‘ਆਜ਼ਾਦ ਚਿੰਤਨ ਸ਼ਹੀਦ’ ਖਗੋਲ ਵਿਗਿਆਨੀ ਜਿਓਰਦਾਨੋ ਬਰੂਨੋ

(17 ਫਰਵਰੀ – ਬਰਸੀ ਤੇ ਵਿਸ਼ੇਸ਼ )

ਸਦੀਆਂ ਤੋਂ ਸੱਚ ਤੇ ਪਹਿਰਾ ਦੇਣ ਵਾਲੇ ਤੇ ਵਿਗਿਆਨਕ ਸੋਚ ਦੇ ਮਾਲਕ ਮਹਾਨ ਵਿਅਕਤੀਆਂ ਨੂੰ ਤਸ਼ੱਦਦ ਝੱਲਣਾ ਪਿਐ ਤੇ ਲੋਕਾਂ ਨੂੰ ਵਹਿਮਾਂ ਭਰਮਾਂ ‘ਚ ਪਾ ਕੇ ਆਪਣੇ ਮਗਰ ਲਾਉਣ ਵਾਲੇ ਕੂੜ ਦੇ ਪਹਿਰੇਦਾਰਾਂ ਤੇ ਧਰਮਾਂ ਦੇ ਅਖੌਤੀ ਠੇਕੇਦਾਰਾਂ ਨੇ ਉਨ੍ਹਾਂ ਨੂੰ ਜੁਲਮਾਨਾਂ ਮੌਤ ਨਾਲ ਖ਼ਤਮ ਕੀਤਾ ਹੈ, ਸ਼ਾਇਦ ਅਜਿਹੇ ਜਬਰ ਜ਼ੁਲਮ ਦੇਖ ਕੇ ਹੀ ਬਾਬਾ ਨਾਨਕ ਨੇ ਕਿਹਾ ਸੀ, ‘ਕੂੜ ਫਿਰੇ ਪ੍ਰਧਾਨ ਵੇ ਲਾਲੋ’ ਪਰ ਸੱਚ ਖ਼ਤਮ ਨਹੀਂ ਹੋਇਆ ਸਗੋਂ ਵਧਦਾ ਰਿਹੈ। ਅਜਿਹੇ ਜ਼ੁਲਮਾਂ ਦਾ ਸ਼ਿਕਾਰ ਦੁਨੀਆ ਦਾ ਮਹਾਨ ਫ਼ਿਲਾਸਫ਼ਰ ਤੇ ਖਗੋਲ ਵਿਗਿਆਨੀ ਜਿਓਰਦਾਨੋ ਬਰੂਨੋ ਵੀ ਹੋਇਆ ਹੈ, ਜਿਸ ਨੂੰ ਯਥਾਰਥ ਤੋਂ ਪਿੱਛੇ ਹਟਣ ਲਈ ਬਹੁਤ ਧਮਕਾਇਆ ਡਰਾਇਆ ਗਿਆ, ਪਰ ਉਸ ਨੇ ਸੱਚ ਨੂੰ ਨਹੀਂ ਤਿਆਗਿਆ ਤੇ ਜਿਉਂਦਿਆਂ ਸੜ ਕੇ ਮਰਨ ਨੂੰ ਕਬੂਲ ਕੀਤਾ।

1548 ਈਸਵੀ ਵਿਚ ਇਟਲੀ ਦੇ ਸ਼ਹਿਰ ਨੇਲਾ ਵਿਚ ਪਿਤਾ ਸੋਹਵਾਨੀ ਬਰੂਨੋ ਦੇ ਘਰ ਮਾਤਾ ਫਰਾਲੀਸਾ ਸੈਵੋਲੀਨੋ ਦੀ ਕੁੱਖੋਂ ਪੈਦਾ ਹੋਏ ਪੁੱਤਰ ਦਾ ਨਾਂ ਫਿਲਿਪੋ ਬਰੂਨੋ ਰੱਖਿਆ ਗਿਆ ਸੀ। ਬਚਪਨ ਚੋਂ ਨਿਕਲਦਿਆਂ ਉਸ ਨੇ ਨੇਪਲਜ਼ ਦੇ ਸੇਂਟ ਅਗਸਟੀਨ ਮੱਠ ਚੋਂ ਵਿੱਦਿਆ ਹਾਸਲ ਕੀਤੀ। ਅਤੇ ਸਤਾਰਾਂ ਸਾਲਾਂ ਦੀ ਉਮਰ ਵਿਚ ਉਹ ਕੈਥੋਲਿਕ ਸੰਤਾਂ ਦੇ ਡੋਮੀਨੀਕਨ ਫਿਰਕੇ ਵਿਚ ਸ਼ਾਮਲ ਹੋ ਗਿਆ, ਇਸ ਮੌਕੇ ਫਿਰਕੇ ਦੇ ਆਗੂਆਂ ਨੇ ਉਸਦਾ ਨਾਂ ਬਦਲ ਕੇ ਜਿਓਰਦਾਨੋ ਬਰੂਨੋ ਰੱਖ ਦਿੱਤਾ। ਉਸ ਨੇ ਕੈਥੋਲਿਕ ਫ਼ਲਸਫ਼ੇ ਤੇ ਧਰਮ ਦੇ ਖੇਤਰ ਵਿਚ ਕੰਮ ਕੀਤਾ ਤਾਂ ਉਸਦੀ ਵਿਦਵਤਾ ਨੂੰ ਦੇਖਦਿਆਂ ਫਿਰਕੇ ਨੇ 1572 ਵਿਚ ਉਸਨੂੰ ਪਾਦਰੀ ਨਿਯੁਕਤ ਕਰਕੇ ਬਣਦੇ ਕੋਰਸ ਵਿਚ ਦਾਖਲ ਕਰ ਲਿਆ, ਜਿੱਥੇ ਉਸ ਨੇ 1575 ਵਿਚ ਇਹ ਕੋਰਸ ਪੂਰਾ ਕੀਤਾ। ਇਸ ਸਮੇਂ ਦੌਰਾਨ ਉਸਨੂੰ ਧਾਰਮਿਕ ਖੇਤਰ ਵਿਚ ਫੈਲੇ ਅੰਧ ਵਿਸ਼ਵਾਸਾਂ ਤੇ ਗੈਰ ਵਿਗਿਆਨਕ ਧਾਰਨਾਵਾਂ ਬਾਰੇ ਬਹੁਤ ਜਾਣਕਾਰੀ ਮਿਲੀ ਅਤੇ ਉਹ ਲੋਕਾਂ ਨੂੰ ਦਲੀਲਾਂ ਨਾਲ ਅੰਧ ਵਿਸ਼ਵਾਸ ਤਿਆਗ ਕੇ ਧਰਮ ਦੇ ਅਸਲ ਫ਼ਲਸਫ਼ੇ ਨਾਲ ਜੁੜਣ ਦਾ ਪ੍ਰਚਾਰ ਕਰਨ ਲੱਗਾ।

ਬਰੂਨੋ ਹਰ ਗੱਲ ਤੇ ਵਿਚਾਰ ਨੂੰ ਤਰਕ ਤੇ ਵਿਗਿਆਨਕ ਢੰਗ ਨਾਲ ਦੇਖਦਾ। ਵਿਗਿਆਨਕ ਢੰਗ ਨਾਲ ਮਿਹਨਤ ਕਰਦਿਆਂ ਉਹ ਮਹਾਨ ਖਗੋਲ ਵਿਗਿਆਨੀ ਕਾਰਪਨਿਕਸ ਦੇ ਵਿਚਾਰਾਂ ਨਾਲ ਸਹਿਮਤ ਹੋ ਗਿਆ, ਜਿਸਨੇ ਕਿਹਾ ਸੀ ਕਿ ਬ੍ਰਹਿਮੰਡ ਦਾ ਕੇਂਦਰ ਧਰਤੀ ਨਹੀਂ ਬਲਕਿ ਸੂਰਜ ਹੈ। ਇਹ ਉਹ ਸਮਾਂ ਸੀ ਜਦੋਂ ਯੂਰਪ ਦੇ ਲੋਕ ਧਰਮ ਵਿਚ ਅੰਨ੍ਹਾ ਵਿਸ਼ਵਾਸ ਰੱਖਦੇ ਸਨ ਅਤੇ ਧਰਮ ਬ੍ਰਹਿਮੰਡ ਦਾ ਧੁਰਾ ਧਰਤੀ ਨੂੰ ਮੰਨਦਾ ਸੀ। ਬਰੂਨੋ ਦੇ ਕਾਰਪਨਿਕਸ ਦੇ ਵਿਚਾਰਾਂ ਨਾਲ ਸਹਿਮਤ ਹੋਣ ਤੇ ਉਸਦਾ ਵੀ ਵਿਰੋਧ ਸ਼ੁਰੂ ਹੋ ਗਿਆ, ਪਰ ਉਹ ਵਿਰੋਧ ਤੋਂ ਡਰਨ ਦੇ ਉਲਟ ਵਿਗਿਆਨਕ ਖੋਜਾਂ ਦੇ ਰਾਹ ਵਧਦਾ ਗਿਆ। ਉਸ ਨੇ ਕਾਰਪਨਿਕਸ ਤੋਂ ਵੀ ਅੱਗੇ ਵਧ ਕੇ ਕਿਹਾ ਕਿ ਆਕਾਸ਼ ਸਿਰਫ਼ ਓਨਾ ਹੀ ਨਹੀਂ ਜਿਨਾਂ ਸਾਨੂੰ ਦਿਖਾਈ ਦਿੰਦਾ ਹੈ, ਬਲਕਿ ਬਹੁਤ ਆਕਾਸ਼ ਹਨ।

ਸੌਰ ਮੰਡਲ ਬਾਰੇ ਬਰੂਨੋ ਨੇ ਕਿਹਾ ਕਿ ਹਰ ਤਾਰੇ ਦਾ ਆਪਣਾ ਪਰਿਵਾਰ ਹੈ ਜਿਵੇਂ ਧਰਤੀ ਦਾ, ਸੂਰਜ ਦੀ ਤਰ੍ਹਾਂ ਹਰ ਤਾਰਾ ਵੀ ਆਪਣੇ ਆਪਣੇ ਪਰਿਵਾਰ ਦਾ ਕੇਂਦਰ ਹੁੰਦਾ ਹੈ। ਉਸ ਨੇ ਬੜੀ ਦਲੇਰੀ ਨਾਲ ਸਪਸ਼ਟ ਕੀਤਾ ਕਿ ਧਰਤੀ ਹੀ ਨਹੀਂ ਸੂਰਜ ਵੀ ਆਪਣੇ ਧੁਰੇ ਦੁਆਲੇ ਘੁੰਮਦਾ ਹੈ। ਧਰਮ ਬਾਰੇ ਉਸਦਾ ਵਿਚਾਰ ਸੀ ਕਿ ਅਸਲ ਧਰਮ ਉਹ ਹੈ, ਜਿਸ ‘ਚ ਸਾਰੇ ਧਰਮਾਂ ਦੇ ਲੋਕ ਇਕੱਠੇ ਬੈਠ ਕੇ ਧਰਮ ਬਾਰੇ ਖੁੱਲ੍ਹ ਕੇ ਚਰਚਾ ਕਰ ਸਕਣ। ਉਸਦਾ ਕਹਿਣਾ ਸੀ ਕਿ ਬਾਈਬਲ ਗ੍ਰੰਥ ਤੋਂ ਧਰਮ, ਲੋਕ ਭਲਾਈ ਤੇ ਨੈਤਿਕਤਾ ਦੀ ਸਿੱਖਿਆ ਤਾਂ ਲਈ ਜਾਵੇ ਪਰ ਵਿਗਿਆਨ ਨੂੰ ਵਿਗਿਆਨੀਆਂ ਲਈ ਛੱਡ ਦਿੱਤਾ ਜਾਵੇ। ਉਸ ਨੇ ਕਲਪਨਾ ਤੇ ਅਸਲੀਅਤ, ਇਤਿਹਾਸ ਤੇ ਮਿਥਿਹਾਸ, ਸੱਚ ਤੇ ਝੂਠ ਦਾ ਅੰਤਰ ਸਮਝਣ ਦੀ ਲੋੜ ਤੇ ਜ਼ੋਰ ਦਿੱਤਾ। ਉਸ ਨੇ ਬੜੀ ਦਲੇਰੀ ਨਾਲ ਕਿਹਾ ਕਿ ਧਰਮ ਸਿੱਧੇ ਸਾਧੇ ਲੋਕਾਂ ਨੂੰ ਆਪਣੇ ਕਬਜ਼ੇ ਵਿਚ ਰੱਖਣ ਦਾ ਇੱਕ ਸਾਧਨ ਬਣ ਚੁੱਕਾ ਹੈ।

