ਅਕਾਲ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨਾਲ ਸਰੀਰਕ ਸ਼ੋਸ਼ਣ ਦਾ ਮਾਮਲਾ 

  • ਮੈਨੇਜਮੈਂਟ ਮਾਮਲਾ ਦਬਾਉਣ ਲਈ ਯਤਨਸ਼ੀਲ-ਸਰਕਾਰ ਪ੍ਰਸ਼ਾਸਨ ਵੱਲੋਂ ਅਣਦੇਖੀ

IMG-20190429-WA0118

ਬਠਿੰਡਾ — ਪ੍ਰਾਈਵੇਟ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਵਿਚ ਵਿਦਿਆਰਥੀਆਂ ਦਾ ਸ਼ੋਸ਼ਣ ਹੋਣ ਦੀਆਂ ਘਟਨਾਵਾਂ ਅੱਜ ਆਮ ਗੱਲ ਬਣ ਚੁੱਕੀਆਂ ਹਨ ਜੋ ਚਿੰਤਾਜਨਕ ਹੈ, ਪਰ ਜੇਕਰ ਧਾਰਮਿਕ ਸੰਸਥਾ ਅਧੀਨ ਚੱਲ ਰਹੀ ਕਿਸੇ ਯੂਨੀਵਰਸਿਟੀ ਵਿਚ ਵਿਦਿਆਰਥਣਾਂ ਨਾਲ ਸਰੀਰਕ ਸ਼ੋਸ਼ਣ ਕਰਨ ਦੀ ਘਟਨਾ ਵਾਪਰ ਜਾਵੇ ਤਾਂ ਅਤਿ ਦੁਖਦਾਈ ਹੀ ਨਹੀਂ, ਬਲਕਿ ਗੁਰੂ ਪੀਰਾਂ ਦੀ ਇਸ ਧਰਤੀ ਦੇ ਮੱਥੇ ਨੂੰ ਕਲੰਕਿਤ ਕਰਨ ਵਾਲੀ ਮੰਨੀ ਜਾ ਸਕਦੀ ਹੈ। ਬੀਤੇ ਦਿਨ ਅਜਿਹੀ ਅਤਿ ਘਿਣਾਉਣੀ ਘਟਨਾ ਅਕਾਲ ਯੂਨੀਵਰਸਿਟੀ ਦਮਦਮਾ ਸਾਹਿਬ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਵਿਖੇ ਵਾਪਰੀ, ਜਿਸਨੇ ਉਸ ਯੂਨੀਵਰਸਿਟੀ ‘ਚ ਵਿੱਦਿਆ ਸਿੱਖਿਆ ਹਾਸਲ ਕਰਨ ਵਾਲੀਆਂ ਧੀਆਂ ਦੇ ਮਨਾਂ ਨੂੰ ਹੀ ਭਾਰੀ ਠੇਸ ਨਹੀਂ ਪਹੁੰਚਾਈ ਸਗੋਂ ਉਨ੍ਹਾਂ ਦੇ ਮਾਪਿਆਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ। ਦੂਜੇ ਪਾਸੇ ਯੂਨੀਵਰਸਿਟੀ ਅਧਿਕਾਰੀ ਛੋਟੇ ਮੁਲਾਜ਼ਮਾਂ ਨੂੰ ਮੁਅੱਤਲ ਕਰ ਕੇ ਮਾਮਲੇ ਨੂੰ ਦਬਾਉਣ ਲਈ ਯਤਨਸ਼ੀਲ ਹੈ, ਜਦ ਕਿ ਰਾਜ ਸਰਕਾਰ ਤੇ ਪ੍ਰਸ਼ਾਸਨ ਬੱਚੀਆਂ ‘ਚ ਅਸੁਰੱਖਿਅਤ ਦੀ ਭਾਵਨਾ ਪੈਦਾ ਕਰਨ ਵਾਲੀ ਇਸ ਹਿਰਦੇਵੇਧਕ ਘਟਨਾ ਨੂੰ ਅਣਦੇਖੀ ਕਰ ਕੇ ਸਮਾਂ ਲੰਘਾ ਰਿਹਾ ਹੈ।

