ਮੈਲਬੋਰਨ ਦੇ ਇੱਕ ਸ਼ਾਪਿੰਗ ਸੈਂਟਰ ਵਿੱਖੇ ਇੱਕ 11 ਸਾਲਾਂ ਦੀ ਬੱਚੀ ਕੋਲੋਂ ਮੋਬਾਇਲ ਫੋਨ ਅਤੇ ਹੋਰ ਸਾਮਾਨ ਖੋਹਣ ਅਤੇ ਬਾਅਦ ਵਿੱਚ ਉਸਨੂੰ ਤੇਜ਼ਧਾਰ ਹਥਿਆਰ ਨਾਲ ਜ਼ਖ਼ਮੀ ਕਰਨ ਦੇ ਇਲਜ਼ਾਮਾਂ ਤਹਿਤ ਇੱਕ 14 ਸਾਲਾਂ ਦਾ ਲੜਕਾ, 12 ਸਾਲਾਂ ਅਤੇ 11 ਸਾਲਾਂ ਦੀਆਂ ਦੋ ਲੜਕੀਆਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਬੀਤੇ ਦਿਨ, ਵੀਰਵਾਰ ਨੂੰ ਫਰੈਂਕਸਟੋਨ ਦੇ ਇੱਕ ਬਾਜ਼ਾਰ ਵਿੱਚ 11 ਸਾਲਾਂ ਦੀ ਬੱਚੀ ਨੂੰ ਉਪਰੋਕਤ ਤਿੰਨ ਬੱਚਿਆਂ ਦੇ ਗੈਂਗ ਨੇ ਘੇਰ ਲਿਆ ਅਤੇ ਉਸਦਾ ਮੋਬਾਇਲ ਫੋਨ ਅਤੇ ਹੋਰ ਸਾਮਾਨ ਖੋਹ ਕੇ ਉਸ ਉਪਰ ਹਮਲਾ ਕਰਕੇ ਉਸ ਬੱਚੀ ਨੂੰ ਜ਼ਖਮੀ ਕਰ ਦਿੱਤਾ। ਬੱਚੀ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ।
ਪੁਲਿਸ ਅਨੁਸਾਰ 14 ਸਾਲਾਂ ਦੇ ਫਰੈਂਕਸਟੋਨ ਦੇ ਹੀ ਰਹਿਣ ਵਾਲੇ ਲੜਕੇ ਅਤੇ 12 ਸਾਲਾਂ ਦੀ ਹਾਈਏਟ ਵਿਖੇ ਰਹਿਣ ਵਾਲੀ ਲੜਕੀ ਉਪਰ ਖੋਹ ਅਤੇ ਹਥਿਆਰਾਂ ਨਾਲ ਹਮਲੇ ਦੇ ਇਲਜ਼ਾਮਾਂ ਤਹਿਤ ਮੁਕੱਦਮਾ ਦਾਇਰ ਹੋਇਆ ਹੈ ਅਤੇ ਦੋਹਾਂ ਨੂੰ ਅਗਲੀ ਤਾਰੀਖ ਦੇ ਕੇ ਜ਼ਮਾਨਤ ਉਪਰ ਛੱਡ ਦਿੱਤਾ ਗਿਆ ਹੈ।
11 ਸਾਲਾਂ ਦੀ ਇੱਕ ਹੋਰ ਬੱਚੀ ਜੋ ਕਿ ਕੈਰਲਟਨ ਦੀ ਰਹਿਣ ਵਾਲੀ ਹੈ, ਉਪਰ ਕਾਰਵਾਈ ਹਾਲੇ ਹੋਣੀ ਹੈ।