ਬਰੂਨੋ ਦੇ ਇਹ ਵਿਚਾਰ ਧਾਰਮਿਕ ਲੋਕਾਂ ਨੂੰ ਹਜ਼ਮ ਨਹੀਂ ਸਨ ਹੋ ਰਹੇ, ਉਨ੍ਹਾਂ ਬਰੂਨੋ ਵਿਰੁੱਧ ਪ੍ਰਚਾਰ ਕਰਨਾ ਹੋਰ ਤੇਜ਼ ਕਰ ਦਿੱਤਾ। ਧਾਰਮਿਕ ਆਗੂਆਂ ਤੇ ਉਨ੍ਹਾਂ ਦੇ ਸਹਾਰੇ ਸਤ੍ਹਾ ਭੋਗਣ ਵਾਲਿਆਂ ਨੇ ਬਰੂਨੋ ਤੇ ਝੂਠੇ ਮੁਕੱਦਮੇ ਬਣਾਏ ਅਤੇ ਕਰੀਬ ਅੱਠ ਸਾਲ ਉਸਨੂੰ ਜੇਲ੍ਹਾਂ ਵਿਚ ਰਹਿਣਾ ਪਿਆ। ਆਪਣੇ ਬਚਾਅ ਲਈ ਉਹ ਰੋਮ ਚਲਾ ਗਿਆ, ਉੱਥੇ ਵੀ ਉਸ ਤੇ ਦਬਾਅ ਪਾਇਆ ਗਿਆ ਕਿ ਉਹ ਬ੍ਰਹਿਮੰਡ ਤੇ ਧਰਮ ਬਾਰੇ ਆਪਣੇ ਵਿਚਾਰਾਂ ਨੂੰ ਛੱਡ ਦੇਵੇ ਅਤੇ ਧਰਮ ਦਾ ਆਗੂ ਬਣ ਕੇ ਕੰਮ ਕਰੇ, ਪਰ ਬਰੂਨੋ ਨੇ ਸੱਚ ਤੇ ਪਹਿਰਾ ਦੇਣ ਦਾ ਪ੍ਰਣ ਕਰ ਲਿਆ ਸੀ ਅਤੇ ਉਸ ਦੇ ਕ੍ਰਾਂਤੀਕਾਰੀ ਵਿਚਾਰਾਂ ਸਦਕਾ ਕੋਈ ਉਸਨੂੰ ਡੋਲਾਅ ਨਾ ਸਕਿਆ।

