ਮਿਕਨਾਤੀਸੀ ਸ਼ਖ਼ਸੀਅਤ -ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਕੁਦਰਤ ਨੇ ਇਸ ਸੰਸਾਰ ‘ਤੇ ਕੁਝ ਅਜਿਹੀਆਂ ਮਿਕਨਾਤੀਸੀ ਰੂਹਾਂ ਨੂੰ ਭੇਜਿਆ ਹੁੰਦਾ ਹੈ ਜਿਨ੍ਹਾਂ ਦੀ ਸੰਗਤ ਵਿੱਚ ਰਹਿ ਕੇ ਹਰ ਕੋਈ ਆਨੰਦ ਦਾ ਅਨੁਭਵ ਕਰਨਾ ਲੋਚਦਾ ਹੈ । ਵਿਸ਼ੇਸ਼ਣਾਂ ਦੀ ਮੁਹਤਾਜੀ ਤੋਂ ਪਰ੍ਹੇ ਦੀ ਅਜਿਹੀ ਸ਼ਖ਼ਸੀਅਤ ਦਾ ਨਾਂ ਹੈ ਗਿਆਨੀ ਸੰਤੋਖ ਸਿੰਘ। ਭਾਵੇਂ ਮੈਂ ਉਨਾ੍ਹਂ ਨੂੰ 2010 ਵਿੱਚ ਵਿਰਸਾ ਵਿਹਾਰ, ਅੰਮ੍ਰਿਤਸਰ ਵਿੱਚ ਲੱਗੇ ਵਿਰਾਸਤੀ ਮੇਲੇ ਵਿੱਚ, ਇੱਕ ਬੜੀ ਸੰਖੇਪ ਜਿਹੀ ਮਿਲਣੀ ਤੋਂ ਜਾਣਦਾ ਹਾਂ ਪਰ ਅਕਸਰ ਸਾਹਿਤਕ ਸੱਥਾਂ ਵਿੱਚ ਉਨਾ੍ਹਂ ਬਾਰੇ ਛਿੜਦੇ ਜ਼ਿਕਰ ਨੇ, ਮੇਰੀ ਉਹਨਾਂ ਨਾਲ ਮੁਲਾਕਾਤ ਦੀ ਕਸਕ ਨੂੰ ਹੋਰ ਦੁਬਾਲਾ ਕਰ ਦਿੱਤਾ। ਨਵੰਬਰ, 2019 ਵਿੱਚ ਮੇਰੇ ਸਤਿਕਾਰਯੋਗ ਭੂਆ ਜੀ ਦੇ ਬੇਟੇ ਅਜੀਜ ਵੀਰ ਸ. ਮੁਹੱਬਤ ਸਿੰਘ ਰੰਧਾਵਾ (ਸਾਹਿਤਕ ਮੱਸ ਰੱਖਣ ਵਾਲੇ ਅਤੇ ਬੜੇ ਹੀ ਨੇਕ ਦਿਲ ਇਨਸਾਨ) ਆਸਟ੍ਰੇਲੀਆ ਤੋਂ ਅੰਮ੍ਰਿਤਸਰ ਆਏ ਤਾਂ ਇੱਕ ਸ਼ਾਮ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਤੁਹਾਨੂੰ ਇੱਕ ਮਹਾਨ ਸ਼ਖ਼ਸੀਅਤ ਨਾਲ ਮਿਲਵਾਉਣਾ ਇਸ ਲਈ ਤੁਸੀਂ ਘਰ ਆਓ।
ਭੂਆ ਜੀ ਦਾ ਘਰ ਗੁਆਂਢ ਵਿੱਚ ਹੀ ਹੋਣ ਕਰਕੇ ਮੈਂ ਉਸ ਵੇਲੇ ਜਦੋਂ ਸਾਹਮਣੇ ਗਿਆਨੀ ਸੰਤੋਖ ਸਿੰਘ ਜੀ ਨੂੰ ਵੇਖਿਆ ਤਾਂ ਰੂਹ ਗੱਦ-ਗੱਦ ਹੋ ਗਈ ਤੇ ਨਾਲ ਹੀ ਵੀਰ ਸ. ਮੁਹੱਬਤ ਸਿੰਘ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਜ਼ਰੀਏ ਗਿਆਨੀ ਜੀ ਦੇ ਦਰਸ਼ਨ ਤੇ ਮੁਲਾਕਾਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮੈਨੂੰ ਵੇਖਦਿਆਂ ਹੀ ਉਹਨਾਂ ਨੇ ਪਛਾਣ ਲਿਆ ਤੇ ਬੜੇ ਪਿਆਰ ਨਾਲ ਮਿਲੇ। ਮੇਰੇ ਸਾਹਵੇਂ ਦਸ ਸਾਲ ਪਹਿਲਾਂ ਵਾਲੇ ਗਿਆਨੀ ਜੀ ਹੀ ਸਨ। ਉਹੋ ਹਾਸਾ-ਠੱਠਾ, ਟੋਟਕੇ ਤੇ ਚਿਹਰੇ ਤੇ ਵਿਦਵਾਨਾਂ ਵਾਲਾ ਠਰ੍ਹੰਮਾ। ਹੱਸ ਮੁੱਖ, ਮਜ਼ਾਕੜੇ ਤੇ ਮਿੱਠ ਬੋਲੜੇ ਅਪਣੱਤ ਭਰੇ ਬੋਲਾਂ ਦੇ ਮਾਲਕ ਗਿਆਨੀ ਜੀ ਨੇ ਇੱਕ ਤੋਂ ਬਾਅਦ ਇੱਕ ਖੁਸ਼ਨੁਮਾ ਵਾਕਿਆਤ ਸੁਣਾ ਸੁਣਾ ਕੇ, ਸਾਡਾ ਸਮਾ ਸਾਕਾਰ ਅਤੇ ਆਨੰਦ ਭਰਪੂਰ ਬਣਾ ਦਿੱਤਾ।
ਆਪਣੀ ਆਦਤ ਅਨੁਸਾਰ ਉਹਨਾਂ ਨੇ ਆਪਣੇ ਝੋਲੇ ਵਿਚੋਂ ਮੈਨੂੰ ਤਿੰਨ ਕਿਤਾਬਾਂ: ਸਾਦੇ ਸਿਧਰੇ ਲੇਖ, ਕੁਝ ਏਧਰੋਂ ਕੁਝ ਓਧਰੋਂ ਅਤੇ ਕੁਝ ਹੋਰ ਬਾਤਾਂ ਗਿਆਨੀ ਸੰਤੋਖ ਸਿੰਘ ਦੀਆਂ ਦੇ ਕੇ, ਪੜ੍ਹਨ ਪਿੱਛੋਂ ਮੈਨੂੰ ਆਪਣੀ ਰਾਏ ਲਿਖਣ ਦੀ ਤਾਕੀਦ ਵੀ ਕੀਤੀ। ਇਹਨਾਂ ਵਿੱਚੋਂ ‘ਕੁਝ ਹੋਰ ਬਾਤਾਂ ਗਿਆਨੀ ਸੰਤੋਖ ਸਿੰਘ ਦੀਆਂ’ ਵਿੱਚ ਮੇਰਾ ਉਹਨਾਂ ਬਾਰੇ ਲਿਖਿਆ ਲੇਖ ਵੀ ਸ਼ਾਮਲ ਹੈ ਜੋ ਇਸ ਤੋਂ ਪਹਿਲਾਂ ਮੇਰੇ ਵਿਦਵਾਨ ਦੋਸਤ ਹਰਭਜਨ ਸਿੰਘ ਵਕਤਾ ਦੁਆਰਾ ਸੰਪਾਦਤ ਪੁਸਤਕ ‘ਇੱਕ ਵਿਲੱਖਣ ਸ਼ਖ਼ਸੀਅਤ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ’ ਵਿੱਚ ਵੀ ਸ਼ਾਮਲ ਹੈ। ਉਹਨਾਂ ਦੀ ਲਿਖਤ ਦੀ ਗੱਲ ਕਰੀਏ ਤਾਂ ਮੈਂ ‘ਪੰਜਾਬੀ ਸੱਥ ਲਾਂਬੜਾ’ ਦੇ ਹਵਾਲੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਇਹਨਾਂ ਦੀ ਲਿਖਤ ਵਿੱਚੋਂ ਕਦੇ ਪ੍ਰਿੰਸੀਪਲ ਤੇਜਾ ਸਿੰਘ ਦੀ ਸ਼ੈਲੀ ਦਿੱਸਦੀ ਹੈ ਤੇ ਕਦੇ ਰੂਸੀ ਲੇਖਕ ਰਸੂਲ ਹਮਜ਼ਾਤੋਵ ਦਾ ਝੌਲਾ ਪੈਂਦਾ ਹੈ। ਮਹਾਨ ਕੀਰਤਨੀਏ, ਪ੍ਰਚਾਰਕ, ਅਲਬੇਲੇ ਸਾਹਿਤਕਾਰ ਅਤੇ ਘੁਮੱਕੜ ਬਿਰਤੀ ਦੇ ਮਾਲਕ ਹੋਣ ਕਰਕੇ, ਉਹ ਬਹੁਪੱਖੀ ਸ਼ਖ਼ਸੀਅਤ ਦੇ ਧਾਰਨੀ ਹਨ। ਸਿੱਖ ਇਤਿਹਾਸ, ਗੁਰਬਾਣੀ, ਸਭਿਆਚਾਰ, ਪੰਜਾਬੀ ਭਾਸ਼ਾ, ਰਾਜਨੀਤੀ, ਆਲਮੀ ਭੂਗੋਲ ਅਤੇ ਧਾਰਮਿਕ ਗ੍ਰੰਥਾਂ ਦੀ ਡੂੰਘੀ ਸੂਝ ਰੱਖਣ ਵਾਲੇ, ਉਹ ਤੁਰਦੇ ਫਿਰਦੇ ਵਿਸ਼ਵ ਕੋਸ਼ ਹਨ।
