ਗਿਲ ਰੌਂਤਾ ਨਾਲ ਐਡੀਲੇਡ ਵਿਖੇ ਰੂ-ਬ-ਰੂ

ਪੰਜਾਬੀ ਕਲਚਰਲ ਐਸੋਸਿਏਸ਼ਨ ਆਫ਼ ਸਾਊਥ ਆਸਟ੍ਰੇਲੀਆ ਵੱਲੋਂ ਐਡੀਲੇਡ ਵਿਖੇ ਵੁੱਡ ਵਿਲ ਹਾਕੀ ਹਾਲ ਵਿੱਚ, ਇੱਕ ਪੰਜਾਬੀ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੌਰਾਨ ਉਘੇ ਗਾਇਕ ਕਲਾਕਾਰ ‘ਗਿਲ ਰੌਂਤਾ’ ਦੀ ਦਰਸ਼ਕਾਂ ਨਾਲ ਰੂ-ਬ-ਰੂ ਕਰਵਾਈ ਗਈ।

ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪੰਜਾਬੀ ਅਖ਼ਬਾਰ ਦੇ ਮੁੱਖ ਸੰਪਾਦਕ ਜਾਣੀ ਮਾਣੀ ਸ਼ਖ਼ਸੀਅਤ -ਮਿੰਟੂ ਬਰਾੜ ਨੇ ਉਨ੍ਹਾਂ ਦਾ ਰਸਮੀ ਤੌਰ ਤੇ ਸਵਾਗਤ ਕੀਤਾ ਅਤੇ ਦਰਸ਼ਕਾਂ ਨਾਲ ਮਹਿਮਾਨ ਗਾਇਕ ਕਲਾਕਾਰ ਦੀ ਜਾਣ ਪਹਿਚਾਣ ਕਰਵਾਈ।

ਦੋ ਘੰਟਿਆਂ ਤੋਂ ਵੀ ਵੱਧ ਸਮਾਂ ਚੱਲੇ ਇਸ ਸਮਾਗਮ ਦੌਰਾਨ ਗਾਇਕ ਕਲਾਕਾਰ ਨੇ ਆਪਣੇ ਜੀਵਨ ਦੇ ਸੰਘਰਸ਼ਾਂ ਅਤੇ ਪ੍ਰਾਪਤੀਆਂ ਦਾ ਬਿਰਤਾਂਤ ਦਰਸ਼ਕਾਂ ਦੇ ਸਨਮੁੱਖ ਕੀਤਾ ਅਤੇ ਹਾਲ ਵਿੱਚ ਆਏ ਸ਼ਹਿਰ ਦੇ ਤਕਰੀਬਨ ਸਾਰੇ ਹੀ ਪਤਵੰਤੇ ਸੱਜਣਾਂ ਨੇ ਬੜੀ ਹੀ ਸੁਹਿਰਦਤਾ ਅਤੇ ਸ਼ਾਂਤੀ ਨਾਲ ਉਨ੍ਹਾਂ ਨੂੰ ਸੁਣਿਆ ਅਤੇ ਆਪਣੀ ਜਗਿਆਸਾ ਤਹਿਤ ਕੁੱਝ ਸਵਾਲ ਵੀ ਕੀਤੇ ਜਿਨ੍ਹਾਂ ਦੇ ਕਿ ਗਾਇਕ ਕਲਾਕਾਰ ਨੇ ਬੜੇ ਹੀ ਠਰ੍ਹੰਮੇ ਨਾਲ ਜਵਾਬ ਵੀ ਦਿੱਤੇ।

ਜਿੱਥੇ ਪੂਰਾ ਸਮਾਂ ਹੀ ਗਿਲ ਰੌਂਤਾ ਨੇ ਸਾਮੂਹਿਕ ਤੌਰ ਤੇ ਉਥੇ ਪਹੁੰਚੇ ਹਰ ਇੱਕ ਦਰਸ਼ਕ ਪ੍ਰਸ਼ੰਸਕ ਨਾਲ ਪੂਰੀ ਤਰ੍ਹਾਂ ਸੁਹਿਰਦਤਾ ਦੇ ਨਾਲ ਵਿਚਾਰ ਵਟਾਂਦਰੇ ਕੀਤੇ ਉਥੇ ਹੀ ਮਾਂ ਬੋਲੀ ‘ਪੰਜਾਬੀ’ ਦੇ ਵਿਕਾਸ ਲਈ ਹਰ ਇੱਕ ਨੂੰ ਉਚਿਤ ਅਤੇ ਉਸਾਰੂ ਕੰਮ ਕਰਨ ਦੀ ਅਪੀਲ ਵੀ ਕੀਤੀ।
ਸ਼ਹਿਰ ਦਾ ਸਾਰਾ ਮੀਡੀਆ ਅਤੇ ਪਤਵੰਤੇ ਸੱਜਣ ਇਸ ਸਮਾਗਮ ਵਿੱਚ ਸ਼ਾਮਿਲ ਸਨ। ਇਸ ਸਮਾਗਮ ਦੌਰਾਨ ਹਾਜ਼ਰੀ ਭਰਨ ਵਾਲੇ ਸੱਜਣਾਂ ਨੇ ਜਿੱਥੇ ਉਘੇ ਗਾਇਕ ਮਹਿਮਾਨ ਕਲਾਕਾਰ ਗਿਲ ਰੌਂਤਾ ਦਾ ਭਰਪੂਰ ਸਵਾਗਤ ਕੀਤਾ ਉਥੇ ਹੀ ਚਾਹ-ਪਾਣੀ ਦਾ ਆਨੰਦ ਵੀ ਮਾਣਿਆ।