ਗਲੋਬਲ ਇੰਡੀਅਨਜ਼ ਲੋਅਰ ਨਾਰਥ ਆਈਲੈਂਡ ਚੈਪਟਰ ਦੀ ਸ਼ੁਰੂਆਤ- ਸ. ਕੰਵਲਜੀਤ ਸਿੰਘ ਬਖਸ਼ੀ

NZ PIC 25 June-1

‘ਦਾ ਗਲੋਬਲ ਇੰਡੀਅਨਜ਼’ ਸੰਸਥਾ ਜੋ ਕਿ ਨੈਸ਼ਨਲ ਪਾਰਟੀ ਦੇ ਭਾਰਤੀ ਕਮਿਊਨਿਟੀ ਦੇ ਅੰਗ ਵਜੋਂ ਕੰਮ ਕਰਦੀ ਹੈ ਨੇ ਆਪਣਾ ਵਿਸਥਾਰ ਕਰਦਿਆਂ ਹੁਣ ‘ਦਾ ਲੋਅਰ ਨਾਰਥ ਆਈਲੈਂਡ ਗਲੋਬਲ ਇੰਡੀਅਨਜ਼’ ਚੈਪਟਰ ਦੀ ਸ਼ੁਰੂਆਤ ਕੀਤੀ ਹੈ। ਇਸ ਸਮਾਗਮ ਦੇ ਵਿਚ ਵੱਡੀ ਗਿਣਤੀ ਦੇ ਵਿਚ ਭਾਰਤੀ ਲੋਕ ਸ਼ਾਮਿਲ ਹੋਏ ਤੇ ਆਪਣੀ ਦਿਲਚਸਪੀ ਵਿਖਾਈ।  ‘ਗਲੋਬਲ ਇੰਡੀਅਨਜ਼’ ਭਾਰਤੀਆਂ ਦੀ ਆਵਾਜ਼ ਅਤੇ ਰਾਜਨੀਤਕ ਮਾਮਲਿਆਂ ਨੂੰ ਨੈਸ਼ਨਲ ਪਾਰਟੀ ਦੇ ਆਗੂਆਂ ਰਾਹੀਂ ਸਰਕਾਰ ਤੱਕ ਪਹੁੰਚਾਉਂਦੀ ਹੈ। ਇਸ ਵੇਲੇ ਇਸ ਸੰਸਥਾ ਵਿਚ ਰਾਸ਼ਟਰ ਵਿਆਪੀ ਹਜ਼ਾਰ ਤੋਂ ਵੱਧ ਮੈਂਬਰ ਸਰਗਰਮ ਭੂਮਿਕਾ ਨਿਭਾਅ ਰਹੇ ਹਨ ਅਤੇ ਹੋਰ ਵਿਸਥਾਰ ਹੋ ਰਿਹਾ ਹੈ।
ਹਾਲ ਹੀ ਵਿਚ ਇਸਦਾ ਨਵਾਂ ਚੈਪਟਰ ‘ਦਾ ਲੋਅਰ ਨਾਰਥ ਆਈਲੈਂਡ ਗਲੋਬਲ ਇੰਡੀਅਨਜ਼’ ਵਲਿੰਗਟਨ ਵਿਖੇ ਨੈਸ਼ਨਲ ਪਾਰਟੀ ਦੇ ਪ੍ਰਧਾਨ ਸ੍ਰੀ ਪੀਟਰ ਗੁੱਡਫੈਲੋ, ਲਿਸਟ ਐਮ. ਪੀ. ਸ. ਕੰਵਲਜੀਤ ਸਿੰਘ ਬਖਸ਼ੀ ਅਤੇ ਸਾਂਸਦ ਡਾ. ਪਰਮਜੀਤ ਕੌਰ ਪਰਮਾਰ ਵੱਲੋਂ ਸ਼ੁਰੂ ਕੀਤਾ ਗਿਆ। ਇਸ ਸਮਾਗਮ ਦੇ ਵਿਚ ਹਾਊਸ ਸਪੀਕਰ ਮਾਣਯੋਗ ਸ੍ਰੀ ਡੇਵਿਡ ਕਾਰਟਰ, ਸ੍ਰੀ ਨਾਥਨ ਗਾਏ,  ਪ੍ਰਾਇਮਰੀ ਇੰਡਸਟ੍ਰੀਜ਼ ਮੰਤਰੀ ਸ੍ਰੀ ਕ੍ਰੇਗ ਫੌਸ, ਸ੍ਰੀ ਟਿੱਮ ਮੈਨਿਕਡੋਇ, ਸ੍ਰੀ ਇਆਨ ਮੈਕਕੈਲਵੀ, ਸ੍ਰੀ ਬ੍ਰੈਟ ਹੱਡਸਨ, ਸ੍ਰੀ ਕ੍ਰਿਸਟੋਫਰ ਬਿਸ਼ਪ, ਸ੍ਰੀ ਪਾਲ ਫੋਸਟਰ ਬੈਲ, ਸ੍ਰੀ ਅਲਾਸਟੇਰ ਸਕੌਟ, ਜੋਨੋ ਨਾਇਲੋਰ ਅਤੇ ਸ੍ਰੀ ਜਾਓਨੀ ਹੇਇਸ ਆਦਿ ਸ਼ਾਮਿਲ ਹੋਏ। ਇਹ ਸਮਾਗਮ ਸ੍ਰੀ ਆਸ਼ੀਸ਼ ਸੂਰੀ ਵੱਲੋਂ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਦੇ ਸਹਿਯੋਗ ਸਦਕਾ ਉਲੀਕਿਆ ਗਿਆ ਸੀ।
‘ਗਲੋਬਲ ਇੰਡੀਅਨਜ਼’ ਦਾ ਸੰਕਲਪ ਸ. ਕੰਵਲਜੀਤ ਸਿੰਘ ਬਖਸ਼ੀ ਨੇ ਸੰਨ 2008 ਦੇ ਵਿਚ ਲਿਆ ਸੀ ਅਤੇ ਪਹਿਲਾ ਚੈਪਟਰ ਆਕਲੈਂਡ ਦੇ ਵਿਚ ਸ਼ੁਰੂ ਕੀਤਾ ਗਿਆ ਸੀ। ਇਸ ਵੇਲੇ ਇਹ ਚੈਪਟਰ ਹਮਿਲਟਨ, ਟੌਰੰਗਾ, ਰੋਟੋਰੂਆ ਅਤੇ ਕ੍ਰਾਈਸਟਰਚ ਵਿਖੇ ਸਥਾਪਿਤ ਹੈ। ਸ. ਕੰਵਲਜੀਤ ਸਿੰਘ ਬਖਸ਼ੀ ਹੋਰਾਂ ਹਾਲ ਹੀ ਵਿਚ ‘ਗਲੋਬਲ ਇੰਡੀਅਨਜ਼’ ਦੇ ਇਸ ਵਿਸਥਾਰ ਲਈ ਪਾਲਮਰਸਟਨ ਨਾਰਥ ਵਿਖੇ ਭਾਰਤੀ ਕਮਿਊਨਿਟੀ ਦੇ ਨਾਲ ਮਿਲਣੀਆਂ ਵੀ ਕੀਤੀਆਂ ਤਾਂ ਕਿ ਲੋਅਰ ਨਾਰਥ ਆਈਲੈਂਡ ਚੈਪਟਰ ਦੇ ਵਿਚ ਜਿਆਦਾ ਤੋਂ ਜਿਆਦਾ ਭਾਰਤੀ ਕਮਿਊਨਿਟੀ ਦੇ ਲੋਕ ਸ਼ਾਮਿਲ ਹੋਣ।

Install Punjabi Akhbar App

Install
×