ਗਿੱਲ ਨੇ ਸਭਿਆਚਾਰਕ ਗੀਤਾਂ ਨੂੰ ਨਿਵੇਕਲੀ ਪਛਾਣ ਦਿੱਤੀ -ਡਾ. ਦਰਸ਼ਨ ਸਿੰਘ ਆਸ਼ਟ

gill surjit passed away

(ਪਟਿਆਲਾ) ਪੰਜਾਬੀ ਦੇ ਉਘੇ ਗੀਤਕਾਰ ਗਿੱਲ ਸੁਰਜੀਤ ਦਾ ਅੱਜ ਪਟਿਆਲਾ ਵਿਖੇ ਦਿਹਾਂਤ ਹੋ ਗਿਆ। ਉਹ 74 ਦੇ ਸਾਲਾਂ ਦੇ ਸਨ। ਉਹਨਾਂ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਾਹਿਤ ਅਕਾਦਮੀ ਐਵਾਰਡੀ ਅਤੇ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਕਿਹਾ ਕਿ ਗਿੱਲ ਸੁਰਜੀਤ ਬੁਨਿਆਦੀ ਤੌਰ ਤੇ ਅਜਿਹੇ ਗੀਤਕਾਰ ਸਨ ਜਿਨ੍ਹਾਂ ਨੇ ਪੰਜਾਬੀ ਗੀਤਾਂ ਨੂੰ ਨਿਵੇਕਲੀ ਸਭਿਆਚਾਰਕ ਪਛਾਣ ਪ੍ਰਦਾਨ ਕੀਤੀ। ਡਾ. ਆਸ਼ਟ ਨੇ ਗਿੱਲ ਸੁਰਜੀਤ ਨਾਲ ਪੁਰਾਣੀਆਂ ਸਾਂਝਾਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ 4 ਅਗਸਤ,1948 ਨੂੰ ਮੋਗਾ ਜ਼ਿਲ੍ਹਾ ਦੇ ਪਿੰਡ ਲੁਹਾਰਾ ਵਿਖੇ ਪੈਦਾ ਹੋਏ ਇਸ ਹਰਮਨਪਿਆਰੇ ਗੀਤਕਾਰ ਦੇ ਗੀਤ ਸੁਰਿੰਦਰ ਕੌਰ,ਸੁਰਿੰਦਰ ਛਿੰਦਾ,ਜਸਪਿੰਦਰ ਨਰੂਲਾ, ਗੁਰਮੀਤ ਬਾਵਾ,ਅਮਰ ਨੂਰੀ,ਰੰਜਨਾ,ਮਹਿੰਦਰ ਕਪੂਰ,ਸੁਰੇਸ਼ ਵਾਡੇਕਰ,ਅਤੇ ਪੰਮੀ ਬਾਈ ਆਦਿ ਗਾਇਕਾਂ ਨੇ ਗਾਏ।

ਹਰਦੀਪ ਦੀ ਆਵਾਜ਼ ਵਿਚ ਉਸ ਦਾ ਗੀਤ ‘ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ’ ਨੇ ਖ਼ੂਬ ਪ੍ਰਸਿੱਧੀ ਖੱਟੀ ਸੀ।ਮੇਲਾ ਮੁੰਡੇ ਕੁੜੀਆਂ ਦਾ, ਵੰਗਾਂ ਦੀ ਛਣਕਾਰ,ਝਾਂਜਰ ਦਾ ਛਣਕਾਟਾ,ਚੇਤੇ ਕਰ ਬਚਪਨ ਨੂੰ ਉਸ ਦੀਆਂ ਪ੍ਰਸਿੱਧ ਗੀਤ ਪੁਸਤਕਾਂ ਸਨ। ਪਿਛੇ ਜਿਹੇ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਉਹਨਾਂ ਦੀ ਇਕ ਹੋਰ ਨਵੀਂ ਪੁਸਤਕ ‘ਚੀਰੇ ਵਾਲਿਆ ਗੱਭਰੂਆ’ ਦਾ ਵੀ ਲੋਕ ਅਰਪਣ ਕੀਤਾ ਗਿਆ ਸੀ। ਪਟਿਆਲਾ ਦੇ ਸਾਬਕਾ ਡਿਪਟੀ ਕਮਿਸ਼ਨਰ ਸ੍ਰੀ ਜੀ.ਕੇ.ਸਿੰਘ ਆਈ.ਏ.ਐਸ. ਨੇ ਉਹਨਾਂ ਨੂੰ ਘਰ ਜਾ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਸੀ। ਕੁਝ ਸਾਲ ਪਹਿਲਾਂ ਉਹਨਾਂ ਦੀ ਪਤਨੀ ਦਾ ਵੀ ਦਿਹਾਂਤ ਹੋ ਗਿਆ ਸੀ।ਉਹਨਾਂ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਕਲਚਰਲ ਐਵਾਰਡ ਅਤੇ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਲੁਧਿਆਣਾ ਵੱਲੋਂ ਨੰਦ ਲਾਲ ਨੂਰਪੁਰੀ ਐਵਾਰਡ ਸਮੇਤ ਹੋਰ ਕਈ ਮਹੱਤਵਪੂਰਨ ਸਨਮਾਨ ਵੀ ਮਿਲੇ।
ਅੱਜਕੱਲ੍ਹ ਗਿੱਲ ਸੁਰਜੀਤ ਪਟਿਆਲਾ ਦੇ ਘੁੰਮਣ ਨਗਰ ਵਿਖੇ ਰਹਿ ਰਹੇ ਸਨ।

Welcome to Punjabi Akhbar

Install Punjabi Akhbar
×