ਨਿਊ ਸਾਊਥ ਵੇਲਜ਼ ਵਿੱਚ ਵਿਦਿਆਰਥੀਆਂ ਦੀ ਮਦਦ ਲਈ ਮੁਫਤ ਪੜ੍ਹਾਈ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ 2020-2021 ਦੇ ਬਜਟ ਵਿੱਚ 337 ਮਿਲੀਅਨ ਡਾਲਰਾਂ ਦਾ ਇੱਕ ਅਜਿਹਾ ਬਜਟ ਵੀ ਸ਼ਾਮਿਲ ਕੀਤਾ ਗਿਆ ਹੈ ਜਿਸ ਰਾਹੀਂ ਕਿ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ ਕਰਨ ਦੀ ਸਹੂਲਤ ਪ੍ਰਾਪਤ ਹੋਵੇਗੀ ਅਤੇ ਮੌਜੂਦਾ ਪੂਰਾ ਸਾਲ ਕਿਉਂਕਿ ਬਹੁਤ ਜ਼ਿਆਦਾ ਅਣਸੁਖਾਵਾਂ ਰਿਹਾ ਅਤੇ ਸਿੱਖਿਆ ਦੇ ਖੇਤਰ ਵਿੱਚ ਵੀ ਬੱਚਿਆਂ ਦੀ ਪੜ੍ਹਾਈ ਦਾ ਕਾਫੀ ਨੁਕਸਾਨ ਵੀ ਹੋਇਆ ਹੈ ਤਾਂ ਅਗਲੇ ਸਾਲ ਦੀ ਮੁਫਤ ਪੜ੍ਹਾਈ ਦਾ ਇੰਤਜ਼ਾਮ ਰਾਜ ਸਰਕਾਰ ਨੇ ਆਪਣੇ ਜ਼ਿੰਮੇ ਲੈ ਲਿਆ ਹੈ। ਇਸ ਵਾਸਤੇ ਸਰਕਾਰ ਨੇ 5,500 ਹੋਰ ਸਟਾਫ ਨੂੰ ਭਰਤੀ ਕਰਨ ਦਾ ਫੈਸਲਾ ਵੀ ਲਿਆ ਹੈ ਜੋ ਕਿ ਛੋਟੇ ਛੋਟੇ ਗਰੁੱਪਾਂ ਵਿੱਚ ਅਲੱਗ ਅਲੱਗ ਸਕੂਲਾਂ ਵਿੱਚ ਜਾ ਕੇ ਨਾ ਸਿਰਫ ਰਾਜ ਦੇ ਸਰਕਾਰ ਸਕੂਲਾਂ ਵਿੱਚ, ਸਗੋਂ ਗੈਰ-ਸਰਕਾਰੀ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਂਚ ਹਰ ਕੋਈ ਆਪਣੇ ਉਪਰ ਪਏ ਆਰਥਿਕ ਸੰਕਟ ਨੂੰ ਦੂਰ ਕਰਨ ਲਈ ਹੱਥ-ਪੱਲਾ ਮਾਰ ਰਿਹਾ ਹੈ ਤਾਂ ਸਰਕਾਰ ਨੇ ਵੀ ਅਜਿਹੀ ਸਥਿਤੀ ਵਿੱਚ ਜਨਤਕ ਤੌਰ ਤੇ ਹੋਰ ਮਦਦ ਦੇ ਨਾਲ ਨਾਲ ਇਸ ਮਦਦ ਨੂੰ ਵੀ ਪ੍ਰਵਾਨਗੀ ਦਿੱਤੀ ਹੈ।
ਸਿੱਖਿਆ ਮੰਤਰੀ ਸਾਰਾ ਮਿਸ਼ੈਨ ਨੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਕਤ ਪ੍ਰਾਜੈਕਟ ਦੇ ਤਹਿਤ 306 ਮਿਲੀਅਨ ਦਾ ਫੰਡ -ਪ੍ਰਾਇਮਰੀ, ਸੈਕੰਡਰੀ ਅਤੇ ਐਸ.ਐਸ.ਪੀ. ਸਕੂਲਾਂ (Schools for Specific Purposes) ਵਿਚਲੇ ਯੋਗ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਰੱਖਿਆ ਗਿਆ ਹੈ। 31 ਮਿਲੀਅਨ ਡਾਲਰਾਂ ਦਾ ਫੰਡ ਗੈਰ-ਸਰਕਾਰੀ ਸਕੂਲਾਂ ਅੰਦਰ ਛੋਟੇ ਛੋਟੇ ਗਰੁੱਪਾਂ ਵਿੱਚ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਰੱਖਿਆ ਗਿਆ ਹੈ। ਉਕਤ ਪ੍ਰੋਗਰਾਮ 2021 ਦੀ ਪਹਿਲੀ ਟਰਮ ਤੋਂ ਹੀ ਸ਼ੁਰੂ ਹੋ ਜਾਵੇਗਾ ਅਤੇ ਸਾਰਾ ਸਾਲ ਹੀ ਚੱਲੇਗਾ। ઠਖ਼ਜ਼ਾਨਾ ਮੰਤਰੀ ਡੋਮਿਨਿਕ ਪੈਰੋਟੈਟ ਅਨੁਸਾਰ ਇਹ ਪ੍ਰੋਗਰਾਮ ਸਰਕਾਰ ਦਾ ਬਹੁਤ ਹੀ ਵਧੀਆ ਉਦਮ ਹੈ ਅਤੇ ਰੌਜ਼ਗਾਰ ਦੇ ਸਾਧਨ ਵਧਾਉਣ ਦੇ ਨਾਲ ਨਾਲ ਬੱਚਿਆਂ ਲਈ ਬਹੁਤ ਜ਼ਿਆਦਾ ਲਾਹੇਵੰਦ ਵੀ ਹੋਵੇਗਾ।

Install Punjabi Akhbar App

Install
×