ਗਿਆਨੀ ਸੰਤੋਖ ਸਿੰਘ ਜੀ ਦੀ ਕਿਤਾਬ -‘ਕੁਝ ਏਧਰੋਂ ਕੁਝ ਓਧਰੋਂ’……. ਇਕ ਪਾਠਕ ਦੀ ਨਜ਼ਰ ਵਿੱਚ

ਬੀਤੇ ਦਿਨੀਂ 7 ਮਈ, 2022 ਨੂੰ ਸਿਡਨੀ ਦੇ ਸਥਾਨਕ ਗੁਰਦੁਆਰਾ ਗਲੈਨਵੁੱਡ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸੀਨੀਅਰ ਸਿਟੀਜ਼ਨਾਂ ਲਈ ਗਲੌਸਟਨ ਰੀਕਰੀਏਸ਼ਨ ਰੀਜ਼ਰਵ ਸਿਡਨੀ ਵਿਖੇ, ਇਕ ਪਿਕਨਿਕ ਦਾ ਪ੍ਰਬੰਧ ਕੀਤਾ ਗਿਆ ਸੀ। ਮੈਂ ਇਸ ਨੂੰ ਇੱਕ ਬਹੁਤ ਵੱਡਾ ਸੁਭਾਗ ਸਮਝਦਾ ਹਾਂ ਕਿ ਮੈਨੂੰ ਅਤੇ ਮੇਰੀ ਪਤਨੀ ਪ੍ਰਿੰਸੀਪਲ ਕੁਲਵੰਤ ਕੌਰ ਗਿੱਲ ਨੂੰ, ਸਾਡੇ ਮਿੱਤਰ ਸ. ਸਤਨਾਮ ਸਿੰਘ ਗਿੱਲ ਦੀ ਮਿਹਰਬਾਨੀ ਸਦਕਾ ਇਸ ਪਿਕਨਿਕ ਵਿੱਚ ਸ਼ਾਮਲ ਹੋਣ ਲਈ ਮੌਕਾ ਮਿਲ ਗਿਆ। ਇਸ ਪਿਕਨਿਕ ਦੌਰਾਨ ਹੀ ਮੇਰੀ ਮੁਲਾਕਾਤ ਸਿਡਨੀ ਨਿਵਾਸੀ ਗਿਆਨੀ ਸੰਤੋਖ ਸਿੰਘ ਜੀ ਨਾਲ ਹੋਈ। ਇਸ ਤੋਂ ਪਹਿਲਾਂ ਉਹਨਾਂ ਦਾ ਸਤਿਕਾਰ ਸਹਿਤ ਜ਼ਿਕਰ ਸਿਡਨੀ ਨਿਵਾਸੀ ਅਤੇ ਪ੍ਰਸਿੱਧ ਲੇਖਕ ਸ੍ਰ  ਹਰਮੋਹਨ ਸਿੰਘ ਵਾਲੀਆ ਜੀ ਨੇ, ਵਾਲੀਆ ਜੀ ਦੇ ਆਪਣੇ ਘਰ ਵਿੱਚ ਹੋਈ ਇੱਕ ਮੁਲਾਕਾਤ ਦੌਰਾਨ, ਮੇਰੇ ਨਾਲ ਪਹਿਲਾਂ ਵੀ ਕੀਤਾ ਸੀ। ਇਸ ਪਿਕਨਿਕ ਮੌਕੇ ਸ. ਮੋਹਨ ਸਿੰਘ ਵਿਰਕ ਜੀ ਦੀ ‘ਕ੍ਰਿਸ਼ਮਾ’ ਨਾਮੀ ਕਿਤਾਬ ਗਿਆਨੀ ਸੰਤੋਖ ਸਿੰਘ ਜੀ ਦੇ ਹੱਥੋਂ ਰਿਲੀਜ਼ ਕੀਤੀ ਗਈ ਸੀ।

ਪਿਕਨਿਕ ਦੌਰਾਨ ਮੇਰੇ ਪੁੱਛਣ ‘ਤੇ ਗਿਆਨੀ ਜੀ ਨੇ ਮੈਨੂੰ ਦੱਸਿਆ ਸੀ ਕਿ ਉਹਨਾਂ ਦੀਆਂ ਹੁਣ ਤੱਕ, ਸੱਚੇ ਦਾ ਸੱਚਾ ਢੋਆ, ਉਜਲ ਕੈਹਾ ਚਿੱਲਕਣਾ, ਯਾਦਾਂ ਭਰੀ ਚੰਗੇਰ, ਬਾਤਾਂ ਬੀਤੇ ਦੀਆਂ, ਜੋ ਵੇਖਿਆ ਸੋ ਆਖਿਆ, ਸਿਧਰੇ ਲੇਖ, ਸਾਦੇ ਸਿਧਰੇ ਲੇਖ, ਜਿੰਨੇ ਮੂੰਹ ਓਨੀਆਂ ਗੱਲਾਂ, ਕੁਝ ਏਧਰੋਂ ਕੁਝ ਓਧਰੋਂ ਅਤੇ ਕੁਝ ਹੋਰ ਬਾਤਾਂ (ਸੰਪਾਦਕ ਪ੍ਰੋ. ਮੋਹਨ ਸਿੰਘ) 10 ਕਿਤਾਬਾਂ ਛਪ ਚੁਕੀਆਂ ਹਨ। ਉਹਨਾਂ ਨੇ ਮੈਨੂੰ ਆਪਣੀ ਨਵੀਂ ਕਿਤਾਬ ‘ਕੁਝ ਏਧਰੋਂ ਕੁਝ ਓਧਰੋਂ’ ਪੜ੍ਹਨ ਲਈ ਭੇਜਣ ਦਾ ਮੇਰੇ ਨਾਲ਼ ਵਾਅਦਾ ਕੀਤਾ। ਵਾਅਦੇ ਮੁਤਾਬਕ ਉਪ੍ਰੋਕਤ ਕਿਤਾਬ ਸਾਡੇ ਸਿਡਨੀ ਵਿਚਲੇ ਸਾਂਝੇ ਦੋਸਤ, ਸ. ਸਤਨਾਮ ਸਿੰਘ ਗਿੱਲ ਰਾਹੀਂ ਮੇਰੇ ਕੋਲ 9 ਮਈ ਨੂੰ ਪਹੁੰਚ ਗਈ।