ਆਖ਼ਰ ਧਾਰਮਿਕ ਤੇ ਸੱਤਾਧਾਰੀਆਂ ਦੇ ਗੱਠਜੋੜ ਨੇ ਉਸ ਵਿਰੁੱਧ ਅਫ਼ਵਾਹਾਂ ਫੈਲਾਉਣ ਦਾ ਦੋਸ਼ ਲਾ ਕੇ ਮੁਕੱਦਮਾ ਚਲਾਇਆ ਅਤੇ ਇੱਕ ਸਾਜ਼ਿਸ਼ ਤਹਿਤ ਉਸਨੂੰ ਮੌਤ ਦੀ ਸਜ਼ਾ ਦਿੱਤੀ ਗਈ। 17 ਫਰਵਰੀ 1600 ਨੂੰ ਉਸਨੂੰ ਰੋਮ ਦੇ ਕੈਂਪੋ ਡੀ ਫਿਓਰੀ ਚੌਂਕ ਵਿਚ ਲੋਕਾਂ ਦੇ ਸਾਹਮਣੇ ਇੱਕ ਖੰਭੇ ਤੇ ਪੁੱਠਾ ਲਟਕਾਇਆ ਗਿਆ ਅਤੇ ਆਪਣੇ ਵਿਚਾਰ ਵਾਪਸ ਲੈਣ ਲਈ ਆਖ਼ਰੀ ਮੌਕਾ ਦਿੱਤਾ। ਬਹਾਦਰ ਵਿਗਿਆਨੀ ਬਰੂਨੋ ਨੇ ਵਿਚਾਰ ਵਾਪਸ ਲੈਣ ਤੋਂ ਇਨਕਾਰ ਕਰਕੇ ਮੌਤ ਕਬੂਲਦਿਆਂ ਕਿਹਾ ਕਿ ਇੱਕ ਦਿਨ ਆਵੇਗਾ ਜਦ ਦੁਨੀਆ ਉਸਦੀ ਖੋਜ ਨੂੰ ਸੱਚ ਮੰਨੇਗੀ। ਇਸ ਉਪਰੰਤ ਬਰੂਨੋ ਦੇ ਸਰੀਰ ਤੇ ਤੇਲ ਪਾ ਕੇ ਜਿਉਂਦੇ ਨੂੰ ਸਾੜ ਦਿੱਤਾ ਗਿਆ।

ਉਸ ਦੀਆਂ ਲਿਖਤਾਂ ਤੇ ਪਾਬੰਦੀ ਲਾ ਦਿੱਤੀ ਗਈ ਜੋ 1966 ਤੱਕ ਲੱਗੀ ਰਹੀ। ਉਸਦੀ ਮੌਤ ਤੋਂ ਕਈ ਸਦੀਆਂ ਲੰਘਣ ਤੇ ਹੁਣ ਸਮੁੱਚੀ ਦੁਨੀਆ ਉਸਦੀ ਖੋਜ ਨੂੰ ਸਵੀਕਾਰ ਕਰਦੀ ਹੈ, ਉਸਦੇ ਵਿਚਾਰਾਂ ਨਾਲ ਸਹਿਮਤ ਹੋ ਚੁੱਕੀ ਹੈ। ਅੱਜ ਉਸਨੂੰ ਦੁਨੀਆ ਭਰ ਵਿਚ ‘ਆਜ਼ਾਦ ਚਿੰਤਨ ਸ਼ਹੀਦ’ ਤੇ ‘ਆਧੁਨਿਕ ਵਿਗਿਆਨੀ ਵਿਚਾਰਾਂ ਦਾ ਮੋਢੀ ਵਿਅਕਤੀ’ ਮੰਨਿਆਂ ਜਾਂਦਾ ਹੈ। ਬਰੂਨੋ ਦੀ ਸ਼ਹਾਦਤ ਤੋਂ ਕਰੀਬ ਤਿੰਨ ਸਦੀਆਂ ਬਾਅਦ ਉਸ ਚੌਂਕ ਵਿਚ ਉਸ ਖਗੋਲ ਵਿਗਿਆਨੀ ਦਾ ਬੁੱਤ ਲਾਇਆ ਗਿਆ ਸੀ, ਜਿੱਥੇ ਉਸਨੂੰ ਸਾੜ ਕੇ ਸ਼ਹੀਦ ਕੀਤਾ ਸੀ। ਇਹ ਚੌਂਕ ਅੱਜ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

(ਬਲਵਿੰਦਰ ਸਿੰਘ ਭੁੱਲਰ)
+91 098882-75913

Welcome to Punjabi Akhbar

Install Punjabi Akhbar
×
Enable Notifications    OK No thanks