਸਟ ਇੰਡੀਆ ਕੰਪਨੀ ਅਤੇ ਰਿਆਸਤੀ ਰਜਵਾੜਿਆ ਨੇ ਮਿਲ ਕੇ ਕੁਚਲ ਦਿੱਤਾ ਸੀ। ਕਿਉਂਕਿ ਬਸਤੀਵਾਦੀ ਹਾਕਮ ਅਤੇ ਰਿਆਸਤੀ ਹਾਕਮਾਂ ਨੇ ਉਨ੍ਹਾਂ ਜੰਗਲਾਤ ਅਤੇ ਜੰਗਲਾਤੀ ਵਸਤਾਂ ਦੇ ਹੱਕ ਖੋਹ ਲਏ ਸਨ। ਆਪਣੇ ਹੱਕਾਂ ਲਈ ਭੀਲਾਂ, ਕਬਾਇਲੀ ਅਤੇ ਸਥਾਨਕ ਪੇਂਡੂਆਂ ਵੱਲੋ ਵਿਦੇਸ਼ੀ ਸ਼ੋਸ਼ਣ ਵਿਰੁਧ ਵਿਦੇਸ਼ੀਆਂ ਬਰਖਿਲਾਫ ਇਹ ਪਹਿਲਾ ਆਜਾਦੀ ਅੰਦੋਲਨ ਸੀ।
ਗੁਲਾਮੀ ਵੇਲੇ ਭੀਲਾ ਅਤੇ ਪੇਂਡੂ ਲੋਕਾਂ ਦੀ ਆਮ ਜ਼ਬਰੀ ਬੰਧੁਆਂ ਮਜਦੂਰੀ ਅਤੇ ਸ਼ੋਸ਼ਣ ਬਿਨ੍ਹਾਂ ਰੋਕ-ਟੋਕ ਦੇ ਚਲਦਾ ਆ ਰਿਹਾ ਸੀ। ਲੋਕਾਂ ਦੀ ਆਮ ਹਾਲਤ ਬਹੁਤ ਪਤਲੀ ਸੀ ਅਤੇ ਕਿਸੇ ਪਾਸੋ ਵੀ ਨਿਆਂ ਨਹੀਂ ਮਿਲਦਾ ਸੀ। ਸ਼ਰਾਬ ਟੈਕਸ ਤੇ ਪੇਟੀ ਟੈਕਸ ਹਟਾਉਣ ਅਤੇ ਮਾਮਾਲਾ ਘੱਟ ਕਰਨ ਲਈ ਹਰ ਪਾਸੇ ਮੰਗ ਤੁਲ ਫੜ ਰਹੀ ਸੀ। ਭਾਵੇ ਪਹਿਲਾ ਵੀ ਡੰਤਾ, ਇਡਾਰੂ, ਪਾਲਾਨਪੁਰ ਅਤੇ ਸਿਰੋਹੀ ਖੇਤਰ ਜੋ ਗੁਜਰਾਤ ਖੇਤਰ ਤੋਂ ਸਨ, ‘ਉਥੇ ਉਠੀਆਂ ਲਹਿਰਾਂ ਨੂੰ ਦਬਾਉਣ ਲਈ ਗਿਰਾਸੀਆਜ ਨੇ ਗਦਾਰੀ ਕੀਤੀ ਸੀ ਅਤੇ ਲੋਕਾਂ ਦੇ ਰੋਸ ਤੇ ਵਿਦਰੋਹਾਂ ਨੂੰ ਕੁਚਲ ਕਰ ਦਿਤਾ ਜਾਂਦਾ ਰਿਹਾ ਸੀ। 17-ਵੀਂ ਸਦੀ ‘ਚ ਜੋ ਭਗਤੀ ਲਹਿਰ ਚਲੀ ਸੀ ਉਸ ਦਾ ਲੋਕਾਂ ‘ਤੇ ਕਾਫੀ ਅਸਰ ਹੋਇਆ। ਇਸਤਰੀਆਂ ਦੇ ਅਧਿਕਾਰ, ਜਾਤਪਾਤ ਵਿਰੁਧ, ਵਿਧਵਾ ਵਿਆਹ, ਸ਼ਰਾਬ ਨੋਸ਼ੀ ਆਦਿ ਸਮਾਜਕ ਸੁਧਾਰ ਲਹਿਰਾਂ ਨੇ ਉਸ ਵੇਲੇ ਦੇ ਜਾਲਮੀ ਰਿਆਸਤੀ ਸਾਮੰਤਵਾਦੀ ਹਾਕਮਾਂ ਵਿਰੁਧ ਲੋਕਾਂ ਨੂੰ ਕਾਫੀ ਪ੍ਰਭਾਵਤ ਕੀਤਾ ਸੀ। ਲੋਕਾਂ ‘ਤੇ ਹੋ ਰਹੇ ਅੱਤਿਆਚਾਰ, ਗਰੀਬੀ ਗੁਰਬਤ ਤੇ ਜਾਤ-ਪਾਤੀ ਨਫ਼ਰਤ ਨੇ ਵੀ ਭੀਲਾ ਅੰਦਰ ਜਾਗਰਿਤੀ ਲਿਆਂਦੀ ਸੀ। ਭੀਲ ਭਾਈਚਾਰੇ ਅੰਦਰ ਲੋਕਾਂ ਦੀ ਬਾਂਹ ਫੜਨ ਲਈ ਸਾਹਮਣੇ ਆਇਆ ਉਨ੍ਹਾਂ ਦੇ ਭਾਈਚਾਰੇ ਦਾ ਹੀ ਇਕ ਆਗੂ ਗੋਬਿੰਦ! ਗੋਬਿੰਦ ਦਾ ਜਨਮ 20-ਦਸੰਬਰ, 1858 ਨੂੰ ਪਿੰਡ ਬਾਂਸਿਆ ਬੇੜਿਆ ਜਿਲਾ ਡੂੰਗਰਪੁਰ ‘ਚ ਹੋਇਆ ਸੀ। ਉਹ ਗੈਰ ਜਾਤੀ ਦਾ ਬੰਜਾਰਾ ਪ੍ਰਵਾਰ ਵਿੱਚੋ ਸੀ।
ਗੋਬਿੰਦ ਸ਼ੁਰੂ ਤੋਂ ਹੀ ਧਾਰਮਿਕ ਬਿਰਤੀ ਵਾਲਾ ਸੀ ਤੇ ਮੁੱਢਲੀ ਸਿਖਿਆ ਪਿੰਡ ਦੇ ਪੁਜਾਰੀ ਪਾਸੋ ਹੀ ਪ੍ਰਾਪਤ ਕੀਤੀ। ਸ਼ੁਰੂ ਤੋਂ ਹੀ ਉਸ ਨੇ ਆਪਣੇ ਆਪ ਨੂੰ ਹਾਲੀ ਜਾਂ ਕਿਰਤੀ ਕਹਾਇਆ ਸੀ। ਪਹਿਲਾ ਪਹਿਲਾ ਉਸ ਨੇ ਰਿਆਸਤੀ ਅਸਟੇਟ ਦੇ ਮੁਲਾਜ਼ਮ ਵੱਲੋ ਕੰਮ ਕੀਤੀ। 1900 ਦੇ ਭਿਆਨਕ ਅਕਾਲ ਵੇਲੇ ਉਸ ਦੀ ਪਤਨੀ ਅਤੇ ਇਕ ਪੁੱਤਰ ਵੀ ਇਸ ਦੀ ਭੇਂਟਾ ਚੜ ਗਏ ਸਨ। ਫਿਰ ਉਹ ਗੁਵਾਂਢੀ ਰਿਆਸਤ ਸੁੰਡ ਚਲਾ ਗਿਆ। ਛੇਤੀ ਹੀ ਉਸ ਨੇ ਆਪਣੀ ਵਿਧਵਾ ਭਰਜਾਈ ਨਾਲ ਵਿਆਹ ਕਰਾ ਲਿਆ। ਉਹ ਗੁਸਾਈਂ ਫਿਰਕੇ ‘ਚ ਸ਼ਾਮਲ ਹੋ ਗਿਆ ਜਿਥੇ ਉਸ ਦਾ ਨਾਂ ‘ਗੋਬਿੰਦ ਗਿਰੀ’ ਰੱਖਿਆ ਗਿਆ। ਸਾਲ 1909 ਨੂੰ ਉਹ ਡੂੰਗਰਪੁਰ ਰਿਆਸਤ ਵਿਚ ਚਲਾ ਗਿਆ ਅਤੇ ਪਿੰਡ ਵੇਡਸਾ ਵਿਖੇ ਆਪਣੀ ਪਤਨੀ ਅਤੇ ਬੱਚਿਆ ਸਮੇਤ ਰਹਿਣ ਲੱਗ ਪਿਆ। ਉਸ ਨੇ ਸਭ ਤੋਂ ਪਹਿਲਾ ਆਦਿਵਾਸੀ ਖੇਤਰਾਂ ਅੰਦਰ ਭੀਲ ਭਾਈਚਾਰੇ ਦੇ ਲੋਕਾਂ ‘ਚ ਇਕ ਸੁਧਾਰਕ ਵਜੋਂ ਰਾਜਸਥਾਨ ਅਤੇ ਗੁਜਰਾਤ ਰਾਜਾਂ ਅੰਦਰ ਅਲੱਖ ਜਗਾਈ। ਭੀਲ ਲੋਕਾਂ ਅੰਦਰ ਸਮਾਜਕ ਬੁਰਾਈਆਂ ਦੂਰ ਕਰਨ ਲਈ ਆਦਿਵਾਸੀ ਖੇਤਰ ਨੂੰ ਚੁਣਿਆ ਅਤੇ ਇਸ ਮੰਤਵ ਲਈ ‘ਸੰਪਾ-ਸਭਾ’ ਬਣਾਈ। ਜਾਤਪਾਤ ਵਿਰੁਧ, ਨਸ਼ਿਆ ਦਾ ਖਾਤਮਾ, ਜਾਦੂ-ਟੂਣੇ ਅਤੇ ਭਰਮਾਂ-ਵਹਿਮਾਂ ਵਿਰੁਧ ਅਤੇ ਸ਼ਾਹੂਕਾਰਾਂ ਅਤੇ ਸਮੰਤਵਾਦੀ ਹਰ ਤਰ੍ਹਾਂ ਦੇ ਸ਼ੋਸ਼ਣ ਵਿਰੁਧ, ਵਿਧਵਾ ਵਿਆਹ ਕਰਨ ਤੇ ਬੱਚਾ ਮਾਰਨ ਦੀ ਮਨਾਹੀ ਨੂੰ ਉਸ ਆਪਣਾ ਰਾਹ ਚੁਣਿਆ।
ਉਪਰੋਕਤ ਸਮਾਜਕ ਸੁਧਾਰ ਲਹਿਰ ਲਈ ਇਕੱਠ ਕਰਕੇ ਧੂਣੀਆਂ ਲਾਉਣੀਆਂ, ਘਰਾਂ ਤੇ ਝੰਡੇ ਗੱਡਣੇ ਤੇ ਪਿੰਡ ਪਿੰਡ ਪ੍ਰਚਾਰ ਕਰਨਾ ਨੇ ਭੀਲ ਭਾਈਚਾਰੇ ਅੰਦਰ ਇਕ ਜਾਗਰੂਕਤਾ ਨੇ ਜਨਮ ਲਿਆ। ਉਸ ਦੀ ਇਸ ਸੁਧਾਰ-ਲਹਿਰ ਨੇ ਰਾਜਾਸ਼ਾਹੀ ਦੇ ਜੁਲਮਾਂ ਵਿਰੁਧ ਖਾਸ ਕਰਕੇ ਭਾਰੇ ਟੈਕਸਾਂ ਦੇ ਭਾਰ ਨੂੰ ਘੱਟ ਕਰਨ, ਸਮਾਜ ਸੁਧਾਰ ਤੇ ਹੱਕਾਂ ਨੂੰ ਪਛਾਣੇ ਹੋਏ ਆਦਿਵਾਸੀ ਲੋਕਾਂ ਅੰਦਰ ਸੰਘਰਸ਼ ਕਰਨ ਲਈ ਹੱਲਾ-ਸ਼ੇਰੀ ਮਿਲੀ। ਉਸ ਨੇ ਆਵਾਮ ਨੂੰ ਹਲੂਣ ਕੇ ਰੱਖ ਦਿੱਤਾ। ਉਹ ਆਦਿਵਾਸੀ ਇਲਾਕੇ ਅੰਦਰ ਹਰਮਨ ਪਿਆਰਾ ਹੋ ਗਿਆ। ਉਸ ਨੇ ਗੁਲਾਮੀ ਦੇ ਦੌਰ ਵੇਲੇ ਰਿਆਸਤੀ ਹਾਕਮਾ ਅਤੇ ਲੋਕਾਂ ਨੂੰ ਸਾਹਮਣੋ-ਸਾਹਮਣੇ ਖੜੇ ਕਰ ਦਿੱਤਾ। ਸ਼ਰਾਬ ਦੇ ਠੇਕੇਦਾਰਾਂ ਨੂੰ ਰੋਕਣ ਕਾਰਨ ਪਹਿਲਾ ਟਕਰਾਅ 1907 ਨੂੰ ਆਇਆ। ਡੂੰਗਰਪੁਰ ਰਿਆਸਤ ਦੇ ਹਾਕਮਾਂ ਨੇ ਉਸ ਨੂੰ 1912-13 ਦੌਰਾਨ ਗ੍ਰਿਫਤਾਰ ਕਰ ਲਿਆ। ਹਾਕਮਾਂ ਨੇ ਉਸ ਵਿਰੁਧ ਲੋਕਾਂ ਨੂੰ ਵਰਗਾਉਣ ਅਧੀਨ ਉਸ ਦੀ ਜਾਇਦਾਦ ਕੁਰਕ ਕਰ ਲੲ. ਅਤੇ ਉਸ ਦੀ ਪਤਨੀ ਤੇ ਨੂੰ ਗ੍ਰਿਫਤਾਰ ਕਰ ਲਿਆ। ਲੋਕ ਦਬਾਅ ਕਾਰਨ ਅਪ੍ਰੈਲ 1913 ਨੂੰ ਉਸ ਨੂੰ ਰਿਹਾਅ ਕਰ ਦਿਤਾ ਤੇ ਨਾਲ ਹੀ ਡੂੰਗਰਪੁਰ ਰਿਆਸਤ ਨੂੰ ਛੱਡਣ ਦੇ ਹੁਕਮ ਕਰ ਦਿੱਤੇ।
ਮਾਨਗੜ੍ਹ ਦਾ ਨਰ-ਸੰਘਾਰ: ਗੋਬਿੰਦ ਗੀਰੀ ਦੀ ਗ੍ਰਿਫਤਾਰੀ ਬਾਦ ਡੂੰਗਰਪੁਰ ਇਲਾਕੇ ਦੇ ਭੀਲ-ਚਾਰਾ ਲੋਕਾਂ ਅੰਦਰ ਰਿਆਸਤੀ ਰਾਜਾਸ਼ਾਹੀ ਵਿਰੁਧ ਲੋਕ ਰੋਹ ਨੇ ਇਕ ਪ੍ਰਚੰਡ ਰੂਪ ਧਾਰ ਲਿਆ। ਰਿਹਾਈ ਬਾਦ ਗੋਬਿੰਦ ਗੀਰੀ ਨੇ ਅਕਤੂਬਰ -1913 ਦੌਰਾਨ ਇਕ ਪਿੰਡ ਤੋਂ ਦੂਸਰੇ ਪਿੰਡ ਅੰਦਰ ਪੁੱਜਕੇ ਭੀਲ ਲੋਕਾਂ ਅੰਦਰ ਹਾਕਮਾਂ ਦੇ ਅੱਤਿਆਚਾਰਾ ਵਿਰੁਧ ਅਲਖ ਜਗਾਉਣੀ ਸ਼ੁਰੂ ਕਰ ਦਿੱਤੀ। ਰਾਜਾਸ਼ਾਹੀ ਅਤੇ ਉਸਦੇ ਕੁਰਿੰਦਿਆ ਨੇ ਇਦਾਰ ਰਿਆਸਤ ਅੰਦਰ ਗਿਰੀ ਦੀ ਗ੍ਰਿਫਤਾਰੀ ਲਈ ਘੇਰਾ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਸ ਦੇ ਪੈਰੋਕਾਰਾਂ ਨੇ ਵੀ ਆਪਣੇ ਗੁਰੂ ਦੀ ਰੱਖਿਆ ਲਈ ਮਾਨਗੜ ਵਿਖੇ ਸੁਰੱਖਿਅਤ ਲੋਕ ਘੇਰਾਬੰਦੀ ਬਣਾਉਣ ਲਈ ਲੋਕ ਚੌਂਕੀਆ ਬਣਾ ਲਈਆ। ਮਾਨਗੜ੍ਹ ਨੀਮ-ਪਹਾੜੀ ਜੰਗਲੀ ਇਲਾਕਾ ਸੀ ਜਿਹੜਾ ਬਾਸਵਾੜਾ ਤੇ ਸੁੰਡ ਰਿਆਸਤ ਦੇ ਵਸੀਮੇ ‘ਤੇ ਪੈਂਦਾ ਸੀ। 