ਇਸ ਕਿਤਾਬ ਦੇ ਪ੍ਰਕਾਸ਼ਕ ਆਜ਼ਾਦ ਬੁੱਕ ਡਿਪੋ, ਹਾਲ ਬਾਜ਼ਾਰ, ਅੰਮ੍ਰਿਤਸਰ ਹਨ ਅਤੇ ਇਸ ਦਾ ਪ੍ਰਕਾਸ਼ਨ ਸਮਾ ਅਕਤੂਬਰ 2019 ਹੈ। ਇਸ ਕਿਤਾਬ ਦੇ ਕੁੱਲ ਸਫ਼ੇ 208 ਹਨ। ਇਹ ਕਿਤਾਬ ਉਹਨਾਂ ਨੇ ਪੰਜਾਬੀ ਪਾਠਕਾਂ ਦੀ ਸੇਵਾ ਵਿੱਚ ਸਮਰਪਣ ਕੀਤੀ ਹੈ ਅਤੇ ਉਹਨਾਂ ਦੇ ਆਪਣੇ ਸ਼ਬਦਾਂ ਵਿੱਚ, “ਜਿਨ੍ਹਾਂ ਦੇ ਉਤਸ਼ਾਹ ਸਦਕਾ ਮੈਂ ਅੱਖਰ ਲਿਖਣ ਦੇ ਯੋਗ ਹੋਇਆ ਹਾਂ।”

ਇਕ ਖਾਸ ਗੱਲ ਜਿਹੜੀ ਮੈਂ ਇਸ ਪੁਸਤਕ ਵਿੱਚ ਲਿਖੀ ਵੇਖੀ ਹੈ, ਕਿ ਉਹਨਾਂ ਇਸ ਕਿਤਾਬ ਦੇ ਸ਼ੁਰੂ ਵਿੱਚ ਲਿਖਿਆ ਹੈ, “ਮੇਰੀ ਬੇਨਤੀ ਹੈ ਕਿ ਕੋਈ ਵੀ ਸੱਜਣ ਜਾਂ ਅਦਾਰਾ, ਮੇਰੀ ਕਿਸੇ ਵੀ ਲਿਖਤ ਨੂੰ ਵਰਤਣ ਵਿੱਚ ਝਿਜਕ ਨਾ ਮਹਿਸੂਸ ਕਰੇ ਅਤੇ ਬੇਝਿਜਕ ਹੋ ਕੇ, ਜਿੱਥੇ ਚਾਹੇ ਵਰਤੇ।” ਇਹ ਇਕ ਨਵੀਂ ਗੱਲ ਹੈ, ਕਿਉਂਕਿ ਆਮ ਤੌਰ ‘ਤੇ ਲਗਪਗ ਹਰ ਕਿਤਾਬ ਉਪਰ ਇਹ ਹੀ ਛਪਿਆ ਹੁੰਦਾ ਹੈ, “ਸਭ ਹੱਕ ਕਰਤਾ/ਪ੍ਰਕਾਸ਼ਕ ਦੇ ਰਾਖਵੇਂ ਹਨ।” ਪਰ ਇਸ ਕਿਤਾਬ ਦੇ ਮੁੱਢ ਵਿੱਚ ਹੀ ਇਹ ਲਿਖਿਆ ਹੋਇਆ ਹੈ ਕਿ “ਕੋਈ ਕਾਪੀ ਰਾਈਟ ਨਹੀਂ; ਬਿਨਾ ਆਗਿਆ ਕੋਈ ਵੀ ਛਾਪੇ।” ਹਰ ਲਿਖਤ ਜਾਂ ਕਿਤਾਬ ਨੂੰ ਲਿਖਣ ਵਾਲੇ ਦੀ ਦਿਲੀ ਇੱਛਾ ਹੁੰਦੀ ਹੈ ਕਿ ਉਸ ਦੀ ਲਿਖਤ ਜਾਂ ਕਿਤਾਬ ਨੂੰ ਪੜ੍ਹਿਆ ਜਾਵੇ ਅਤੇ ਸਲਾਹਿਆ ਜਾਵੇ। ਪਰ ਹਰ ਲਿਖਤ ਜਾਂ ਕਿਤਾਬ ਨੂੰ ਪੜ੍ਹਨਯੋਗ ਅਤੇ ਸਲਾਹੁਣਯੋਗ ਬਣਨ ਲਈ ਉਸ ਕਿਤਾਬ ਦਾ ਵਿਸ਼ਾ ਵਸਤੂ ਅਤੇ ਸ਼ੈਲੀ ਬਹੁਤ ਮਹੱਤਵਪੂਰਨ ਤੱਤ ਹੁੰਦੇ ਹਨ। ਬਾਕੀ ਅਲੰਕਾਰਾਂ ਆਦਿ ਦੀ ਵਰਤੋਂ ਤਾਂ ਕਿਸੇ ਕਿਤਾਬ ਦੇ ਵਿਸ਼ਾ ਵਸਤੂ ਨੂੰ ਪਾਊਡਰ, ਸੁਰਖ਼ੀ, ਬਿੰਦੀ ਆਦਿ ਲਾਉਣ ਵਾਂਗ ਹੀ ਹੁੰਦੀਆਂ ਹਨ।

