”ਬਾਬਾ ਨਾਨਕਾ ਰੱਖੀਂ ਸਿਰ ‘ਤੇ ਹੱਥ ਪੰਜਾਬੀਆਂ ਦੇ”: ਨਿਊਜ਼ੀਲੈਂਡ ‘ਚ ਪ੍ਰਸਿੱਧ ਪੰਜਾਬੀ ਗਾਇਕ ਗਿੱਲ ਹਰਦੀਪ ਨੇ ‘ਵਿਸਾਖੀ ਮੇਲੇ’ ਵਿਚ ਲਾਈਆਂ ਰੌਣਕਾਂ

NZ PIC 16 April-1 copyਇਥੇ ‘ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ’ ਵੱਲੋਂ ਆਪਣੇ ਸਾਰੇ ਸਪਾਂਸਰਜ਼ ਦੇ ਸਹਿਯੋਗ ਨਾਲ ਚੌਥਾ ‘ਵਿਸਾਖੀ ਮੇਲਾ-2016’ ਵੋਡਾਫੋਨ ਈਵੈਂਟ ਸੈਂਟਰ ਵਿਖੇ ਬੜੇ ਸੋਹਣੇ ਪ੍ਰਬੰਧਾਂ ਹੇਠ ਕਰਵਾਇਆ ਗਿਆ। ਇਸ ਮੇਲੇ ਦੇ ਵਿਚ ਰੌਣਕਾਂ ਲਾਉਣ ਲਈ ਕੈਨੇਡਾ ਤੋਂ ਵਿਸ਼ੇਸ਼ ਤੌਰ ‘ਤੇ ਪ੍ਰਸਿੱਧ ਪੰਜਾਬੀ ਗਾਇਕ ਗਿੱਲ ਹਰਦੀਪ ਆਪਣੇ ਸਾਜ਼ੀਆਂ ਨਾਲ ਪਹੁੰਚੇ। ਪ੍ਰੋਗਰਾਮ ਸ਼ਾਮ 6.30 ਵਜੇ ਸ਼ੁਰੂ ਹੋਇਆ ਜਿਸ ਦੇ ਵਿਚ ਪਹਿਲਾਂ ਸਥਾਨਕ ਵਿਰਸੇ ਦੀ ਫੁੱਲਵਾੜੀ ਪੈਦਾ ਕਰ ਰਹੀ ਸੰਸਥਾ ‘ਵਿਰਸਾ ਅਕੈਡਮੀ’ ਵੱਲੋਂ ਵੱਖ-ਵੱਖ ਉਮਰ ਦੇ ਛੋਟੇ ਤੋਂ ਵੱਡਿਆਂ ਤੱਕ ਦੀਆਂ ਸੱਤ ਟੀਮਾਂ ਨੇ ਗਿੱਧੇ ਅਤੇ ਭੰਗੜੇ ਦੇ ਨਾਲ ਸਟੇਜ ਹਿਲਣ ਲਾ ਦਿੱਤੀ। ਨਿਊਜ਼ੀਲੈਂਡ ਜਨਮੇ ਇੰਗਲਿਸ਼ ਮੀਡੀਅਮ ਵਾਲੇ ਬੱਚੇ ਪੰਜਾਬੀ ਗੀਤਾਂ ਉਤੇ ਨੱਚਦੇ ਅਤੇ ਠੁਮਕੇ ਲਗਾਉਂਦੇ ਵੱਖਰਾ ਹੀ ਨਜ਼ਾਰ ਪੇਸ਼ ਕਰ ਗਏ। ਵੱਡੇ ਮੁੰਡਿਆਂ ਦਾ ਭੰਗੜਾ ਅਤੇ ਕੁੜੀਆਂ ਦਾ ਗਿੱਧਾ ਵੀ ਵੇਖਣਯੋਗ ਸੀ। ਮਾਉਰੀ ਮੂਲ ਦੀ ਕੁੜੀ ਏਂਜੀ ਨੇ ਪੰਜਾਬੀ ਗੀਤਾਂ ਦੇ ਮੁੱਖੜੇ ਸੁਣਾਏ। ਨਿਊਜ਼ੀਲੈਂਡ ਪੁਲਿਸ ਦੀ ਟੀਮ ਜਿਸ ਦੇ ਵਿਚ ਗੁਰਪ੍ਰੀਤ ਅਰੋੜਾ, ਮੰਦੀਪ ਕੌਰ, ਜਗਮੋਹਨ ਸਿੰਘ ਸਮੇਤ 6 ਅਫਸਰਾਂ ਦੀ ਟੀਮ ਨੇ ਭੰਗੜੇ ਦੇ ਨਾਲ ਸਭਿਆਚਾਰਕ ਸਾਂਝ ਪਾਈ। ਇਸ ਭੰਗੜੇ ਨੂੰ ਵੇਖਣ ਹੋਰ ਪੁਲਿਸ ਅਫਸਰ ਅਤੇ ਸਰਜਾਂਟ ਵੀ ਪਹੁੰਚੇ ਹੋਏ ਸਨ। ਕਲੱਬ ਵੱਲੋਂ ਆਪਣੇ ਸਪਾਂਸਰਜ਼ ਸ. ਜੁਝਾਰ ਸਿੰਘ, ਢੇਲ ਪਰਿਵਾਰ, ਡਾ. ਐਮ. ਪੀ. ਸਿੰਘ, ਦੇਵ ਢੀਂਗਰਾ ਅਤੇ ਤਾਰਾ ਸਿੰਘ ਬੈਂਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਵਰਲਡ ਵਾਈਡ ਇਮੀਗ੍ਰੇਸ਼ਨ ਤੋਂ ਸੰਨੀ ਸਿੰਘ ਜਿਨ੍ਹਾਂ ਨੇ ਸਾਰੇ ਕਲਾਕਾਰਾਂ ਦੇ ਵੀਜ਼ਾ ਪ੍ਰਾਪਤ ਕਰਨ ਵਿਚ ਆਪਣਾ ਰੋਲ ਅਦਾ ਕੀਤਾ, ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਕੱਲਬ ਵੱਲੋਂ ਸ. ਜਗਦੀਪ ਸਿੰਘ ਵੜੈਚ, ਕਮਲਜੀਤ ਰਾਣੇਵਾਲ ਅਤੇ ਅਮਰੀਕ ਸਿੰਘ ਹੋਰਾਂ ਆਏ ਦਰਸ਼ਕਾਂ ਅਤੇ ਕਲਾਕਾਰਾਂ ਨੂੰ ਜੀ ਆਇਆਂ ਆਖਿਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਸਟੇਜ ਉਤੇ ਲੱਕੀ ਸੈਣੀ, ਨਵਤੇਜ ਰੰਧਾਵਾ ਅਤੇ ਹੋਰ ਵੀ ਕਈ ਸਥਾਨਕ ਪੇਸ਼ਕਾਰਾਂ ਨੇ ਹਾਜ਼ਰੀ ਲਗਵਾਈ। ਦੋ ਕੁੜੀਆਂ ਅਤੇ 8 ਮੁੰਡਿਆਂ ਨੇ ਇਕੱਠਿਆਂ ਢੋਲ ਵਜਾ ਕੇ ਪੂਰਾ ਹਾਲ ਗੂੰਜਣ ਲਾ ਦਿੱਤਾ।
ਵਿਸਾਖੀ ਮੇਲੇ ਨੂੰ ਸਿਖਰ ‘ਤੇ ਪਹੁੰਚਾਉਣ ਦੇ ਲਈ ਫਿਰ ਗਿੱਲ ਹਰਦੀਪ ਹੋਰਾਂ ਨੂੰ ਇੰਡੀਆ ਤੋਂ ਆਏ ਸਟੇਜ ਸਕੱਤਰ ਜਗਦੇਵ ਜੋਗਾ ਨੇ ਧਾਰਮਿਕ ਬੋਲਾਂ ਨਾਲ ਹਾਜ਼ਰੀ ਲਗਵਾ ਕੇ ਬਾਖੂਬੀ ਸੰਗੀਤਕ ਸੁਰਾਂ ਵਿਚ ਪੇਸ਼ ਕੀਤਾ। ਗਿੱਲ ਹਰਦੀਪ ਹੋਰਾਂ ਨੇ ਸਾਰਿਆਂ ਦਾ ਰਿਣੀ ਹੁੰਦਿਆਂ ਆਪਣੇ ਗੀਤਾਂ ਦੀ ਲੜੀ ‘ਬਾਬਾ ਨਾਨਕਾ’ ਦੇ ਨਾਲ ਸ਼ੁਰੂ ਕੀਤੀ। ਇਸ ਤੋਂ ਬਾਅਦ ਲਗਾਤਾਰ ‘ਸ਼ਹਿਰ ‘ਚ ਵਸਦੇ ਲੋਕੋ ਵੇ ਮੇਰਾ ਪਿੰਡ ਗੁਆਚ ਗਿਆ’, ‘ਉਹ ਪੰਜਾਬੀ ਨੀ ਹੁੰਦਾ’, ‘ਛੱਲਾ’, ‘ਜੁੱਗ-ਜੁੱਗ ਜੀਵੇ ਮਾਨਾ’, ‘ਕਰੀਂ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ’ ਅਤੇ ‘ਹਾਣੀ’ ਵਰਗੇ ਨਵੇਂ ਪੁਰਾਣੇ ਗੀਤ ਗਾ ਕੇ ਇਕ ਖੁੱਲ੍ਹੇ ਅਖਾੜੇ ਦਾ ਰੂਪ ਦਿੱਤਾ। ਨਿਰੋਲ ਸਭਿਆਚਾਰਕ ਹੋਣ ਕਰਕੇ ਸੁਹਿਰਦ ਸਰੋਤੇ ਪਰਿਵਾਰਾਂ ਸਮੇਤ ਪਹੁੰਚੇ ਹੋਏ ਸਨ, ਪਰ ਹਾਲ ਭਰਤੀ ਵਾਲੇ ਇਸ ਵਿਸਾਖੀ ਮੇਲੇ ਤੋਂ ਦੂਰ ਰਹੇ। ਸੁਰੱਖਿਆ ਦੇ ਇੰਤਜ਼ਾਮ ਠੀਕ ਸਨ, ਕੁਝ ਮੁੰਡਿਆਂ ਨੂੰ ਸੁਰੱਖਿਆ ਕਰਮੀਆਂ ਨੇ ਬਾਹਰ ਦਾ ਰਸਤਾ ਵੀ ਵਿਖਾਇਆ ਸ਼ਾਇਦ ਜਿਹੋ ਜਿਹੀ ਉਹ ਅਜ਼ਾਦੀ ਮੰਗਦੇ ਸੀ, ਨਹੀਂ ਦਿੱਤੀ ਗਈ।  ਕੁੱਲ ਮਿਲਾ ਕੇ ਪੰਜ-ਆਬ ਸਪੋਰਟਸ ਕਲੱਬ ਨੇ ਆਪਣੀ ਮੇਲਿਆਂ ਦੀ ਲੜੀ ਨੂੰ ਬਰਕਰਾਰ ਰੱਖਦਿਆਂ ਇਕ ਵਧੀਆ ਪ੍ਰੋਗਰਾਮ ਦੇਣ ਦਾ ਸਫਲ ਉਪਰਾਲਾ ਕੀਤਾ। ਗੀਤਾਂ ਅਤੇ ਸਾਫ ਸੁਥਰੇ ਗਾਇਕਾਂ ਨੂੰ ਹੱਲਾਸ਼ੇਰੀ ਦੇਣ ਵਾਲੇ ਸਰੋਤੇ ਆਪਣਾ ਫਰਜ਼ ਪੂਰਾ ਕਰਦਿਆਂ ਕੁਰਸੀਆਂ ਉਤੇ ਬੜੇ ਧਿਆਨ ਨਾਲ ਸਾਰੇ ਗੀਤ ਸੁਣਦੇ ਵੇਖੇ ਗਏ। ਪੰਜਾਬੀ ਮੀਡੀਆ ਸਮੇਤ ਸਾਰੇ ਸਪਾਂਸਰਜ਼ ਦਾ ਪ੍ਰਾਜੈਕਟਰ ਉਤੇ ਸਲਾਈਡ ਸ਼ੋਅ ਰਾਹੀਂ ਧੰਨਵਾਦ ਕੀਤਾ ਜਾਂਦਾ ਰਿਹਾ। ਅੰਤ ਇਹ ਸ਼ੋਅ ਹਾਜ਼ਰੀਨ ਸਰੋਤਿਆਂ ਨੂੰ ਵਿਸਾਖੀ ਦੀ ਖੁਸ਼ੀ ਵੰਡ ਹੀ ਗਿਆ।

Install Punjabi Akhbar App

Install
×