31-ਅਕਤੂਬਰ, 1913 ਨੂੰ ਗੋਬਿੰਦ ਗਿਰੀ ਦੇ ਪੈਰੋਕਾਰਾ ਨੇ ਸੰਧ ਰਿਆਸਤ ਦੇ ਕੁਝ ਪੁਲੀਸ ਮੁਲਾਜ਼ਮ ਫੜ ਕੇ ਮਾਨਗੜ੍ਹ ਦੇ ਪਹਾੜੀ ਇਲਾਕਿਆ ‘ਚ ਆਪਣੇ ਟਿਕਾਣਿਆ ‘ਚ ਡੱਕ ਦਿੱਤੇ। 1-ਨਵੰਬਰ, 1913 ਨੂੰ ਲੋਕਾਂ ਨੇ ਪ੍ਰਬਾਤ ਗੜ੍ਹ ਦੇ ਕਿਲੇ ਤੇ ਇਕ ਹਮਲਾ ਕੀਤਾ ਜੋ ਅਸਫਲ ਰਿਹਾ। ਪਰ ਲੋਕਾ ਨੇ ਬਾਸਵਾੜਾ ਰਿਆਸਤ ਦੇ ਪਿੰਡ ਬਰੱਹਮ ਨੂੰ ਲੁੱਟ ਲਿਆ। ਇਸ ਹਥਿਆਰਬੰਦ ਹਿਲ-ਜੁਲ ਨੂੰ ਦੇਖ ਕੇ ਸਥਾਨਕ ਰਿਆਸਤ ਰਾਜਤੰਤਰ ਭੈਅ-ਭੀਤ ਹੋ ਗਿਆ।
ਰਿਆਸਤੀ ਹਾਕਮਾਂ ਨੇ ਆਪਣੇ ਸਰਪ੍ਰਸਤ ਬਰਤਾਨਵੀ ਹਾਕਮਾਂ ਪਾਸ ਗੁਹਾਰ ਲਾਈ। 17-ਨਵੰਬਰ, 1913 ਨੂੰ ਸ਼ਾਹੀ ਫੌਜ, ਬਰਤਾਨਵੀ ਭਾਰਤੀ ਫੋਜ਼ ਤੇ ਮੇਵਾੜ ਭੀਲ ਕਾਰਪਸ ਤੋਂ ਇਲਾਵਾ ਬਾਂਸਵਾੜਾ, ਸੁੰਡ ਅਤੇ ਬਾਰੀਆਂ ਰਿਆਸਤਾਂ ਦੀਆਂ ਹਜਾਰਾਂ ਫੋਜਾਂ ਦੀਆਂ ਟੁਕੜੀਆਂ ਨੇ ਮਾਨਗੜ੍ਹ ਘੇਰ ਕੇ ਅੰਨ੍ਹਵਾਹ ਗੋਲੀਆਂ ਚਲਾ ਕੇ 1500 ਤੋਂ ਵਧ ਬੱਚੇ, ਬੁੱਖੇ, ਇਸਤਰੀਆਂ ਅਤੇ ਮਰਦਾ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ। ਇਹ ਬਰਤਾਨਵੀ ਹਾਕਮਾਂ ਦਾ ਬਹੁਤ ਹੀ ਨਿੰਦਣਯੋਗ ਮਨੁੱਖੀ ਨਰ-ਸੰਘਾਰ ਸੀ। ਇਸ ਅੱਤਿਆਚਾਰ ਦੇ ਬਾਅਦ ਪੁਲੀਸ ਨੇ ਗੋਬਿੰਦ ਗਿਰੀ, ਉਸ ਦੇ ਲੈਫਟੀਨੈਂਟ ਪਾਰਜੀ ਪੁੰਜਾ ਅਤੇ ਕੁਝ ਹੋਰ ਲੋਕਾਂ ਨੂੰ ਫੜ੍ਹ ਲਿਆ। ਮਾਨਗੜ੍ਹ ਵਿਖੇ ਮੇਜਰ ਗੱਫ ਅਤੇ ਮੇਜਰ ਆਲੀਸਨ ਆਈ.ਸੀ.