ਗਿਆਨੀ ਸੋਹਣ ਸਿੰਘ ਸੀਤਲ ਨੂੰ ਯਾਦ ਕਰਦਿਆਂ!

giani sohan singh sheetalਸਮਸ਼ੇਰ ਸਿੰਘ ਸੰਧੂ (ਸੀਤਲ ਜੀ ਦੇ ਦਾਮਾਦ) ਵੱਲੋਂ ਸੀਤਲ ਹੁਰਾਂ ਨੂੰ ਯਾਦ ਕਰਨ/ਕਰਵਾਉਣ ਦਾ ਬਹੁਤ ਧੰਨਵਾਦ! ਕਦੀ ਸੀਤਲ ਜੀ ਨੂੰ ਸੁਣਨ ਲਈ ਲੋਕਾਂ ਦੀਆਂ ਭੀੜਾਂ ਵੀਹ-ਵੀਹ ਕੋਹ ਤੋਂ ਚੱਲ ਕੇ ਉਮਡੀਆਂ ਆਉਂਦੀਆਂ ਸਨ ਤੇ ਸਰਸ਼ਾਰ ਹੋ ਕੇ ਵਾਪਸ ਮੁੜਦੀਆਂ ਕਈ ਕਈ ਦਿਨ ਉਹਨਾ ਦੇ ਕਥਨ ਸਾਂਝੇ ਕਰਦੀਆਂ/ਦੁਹਰਾਉਂਦੀਆਂ ਸਨ। ਆਪਣੀ ਗੱਲ ਵਿਚ ਵਜ਼ਨ ਪਾਉਣ ਲਈ ਆ ਧਾ `ਤੇ ਗੱਲ ਮੁਕਾਉਣ ਲਈ ਵੀ ਅਗਲਾ ਕਹਿੰਦਾ ਸੀ, “ਜਿਵੇਂ ਸੀਤਲ ਨੇ ਆਖਿਆ ਸੀ।” ਵੈਸੇ ਤਾ ਸਾਰੇ ਪੰਜਾਬ ਵਿਚ ਪਰ ਵਿਸ਼ੇਸ਼ ਤੌਰ `ਤੇ ਮਾਝੇ ਦੇ ਇਲਾਕੇ ਵਿਚ ਤਾਂ ਸੀਤਲ ਹੁਰੀ ਲੋਕ-ਸਿਆਣਪ ਦੇ ਚਿੰਨ੍ ਬਣ ਚੁੱਕੇ ਸਨ।ਕਈ ਤਾਂ ”ਸੀਤਲ ਸੀਤਲ’ ਕਰਦੇ ਖ਼ੁਦ ‘ਸੀਤਲ’ ਹੋ ਗਏ। ਮੇਰੇ ਪਿੰਡ ਵਿਚ ਸਾਧਾ ਸਿੰਘ ਨੂੰ ਏਸੇ ਕਰ ਕੇ ‘ਸੀਤਲ’ ਦਾ ਉਪਨਾਮ ਮਿਲਿਆ ਹੋਇਆ ਸੀ ਕਿਉਂਕਿ ਉਹ ਆਪਣੀ ਗੱਲ ਵਿਚ ਵਾਰ ਵਾਰ ਸੀਤਲ ਹੁਰਾਂ ਦਾ ਨਾਂ ਲੈਂਦਾ ਸੀ। ਮੇਰੀ ਕਹਾਣੀ ‘ਮੈਂ ਹੁਣ ਠੀਕ ਠਾਕ ਹਾਂ’ ਵਿਚ ਸੀਤਲ ਹੁਰਾਂ ਦਾ ਤੇ ਸਾਧੇ ਸੀਤਲ ਦਾ ਜ਼ਿਕਰ ਬੜੇ ਅਦਬ ਨਾਲ ਕੀਤਾ ਮਿਲਦਾ ਹੈ। ਮੈਂ ਉਹਨਾਂ ਨੂੰ ਪੜਦਿਆਂ -ਸੁਣਦਿਆਂ ਜਵਾਨ ਵੀ ਹੋਇਆ ਤੇ ਉਮਰ ਢਾਲੇ ਵੀ ਪੈ ਗਈ। ਪਰ ਸੀਤਲ ਹੁਰਾਂ ਦਾ ਜਲੌਅ ਸਦਾ ਮੇਰੇ ਅੰਗ-ਸੰਗ ਰਿਹਾ। ਜੀ ਕਰਦਾ ਉਹਨਾਂ ਬਾਰੇ ਲਿਖੀ ਜਾਵਾਂ। ਪਰ ਫੇਸ-ਬੁੱਕੀ ਪੀੜ੍ਹੀ ਨੂੰ ਕੀ ਪਤਾ ਕਿ ਜਦੋਂ ਸੀਤਲ ਹੁਰੀਂ ਸਿੱਖ ਰਾਜ ਕਿਵੇਂ ਗਿਆ ਦਾ ਬਿਰਤਾਂਤ ਸੁਣਾਇਆ ਕਰਦੇ ਸਨ ਤਾਂ ਹਜ਼ਾਰਾਂ ਅੱਖਾਂ ਵਿਚੋਂ ਹੰਝੂਆਂ ਦੀ ਝੜੀ ਲੱਗ ਜਾਂਦੀ ਸੀ। ਮੈਂ ਉਹਨਾਂ ਨੂੰ ਹਰ ਸਾਲ ਦੀਵਾਲੀ-ਵਿਸਾਖੀ ਦੇ ਦੀਵਾਨਾਂ `ਤੇ ਅੰਬਰਸਰ ਮੰਜੀ ਸਾਹਿਬ ਦੇ ਦੀਵਾਨਾਂ ਵਿਚ ਤੇ ਬੀੜ ਬਾਬਾ ਬੁੱਢਾ ਸਾਹਿਬ ਦੇ ਮੇਲੇ `ਤੇ ਹਰ ਸਾਲ ਸੁਣਨ ਜਾਂਦਾ ਸਾਂ। ਲੋਕ-ਮਾਨਸ ਤੱਕ ਪੰਜਾਬ ਦਾ ਇਤਿਹਾਸ ਸੀਤਲ ਹੁਰਾਂ ਦੀਆਂ ਢਾਡੀ-ਵਾਰਾਂ ਰਾਹੀਂ ਪੰਜਾਬ ਦੇ ਬੱਚੇ ਬੱਚੇ ਤੱਕ ਪੁੱਜਾ। ਉਹਨਾਂ ਦੀ ਦੇਣ ਲਾਸਾਨੀ ਹੈ। ਪਿੱਛੋਂ ਆ ਕੇ ਮੇਰਾ ਉਹਨਾਂ ਨਾਲ ਨਿੱਜੀ-ਮੇਲ ਮਿਲਾਪ ਵੀ ਹੋ ਗਿਆ। ਉਹ ਮੈਨੂੰ ਬੜਾ ਪਿਆਰ ਦੇਂਦੇ। ਪੀਐਚ ਡੀ ਲਈ ਵੀ ਮੈਂ ਉਹਨਾਂ ਦੇ ਨਾਵਲਾ `ਤੇ ਕੰਮ ਕੀਤਾ। ਸੁਧਾਰਵਾਦੀ ਨਾਵਲ ਤੋਂ ਪਿੱਛੋਂ ਆਲੋਚਕ ਅਕਸਰ ਗੁਰਦਿਆਲ ਸਿੰਘ ਦੇ ਨਾਵਲ ‘ਮੜ੍ਹੀ ਦਾ ਦੀੂਵਾ ‘ ਨੂੰ ਯਥਾਰਥਵਾਦੀ ਨਾਵਲ ਦਾ ਅਗਵਾਨੂੰ ਮੰਨਦੇ ਨੇ। ਪਰ ਮੈਂ ਸਮਝਦਾਂ ਕਿ ਸੀਤਲ ਹੁਰਾਂ ਨੇ ਉਸਤੋਂ ਕਈ ਸਾਲ ਪਹਿਲਾਂ ‘ਜੰਗ ਜਾਂ ਅਮਨ’ ਵਰਗਾ ਸ਼ਾਹਕਾਰ ਤੇ ਕਮਾਲ ਦਾ ਨਾਵਲ ਲਿਖ ਕੇ ਇਹ ਪਹਿਲ ਕਰ ਦਿੱਤੀ ਸੀ।’