ਇਸ ਕਿਤਾਬ ਦੇ ਸ਼ੁਰੂ ਵਿੱਚ ਪਿੰਡ ਦੇ ਵਾਸੀ ਭਾਗੋਵਾਲ ਅਤੇ ਹੁਣ ਅੰਮ੍ਰਿਤਸਰ ਦੇ ਵਸਨੀਕ, ਇਕ ਬਹੁਤ ਹੀ ਵਧੀਆ ਇਨਸਾਨ ਅਤੇ ਵਿਦਵਾਨ, ਗਿਆਨੀ ਸੁਰਿੰਦਰ ਸਿੰਘ ਨਿਮਾਣਾ ਜੀ ਨੇ, “ਆਸਟ੍ਰੇਲੀਆ ਵਾਸੀ ਗਿਆਨੀ ਸੰਤੋਖ ਸਿੰਘ” ਨਾਮੀ ਆਪਣੇ ਲੇਖ ਵਿੱਚ ਲਿਖਿਆ ਹੈ ਕਿ ਗਿਆਨੀ ਜੀ ਕਈ ਦਹਾਕਿਆਂ ਤੋਂ “ਆਪਣੇ ਪੱਲਿਉਂ ਇਮਾਨਦਾਰੀ ਨਾਲ ਕਮਾਇਆ ਧਨ ਲਾ ਕੇ, ਪੰਜਾਬੀ ਭਾਸ਼ਾ ਤੇ ਗੁਰਮੁਖੀ ਅੱਖਰਾਂ ‘ਚ ਪ੍ਰਕਾਸ਼ਤ ਕਰਵਾ ਕੇ, ਪੜ੍ਹਨ ਪੜ੍ਹਾਉਣ ਵਾਲੇ ਪਾਠਕਾਂ ਨੂੰ ਵੰਡ ਕੇ, ਪੰਜਾਬੀ ਮਾਂ-ਬੋਲੀ ਦੇ ਸੱਚੇ ਸਪੂਤ ਵਾਲਾ ਕਾਰਜ ਕਰ ਰਹੇ ਹਨ।” ਏਸੇ ਲੜੀ ਵਿੱਚ ਹੀ ਸ੍ਰ ਮਨਜੀਤ ਸਿੰਘ ਰਾਜਪੁਰਾ, ਉਹਨਾਂ ਬਾਰੇ ਲਿਖੇ ਲੇਖ, “ਆੜ੍ਹਤੀਆਂ ਦਾ ਮੁਨੀਮ ਜਦੋਂ ਪ੍ਰੋਫੈਸਰ ਲੱਗ ਜਾਵੇ” ਵਿੱਚ ਇਹਨਾਂ ਨੂੰ ‘ਤਾਇਆ’ ਕਹਿ ਕੇ ਲਿਖਦੇ ਹਨ, “ਖਾਲੀ ਝੋਲਾ ਲੈ ਕੇ ਘਰੋਂ ਤੁਰਿਆ ਤਾਇਆ ਜਦੋਂ ਆਪਣੇ ਝੋਲੇ ‘ਚੋਂ ਕੱਢ ਕੇ ਕਿਸੇ ਨੂੰ ਆਪਣੀ ਲਿਖੀ ਕਿਤਾਬ ਫੜਾਉਂਦਾ ਤਾਂ ਇੰਜ ਲੱਗਦਾ ਜਿਵੇਂ ਆੜ੍ਹਤੀਆਂ ਦਾ ਮੁਨੀਮ ਪ੍ਰੋਫੈਸਰ ਲੱਗ ਗਿਆ ਹੋਵੇ।” ਇਸ ਕਿਤਾਬ ਅਤੇ ਗਿਆਨੀ ਸੰਤੋਖ ਸਿੰਘ ਬਾਰੇ ਬ੍ਰਿਜ਼ਬਿਨ ਵਾਸੀ ਸ੍ਰ ਹਰਮੰਦਰ ਸਿੰਘ ਆਪਣੇ ਲੇਖ, ‘ਗਿਆਨੀ ਸੰਤੋਖ ਸਿੰਘ ਸਿਡਨੀ ਵਾਲਾ’ ਵਿੱਚ, ਗਿਆਨੀ ਜੀ ਨਾਲ ਆਪਸੀ ਵਿਚਾਰਧਾਰਕ ਵਖਰੇਵੇਂ ਦੀਆਂ ਗੱਲਾਂ ਕਰਦਿਆਂ ਹੋਇਆਂ ਵੀ, ਆਪਸੀ ਨੇੜਤਾ ਜ਼ਾਹਰ ਕਰਨ ਵਿੱਚ ਕਾਮਯਾਬ ਹੋਏ ਹਨ। ਪਰ, ਉਹਨਾਂ ਨੇ ਇਸ ਕਿਤਾਬ ਦੇ ਪੰਨਾ ਨੰਬਰ 18 ਉਪਰ ਗਿਆਨੀ ਜੀ ਦੀ ਲਿਖਤ ਦੇ ਇਕ ਵੱਡੇ ਨੁਕਸ ਦਾ ਜ਼ਿਕਰ ਕੀਤਾ ਹੈ। ਉਹ ਲਿਖਦੇ ਹਨ, “ਇਹਨਾਂ ਦੀ ਲਿਖਤ ਦਾ ਵੱਡਾ ਨੁਕਸ ਇਹ ਹੈ ਕਿ ਇਹ ਆਪਣੀ ਲਿਖਤ ਨੂੰ ਏਨੀ ਛੇਤੀ ਖਤਮ ਕਰ ਦਿੰਦੇ ਹਨ ਕਿ ਪਾਠਕ ਦਾ ਚਾਅ ਮਧੋਲਿਆ ਜਾਂਦਾ ਹੈ। ਪਾਠਕ ਹੋਰ ਜਾਨਣਾ ਚਾਹੁੰਦਾ ਹੈ ਤੇ ਇਹ ਉਸ ਦੇ ਅੱਗਿਉਂ ਇਉਂ ਲੋਪ ਹੋ ਜਾਂਦੇ ਹਨ ਜਿਵੇਂ ਗਧੇ ਦੇ ਸਿਰੋਂ ਸਿੰਙ। ਲੇਖਣੀ ਤੇ ਲੈਕਚਰ ਵਿੱਚ ਫਰਕ ਨਹੀਂ ਪਾਉਂਦੇ। ਇਹਨਾਂ ਦੀ ਲਿਖਤ ਪੜ੍ਹਦਿਆਂ ਇਉਂ ਲੱਗਦਾ ਹੈ ਜਿਵੇਂ ਗੁਰਪੁਰਬ ਜਾਂ ਮੱਸਿਆ ਦੇ ਦੀਵਾਨ ਵਿੱਚ ਲੈਕਚਰ ਚੱਲ ਰਿਹਾ ਹੋਵੇ।” ਪਰ ਮੇਰੇ ਵਿਚਾਰ ਅਨੁਸਾਰ ਕਿਸੇ ਲਿਖਤ ਦਾ ਇਹ ਕੋਈ ਨੁਕਸ ਨਹੀਂ ਹੁੰਦਾ, ਸਗੋਂ ਚੰਗੀ ਲਿਖਤ ਦਾ ਇਹ ਇੱਕ ਗੁਣ ਹੁੰਦਾ ਹੈ ਕਿ ਪਾਠਕ ਅੰਦਰ, ਫਿਰ ਕੀ ਹੋਇਆ? ਜਾਨਣ ਦੀ ਉਤਸੁਕਤਾ ਪੈਦਾ ਹੋ ਜਾਵੇ।

