ਆਹ! ਤੁਰ ਗਿਆ ਸਾਫ਼ ਸੁਥਰੇ ਗੀਤਾਂ ਅਤੇ ਮੁਹੱਬਤਾਂ ਦਾ ਵਣਜ਼ਾਰਾ: ਗਿੱਲ ਸੁਰਜੀਤ

ਪੰਜਾਬੀ ਸਭਿਅਚਾਰ ਦੇ ਪਹਿਰੇਦਾਰ ਅਤੇ ਸਾਫ਼ ਸੁਥਰੇ ਪਰਿਵਾਰਿਕ ਗੀਤ ਲਿਖਣ ਵਾਲੇ ਭੰਗੜਾ ਕਲਾਕਾਰ ਗਿਲ ਸੁਰਜੀਤ ਲੰਮੀ ਬਿਮਾਰੀ ਤੋਂ ਬਾਅਦ ਪਟਿਆਲਾ ਵਿਖੇ ਸਵਰਗਵਾਸ ਹੋ ਗਏ ਹਨ। ਉਹ 73 ਸਾਲ ਦੇ ਸਨ। ਉਨ੍ਹਾਂ ਦੇ ਜਾਣ ਨਾਲ ਸਾਫ਼ ਸੁਥਰੇ ਗੀਤ ਲਿਖਣ ਵਾਲੇ ਯੁਗ ਦਾ ਅੰਤ ਹੋ ਗਿਆ ਹੈ। ਗਿੱਲ ਸੁਰਜੀਤ ਪੰਜਾਬੀ ਸਭਿਆਚਾਰ, ਪਰੰਪਰਾਵਾਂ, ਰਵਾਇਤਾਂ ਅਤੇ ਮੁਹੱਬਤਾਂ ਦੇ ਗੀਤ ਲਿਖਣ ਵਾਲਾ ਨਿਵੇਕਲਾ ਗੀਤਕਾਰ ਸੀ। ਉਨ੍ਹਾਂ ਦੀ ਮੁੱਖ ਤੌਰ ਤੇ ਭੰਗੜਾ, ਗੀਤਕਾਰੀ ਅਤੇ ਪੰਜਾਬੀ ਕੋਰੋਗ੍ਰਾਫ਼ੀ ਵਿਚ ਮੁਹਾਰਤ ਸੀ। ਉਹ ਪੰਜਾਬੀ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਵਾਲੇ ਗੀਤ ਲਿਖਦੇ ਸਨ, ਜਿਨ੍ਹਾਂ ਨੂੰ ਪਰਿਵਾਰਾਂ ਵਿਚ ਬੈਠਕੇ ਸੁਣਿਆਂ ਜਾ ਸਕਦਾ ਹੈ। ਭੰਗੜਾ ਉਨ੍ਹਾਂ ਦਾ ਸ਼ੌਕ ਅਤੇ ਜੀਵਨ ਸੀ। ਬਚਪਨ ਵਿਚ ਹੀ ਸਕੂਲ ਦੇ ਸਮੇਂ ਤੋਂ ਹੀ ਉਨ੍ਹਾਂ ਨੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ ਸੀ। ਭੰਗੜਾ ਉਨ੍ਹਾਂ ਦੀ ਰਗ ਰਗ ਵਿਚ ਸਮੋਇਆ ਹੋਇਆ ਸੀ। ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੀਆਂ ਭੰਗੜੇ ਦੀਆਂ ਟੀਮਾਂ ਦਾ ਉਹ ਸ਼ਿੰਗਾਰ ਰਹੇ ਹਨ। 