ਐਸ ਦੇ ਇਕ ਫਰਜੀ ਟ੍ਰੀਬਿਊਨਲ ਨੇ ਗੋਬਿੰਦ ਗਿਰੀ ਨੂੰ ਤੇ ਪੁੰਜਾ ਪਾਰਜੀ ਨੂੰ ਪਹਿਲਾ ਫਾਂਸੀ ‘ਤੇ ਲਟਕਾਉਣ ਤੇ ਬਾਦ ਵਿੱਚ ਅਪੀਲ ਕਰਨ ‘ਤੇ ਗੋਬਿੰਦ ਗਿਰੀ ਨੂੰ ਉਮਰ ਕੈਦ ਤੇ ਹੈਦਰਾਬਾਦ ਭੇਜ ਦਿੱਤਾ। ਪਾਰਜੀ ਪੁੰਜਾ ਨੂੰ ਉਮਰ ਕੈਦ ਕਰਕੇ ਕਾਲੇ ਪਾਣੀ ਭੇਜ ਦਿਤਾ ਜਿਥੇ ਉਸ ਦੀ ਤਿੰਨ ਸਾਲਾਂ ਬਾਦ ਮੌਤ ਹੋ ਗਈ। ਬਾਕੀ ਲੋਕਾਂ ਨੂੰ 6-6 ਮਹੀਨੇ ਦੀ ਕੈਦ ਹੋਈ। ਵਿਦੇਸ਼ੀ ਬਸਤੀਵਾਦੀਆਂ ਵਿਰੁਧ ਲੜਨ ਵਾਲਾ ਅਤੇ ਦੇਸ਼ ਅੰਦਰ ਸਾਮੰਤਵਾਦ ਵਿਰੁਧ ਵਰਗ ਸੰਘਰਸ਼ ਤੇਜ ਕਰਨ ਦੇਸ਼ ਭਗਤ ਗੋਬਿੰਦ ਗਿਰੀ 30-ਅਕਤੂਬਰ, 1931 ਨੂੰ ਆਪਣੀ ਮਾਂ ਭੂਮੀ ਤੋਂ ਬਦਰ ਹੋ ਕੇ ਕੰਬੋਈ ਲਾਗੇ ਲਿੰਬੜੀ (ਗੁਜਰਾਤ) ਵਿਖੇ ਲੋਕਾਂ ਨੂੰ ਸਦਾ ਲਈ ਛੱਡ ਗਿਆ।
ਗੋਬਿੰਦ ਗਿਰੀ ਭਾਰਤ ਅੰਦਰ ਆਦਿਵਾਸੀ ਖਾਸ ਕਰਕੇ ਭੀਲ ਭੀਲਚਾਰੇ ਅੰਦਰ ਸਾਮੰਤਵਾਦੀ ਜੁਲਮਾਂ ਵਿਰੁਧ, ਆਜਾਦੀ ਦੇ ਮੁਕਤੀ ਅੰਦੋਲਨ ਨੂੰ ਤੇਜ ਕਰਨ ਲਈ ਸਾਮਰਾਜੀ ਬਸਤੀਵਾਦੀ ਲੁਟੇਰਿਆ ਤੋਂ ਨਿਜਾਤ ਦਿਵਾਉਣ ਲਈ ਲੜਿਆ। ਕਿਰਤੀ-ਕਿਸਾਨਾਂ ਨੂੰ ਉਨ੍ਹਾਂ ਦੇ ਮੁੱਢਲੇ ਹੱਕਾਂ ਦੀ ਰਾਖੀ ਲਈ ਜਾਗੀਰਦਾਰੀ ਸਿਸਟਮ ਵਿਰੁਧ ਸੰਘਰਸ਼ ਕਰਨ ਵਾਲਾ ਇਕ ਸਮਾਜ ਸੁਧਾਰਕ ਦੇਸ਼ ਦੇ ਲੋਕਾਂ ਲਈ ਇਨਸਾਫ਼ ਦੇ ਰਾਹ ‘ਤੇ ਚਲਣ ਲਈ ਇਕ ਇਨਕਲਾਬੀ ਸੁਨੇਹਾ ਦੇ ਗਿਆ ਹੈ। 17-ਨਵੰਬਰ, 1913 ਦਾ ਦਿਨ ਇਕ ਇਤਿਹਾਸਕ ਦਿਨ ਭੀਲ ਲੋਕਾਂ ਦੀ ਆਜਾਦੀ ਤੇ ਸਿਰੜ ਦਾ ਦਿਨ ਹੈ। ਇਸ ਨੂੰ ਯਾਦ ਰੱਖੀਏ!

(ਜਗਦੀਸ਼ ਸਿੰਘ ਚੋਹਕਾ)
91-9217997445
001-403-285-4208
jagdishchohka@gmail.com