ਸੋ, ਆਓ! ਸਭ ਤੋਂ ਪਹਿਲਾਂ ‘ਕੁਝ ਏਧਰੋਂ ਕੁਝ ਓਧਰੋਂ’ ਕਿਤਾਬ ਦੇ ਵਿਸ਼ਾ ਵਸਤੂ ਬਾਰੇ ਗੱਲ ਕਰੀਏ। ਇਸ ਕਿਤਾਬ ਦੇ ਲੇਖਕ ਗਿਆਨੀ ਸੰਤੋਖ ਸਿੰਘ ਨੇ ਇਸ ਕਿਤਾਬ ਦੇ ਅੰਦਰ, ਆ ਉਤਰਨਾ ਮੇਰਾ ਵੀ ਆਸਟ੍ਰੇਲੀਆ ਵਿੱਚ, ਯਾਤਰਾ ਸਿਡਨੀ ਦੇ ਚਾਰ ਹਸਪਤਾਲਾਂ ਦੀ, ਸਿਨੇਮਾ ਤੇ ਮੈਂ, ਪਹਿਲੀ ਯਾਤਰਾ ਸ੍ਰੀ ਪਟਨਾ ਸਾਹਿਬ ਦੀ, ਨੋਟਬੰਦੀ, ਦੁਬਈ ਦੀ ਯਾਤਰਾ, ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ, ਗੁਰਦੁਆਰਾ ਸਿੱਖ ਸੈਂਟਰ ਪਾਰਕਲੀ, ਹਰਿ ਹਰਿ ਨਾਮੁ ਕਥਾ ਨਿਤ ਸੁਣੀਐ, ਜ਼ੁਲਮੀ ਦਿਨਾਂ ਦੀ ਯਾਦ, ਪੀ ਐਚ ਡੀ, ਮੇਰੇ ਸ਼ਬਦ ਜੋੜਾਂ ਵਿਚਲਾ ਘੀਚਮਚੋਲਾ, ਧਰਨਾ?, ਲੋਹੜੀ ਦੀ ਇਕ ਯਾਦ, ਸਿਡਨੀ ਵਾਲੀਆਂ ਸਾਲਾਨਾ ਸਿੱਖ ਖੇਡਾਂ, ਸ਼੍ਰੀਮਾਨ ਸੰਤ ਚੰਨਣ ਸਿੰਘ ਜੀ, ਜਥੇਦਾਰ ਮੋਹਨ ਸਿੰਘ ਤੁੜ, ਸ੍ਰ ਦਵਿੰਦਰ ਸਿੰਘ ਧਾਰੀਆ, ਸੁਖਵੰਤ ਕੌਰ ਪੰਨੂੰ, ਅੰਮ੍ਰਿਤਸਰ ਦੀ 2018 ਵਾਲੀ ਯਾਤਰਾ, ਮੁਫ਼ਤ ਭੇਟਾ ਕੀਤੀਆਂ ਕਿਤਾਬਾਂ, ਅਖ਼ਬਾਰਾਂ ਅਤੇ ਮੈਂ, ਨਿਊ ਸਾਊਥ ਵੇਲਜ਼, ਆਸਟ੍ਰੇਲੀਆ ਦਾ ਸਭ ਤੋਂ ਵੱਡਾ ਸ਼ਹਿਰ ਸਿਡਨੀ, ਹੋ-ਹੱਲਾ ਤੇ ਵਾ-ਵੇਲਾ ਅਤੇ ਮਾੜੀ ਧਾੜ ਗਰੀਬਾਂ ਉੱਤੇ ਵਿਸ਼ਿਆਂ ਉਪਰ ਲੇਖ ਲਿਖੇ ਹਨ। ਇਹਨਾਂ ਲੇਖਾਂ ਤੋਂ ਬਾਅਦ ‘ਅੰਤਕਾ’ ਸਿਰਲੇਖ ਵਿੱਚ ਗਿਆਨੀ ਜੀ ਅਤੇ ਇਹਨਾਂ ਦੇ ਮਿੱਤਰ, ਸ. ਬਲਵੰਤ ਸਿੰਘ ਰਾਮੂਵਾਲੀਆ ਜੀ ਦਰਮਿਆਨ ਮਿਤੀ 23-1-1996 ਤੋਂ ਲੈ ਕੇ ਮਿਤੀ 10-10-1999 ਤੱਕ ਚਿੱਠੀ-ਪੱਤਰ ਵੀ ਸ਼ਾਮਲ ਹੈ।