10 ਸਾਲ ਲਗਾਤਾਰ ਉਹ 26 ਜਨਵਰੀ ਦੇ ਸਮਾਗਮਾਂ ਤੇ ਦਿੱਲੀ ਵਿਖੇ ਭੰਗੜਾ ਟੀਮ ਵਿਚ ਸ਼ਾਮਲ ਹੋ ਕੇ ਭੰਗੜਾ ਪਾਉਂਦੇ ਰਹੇ। ਉਨ੍ਹਾਂ ਦੇ ਗੀਤਾਂ ਦੀਆਂ ਪੰਜ ਪੁਸਤਕਾਂ ‘ਮੇਲਾ ਮੁੰਡੇ ਕੁੜੀਆਂ ਦਾ’ 1987, ‘ਵੰਗਾਂ ਦੀ ਛਣਕਾਰ’ 2006, ‘ਝਾਂਜਰ ਦਾ ਛਣਕਾਟਾ’ 2008, ‘ਚੇਤੇ ਕਰ ਬਚਪਨ ਨੂੰ ’2009 ਅਤੇ ‘ਚੀਰੇ ਵਾਲਿਆ ਗੱਭਰੂਆ’ 2014 ਵਿਚ ਪ੍ਰਕਾਸ਼ਤ ਹੋਈਆਂ ਸਨ। ਗਿੱਲ ਸੁਰਜੀਤ ਨੇ ਆਪਣੀਆਂ ਇਨ੍ਹਾਂ ਗੀਤਾਂ ਦੀਆਂ ਪੁਸਤਕਾਂ ਨਾਲ ਗੀਤਕਾਰਾਂ ਵਿਚ ਆਪਣਾ ਵੱਖਰਾ ਹੀ ਸਥਾਨ ਬਣਾ ਲਿਆ ਸੀ ਕਿਉਂਕਿ ਉਹ ਆਪਣੇ ਗੀਤ ਨੈਤਿਕਤਾ ਦੀ ਮਰਿਆਦਾ ਦੇ ਅੰਦਰ ਰਹਿ ਕੇ ਹੀ ਲਿਖਦਾ ਸੀ। ਫ਼ੋਕੀ ਸ਼ੁਹਰਤ ਖੱਟਣ ਲਈ ਉਹ ਹਲਕੇ ਫੁਲਕੇ ਗੀਤ ਨਹੀਂ ਲਿਖਦੇ ਸਨ। ਉਨ੍ਹਾਂ ਦੇ ਗੀਤ ਸਰਲ, ਸੁਰ, ਤਾਲ ਅਤੇ ਲੈ ਵਿਚ ਰੰਗੇ ਹੁੰਦੇ ਸਨ ਅਤੇ ਦਿਲਾਂ ਨੂੰ ਟੁੰਬਕੇ ਮਨੁਖੀ ਮਨਾਂ ਨੂੰ ਹਲੂਣਦੇ ਹਨ। ਅਰਥ ਭਰਪੂਰ ਵੀ ਹੁੰਦੇ ਹਨ।

ਗਿੱਲ ਸੁਰਜੀਤ ਦੀ ਕਲਮ ਦੀ ਇਨਸਾਨੀ ਜ਼ਜਬਿਆਂ ਤੇ ਪੂਰੀ ਪਕੜ ਸੀ। ਉਨ੍ਹਾਂ ਦੇ ਗੀਤ ਦਿਲ ਦੁਖਾਉਂਦੇ ਨਹੀਂ ਸਗੋਂ ਦਿਲ ਨੂੰ ਪਰਚਾਉਂਦੇ ਹਨ। ਉਹ ਮੁਹੱਬਤਾਂ ਦਾ ਵਣਜਾਰਾ ਹੈ। ਉਹ ਆਪਣੇ ਗੀਤਾਂ ਵਿਚ ਪੇਂਡੂ ਸਭਿਅਤਾ ਵਾਲੀ ਸ਼ਬਦਾਵਲੀ ਵਰਤਦਾ ਸੀ, ਜਿਹੜੀ ਦਿਲ ਵਿਚ ਤਰੰਗਾਂ ਪੈਦਾ ਕਰਕੇ ਆਪਣੇ ਰੰਗ ਵਖੇਰਦੀ ਹੈ। ਉਨ੍ਹਾਂ ਦੇ ਗੀਤ ਦਿਲ ਨੂੰ ਸਕੂਨ ਦਿੰਦੇ ਹਨ। ਆਪਣੇ ਆਲੇ ਦੁਆਲੇ ਵਿਚੋਂ ਬਿੰਬ ਲੈ ਕੇ ਗੀਤਾਂ ਨੂੰ ਸ਼ਿੰਗਾਰਦੇ ਸਨ, ਉਨ੍ਹਾਂ ਦੇ ਗੀਤਾਂ ਨੂੰ ਸੁਣਕੇ ਅਜਿਹੀ ਸਰਸਰਾਹਟ ਪੈਦਾ ਹੁੰਦੀ ਸੀ ਕਿ ਗੁੰਗਿਆਂ ਦੇ ਵੀ ਪੈਰ ਥਿਰਕਣ ਲੱਗ ਜਾਂਦੇ ਹਨ। ਗਿੱਲ ਸੁਰਜੀਤ ਦੇ ਗੀਤ ਸੁਣਨ ਵਾਲਿਆਂ ਵਿਚ ਜੋਸ਼ ਪੈਦਾ ਕਰਕੇ ਉਨ੍ਹਾਂ ਨੂੰ ਮਦਹੋਸ਼ ਕਰ ਦਿੰਦੇ ਹਨ ਪ੍ਰੰਤੂ ਫਿਰ ਵੀ ਹੋਸ਼ ਵਿਚ ਰਹਿਣ ਦੀ ਪ੍ਰੇਰਨਾ ਦਿੰਦੇ ਹਨ। ਉਹ ਅਣਖ਼ ਅਤੇ ਗ਼ੈਰਤ ਵਾਲਾ ਗੀਤਕਾਰ ਸੀ, ਜਿਸਦੇ ਬੋਲਾਂ ਵਿਚੋਂ ਪਿਆਰ ਡੁਲ੍ਹ ਡੁਲ੍ਹ ਪੈਂਦਾ ਹੈ। ਉਹ ‘ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ’ ਤੇ ਵਿਸ਼ਵਾਸ਼ ਰੱਖਦਾ ਸੀ। ਗਿੱਲ ਸੁਰਜੀਤ ਉਸਦਾ ਸਾਹਿਤਕ ਨਾਂ ਹੈ। ਸੁਰਜੀਤ ਸਿੰਘ ਗਿੱਲ ਦਾ ਜਨਮ ਪਿਤਾ ਜਗਤ ਸਿੰਘ ਅਤੇ ਮਾਤਾ ਕਰਤਾਰ ਕੌਰ ਦੇ ਘਰ 4 ਅਗਸਤ 1948 ਨੂੰ ਉਨ੍ਹਾਂ ਦੇ ਨਾਨਕੇ ਪਿੰਡ ਲੁਹਾਰਾ ਜਿਲ੍ਹਾ ਮੋਗਾ ਵਿਚ ਹੋਇਆ। ਉਸਦਾ ਆਪਣਾ ਪਿੰਡ ਮੋਗਾ ਨੇੜੇ ਚੜਿਕ ਸੀ।

ਮੁਢਲੀ ਪੜ੍ਹਾਈ ਉਨ੍ਹਾਂ ਨੇ ਆਪਣੇ ਨਾਨਕੇ ਪਿੰਡ ਲੁਹਾਰਾ ਵਿਖੇ ਪ੍ਰਾਪਤ ਕੀਤੀ। ਦਸਵੀਂ ਮਲਟੀਪਰਪਜ਼ ਸਕੂਲ ਪਟਿਆਲਾ ਤੋਂ ਪਾਸ ਕੀਤੀ। ਫਿਰ ਖਾਲਸਾ ਕਾਲਜ ਪਟਿਆਲਾ ਵਿਚ ਦਾਖਲਾ ਲੈ ਲਿਆ। ਬੀ.ਏ.ਮਹਿੰਦਰਾ ਕਾਲਜ ਪਟਿਆਲਾ ਅਤੇ ਐਮ.ਏ.ਪੰਜਾਬੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ। ਉਨ੍ਹਾਂ ਦੀ ਸੁਹਜਾਤਮਿਕ ਰੁਚੀ ਕਰਕੇ ਉਨ੍ਹਾਂ ਨੂੰ ਉਤਰ ਖੇਤਰੀ ਕਲਚਰਲ ਸੈਂਟਰ ਪਟਿਆਲਾ ਵਿਚ ਸੀਨੀਅਰ ਪ੍ਰੋਗਰਾਮ ਅਧਿਕਾਰੀ ਦੇ ਤੌਰ ਤੇ ਨਿਯੁਕਤ ਕਰ ਲਿਆ ਗਿਆ। ਉਨ੍ਹਾਂ ਨੇ ਚਾਰ ਫਿਲਮਾ‘ ਕੌਣ ਦਿਲਾਂ ਦੀਆਂ ਜਾਣੇ’ ‘ਜੋਰ ਜੱਟ ਦਾ’ ‘ਜੱਟ ਪੰਜਾਬ ਦੇ’ ‘ਜੱਟ ਵਲੈਤੀ’ ਦੇ ਗੀਤ ਲਿਖੇ ਅਤੇ ਕੋਰੀਓਗ੍ਰਾਫੀ ਕੀਤੀ। ਇਸ ਤੋਂ ਇਲਾਵਾ ‘ਅਸਾਂ ਨੂੰ ਮਾਣ ਵਤਨਾ ਦਾ’ ‘ਜੀਅ ਆਇਆਂ ਨੂੰ’ ‘ਮਾਹੀਆ ਮੈਂ ਲੌਂਗ ਗਵਾ ਆਈ’ ‘ਦਿਲ ਆਪਣਾ ਪੰਜਾਬੀ’ ਫਿਲਮਾ ਅਤੇ ਜਾਗੋ ਅਤੇ ਬੋਲੀਆਂ ਦੀ ਕੋਰੋਗ੍ਰਾਫੀ ਕੀਤੀ। ਇਸੇ ਤਰ੍ਹਾਂ ਉਨ੍ਹਾਂ ਨੇ ਬਹੁਤ ਸਾਰੇ ਗਿੱਧੇ, ਭੰਗੜੇ, ਬੋਲੀਆਂ, ਗੀਤਾਂ ਅਤੇ ਸੱਗੀ ਦੀ ਕੋਰੋਗ੍ਰਾਫੀ ਵੀ ਕੀਤੀ। ਉਨ੍ਹਾਂ ਦੇ ਲਿਖੇ ਹੋਏ ਬਹੁਤ ਸਾਰੇ ਗੀਤ ਪੰਜਾਬੀਆਂ ਵਿਚ ਹਰਮਨ ਪਿਆਰੇ ਹੋਏ। ਉਨ੍ਹਾਂ ਨੂੰ ਇਸ ਗੱਲ ਦਾ ਮਾਣ ਜਾਂਦਾ ਹੈ ਕਿ ਉਨ੍ਹਾਂ ਦੇ ਗੀਤਾਂ ਨੂੰ ਪੰਜਾਬ ਅਤੇ ਵਿਦੇਸਾਂ ਦੇ ਚੋਟੀ ਦੇ ਲਗਪਗ 50 ਗਾਇਕਾਂ ਨੇ ਆਵਾਜ਼ ਦਿੱਤੀ, ਜਿਨ੍ਹਾਂ ਵਿਚ ਮੁਖ ਤੌਰ ਤੇ ਸੁਰਿੰਦਰ ਕੌਰ, ਗੁਰਮੀਤ ਬਾਵਾ, ਅਮਰ ਨੂਰੀ, ਹਰਦੀਪ, ਹਰਭਜਨ ਮਾਨ, ਗੁਰਸੇਵਕ ਮਾਨ, ਮਲਕੀਤ ਸਿੰਘ ਗੋਲਡਨ ਸਟਾਰ, ਪੰਮੀ ਬਾਈ, ਜਸਪਿੰਦਰ ਨਰੂਲਾ, ਸੁਰਿੰਦਰ ਛਿੰਦਾ, ਸਰਬਜੀਤ ਕੋਕੇ ਵਾਲੀ, ਸਰਬਜੀਤ ਚੀਮਾ, ਮਨਪ੍ਰੀਤ ਅਖ਼ਤਰ, ਡੌਲੀ ਗੁਲੇਰੀਆ, ਚੰਨੀ ਸਿੰਘ ਅਲਾਪ, ਜੀਤ ਜਗਜੀਤ, ਗੁਰਬਖ਼ਸ਼ ਸ਼ੌਂਕੀ ਅਤੇ ਮਹਿੰਦਰ ਕਪੂਰ ਸ਼ਾਮਲ ਹਨ।

ਉਨ੍ਹਾਂ ਨੇ ਵਿਦੇਸਾਂ ਵਿਚ ਸਰਕਾਰੀ ਤੌਰ ਤੇ ਸਭਿਆਚਾਰ ਟਰੁਪਾਂ ਦੀ ਅਗਵਾਈ ਅਤੇ ਉਥੇ ਹੋਣ ਵਾਲੇ ਗਿੱਧੇ, ਭੰਗੜੇ ਅਤੇ ਸਭਿਆਚਾਰਕ ਪ੍ਰੋਗਰਾਮਾਂ ਦੀ ਕੋਰੀਓ ਗ੍ਰਾਫੀ ਕੀਤੀ। ਇਨ੍ਹਾਂ ਟਰੁਪਾਂ ਦੇ ਨਾਲ ਉਨ੍ਹਾਂ ਅਮਰੀਕਾ, ਕੈਨੇਡਾ, ਸਿੰਘਾਪੁਰ, ਦੁਬਈ, ਥਾਈਲੈਂਡ, ਅਲਜੀਰੀਆ, ਟੁਨੇਸ਼ੀਆ, ਸੀਰੀਆ, ਲੈਬਨਾਨ, ਕੁਵੈਤ, ਇਰਾਕ, ਆਸਟਰੇਲੀਆ, ਜੌਰਡਨ, ਇਟਲੀ ਅਤੇ ਇੰਗਲੈਂਡ ਦਾ ਦੌਰਾ ਕੀਤਾ। ਉਨ੍ਹਾਂ ਪੰਜਾਬੀ ਦੇ 400 ਚੋਟੀ ਦੇ ਗਾਇਕਾਂ ਜਿਨ੍ਹਾਂ ਵਿਚ ਗੁਰਦਾਸ ਮਾਨ ਵੀ ਸ਼ਾਮਲ ਹਨ, ਨੂੰ ਭੰਗੜੇ ਦੇ ਗੁਰ ਸਿਖਾਏ ਸਨ। ਬਿਮਾਰੀ ਦੇ ਸਮੇਂ ਵੀ ਉਹ ਭੰਗੜੇ ਦੇ ਉਭਰਦੇ ਕਲਾਕਾਰਾਂ ਨੂੰ ਭੰਗੜੇ ਦੇ ਗੁਰ ਸਿਖਾਉਂਦੇ ਰਹੇ ਹਨ ਅਤੇ ਸਭਿਆਚਾਰਕ ਪ੍ਰੋਗਰਾਮਾਂ ਦੀ ਜੱਜਮੈਂਟ ਕਰਦੇ ਸਨ। ਗਿੱਲ ਸੁਰਜੀਤ ਦਾ ਨਾਂ ਪੰਜਾਬ ਦੇ ਸ਼ਰੀਫ, ਨਰਮ ਦਿਲ , ਸੁਹਿਰਦ ਅਤੇ ਸੁਲਝੇ ਹੋਏ ਇਨਸਾਨ ਦੇ ਤੌਰ ਤੇ ਵੀ ਸਤਿਕਾਰਤ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਉਨ੍ਹਾਂ ਦੇ ਪੰਜਾਬੀ ਸਭਿਆਚਾਰ ਦੀ ਪ੍ਰਫੁਲਤਾ ਲਈ ਪਾਏ ਗਏ ਯੋਗਦਾਨ ਕਰਕੇ ਉਨ੍ਹਾਂ ਨੂੰ ਬਹੁਤ ਸਾਰੇ ਮਾਣ ਸਨਮਾਨ ਮਿਲੇ ਸਨ ਉਨ੍ਹਾਂ ਵਿਚੋਂ ਕੁਝ ਕੁ ਇਸ ਤਰ੍ਹਾਂ ਹਨ-ਕਲਚਰਲ ਅਵਾਰਡ 1971 ਵਿਚ ਉਪ ਰਾਸ਼ਟਰਪਤੀ ਸ਼੍ਰੀ ਜੀ.ਐਸ.ਪਾਠਕ ਵਲੋਂ ਦਿਤਾ ਗਿਆ, ਪੰਜਾਬੀ ਫੋਕ ਮਿਊਜਿਕ ਅਵਾਰਡ 1994 ਵਿਚ ਕੈਨੇਡਾ ਦੇ ਰਿਚਮੰਡ ਵਿਖੇ, ਨੰਦ ਲਾਲ ਨੂਰਪੁਰੀ ਅਵਾਰਡ ਪ੍ਰੋ.ਮੋਹਨ ਸਿੰਘ ਮੈਮੋਰੀਅਲ ਫ਼ਾਊਂਡੇਸ਼ਨ ਲੁਧਿਆਣਾ ਵੱਲੋਂ, ਐਮ.ਐਸ.ਰੰਧਾਵਾ ਯਾਦਗਾਰੀ ਕਲਚਰਲ ਅਵਾਰਡ ਪੰਜਾਬੀ ਕਲਚਰਲ ਸੋਸਾਇਟੀ ਮੋਹਾਲੀ, ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਨੇ ਕਲਚਰਲ ਅਵਾਰਡ ਗੁਰੂ ਤੇਗ ਬਹਾਦੁਰ ਨੈਸ਼ਨਲ ਇਨਟੈਗਰੇਸ਼ਨ ਚੇਅਰ ਵੱਲੋਂ ਦਿੱਤਾ, ਪਟਿਆਲਾ ਰਤਨ ਅਵਾਰਡ ਪੰਜਾਬ ਰਾਈਟਰਜ਼ ਅਤੇ ਕਲਚਰਲ ਸੋਸਾਇਟੀ ਵੱਲੋਂ, ਪਟਿਆਲਾ ਗੌਰਵ ਅਵਾਰਡ ਵਿਰਾਸਤ ਸਭਿਆਚਾਰਕ ਸੱਥ ਅਤੇ ਸੋਭਾ ਸਿੰਘ ਮੈਮੋਰੀਅਲ ਫਾਊਂਡੇਸ਼ਨ ਹਰਿਗੋਬਿੰਦਪੁਰ ਵਲੋਂ ਕਲਚਰਲ ਅਵਾਰਡ ਦਿਤੇ ਗਏ।

ਉਨ੍ਹਾਂ ਦੇ ਸਭ ਤੋਂ ਹਰਮਨ ਪਿਆਰੇ ਗੀਤ ‘ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗਭਰੂ ਨੇ ਸੋਹਣੇੇ’ ‘ਮਾਹੀਆ ਵੇ ਮੈਂ ਲੌਂਗ ਗੁਆ ਆਈਆਂ’ ‘ਚੀਰੇ ਵਾਲਿਆ ਗਭਰੂਆ’ ‘ਚੇਤੇ ਕਰ ਬਚਪਨ’ ‘ਵੰਗਾਂ ਦੀ ਛਣਕਾਰ’ ‘ਸ਼ਾਵਾ ਗੱਡੀ ਆਈ’ ‘ਜੱਟੀ ਮਜਾਜਾਂ ਪੱਟੀ’ ਅਤੇ ‘ਮੈਂ ਆਪਣੇ ਇਸ਼ਕ ਦੀ ਦਾਸਤਾਂ ਸਭ ਨੂੰ ਸੁਣਾਉਣਾ’ ਹਨ, ਜਿਨ੍ਹਾਂ ਨੂੰ ਸੁਣਕੇ ਪੰਜਾਬੀਆਂ ਦੇ ਦਿਲ ਅਤੇ ਪੈਰ ਥਰਕਣ ਲੱਗ ਜਾਂਦੇ ਹਨ। ਉਨ੍ਹਾਂ ਦਾ ਵਿਆਹ ਲੁਧਿਆਣਾ ਜਿਲ੍ਹੇ ਦੇ ਜਰਗ ਪਿੰਡ ਦੇ ਸੰਤੋਖ ਸਿੰਘ ਦੀ ਲੜਕੀ ਸਵਿੰਦਰ ਕੌਰ ਨਾਲ ਹੋਇਆ। ਉਨ੍ਹਾਂ ਦੀ ਪਤਨੀ ਸਵਿੰਦਰ ਕੌਰ ਪੰਜ ਸਾਲ ਪਹਿਲਾਂ ਉਨ੍ਹਾਂ ਦਾ ਸਾਥ ਛੱਡ ਗਏ ਸਲ। ਉਨ੍ਹਾਂ ਦੇ ਇੱਕ ਲੜਕਾ ਗੁਰਲਾਲ ਸਿੰਘ ਗਿੱਲ ਆਸਟਰੇਲੀਆ ਵਿਚ ਸੈਟਲ ਹੈ ਅਤੇ ਇਕ ਲੜਕੀ ਬਲਪ੍ਰੀਤ ਕੌਰ ਹੈ।

ਲਗਪਗ ਪਿਛਲੇ ਦੋ ਸਾਲ ਤੋਂ ਬਿਮਾਰੀ ਕਰਕੇ ਬਹੁਤੇ ਸਰਗਰਮ ਨਹੀਂ ਸਨ। 24 ਅਪ੍ਰੈਲ 2021 ਨੂੰ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।

 (ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ)