2020 ਦਾ ਸਾਲ ਤੇ ਗਲੋਬਲ ਵਾਰਮਿੰਗ ਦਾ ਵੱਧਦਾ ਪ੍ਰਕੋਪ

  ਪੂਰਾ ਸੰਸਾਰ ਇਸ ਸਮੇਂ ਗੰਭੀਰ ਦੌਰ ਵਿਚੋਂ ਗੁਜ਼ਰ ਰਿਹਾ ਹੈ | ਇੱਕ ਪਾਸੇ ਨਿਊਜ਼ੀਲੈਂਡ ਵਿਚ ਗਰਮੀਆਂ ਦੇ ਦਿਨਾਂ ਵਿਚ ਵੀ ਕੰਬਲ ਲੈਕੇ ਸੌਣਾ ਪੈ ਰਿਹਾ ਹੈ | ਦੂਸਰੇ ਪਾਸੇ ਆਸਟ੍ਰੇਲੀਆ ਵਿਚ ਲੱਗੀ ਅੱਗ ਨਾਲ ਇੱਕ ਲੱਖ ਹੈਕਟੇਅਰ ਸੜਨ ਤੋਂ ਬਾਅਦ ਨਿਊ ਸਾਊਥ ਵੇਲਜ਼ ਵਿਚ ਹੜਾਂ ਦੀ ਚਿਤਾਵਨੀ ਦੇ ਦਿੱਤੀ ਗਈ ਹੈ | ਸ਼ਿਮਲੇ ਨਾਲੋਂ ਬਠਿੰਡੇ ਦਾ ਤਾਪਮਾਨ ਘੱਟ ਹੈ | ਕਨੇਡਾ ਦੇ ਵੈਨਕੂਵਰ ਵਿਚ ਬਰਫ਼ ਨੇ ਨਵੇਂ ਰਿਕਾਰਡ ਸਥਾਪਿਤ ਕੀਤੇ ਹਨ | ਇਥੋਂ ਤੱਕ ਕਿ ਸਾਊਦੀ ਰੱਬ ਦੇ ਉੱਤਰੀ ਪ੍ਰਾਂਤ ਤਾਬੂਕ ਵਿਚ ਪਿਛਲੇ ਕੁਝ ਹਫਤਿਆਂ ਦੌਰਾਨ ਬਰਫ਼ ਪੈਣ ਦੀਆਂ ਤਸਵੀਰਾਂ ਸਮੁਚੇ ਸੰਸਾਰ ਵਿਚ ਵਾਇਰਲ ਹੋ ਚੁੱਕੀਆਂ ਹਨ | ਇਸ ਸਾਰੇ ਆਲਮੀ ਪ੍ਰਕਰਣ ਬਾਬਤ  ਆਪਣੀ ਰਿਪੋਰਟ ਜਾਰੀ ਕਰਦਿਆਂ ਸੰਯੁਕਤ ਰਾਸ਼ਟਰ ਦੇ ਵਿਸ਼ਵ ਮੌਸਮ ਸੰਗਠਨ ਵਲੋਂ ਕਿਹਾ ਗਿਆ ਹੈ ਕਿ ਇਹ 2020 ਅਤੇ ਆਉਣ ਵਾਲੇ ਸਾਲਾਂ ਦੀ ਹੋਣੀ ਹੈ | ਜਿਸ ਦੌਰਾਨ ਠੰਡੇ ਥਾਂ ਗਰਮ ਰਹਿ ਸਕਦੇ ਹਨ ਤੇ ਗਰਮ ਥਾਂ ਠੰਡੇ ਵੀ ਹੋ ਜਾਣਗੇ | ਅੱਗਾਂ ਦੇ ਝੰਬਿਆਂ ਨੂੰ ਹੜ ਨੇ ਜਜ਼ਬ ਕਰ ਲੈਣਾ ਹੈ | ਰੇਗਿਸਤਾਨ ਵਿਚ ਬਰਫ਼ਬਾਰੀ ਦੇ ਨਜ਼ਾਰੇ ਹੋਣਗੇ ਤੇ ਉਚੇ ਪਹਾੜ ਰੁੰਡ ਮਰੁੰਡ ਵੀ ਰਹਿ ਸਕਦੇ ਹਨ |
ਰਿਪੋਰਟ ਅਨੁਸਾਰ ਇਹ ਸਾਰਾ ਕੁਝ ਆਲਮੀ ਮੌਸਮ ਤਬਦੀਲੀਆਂ ਦੇ ਖ਼ਤਰਨਾਕ ਪੱਧਰ ਤੇ ਵਧਣ ਦਾ ਪ੍ਰਤੀਕ ਹੈ | ਜਿਸਨੂੰ ਅਸੀਂ ਗਲੋਬਲ ਵਾਰਮਿੰਗ ਦੀ ਟਰਮ ਦੇ ਤੌਰ ਤੇ ਵੀ ਦੇਖ ਸਕਦੇ ਹਾਂ |