ਹੁਣ ਇਸ ਸਮੇ ਮੈਂ ਬਹੁਤ ਦੁਬਿਧਾ ਵਿੱਚ ਹਾਂ ਕਿ ਇਸ ਕਿਤਾਬ ਦੇ ਕਿਹੜੇ ਲੇਖ ਨੂੰ ਲੈ ਕੇ ਆਪਣੀ ਗੱਲ ਸ਼ੁਰੂ ਕਰਾਂ, ਕਿਉਂਕਿ ਜਦੋਂ ਮੈਂ ਗਿਆਨੀ ਜੀ ਦੀ ਲਿਖੀ ਇਹ ਕਿਤਾਬ ‘ਕੁਝ ਏਧਰੋਂ ਕੁਝ ਓਧਰੋਂ’ ਪੜ੍ਹਨੀ ਸ਼ੁਰੂ ਕੀਤੀ, ਤਾਂ ਉਹਨਾਂ ਵੱਲੋਂ ਲਿਖੇ ਹਰ ਲੇਖ ਦਾ ਵਿਸ਼ਾ ਅਤੇ ਸ਼ੈਲੀ ਚੜ੍ਹਦੀ ਤੋਂ ਚੜ੍ਹਦੀ ਲੱਗੀ। ਉਸ ਸਮੇ ਮੇਰਾ ਧਿਆਨ ਸ. ਹਰਮੰਦਰ ਸਿੰਘ ਜੀ ਵੱਲੋਂ ਲਿਖੇ ਲੇਖ ‘ਗਿਆਨੀ ਸੰਤੋਖ ਸਿੰਘ ਸਿਡਨੀ ਵਾਲਾ’ ਵੱਲ ਚਲਾ ਗਿਆ, ਜਿਸ ਵਿੱਚ ਉਹਨਾਂ ਨੇ ਇਹਨਾਂ ਦੀਆਂ ਲਿਖਤਾਂ ਸਬੰਧੀ ਲਿਖਿਆ ਹੈ ਕਿ ਗਿਆਨੀ ਜੀ ਆਪਣੀ “ਲੇਖਣੀ ਤੇ ਲੈਕਚਰ ਵਿੱਚ ਫਰਕ ਨਹੀਂ ਪਾਉਂਦੇ। ਇਹਨਾਂ ਦੀ ਲਿਖਤ ਪੜ੍ਹਦਿਆਂ ਇਉਂ ਲੱਗਦਾ ਹੈ ਜਿਵੇਂ ਗੁਰਪੁਰਬ ਜਾਂ ਮੱਸਿਆ ਦੇ ਦੀਵਾਨ ਵਿੱਚ ਲੈਕਚਰ ਚੱਲ ਰਿਹਾ ਹੋਵੇ।” ਸੱਚ ਮੁੱਚ ਸ. ਹਰਮੰਦਰ ਸਿੰਘ ਜੀ ਦੀ ਇਹ ਟਿੱਪਣੀ ਮੈਨੂੰ ਬਿਲਕੁਲ ਸਹੀ ਲੱਗੀ ਹੈ। ਪਰ ਜਿਸ ਆਦਮੀ ਨੇ ਵੀ ਮੱਸਿਆ ਦੇ ਦੀਵਾਨ ਵਿੱਚਲੇ ਬੁਲਾਰਿਆਂ ਦੇ ਲੈਕਚਰਾਂ ਨੂੰ ਸੁਣਿਆ ਹੋਵੇ, ਉਹਨਾਂ ਨੂੰ ਸ. ਹਰਮੰਦਰ ਸਿੰਘ ਜੀ ਦੀ ਇਹ ਟਿਪਣੀ ਗਿਆਨੀ ਸੰਤੋਖ ਸਿੰਘ ਦੀ ਲੇਖਣੀ ਦੇ ਨੁਕਸ ਦੀ ਥਾਂ, ਇਕ ਬਹੁਤ ਵੱਡੀ ਸਿਫ਼ਤ ਮਹਿਸੂਸ ਹੁੰਦੀ ਹੈ। ਪਰਮਾਤਮਾ ਕਰੇ ਕਿ ਉਹ ਆਪਣੀ ਇਸ ਲਿਖਣ ਸ਼ੈਲੀ ਨੂੰ ਹੋਰ ਬੁਲੰਦੀਆਂ ਤੱਕ ਲੈ ਕੇ ਜਾਣ।

ਉਹਨਾਂ ਨੇ, ਆ ਉਤਰਨਾ ਮੇਰਾ ਵੀ ਆਸਟ੍ਰੇਲੀਆ ਵਿੱਚ, ਯਾਤਰਾ ਸਿਡਨੀ ਦੇ ਚਾਰ ਹਸਪਤਾਲਾਂ ਦੀ, ਗੁਰਦੁਆਰਾ ਸਿੱਖ ਸੈਂਟਰ ਪਾਰਕਲੀ, ਸਿਡਨੀ ਵਾਲੀਆਂ ਸਾਲਾਨਾ ਸਿੱਖ ਖੇਡਾਂ, ਨਿਊ ਸਾਊਥ ਵੇਲਜ਼ ਅਤੇ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਸ਼ਹਿਰ ਸਿਡਨੀ ਵਰਗੇ ਲੇਖ ਪੜ੍ਹ ਕੇ, ਮੇਰੇ ਵਰਗਾ ਸਧਾਰਨ ਪਾਠਕ ਘਰ ਬੈਠਾ ਹੀ ਆਸਟ੍ਰੇਲੀਆ ਦੀ ਕਾਫੀ ਸੈਰ ਕਰ ਲੈਂਦਾ ਹੈ। ਏਸੇ ਤਰ੍ਹਾਂ ਪਹਿਲੀ ਯਾਤਰਾ ਸ੍ਰੀ ਪਟਨਾ ਸਾਹਿਬ ਦੀ, ਨੋਟਬੰਦੀ, ਅੰਮ੍ਰਿਤਸਰ ਦੀ 2018 ਵਾਲੀ ਯਾਤਰਾ, ਹੋ-ਹੱਲਾ ਤੇ ਵਾ-ਵੇਲਾ ਅਤੇ ਮਾੜੀ ਧਾੜ ਗਰੀਬਾਂ ਉੱਤੇ” ਆਦਿ ਲੇਖਾਂ ਰਾਹੀਂ ਭਾਰਤ ਦੀ ਰਾਜਨੀਤੀ, ਧਾਰਮਿਕਤਾ ਬਾਰੇ ਪਾਠਕਾਂ ਨੂੰ ਬਹੁਤ ਰੌਸ਼ਨੀ ਮਿਲਦੀ ਹੈ। ਸ਼੍ਰੀਮਾਨ ਸੰਤ ਚੰਨਣ ਸਿੰਘ ਜੀ, ਜਥੇਦਾਰ ਮੋਹਨ ਸਿੰਘ ਤੁੜ, ਸ. ਦਵਿੰਦਰ ਸਿੰਘ ਧਾਰੀਆ ਅਤੇ ਸੁਖਵੰਤ ਕੌਰ ਪੰਨੂੰ ਲੇਖਾਂ ਰਾਹੀਂ ਇਹਨਾਂ ਸਖਸ਼ੀਅਤਾਂ ਬਾਰੇ ਭਰਪੂਰ ਨਿੱਜੀ ਜਾਣਕਾਰੀ ਮਿਲਦੀ ਹੈ। ਮਿਸਾਲ ਦੇ ਤੌਰ ‘ਤੇ ਸ਼੍ਰੀਮਾਨ ਸੰਤ ਚੰਨਣ ਸਿੰਘ ਜੀ ਨੂੰ ਆਪਣੀਆਂ ਯਾਦਾਂ ‘ਤੇ ਆਧਾਰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਸਫਲ ਪ੍ਰਧਾਨ ਕਿਹਾ ਹੈ। ਉਹਨਾਂ ਦਾ ਸੰਤ ਚੰਨਣ ਸਿੰਘ ਜੀ ਨਾਲ ਪਹਿਲੀ ਵਾਰ ਮੇਲ 1963 ਦੀ ਬਸੰਤ ਰੁੱਤੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ, ਜੀਂਦ ਵਿਖੇ ਹੋਇਆ ਅਤੇ ਬਾਅਦ ਵਿੱਚ 1967 ਵਾਲੀਆਂ ਚੋਣਾਂ ਸਮੇਂ ਸੰਤ ਫ਼ਤਹਿ ਸਿੰਘ ਜੀ ਨੇ ਇਹਨਾਂ ਨੂੰ ਆਪਣੇ ਪੀ.ਏ. ਵੱਜੋਂ ਨਾਲ ਲੈ ਲਿਆ। ਏਸੇ ਤਰ੍ਹਾਂ ਜਥੇਦਾਰ ਮੋਹਨ ਸਿੰਘ ਤੁੜ ਦੇ ਆਪਣੇ ਪੀ.ਏ. ਰਹਿਣ ਸਮੇ ਦਾ, ਜਥੇਦਾਰ ਜੀ ਬਾਰੇ ਜਾਣਕਾਰੀ ਭਰਪੂਰ ਲੇਖ, ਉਸ ਸਮੇ ਦੀ ਸਿੱਖ ਸਿਆਸਤ ਬਾਰੇ ਵੀ ਚਾਨਣਾ ਪਾਉਂਦਾ ਹੈ।