ਤੂਤਾਂ ਵਾਲਾ ਖੂਹ ਤੇ ‘ਜੁਗ ਬਦਲ ਗਿਆ’ ਪੰਜਾਬੀ ਨਾਵਲ ਵਿਚ ਮੀਲ-ਪੱਥਰ ਹਨ। ਇਹ ਵੱਖਰੀ ਗੱਲ ਹੈ ਕਿ ਆਲੋਚਕਾਂ ਨੇ ਕਈ ਚਿਰ ਉਹਨਾਂ ਦਾ ਨੋਟਸ ਹੀ ਨਾ ਲਿਆ। ਹੈਰਾਨੀ ਤੇ ਦੁੱਖ ਹੁੰਦਾ ਹੈ ਕਿ ਅਸੀਂ ਕਿਵੇਂ ਆਪਣੇ ਮਹਾਨ ਲੇਖਕਾਂ/ਵਿਦਵਾਨਾਂ ਨੂੰ ਭੁੱਲ ਜਾਂਦੇ ਹਾਂ। ਨਵੀਂ ਪੀੜ੍ਹੀ `ਤੇ ਕਾਹਦਾ ਦੋਸ਼ ! ਇਹਨਾਂ ਨੂੰ ਕੀ ਪਤਾ ‘ਸੀਤਲ’ ਹੋਣ ਦੇ ਕੀ ਅਰਥ ਹੁੰਦੇ ਨੇ। ਮੈਨੂੰ ਪਤੈ ਕਿ ਫੇਸ-ਬੁੱਕ `ਤੇ ‘.ਸੀਤਲ’ ਜੀ ਬਾਰੇ ਕੀਤੀ ਟਿੱਪਣੀ ਦਾ ਕਿਸੇ ਨੋਟਸ ਨਹੀਂ ਲੈਣਾ(ਉਹ ਤਾਂ ਕਿਸੇ ਬੀਬੀ ਦੀ ਫੋਟੋ `ਤੇ ਸੈਂਕਿੜਆਂ ਦੀ ਗਿਣਤੀ ਵਿਚ ਨਿਸ਼ਾਨ ਲਾਉਣਗੇ, ਉਹਨਾਂ ਨੇ ਮੇਰੇ ਬਾਬੇ ਤੋਂ ਕੀ ਲੈਣਾ ਹੈ! ਪਰ ਮੈਂ ਤਾਂ ਆਪਣੇ ਮਨ ਦਾ ਚਾਅ ਤੇ ਸ਼ਰਧਾ ਪ੍ਰਗਟਾਉਣੋ ਨਹੀਂ ਰਹਿ ਸਕਦਾ। ਹਾਂ, ਜੇ ਸਾਡੇ ਵੇਲਿਆਂ ਦਾ ਜਾਂ ਪਿੱਛੋਂ ਦਾ ਕੋਈ ਸੱਜਣ, ਜਿਸਨੇ ਸੀਤਲ ਜੀ ਨੂੰ ਪੜਿਆ-ਸੁਣਿਆਂ ਹੋਵੇ, ਜੇ ਉਹਨਾਂ ਬਾਰੇ ਕੋਈ ਗੱਲ ਕਰੇ ਤਾਂ ਮਨ ਨੂੰ ਠੰਢ ਪਊ। ਇਕ ਵਾਰ ਫੇਰ ਸਮਸ਼ੇਰ ਸੰਧੂ ਹੁਰਾਂ ਦਾ ਧੰਨਵਾਦ ਜੋ ਉਹਨਾਂ ਨੇ ਸੀਤਲ ਜੀ ਦੀ ਯਾਦ ਸਾਂਝੀ ਕਰ ਕੇ ਮੇਰੀਆਂ ਸੁੱਤੀਆਂ ਤਰਬਾਂ ਛੇੜ ਦਿਤੀਆਂ।