 ਵਿਸ਼ਵ ਮੌਸਮ ਸੰਗਠਨ ਵਲੋਂ ਜਾਰੀ ਅੰਕੜਿਆਂ ਅਨੁਸਾਰ ਧਰਤੀ ਦੇ ਉੱਤੇ ਲਗਾਤਾਰ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਰਹੀ ਹੈ | ਜੋ ਇਸ ਘਾਲੇ ਮਾਲੇ ਦੀ ਜਿੰਮੇਵਾਰ ਹੈ , ਅੰਕੜਿਆਂ ਅਨੁਸਾਰ ਪਿਛਲੇ ਇੱਕ ਦਹਾਕੇ ਅਨੁਸਾਰ ਇਸਦੀ ਰਫਤਾਰ ਵਿਚ ਲੰਘੇ ਦਹਾਕਿਆਂ ਦੇ ਮੁਕਾਬਲਤਨ 7 ਫ਼ੀਸਦ ਦਾ ਵਾਧਾ ਦਰਜ਼ ਕੀਤਾ ਗਿਆ ਹੈ | ਇਹੀ ਕਾਰਨ ਹੈ ਕਿ ਅੰਨਟਾਰਟਿਕਾ ਅਤੇ ਗਰੀਨਲੈਂਡ ਤੋਂ ਲਗਾਤਾਰ ਬਰਫ਼ ਖੁਰਨੀ ਜਾਰੀ ਹੈ | ਜਿਸ ਕਰਕੇ ਸਮੁੰਦਰ ਵਿਚ ਪਾਣੀ ਦੇ ਪੱਧਰ ਵਿਚ ਲਗਾਤਾਰ ਵਾਧਾ ਜਾਰੀ ਹੈ | ਇਸ ਵਾਧੇ ਨਾਲ ਪੈਸੀਫਿਕ ਸਮੁੰਦਰ ਦੇ ਵਿਚ ਪੈਂਦੇ ਛੋਟੇ ਆਈਲੈਂਡ ਮਾਰਕਾ ਮੁਲਕ ਲਗਾਤਾਰ ਖੁਰ ਕੇ ਸਮੁੰਦਰ ਵਿਚ ਵਲੀਨ ਹੋ ਰਹੇ ਹਨ | ਜਿਹਨਾਂ ਵਿਚ ਤੀਵਾਲੁ ਨਾਮਕ ਇੱਕ ਆਈਲੈਂਡ ਮੁਲਕ ਤਕਰੀਬਨ 18 ਫ਼ੀਸਦ ਆਪਣੀ ਜ਼ਮੀਨ ਸਮੁੰਦਰ ਦੇ ਨਾਮ ਪਿਛਲੇ ਦੋ ਦਹਾਕਿਆਂ ਵਿਚ ਕਰ ਚੁੱਕਾ ਹੈ | ਇਸੇ ਸਿਲਸਿਲੇ ਦੇ ਚੱਲਦਿਆਂ ਇਹਨਾਂ ਮੁਲਕਾਂ ਦੇ ਵਸਿੰਦੇ ਲਗਾਤਾਰ ਆਸਟ੍ਰੇਲੀਆ ,ਨਿਊਜ਼ੀਲੈਂਡ ਅਤੇ ਅਮਰੀਕਾ ਵਰਗੇ ਮੁਲਕਾਂ ਵਿਚ ਹੋਏ ਸਮਝੌਤਿਆਂ ਕਰਕੇ ਵੱਸ ਰਹੇ ਹਨ | ਫਿਜ਼ੀ ,ਕੁੱਕ ਆਈਲੈਂਡ ,ਟੌਂਗਾ ,ਸਮੋਆ ਸਮੇਤ ਕਾਫੀ ਸਾਰੇ ਹੋਰ ਸਮੁੰਦਰੀ ਦੀਪ ਪੈਸੀਫਿਕ ਖਿੱਤੇ ਵਿਚ ਇਸ ਗਲੋਬਲ ਵਾਰਮਿੰਗ ਦੇ ਸ਼ਿਕਾਰ ਹਨ | ਇਹੀ ਰੌਲਾ ਇੰਡੀਅਨ ਓਸਨ ਦੇ ਮੁਲਕ ਮਾਲਦੀਵ ਵਿਚ ਲਗਾਤਾਰ ਪੈ ਰਿਹਾ ਹੈ | ਜਿਸਨੂੰ ਅਸੀਂ ਭਾਰਤ ਵਿਚ ਵੀ ਸੁਣਦੇ ਰਹਿੰਦੇ ਹਾਂ |