ਪਿੰਡ ਸਰਵਾਲੀ, ਜ਼ਿਲਾ ਗੁਰਦਾਸਪੁਰ ਤੋਂ ਚੱਲ ਕੇ ਆਸਟ੍ਰੇਲੀਆ ਵਿੱਚ ਆ ਕੇ ਪੰਜਾਬੀ ਲੋਕ ਗਾਇਕੀ ਦਾ ਲੋਹਾ ਮੰਨਵਾਉਣ ਵਾਲੇ ਸ. ਦਵਿੰਦਰ ਸਿੰਘ ਧਾਰੀਆ ਬਾਰੇ ਲਿਖਿਆ ਲੇਖ ਵੀ ਬਹੁਤ ਦਿਲਚਸਪੀ ਨਾਲ ਲਿਖਿਆ ਲੇਖ ਹੈ। ਪਰਥ ਦੀ ਵਸਨੀਕ ਅਤੇ ਦਾਨ, ਸੇਵਾ, ਸਿਮਰਨ ਤੇ ਸਾਹਿਤ ਨੂੰ ਸਮਰਪਤ ਹਸਤੀ ਬੀਬੀ ਸੁਖਵੰਤ ਕੌਰ ਪੰਨੂੰ ਸਬੰਧੀ ਲਿਖਿਆ ਲੇਖ ਪਾਠਕਾਂ ਨੂੰ ਇਕ ਨੇਕ ਆਤਮਾ ਦੇ ਸਾਕਾਰ ਦਰਸ਼ਨ ਕਰਵਾਉਂਦਾ ਹੈ। ਏਸੇ ਤਰ੍ਹਾਂ ਆਪਣੀ ਅੰਮ੍ਰਿਤਸਰ ਦੀ 2018 ਵਾਲੀ ਯਾਤਰਾ ਦੌਰਾਨ ਦੀ ਸਮਾਗਮਾਂ ਵਿੱਚ ਵਿਘਨ ਪਾਉਣ ਵਾਲਿਆਂ ਦਾ ਕਾਵਿਕ ਚਿਤਰਣ ਵੀ ਇਹਨਾਂ ਸਤਰਾਂ ਰਾਹੀਂ ਉਹਨਾਂ ਬਾਖੂਬੀ ਪੇਸ਼ ਕੀਤਾ ਹੈ:

