ਗਿਆਨੀ ਸੰਤੋਖ ਸਿੰਘ ਜੀ ਦੀ ਕੈਨਬਰਾ ਫੇਰੀ

giaani santokh singhਪੰਥਕ ਵਿਦਵਾਨ ਅਤੇ ਪੰਜਾਬੀ ਲੇਖਕ, ਗਿਆਨੀ ਸੰਤੋਖ ਸਿੰਘ ਜੀ ਉਚੇਚੇ ਤੌਰ ਤੇ ਸਿਡਨੀ ਤੋਂ ਕੈਨਬਰੇ ਪਹੁੰਚੇ। ਉਹਨਾਂ ਨੇ ਦੇਸ ਦੀ ਰਾਜਧਾਨੀ ਵਿਚ ਸਿੱਖ ਸੰਗਤਾਂ ਵੱਲੋਂ ਸਾਜੇ ਗਏ ਖ਼ੂਬਸੂਰਤ ਗੁਰਦੁਆਰਾ ਸਾਹਿਬ ਵਿਖੇ ਸਜੇ ਐਤਵਾਰੀ ਦੀਵਾਨ ਵਿਚ ਹਾਜਰੀ ਭਰੀ। ਗਿਆਨੀ ਜੀ ਨੇ ਦਸਮ ਪਾਤਿਸ਼ਾਹ ਜੀ ਦੀਆਂ ਸਿਫ਼ਤਾਂ ਬਾਰੇ ਭਾਈ ਨੰਦ ਲਾਲ ਜੀ ਦੀ ਕਵਿਤਾ ਵਿਚੋਂ ਟੂਕਾਂ ਸੁਣਾ ਕੇ ਸੰਗਤਾਂ ਨਾਲ਼ ਸਾਂਝ ਪਾਈ। ਗਿਆਨੀ ਜੀ ਨੇ ਪਰਮਾਤਮਾ ਦੀ ਸਾਜੀ ਹੋਈ ਖ਼ੂਬਸੂਰਤ ਧਰਤੀ, “ਦੁਨੀ ਸੁਹਾਵਾ ਬਾਗ॥” ਵਿਚ ਸੁਸ਼ੋਭਤ ਖ਼ੂਬਸੂਰਤ ਦੇਸ ਆਸਟ੍ਰੇਲੀਆ ਦੀ ਸੁੰਦਰ ਰਾਜਧਾਨੀ ਵਿਚ ਰਹਿਣ ਵਾਲੀਆਂ ਸੰਗਤਾਂ ਦੀ ਖ਼ੁਸ਼ਕਿਸਮਤੀ ਦੀ ਗੱਲ ਕਰਦਿਆਂ ਆਖਿਆ ਕਿ ਸਾਨੂੰ ਨਿਰੰਕਾਰ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਸ ਨੇ ਸਾਨੂੰ ਧਰਤੀ ਦੇ ਇਸ ਸੁੰਦਰ ਹਿੱਸੇ ਉੇਪਰ ਰਹਿਣ ਦੀ ਆਗਿਆ ਬਖ਼ਸ਼ੀ ਹੈ।

ਇਸ ਤੋਂ ਇਲਾਵਾ ਗਿਆਨੀ ਜੀ ਨੇ ਯਹੂਦੀ ਮਾਤਾਵਾਂ ਦੀ ਮਿਸਾਲ ਦਿੰਦਿਆ ਆਖਿਆ ਕਿ ਜਿਵੇਂ ਉਹਨਾਂ ਨੇ ਸੰਸਾਰ ਵਿਚ ਢਾਈ ਹਜ਼ਾਰ ਸਾਲਾਂ ਤੱਕ ਪਨਾਹਗੀਰ ਵਜੋਂ ਵਿਚਰਦਿਆਂ ਵੀ ਆਪਣੇ ਬੱਚਿਆਂ ਨੂੰ ਤਿੰਨ ਗੱਲਾਂ ਨਹੀਂ ਭੁੱਲਣ ਦਿਤੀਆਂ ਕਿ ਉਹਨਾਂ ਦਾ ਧਰਮ ਯਹੂਦੀ, ਬੋਲੀ ਹਿਬਰਿਊ ਤੇ ਦੇਸ ਇਜ਼ਰਾਈਲ ਹੈ; ਏਸੇ ਤਰ੍ਹਾਂ ਸਿੱਖ ਮਾਤਾਵਾਂ ਨੂੰ ਵੀ ਆਪਣੇ ਬੱਚਿਆਂ ਨੂੰ ਤਿੰਨ ਗੱਲਾਂ ਨਹੀ ਭੁੱਲਣ ਦੇਣੀਆਂ ਚਾਹੀਦੀਆਂ ਕਿ ਉਹ ਸਿੱਖ ਹਨ, ਉਹਨਾਂ ਦੀ ਬੋਲੀ ਪੰਜਾਬੀ ਅਤੇ ਪੁਰਖਿਆਂ ਦੀ ਧਰਤੀ ਪੰਜਾਬ ਹੈ। ਕਰਮ ਭੂੰਮੀ ਭਾਵੇਂ ਕਿਸੇ ਵੀ ਸਥਾਨ ਤੇ ਹੋਵੇ ਪਰ ਜਨਮ ਭੂਮੀ ਪੰਜਾਬ ਹੈ। ਉਹਨਾਂ ਨੇ ਘਰਾਂ ਵਿਚ ਪੰਜਾਬੀ ਬੋਲਣ ਵਾਸਤੇ ਵੀ ਪ੍ਰੇਰਨਾ ਕੀਤੀ।

ਗਿਆਨੀ ਜੀ ਨੇ ਸਿੱਖੀ ਅਤੇ ਗੁਰਬਾਣੀ ਨਾਲ਼ ਜੁੜੇ ਰਹਿਣ ਵਾਸਤੇ ਗੁਰਮੁਖੀ ਅੱਖਰਾਂ ਦੇ ਗਿਆਨ ਅਤੇ ਪੰਜਾਬੀ ਬੋਲੀ ਦੀ ਜਾਣਕਾਰੀ ਨੂੰ ਅਤਿ ਜ਼ਰੂਰੀ ਦੱਸਿਆ। ਰਹਿਤਨਾਮੇ ਵਿਚ ਅੰਕਤ ਸਿਖਿਆ, “ਗੁਰਮੁਖੀ ਅੱਖਰ ਜੋ ਹੈਂ ਭਾਈ॥ ਸਿੰਘ ਸਿੰਘ ਤੇ ਸੀਖੇ ਜਾਈ॥” ਬੋਲ ਕੇ, ਸਿੱਖ ਵਾਸਤੇ ਗੁਰਮੁਖੀ ਅੱਖਰਾਂ ਦੀ ਲੋੜ ਬਾਰੇ ਚਾਨਣਾ ਪਾਇਆ।

ਗੁਰਦੁਆਰਾ ਸਾਹਿਬ ਦੀ ਸੇਵਾਦਾਰ ਕਮੇਟੀ ਦੀ ਇਸ ਗੱਲੋਂ, ਗਿਆਨੀ ਜੀ ਨੇ ਪ੍ਰਸੰਸਾ ਕੀਤੀ ਕਿ ਉਹਨਾਂ ਨੇ ਧਾਰਮਿਕ ਸਮਾਗਮਾਂ ਦੇ ਨਾਲ਼ ਨਾਲ਼ ਗੁਰਮੁਖੀ ਪੜ੍ਹਾਉਣ ਦਾ ਵੀ ਉਚੇਚਾ ਪ੍ਰਬੰਧ ਕੀਤਾ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਸੁਚੱਜੇ ਪ੍ਰਬੰਧ ਅਤੇ ਹਰ ਪੱਖੋਂ ਯੋਗ ਵਿਦਵਾਨ ਅਤੇ ਨਿਰਮਾਣ ਸੇਵਕ, ਭਾਈ ਸਾਹਿਬ ਲਖਵਿੰਦਰ ਸਿੰਘ ਜੀ ਵਰਗੇ ਸੂਝਵਾਨ ਗੁਰਸਿੱਖ ਦੀਆਂ ਸੇਵਾਵਾਂ, ਗ੍ਰੰਥੀ ਸਿੰਘ ਵਜੋਂ ਪ੍ਰਾਪਤ ਕੀਤੀਆਂ ਹੋਈਆਂ ਹਨ ਜੋ ਕਿ ਹਰੇਕ ਸਮੇ ਗੁਰੂ ਘਰ ਦੀ ਹਰ ਪ੍ਰਕਾਰ ਦੀ ਸੇਵਾ ਵਾਸਤੇ ਸਮੇਤ ਪਰਵਾਰ ਤਤਪਰ ਰਹਿੰਦੇ ਹਨ।

ਅੰਤ ਵਿਚ ਸਕੱਤਰ ਸਾਹਿਬ ਭਾਈ ਜਸਬੀਰ ਸਿੰਘ ਜੀ ਨੇ ਕੈਨਬਰੇ ਆਉਣ ਤੇ ਗਿਆਨੀ ਜੀ ਦਾ ਧਨਵਾਦ ਕੀਤਾ।

(ਗੁਰਜੰਟ ਸਿੰਘ) ਕੈਨਬਰਾ

 

Install Punjabi Akhbar App

Install
×