                    ਇਸ ਸਾਰੇ ਬਾਬਤ ਆਕਲੈਂਡ ਦੇ ਮੇਅਰ ਫਿੱਲ ਗੌਫ ਵੀ ਲਗਾਤਾਰ ਕਹਿ ਰਹੇ ਹਨ ਕਿ ਸਾਨੂੰ ਆਪਣੀ ਜੀਵਨ ਜਾਂਚ ਬਦਲਣੀ ਪਵੇਗੀ ਅਤੇ ਕੁਦਰਤ ਦਾ ਦੋਸਤ ਬਣਕੇ ਵਿਚਰਨਾ ਪਵੇਗਾ | ਫਿੱਲ ਗੌਫ ਲਿਖਦੇ ਹਨ ਕਿ ਅਸੀਂ ਪੈਸੀਫਿਕ ਸਮੁੰਦਰ ਵਿਚ ਵਸੇ ਸਭ ਤੋਂ ਵੱਡੇ ਸ਼ਹਿਰ ਦੇ ਵਾਸੀ ਹੋਣ ਦੇ ਨਾਤੇ ਆਪਣੀ ਤਿਆਰੀ ਵਿਚ ਲੱਗੇ ਹੋਏ ਹਾਂ | ਪਰ ਇਥੇ ਸਾਡੀ ਤਿਆਰੀ ਹੀ ਜਰੂਰੀ ਨਹੀਂ ਸਮੁਚੇ ਸੰਸਾਰ ਨੂੰ ਸੋਚਣਾ ਪਵੇਗਾ ਕਿ ਅਸੀਂ ਇਸ ਧਰਤੀ ਤੇ ਰਹਿਣਾ ਹੈ ਜਾਂ ਨਹੀਂ ?  ਇਸੇ ਸਿਲਸਿਲੇ ਵਿਚ ਆਕਲੈਂਡ ਕੌਸਂਲ ਵਲੋਂ ਇੱਕ ਬਿਲੀਅਨ ਦਰੱਖਤ ਲਾਉਣ ਦਾ ਟੀਚਾ ਤਕਰੀਬਨ ਪੂਰਾ ਕਰ ਲਿਆ ਗਿਆ ਹੈ ਤੇ ਹੁਣ ਉਹਨਾਂ ਦਰੱਖਤਾਂ ਦੀ ਸਾਂਭ ਸੰਭਾਲ ਦੇ ਨਾਲ ਨਾਲ ਨਵੀਂ ਪਨੀਰੀ ਤਿਆਰ ਕਰਨ ਦੇ ਪ੍ਰੋਜੈਕਟ ਤੇਜੀ ਨਾਲ ਚੱਲ ਰਹੇ ਹਨ |
ਦੂਸਰੇ ਪਾਸੇ ਸੰਸਾਰ ਭਰ ਵਿਚ ਇਸ ਬਾਬਤ ਕੁਝ ਕਰਨ ਦੀ ਚਾਅ ਓਹਨੀ ਪ੍ਰਬਲ ਰੂਪ ਵਿਚ ਨਹੀਂ ਹੈ | 1995 ਵਿਚ ਪਹਿਲੀ ਬਾਰ ਸੰਯੁਕਤ ਰਾਸ਼ਟਰ ਵਲੋਂ ਸੰਸਾਰ ਜਲਵਾਯੂ ਤਬਦੀਲੀ ਕਾਨਫ਼ਰੰਸ ਜਰਮਨ ਦੇ ਸ਼ਹਿਰ ਬਰਲਿਨ ਤੋਂ ਸ਼ੁਰੂ ਕੀਤੀ ਸੀ | ਪਰ ਅਜੇ ਤੱਕ ਪਿਛਲੀਆਂ ਚੌਵੀ ਕਾਨਫਰੰਸਾਂ ਵਿਚ ਪਰਚਿਆਂ ਦੇ ਪੜੇ ਜਾਣ ਤੋਂ ਇਲਾਵਾ ਕੁਝ ਵੀ ਨਹੀਂ ਹੋਇਆ | ਇਹਨਾਂ ਕਾਨਫਰੰਸਾਂ ਵਿਚ ਵੱਡੇ ਮੁਲਕ ਜਿਵੇਂ ਅਮਰੀਕਾ ,ਚੀਨ ਆਦਿ ਆਪਣੀਆਂ ਕਾਰਬਨ ਡਾਈਆਕਸਾਈਡ ਤੇ ਹੋਰ ਗ੍ਰੀਨ ਗੈਸਾਂ ਨੂੰ ਘਟਾਉਣ ਦੀ ਜਿੰਮੇਵਾਰੀ ਤੀਸਰੀ ਦੁਨੀਆਂ ਦੇ ਮੁਲਕਾਂ ਸਿਰ ਪਾ ਦਿੰਦੇ ਹਨ | ਕਿਓਂਕਿ ਕੌਮਾਂਤਰੀ ਮੱਦਾਂ ਨੂੰ ਪੂਰਾ ਕਰਨ ਲਈ ਇਹਨਾਂ ਮੁਲਕਾਂ ਨੂੰ ਅਰਬਾਂ ਡਾਲਰ ਦੀ ਮਸ਼ਨੀਰੀ ਦੇ ਨਾਲ ਨਾਲ ਕਾਰੋਬਾਰਾਂ ਦੀ ਦਿਸ਼ਾਂ ਵੀ ਤਬਦੀਲ ਕਰਨੀ ਪਵੇਗੀ | ਜਿਸ ਲਈ ਉਹ ਤਿਆਰ ਨਹੀਂ ਹਨ | ਕਿਓਂਕਿ ਇਹ ਦੋਵੇਂ ਮੁਲਕ ਸਮੁਚੇ ਸੰਸਾਰ ਦੀਆਂ 43 ਫ਼ੀਸਦ ਗ੍ਰੀਨ ਗੈਸਾਂ ਰਲੀਜ਼ ਕਰਦੇ ਹਨ | ਜੋ ਕਾਰਬਨ ਡਾਈਆਕਸਾਈਡ ਦੇ ਪੱਧਰ ਵਧਣ ਦਾ ਸਭ ਤੋਂ ਵੱਡਾ ਕਾਰਨ ਹੈ | ਇਹਨਾਂ ਦੋਵਾਂ ਮੁਲਕਾਂ ਤੋਂ ਬਾਅਦ ਸਾਡੇ ਆਪਣੇ ਮੁਲਕ ਭਾਰਤ ਦਾ ਤੀਸਰਾ ਸਥਾਨ ਹੈ ਜੋ ਕਿ ਕੁੱਲ ਰਲੀਜ਼ ਗ੍ਰੀਨ ਗੈਸਾਂ ਦਾ 6 ਫ਼ੀਸਦ ਬਣਦਾ ਹੈ |
 ਜੋ ਇਸ ਸਮੇਂ ਸਮੁਚੇ ਸੰਸਾਰਵਿੱਚ ਵਾਪਰ ਰਿਹਾ ਹੈ | ਇਸ ਬਾਬਤ ਸਿਰ ਜੋੜਕੇ ਵਿਚਾਰ ਕਰਨ ਤੋਂ ਇਲਾਵਾ ਮੋਢੇ ਨਾਲ ਮੋਢਾ ਜੋੜਕੇ ਕੰਮ ਕਰਨ ਦੀ ਵੀ ਜਰੂਰਤ ਹੈ | ਇਸ ਸਮੇਂ ਜੋ ਹਲਾਤ ਨੇ ਸਾਡੇ ਕੌਮਾਂਤਰੀ ਸਿਆਸਤਦਾਨ ਕਲਾਈਮੇਟ ਗਰਲ ਦੇ ਨਾਮ ਨਾਲ ਮਸ਼ਹੂਰ ਹੋਈ ਗਰੇਟਾ ਥੁਨਬਰਗ ਦੇ ਸਵਾਲਾਂ ਦੇ ਜੁਆਬਦੇਹ ਹੀ ਨਹੀਂ ਸਗੋਂ ਉਸਦੀ ਸਮੁੱਚੀ ਪੀੜੀ ਇਹਨਾਂ ਸਿਆਸਤਦਾਨਾਂ ਸਮੇਤ ਸਾਥੋਂ ਵੀ ਜੁਆਬ ਮੰਗੇਗੀ | ਸੋ ਇਸ ਲਈ ਸਮਾਂ ਰਹਿੰਦਿਆਂ ਕੰਮ ਕਰਨ ਦੀ ਜਰੂਰਤ ਹੈ |ਮੌਸਮ ਮਾਹਰਾਂ ਅਨੁਸਾਰ ਮਨੁੱਖ ਦੀ ਲਾਲਸਾ  ਲਗਾਤਾਰ ਫੌਰੀ ਤੌਰ ਤੇ ਕੀਤੇ ਜਾਣ ਵਾਲੇ ਸੁਧਾਰਾਂ ਪ੍ਰਤੀ ਅਵੇਸਲੀ ਹੈ | ਜੋ ਆਉਣ ਵਾਲੇ ਇੱਕ ਦਹਾਕੇ ਵਿਚ ਅਤਿ ਖਤਰਨਾਕ ਮੋੜ ਵੱਲ ਵੱਧ ਜਾਵੇਗੀ | ਜਿਥੋਂ ਨਾ ਚਾਹੁੰਦਿਆਂ ਵੀ ਮੁੜਨਾ ਅਸੰਭਵ ਹੋਵੇਗਾ |  

ਤਰਨਦੀਪ ਬਿਲਾਸਪੁਰ (ਆਕਲੈਂਡ )
   0064220491964

Install Punjabi Akhbar App

Install
×