ਕਾਫ਼ ਕਾਣਿਆਂ ਰਲ਼ ਸਲਾਹ ਕੀਤੀ

ਚਲੋ ਰਾਹ ਵਿੱਚ ਕੰਡੇ ਖਲਾਰੀਏ ਜੀ।

ਲੋਟਾ ਭੰਨ ਮਸੀਤ ਦਾ ਦੌੜ ਚੱਲੀਏ

ਨਹੀਂ ਤੇ ਘੁਗੀਆਂ ਦੇ ਬੱਚੇ ਮਾਰੀਏ ਜੀ।

‘ਮੁਫ਼ਤ ਭੇਟਾ ਕੀਤੀਆਂ ਕਿਤਾਬਾਂ’ ਵਾਲੇ ਲੇਖ ਰਾਹੀਂ ਮੁਫ਼ਤ ਭੇਟਾ ਕੀਤੀਆਂ ਕਿਤਾਬਾਂ ਦਾ ਹਸ਼ਰ, ‘ਅਖ਼ਬਾਰਾਂ ਅਤੇ ਮੈਂ’ ਵਿੱਚਲੇ ਲੇਖ ਰਾਹੀਂ ਉਹਨਾਂ ਅਖ਼ਬਾਰ ਨਵੀਸੀ ਦੇ ਸਮਕਾਲੀ ਇਤਿਹਾਸ ਉਪਰ ਚਾਨਣਾ ਪਾਇਆ ਹੈ। ਉਹਨਾਂ ਨੇ ਇਸ ਲੇਖ ਵਿੱਚ ਇਹ ਖੁਲਾਸਾ ਕੀਤਾ ਹੈ ਕਿ ਜਨਵਰੀ 1958 ਵਿੱਚ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਸੰਗੀਤ ਕਲਾਸ ਵਿੱਚ ਦਾਖਲੇ ਸਮੇ ਹੀ ਉਹਨਾਂ ਦੀ ਅਖਬਾਰਾਂ ਨਾਲ ਸਾਂਝ ਪਈ ਸੀ। ‘ਧਰਨਾ?’ ਨਾਮਕ ਲੇਖ ਵਿੱਚ ‘ਰੋਸ ਧਰਨੇ’ ਨੂੰ “ਕੁਕੜੀ ਧਰਨੇ ਉਪਰ ਬੈਠੀ ਹੋਈ ਹੈ।” ਨਾਲ ਤੁਲਨਾ ਕਰਨੀ ਠੀਕ ਨਹੀਂ ਲੱਗੀ। ਵੈਸੇ ਮੈਂ ਹੁਣ ਤੱਕ “ਕੁਕੜੀ ਧਰਨੇ ਉਪਰ ਬੈਠੀ ਹੋਈ ਹੈ।” ਕਦੇ ਨਹੀਂ ਸੁਣੀ, ਸਗੋਂ, “ਕੁਕੜੀ ਪਾੜੇ ਉਪਰ ਬੈਠੀ ਹੋਈ ਹੈ।” ਹੀ ਸੁਣੀ ਹੈ। ਪਰ ਇਹ ਗੱਲ ਉਹਨਾਂ ਬਹੁਤ ਵਧੀਆ ਲਿਖੀ ਹੈ ਕਿ ਜਨਤਾ ਨੂੰ ਇਸ ਧਰਨਾਬਾਜ਼ੀ ਦੇ ਦੌਰਾਨ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਸ ਲਈ ਵੀ ਜਵਾਬ ਦੇਹੀ ਹੋਣੀ ਚਾਹੀਦੀ ਹੈ। ‘ਲੋਹੜੀ ਦੀ ਇਕ ਯਾਦ’ ਵਾਲੇ ਲੇਖ ਵਿੱਚ ਵਿਦਿਆਰਥੀਆਂ ਨੂੰ, ਪ੍ਰਿੰਸੀਪਲ ਸਾਹਿਬ ਸਿੰਘ ਜੀ ਵੱਲੋਂ ਵੀ ਖੁਸ਼ ਦੇ ਮੂਡ ਵਿੱਚ ਕੇਲੇ ਖਵਾਉਣੇ ਅਤੇ ਲੋਹੜੀ ਦਾ ਗੁਰਮਤਿ ਨਾਲ ਸਬੰਧ ਨਾ ਹੋਣ ਬਾਰੇ ਅਤੇ ਇਸ ਨੂੰ ਇੱਕ ਭਾਈਚਾਰਕ ਤਿਉਹਾਰ ਦੱਸਣਾ ਚੰਗਾ ਲੱਗਾ ਹੈ।‌ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸਾਹਿਬ ਸਿੰਘ ਜੀ ਦੇ ਘਰ ਜਾ ਕੇ ਲੋਹੜੀ ਮੰਗਣ ਵੇਲੇ ਪ੍ਰਿੰਸੀਪਲ ਸਾਹਿਬ ਵੱਲੋਂ ਇਹ ਦੱਸਣਾ ਕਿ “ਜੇ ਤਿਉਹਾਰ ਗੁਰਮਤਿ ਦੇ ਵਿਰੁੱਧ ਨਹੀਂ, ਤਾਂ ਬਾਕੀਆਂ ਦੀ ਖੁਸ਼ੀ ਵਿੱਚ ਸ਼ਾਮਲ ਹੋ ਜਾਣ ਵਿੱਚ ਕੋਈ ਹਰਜ ਨਹੀਂ ਹੁੰਦਾ।” ਸਲਾਹੁਣਯੋਗ ਹੈ। ਏਸੇ ਤਰ੍ਹਾਂ ‘ਸਿਡਨੀ ਵਾਲੀਆਂ ਸਾਲਾਨਾ ਸਿੱਖ ਖੇਡਾਂ’ ਵਾਲੇ ਲੇਖ ਵਿੱਚ ਦੱਸਿਆ ਗਿਆ ਹੈ ਕਿ 1988 ਤੋਂ 2018 ਤੱਕ ਦੇ ਸਫ਼ਰ ਦੌਰਾਨ ਇਹਨਾਂ ਖੇਡਾਂ ਵੱਲੋਂ ਪਿੱਛਲੇ ਸਾਰੇ ਸਾਲਾਂ ਨਾਲੋਂ ਸਫਲਤਾ ਦੀਆਂ ਹੋਰ ਪੁਲਾਂਘਾਂ ਪੁੱਟੀਆਂ ਗਈਆਂ ਸਨ।

ਹੋਰ ਜ਼ਿਆਦਾ ਵਿਸਥਾਰ ਵਿੱਚ ਨਾ ਜਾਂਦਾ ਹੋਇਆ, ਮੈਂ ਪੰਜਾਬੀ ਪਾਠਕਾਂ ਨੂੰ ਇਹ ਕਿਤਾਬ ਪੜ੍ਹਨ ਦੀ ਪੁਰਜ਼ੋਰ ਸਿਫ਼ਾਰਸ਼ ਕਰਦਾ ਹਾਂ। ਇਸ ਦੇ ਨਾਲ ਹੀ ਮੈਂ ਗਿਆਨੀ ਸੰਤੋਖ ਸਿੰਘ ਨੂੰ ਇਹ ਕਿਤਾਬ ਲਿਖਣ ਅਤੇ ਪ੍ਰਕਾਸ਼ਤ ਕਰਵਾਉਣ ਲਈ ਹਾਰਦਿਕ ਵਧਾਈ ਭੇਟ ਕਰਦਾ ਹਾਂ ਅਤੇ ਆਸ ਕਰਦਾ ਹਾਂ ਕਿ ਉਹ ਨਿਕਟ ਭਵਿੱਖ ਵਿੱਚ ਆਪਣੀ ਕੋਈ ਹੋਰ ਨਵੀ ਕਿਤਾਬ ਪਾਠਕਾਂ ਦੀ ਝੋਲੀ ਵਿੱਚ ਜਲਦੀ ਪਾਉਣਗੇ।                                              

(ਪ੍ਰੋ. ਸੁਖਵੰਤ ਸਿੰਘ ਗਿੱਲ) +91 94172-34744

Install Punjabi Akhbar App

Install
×