ਬੋਲੀਆਂ ‘ਚ ਚਮਕੇ ਫੁੱਫੜ ਦੇ ਪਕੌੜੇ-ਮਾਮੀ ਦੀਆਂ ਡੰਡੀਆਂ

  • ਔਕਲੈਂਡ ਇੰਟਰਨੈਸ਼ਨਲ ਕਲਚਰਲ ਫੈਸਟੀਵਲ
  • ਰੇਡੀਓ ਸਪਾਈਸ ਪਿੰਡ ਵਾਲੀ ਰੌਣਕ ਟੀਮ ਨੇ ਗਿੱਧੇ ਵਿਚ ਮਚਾਈ ਧੂਮ-ਰੰਗ-ਬਿੰਰਗੇ ਪਹਿਰਾਵੇ ਨੇ ਖਿੱਚੇ ਦਰਸ਼ਕ
(ਗਿੱਧੇ ਦੀ ਟੀਮ ਸ਼ਿੰਗਾਰੇ ਹੋਏ ਪੁਰਾਤਨ ਸਮਾਨ ਦੇ ਨਾਲ)
(ਗਿੱਧੇ ਦੀ ਟੀਮ ਸ਼ਿੰਗਾਰੇ ਹੋਏ ਪੁਰਾਤਨ ਸਮਾਨ ਦੇ ਨਾਲ)

ਔਕਲੈਂਡ 7 ਅਪ੍ਰੈਲ-ਮਾਊਂਟ ਰੌਸਕਿਲ ਵਾਰ ਮੈਮੋਰੀਅਲ ਵਿਖੇ ਅੱਜ ’20ਵਾਂ ਔਕਲੈਂਡ ਇੰਟਰਨੈਸ਼ਨਲ ਕਲਚਰਲ ਫੈਸਟੀਵਲ’ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 5 ਵਜੇ ਤੱਕ ਲਗਪਗ 50 ਮੁਲਕਾਂ ਦੇ ਵੱਖ-ਵੱਖ ਸਭਿਆਚਾਰਕ ਰੰਗ ਬਿਖੇਰਦਾ ਹੋਇਆ ਖਤਮ ਹੋਇਆ। ਇਸ ਫੈਸਟੀਵਲ ਦਾ ਉਦਘਾਟਨ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਅਰਡਨ ਨੇ ਕੀਤਾ। ਭਾਰਤੀਆਂ ਲਈ ਇਸ ਫੈਸਟੀਵਲ ਦੀ ਖਾਸ ਮਹੱਤਤਾ ਰਹੀ ਜਿਸ ਦੇ ਵਿਚ ਵੱਖ-ਵੱਖ ਪ੍ਰਾਂਤਾ ਦੀਆਂ ਸਭਿਆਚਾਰਕ ਵੰਨਗੀਆਂ ਵੇਖਣ ਨੂੰ ਮਿਲੀਆਂ। ਜਦੋਂ ਵਾਰੀ ਪੰਜਾਬਣਾਂ ਦੇ ਗਿੱਧੇ ਦੀ ਆਈ ਤਾਂ ਸੰਗੀਤਕ ਧੂਮ ਮੱਚ ਗਈ। ਇਹ ਗਿੱਧਾ ਟੀਮ ‘ਰੇਡੀਓ ਸਪਾਈਸ ਪਿੰਡ ਵਾਲੀ ਰੌਣਕ’ ਦੇ ਨਾਂਅ ਹੇਠ ਰੁਪਿੰਦਰ ਕੌਰ ਦੀ ਅਗਵਾਈ ਵਿਚ ਸ਼ਾਮਿਲ ਹੋਈ। ਇਨ੍ਹਾਂ ਪੰਜਾਬਣਾਂ ਨੇ ਜਿੱਥੇ ਰੰਗ-ਬਿੰਰਗੇ ਸੂਟ ਪਹਿਨੇ ਸਨ ਉਥੇ ਫੁੱਲਕਾਰੀ, ਘੱਗਰੇ, ਤਵੀਤ, ਟਿੱਕੇ, ਕੈਂਠੇ, ਛੱਜ, ਪੱਖੀਆਂ, ਬਾਲਟੀਆਂ, ਸ਼ਗਨਾਂ ਦਾ ਥਾਲਾ, ਘੜੇ, ਜਾਗੋ, ਅਸਲੀ ਗੰਨੇ, ਪੀੜ੍ਹਾ ਅਤੇ ਹੋਰ ਪੁਰਾਤਨ ਸਾਮਾਨ ਵੀ ਗੀਤਾਂ ਦੇ ਬੋਲਾਂ ਨਾਲ ਪ੍ਰਦਰਸ਼ਿਤ ਕੀਤਾ ਗਿਆ, ਜਿਸ ਵੱਲ ਲੋਕਾਂ ਦੀਆਂ ਨਜ਼ਰਾਂ ਖੂਬ ਟਿਕੀਆਂ। ਪੰਜਾਬਣਾਂ ਦਾ ਅੱਜ ਦਾ ਗਿੱਧਾ ਨਵੀਂ ਵਿਆਹੀ ਬਹੂ ਦੇ ਲਈ ਘਰ ਦੇ ਵਿਚ ਕੀਤਾ ਜਾਣ ਵਾਲਾ ਸਵਾਗਤ ਸੀ। ਇਸ ਦੇ ਨਾਲ ਹੀ ਖੁਸ਼ੀ ਭਰੀਆਂ ਬੋਲੀਆਂ ਜਿਨ੍ਹਾਂ ਵਿਚ ਫੁੱਫੜ, ਮਾਮੀ ਅਤੇ ਹੋਰ ਰਿਸ਼ਤਿਆਂ ਨੂੰ ਹਾਸੇ-ਠੱਠੇ ਤਰੀਕੇ ਨਾਲ ਸਾਂਝਾ ਕੀਤਾ ਗਿਆ। ਜਦੋਂ ਇਕ ਬੋਲੀ ਫੁੱਫੜ ਦੇ ਪਕੌੜਿਆਂ ਉਤੇ ਪਾਈ ਗਈ ਤਾਂ ਸਾਰੇ ਪਾਸੇ ਹਾਸਾ ਮਚ ਗਿਆ ਅਤੋ ਲੋਕਾਂ ਨੇ ਖੂਬ ਤਾੜੀਆਂ ਮਾਰੀਆਂ। ਇਨ੍ਹਾਂ ਪੰਜਾਬਣਾਂ ਦੀਆਂ ਗਿੱਧੇ ਵਾਲੀਆਂ ਵਰਦੀਆਂ ਬਾਰੇ ਖਾਸ ਤੌਰ ‘ਤੇ ਪ੍ਰਬੰਧਕਾਂ ਨੇ ਜਾਣਕਾਰੀ ਹਾਸਿਲ ਕੀਤੀ। ਬਹੁਤ ਸਾਰੇ ਪ੍ਰਵਾਸੀ ਲੋਕਾਂ ਨੇ ਇਕ ਦੂਜੇ ਨਾਲ ਸੈਲਫੀਆਂ ਵੀ ਖਿੱਚੀਆਂ। ਇਸ ਸਾਂਝੇ ਸਮਾਰੋਹ ਦੇ ਵਿਚ ਭਾਰਤ ਤੋਂ ਇਲਾਵਾ, ਚੀਨ, ਫਿਲਪੀਨਜ਼, ਅਫਗਾਨਿਸਤਾਨ, ਟੌਂਗਾਂ ਸਮੇਤ ਹੋਰ ਬਹੁਤ ਸਾਰੇ ਮੁਲਕ ਸ਼ਾਮਿਲ ਸਨ। ਕੁਝ ਲੋਕਾਂ ਨੇ ਸਟੇਜ ਉਤੇ ਵੰਨਗੀਆਂ ਵਿਖਾਈਆਂ ਕੁਝ ਮੁਲਕਾਂ ਨੇ ਵੱਖ-ਵੱਖ ਫੂਡ ਸਟਾਲ ਲਗਾਏ ਗਏ ਸਨ। ਕ੍ਰਾਈਸਟਚਰਚ ਦੇ ਮ੍ਰਿਤਕਾਂ ਦੇ ਲਈ ਸੰਦੇਸ਼ ਛੱਡਣ ਦੇ ਲਈ ਵਧੀਆ ਪ੍ਰਬੰਧ ਕੀਤਾ ਗਿਆ ਸੀ, ਅੰਤ ਇਹ ਫੈਸਟੀਵਲ ਯਾਦਗਾਰੀ ਪਲ ਛੱਡਦਾ ਹੋਇਆ ਅਗਲੇ ਸਾਲ ਦੀ ਉਡੀਕ ਵੱਲ ਇਛਾਰਾ ਕਰ ਗਿਆ।

Install Punjabi Akhbar App

Install
×