ਮਾਮਲਾ ਇਸ ਤਰ੍ਹਾਂ ਹੈ ਕਿ ਦੋ ਕੁ ਦਿਨ ਪਹਿਲਾਂ ਅਕਾਲ ਯੂਨੀਵਰਸਿਟੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਹੋਸਟਲ ਦੇ ਬਾਥਰੂਮ ਵਿਚੋਂ ਇੱਕ ਵਰਤਿਆ ਹੋਇਆ ਸੈਨੇਟਰੀ ਪੈਡ ਮਿਲਿਆ। ਇਸ ਨੂੰ ਦੇਖਦਿਆਂ ਯੂਨੀਵਰਸਿਟੀ ਤੇ ਹੋਸਟਲ ਦੇ ਕਰਮਚਾਰੀ ਖ਼ਫ਼ਾ ਹੋ ਗਏ ਅਤੇ ਉਨ੍ਹਾਂ ਇਹ ਪਤਾ ਕਰਨ ਲਈ ਕਿ ਇਹ ਪੈਡ ਕਿਸ ਵਿਦਿਆਰਥਣ ਨੇ ਸੁੱਟਿਆ ਹੈ, ਜਾਂਚ ਸ਼ੁਰੂ ਕਰ ਦਿੱਤੀ। ਇਹ ਜਾਂਚ ਕਰਨ ਲਈ ਉਨ੍ਹਾਂ ਵੱਲੋਂ ਵਿਦਿਆਰਥਣਾਂ ਨੂੰ ਸਾਰੇ ਕੱਪੜੇ ਉਤਾਰ ਕੇ ਤਲਾਸ਼ੀ ਦੇਣ ਲਈ ਮਜਬੂਰ ਕੀਤਾ ਗਿਆ। ਇਸ ਧੱਕੇਸ਼ਾਹੀ ਦਾ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੂੰ ਪਤਾ ਲੱਗਾ ਤਾਂ ਉਹ ਕਲਾਸ ਰੂਮਾਂ ਤੋਂ ਬਾਹਰ ਆ ਗਈਆਂ ਅਤੇ ਵਿਰੋਧ ਸ਼ੁਰੂ ਕਰ ਦਿੱਤਾ। ਜਦ ਅਧਿਕਾਰੀਆਂ ਨੇ ਉਨ੍ਹਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਯੂਨੀਵਰਸਿਟੀ ਦੇ ਗੇਟ ਮੂਹਰੇ ਧਰਨਾ ਲਾਉਣ ਲਈ ਮਜਬੂਰ ਹੋ ਗਈਆਂ। ਵਿਦਿਆਰਥਣਾਂ ਦਾ ਰੋਹ ਦੇਖਦਿਆਂ ਆਖ਼ਰ ਮੈਨੇਜਮੈਂਟ ਵੱਲੋਂ ਝੁਕਦੇ ਹੋਏ ਡੀਨ ਨੇ ਹੋਸਟਲ ਦੀ ਵਾਰਡਨ ਤੇ ਦੂਜੇ ਸਟਾਫ਼ ਮੈਂਬਰਾਂ ਨੂੰ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰੂਆਂ ਦੀ ਚਰਨਛੋਹ ਧਰਤੀ ਤੇ ਸਥਿਤ ਇੱਕ ਧਾਰਮਿਕ ਸੰਸਥਾ ਅਧੀਨ ਚਲਦੀ ਯੂਨੀਵਰਸਿਟੀ ਵਿਚ ਧੀਆਂ ਦੇ ਹੋਏ ਇਸ ਸਰੀਰਕ ਸ਼ੋਸ਼ਣ ਤੇ ਧੱਕੇਸ਼ਾਹੀ ਵਾਲੀ ਇਸ ਘਿਣਾਉਣੀ ਘਟਨਾ ਲਈ ਛੋਟੇ ਮੁਲਾਜ਼ਮਾਂ ਨੂੰ ਮੁਅੱਤਲ ਕਰਨਾ ਤਸੱਲੀ ਬਖਸ਼ ਸਜਾ ਹੈ। ਪਹਿਲੀ ਗੱਲ ਬਾਲਗ ਅਵਸਥਾ ਵਿਚ ਪਹੁੰਚ ਚੁੱਕੀਆਂ ਲੜਕੀਆਂ ਨੂੰ ਸੈਨੇਟਰੀ ਪੈਡ ਵਰਤਣਾ ਕੁਦਰਤੀ ਵਰਤਾਰਾ ਅਤੇ ਲੋੜ ਹੈ। ਹਾਂ! ਪੈਡ ਨੂੰ ਕਿਸੇ ਸਹੀ ਥਾਂ ਦੀ ਬਜਾਏ ਬਾਥਰੂਮ ਵਿਚ ਸੁੱਟ ਦੇਣਾ ਇੱਕ ਛੋਟੀ ਗ਼ਲਤੀ ਜ਼ਰੂਰ ਹੈ ਜੋ ਇੱਕ ਵਿਦਿਆਰਥਣ ਦੀ ਹੈ, ਪਰ ਹੋਸਟਲ ਵਾਰਡਨ ਵੱਲੋਂ ਇਸ ਗ਼ਲਤੀ ਬਦਲੇ ਕਈ ਲੜਕੀਆਂ ਨੂੰ ਕੱਪੜੇ ਉਤਾਰਨ ਲਈ ਮਜਬੂਰ ਕਰਨਾ ਉਸ ਨਾਲੋਂ ਕਈ ਦਰਜੇ ਵੱਡੀ ਗ਼ਲਤੀ ਹੈ। ਦੂਜੀ ਗੱਲ ਇਸ ਗ਼ਲਤੀ ਸਬੰਧੀ ਹੋਸਟਲ ਵਾਰਡਨ ਜਾਂ ਹੋਰ ਛੋਟੇ ਕਰਮਚਾਰੀਆਂ ਨੂੰ ਮੁਅੱਤਲ ਕਰਨ ਹੀ ਤਸੱਲੀ ਬਖ਼ਸ਼ ਸਜ਼ਾ ਨਹੀਂ, ਇਸ ਸਬੰਧੀ ਸਮੁੱਚੀ ਜ਼ੁੰਮੇਵਾਰੀ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਦੀ ਬਣਦੀ ਹੈ ਜਿਨ੍ਹਾਂ ਤੇ ਵਿਸ਼ਵਾਸ ਕਰਦਿਆਂ ਮਾਪਿਆਂ ਨੇ ਆਪਣੀਆਂ ਜਵਾਨ ਧੀਆਂ ਨੂੰ ਹੋਸਟਲ ਵਿਚ ਛੱਡਿਆ ਹੋਇਆ ਹੈ।

ਇੱਥੇ ਹੀ ਬੱਸ ਨਹੀਂ! ਰਾਜ ਸਰਕਾਰ ਅਤੇ ਪ੍ਰਸ਼ਾਸਨ ਦੀ ਵੀ ਜ਼ੁੰਮੇਵਾਰੀ ਬਣਦੀ ਹੈ ਕਿ ਵਿਦਿਆਰਥਣਾਂ ਵਿਚ ਅਸੁਰੱਖਿਅਤ ਵਾਲੀ ਭਾਵਨਾ ਪੈਦਾ ਕਰਨ ਵਾਲੀ ਇਸ ਘਿਣਾਉਣੀ ਘਟਨਾ ਸਬੰਧੀ ਪੜਤਾਲ ਕਰ ਕੇ ਸਬੰਧਿਤ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਜਿਹੇ ਮਾਮਲਿਆਂ ਵਿਚ ਕਿਸੇ ਸ਼ਿਕਾਇਤ ਨੂੰ ਉਡੀਕਣ ਦੀ ਜ਼ਰੂਰਤ ਨਹੀਂ ਹੁੰਦੀ, ਮੀਡੀਆ ਵਿਚ ਛਪੀਆਂ ਖ਼ਬਰਾਂ ਹੀ ਇਸ ਪ੍ਰਕਿਰਿਆ ਨਹੀਂ ਕਾਫ਼ੀ ਹੁੰਦੀਆਂ ਹਨ। ਪਰ ਦੁੱਖ ਇਸ ਗੱਲ ਦਾ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਇਸ ਘਟਨਾ ਨੂੰ ਅਣਦੇਖੀ ਕੀਤਾ ਜਾ ਰਿਹਾ ਹੈ। ਇਸ ਘਟਨਾ ਨੇ ਯੂਨੀਵਰਸਿਟੀ ਦੇ ਹੋਸਟਲ ਵਿਚ ਰਹਿ ਰਹੀਆਂ ਧੀਆਂ ਦੇ ਮਾਪਿਆਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ, ਉਹ ਸੋਚਣ ਲਈ ਮਜਬੂਰ ਹੋ ਗਏ ਹਨ ਕਿ ਉਨ੍ਹਾਂ ਦੀਆਂ ਧੀਆਂ ਹੋਸਟਲ ਵਿਚ ਕਿੰਨੀਆਂ ਕੁ ਸੁਰੱਖਿਅਤ ਹਨ।

ਵਿਦਿਆਰਥੀਆਂ ਨਾਲ ਧੱਕੇਸ਼ਾਹੀ ਦੀ ਅਕਾਲ ਯੂਨੀਵਰਸਿਟੀ ਦੀ ਇਹ ਪਹਿਲੀ ਘਟਨਾ ਨਹੀਂ, ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਵਿਦਿਆਰਥੀਆਂ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਜਾਣਕਾਰੀ ਦਿੱਤੀ ਸੀ, ਕਿ ਉਨ੍ਹਾਂ ਨੂੰ ਦਾਖ਼ਲੇ ਸਮੇਂ ਦੱਸਿਆ ਗਿਆ ਸੀ, ਪਹਿਲੇ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਦਿੱਤੀ ਜਾਵੇਗੀ ਅਤੇ ਦੂਜੇ ਸਾਲ ਦਸਮ ਗ੍ਰੰਥ ਦੀ ਸੰਥਿਆ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਾਅਦ ਵਿਚ ਦਸਮ ਗ੍ਰੰਥ ਦੀ ਸੰਥਿਆ ਤਾਂ ਕੀ ਦੇਣੀ ਸੀ, ਉਸ ਨੂੰ ਸਿਲੇਬਸ ਵਿਚੋਂ ਹੀ ਕੱਢ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਦ ਉਨ੍ਹਾਂ ਐੱਚ ਓ ਡੀ ਪ੍ਰੋ: ਤਰਸੇਮ ਸਿੰਘ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਤੇ ਕੈਂਪਸ ਅੰਦਰ ਕੁੜੀਆਂ ਨਾਲ ਗੱਲਾਂ ਕਰਨ ਦਾ ਦੋਸ਼ ਲਾਉਂਦਿਆਂ ਹੁਕਮ ਦਿੱਤਾ ਕਿ ਉਹ ਬੱਸ ਦੀ ਬਜਾਏ ਪੈਦਲ ਹੀ ਆਇਆ ਕਰਨ।

ਇਹਨਾਂ ਵਿਦਿਆਰਥੀਆਂ ਨੇ ਦੱਸਿਆ ਕਿ ਜਦ ਗਰਮੀ ਕਾਰਨ ਉਹ ਗ਼ੈਰਹਾਜ਼ਰ ਹੋ ਗਏ ਤਾਂ ਵਾਈਸ ਚਾਂਸਲਰ ਡਾ: ਗੁਰਮੇਲ ਸਿੰਘ ਉਨ੍ਹਾਂ ਦੇ ਹੋਸਟਲ ਵਾਲੇ ਕਮਰੇ ਵਿਚ ਆਏ ਅਤੇ ਆਪਣੀ ਪੱਗ ਉਤਾਰ ਕੇ ਕਹਿਣ ਲੱਗੇ ਕਿ ਉਨ੍ਹਾਂ ਉੱਪਰ ਲਾਏ ਦੋਸ਼ ਰੱਦ ਕਰ ਦਿੱਤੇ ਹਨ ਅਤੇ ਆਪਣੀ ਕਲਾਸ ਵਿਚ ਸਮੇਂ ਸਿਰ ਆਉਣ। ਉਨ੍ਹਾਂ ਦੱਸਿਆ ਕਿ ਜਦ ਉਹ ਅਗਲੇ ਦਿਨ ਕੈਂਪਸ ਵਿਚ ਗਏ ਤਾਂ ਉਨ੍ਹਾਂ ਤੇ ਇਹ ਦੋਸ਼ ਲਾਉਂਦਿਆਂ ਕਿ ਤੁਸੀਂ ਵਾਈਸ ਚਾਂਸਲਰ ਦੀ ਪੱਗ ਉਤਾਰ ਦਿੱਤੀ ਹੈ ਮੁਆਫ਼ੀ ਮੰਗਣ ਲਈ ਦਬਾਅ ਪਾਇਆ। ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਿਰਦੋਸ਼ ਹੋਣ ਦੀਆਂ ਅਪੀਲਾਂ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਯੂਨੀਵਰਸਿਟੀ ਛੱਡਣ ਲਈ ਮਜਬੂਰ ਕਰ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਦਾ ਭਵਿੱਖ ਅੰਧੇਰਾ ਹੋ ਗਿਆ ਹੈ।

ਰਾਜ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਿਆਂ ਦੇਣ ਲਈ ਉਨ੍ਹਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਦੀ ਪੜਤਾਲ ਕਰਵਾ ਕੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਵਿਦਿਆਰਥੀਆਂ ਵਿਚ ਮੁੜ ਵਿਸ਼ਵਾਸ ਪੈਦਾ ਕੀਤਾ ਜਾ ਸਕੇ ਅਤੇ ਵਿਦਿਆਰਥਣਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ।

(ਬਲਵਿੰਦਰ ਸਿੰਘ ਭੁੱਲਰ)

bhullarbti@gmail.com

Install Punjabi Akhbar App

Install
×