ਪੰਡਤਾਊ ਜਾਂ ਬੋਝਲ ਸ਼ਬਦਾਵਲੀ ਤੋਂ ਰਹਿਤ ਉਹਨਾਂ ਦੀਆਂ ਲਿਖਤਾਂ ਪਾਠਕ ਦੇ ਧੁਰ ਅੰਦਰ ਤੱਕ ਰਸਾਈ ਕਰਨ ਦੀ ਤੌਫ਼ੀਕ ਰੱਖਦੀਆਂ ਹਨ। ਉਹਨਾਂ ਦੀਆਂ ਪੁਸਤਕਾਂ ਪੜ੍ਹਦਿਆਂ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਦਾਦਾ-ਦਾਦੀ ਦੀ ਗੋਦ ਵਿੱਚ ਬਹਿ ਕੇ ਬਾਤਾਂ ਸੁਣਦੇ ਹੋਈਏ। ਅੱਧੀ ਸਦੀ ਦੇ ਸਮੇ ਤੋਂ ਉਹ ਮਹਾਂਦੀਪਾਂ ਨੂੰ ਗਾਹ ਰਹੇ ਨੇ ਤੇ ਇਸ ਸਮੇ ਦੌਰਾਨ ਉਹਨਾਂ ਨੇ ਜੋ ਮਿੱਠੇ-ਕੁਸੈਲੇ ਤਜਰਬੇ ਹਾਸਲ ਕੀਤੇ, ਉਹਨਾਂ ਨੂੰ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਇਆ ਹੈ। ਉਹ ਬੜੇ ਗਹੁ ਨਾਲ ਵਿਸ਼ਿਆਂ ਦੀ ਬਰੀਕੀ ਵਿੱਚ ਜਾ ਕੇ ਪਾਠਕ ਨੂੰ ਸੰਤੁਸ਼ਟ ਕਰਦੇ ਹਨ। ਉਹਨਾਂ ਦੀ ਰਚਨਾ ਸਾਹਿਤ ਦੇ ਮੂਲ ਮੰਤਵ ਸਿੱਖਿਆ ਅਤੇ ਮਨੋਰੰਜਨ ਤੇ ਖਰੀ ਉਤਰਦੀ ਹੈ। ਪਾਠਕ ਨੂੰ ਉਂਗਲੀ ਲਾ ਕੇ ਨਾਲ ਤੋਰਨਾ ਕੋਈ ਇਹਨਾਂ ਤੋਂ ਸਿੱਖੇ।
‘ਕੁਝ ਹੋਰ ਬਾਤਾਂ ਗਿਆਨੀ ਸੰਤੋਖ ਸਿੰਘ ਦੀਆਂ’ ਪੁਸਤਕ ਪ੍ਰੋਫ਼ੈਸਰ ਮੋਹਨ ਸਿੰਘ ਦੁਆਰਾ ਸੰਪਾਦਤ ਕੀਤੀ ਗਈ ਹੈ ਜਿਸ ਵਿੱਚ ਗਿਆਨੀ ਜੀ ਦੇ ਜਾਣੂਆਂ ਵੱਲੋਂ ਉਹਨਾਂ ਦੀ ਸ਼ਖ਼ਸੀਅਤ ਤੇ ਲੇਖਣੀ ਦੀਆਂ ਬਾਤਾਂ ਪਾਈਆਂ ਗਈਆਂ ਹਨ। ਇਸ ਨੂੰ ਪੜ੍ਹ ਕੇ ਗਿਆਨੀ ਜੀ ਦੇ ਸਿੱਧੇ-ਸਾਦੇ ਜੀਵਨ ਪਿੱਛੇ ਲੁਕੇ ਕੱਦਾਵਾਰ ਇਨਸਾਨ ਦੇ ਭੇਤ ਖੁਲ੍ਹਦੇ ਹਨ। ਸੰਸਾਰ ਦੇ ਕੋਨੇ-ਕੋਨੇ ‘ਚ ਬੈਠੇ ਉਹਨਾਂ ਦੇ ਮੁਰੀਦਾਂ ਨੇ ਆਪੋ ਆਪਣੇ ਢੰਗ ਨਾਲ ਉਹਨਾਂ ਬਾਰੇ ਲਿਖਿਆ ਹੈ। ‘ਸਾਦੇ ਸਿਧਰੇ ਲੇਖ’ ਉਹਨਾਂ ਦੀ ਸਾਦੀ ਸਰਲ ਸ਼ਖ਼ਸ਼ਅਤ ਵਾਂਗ ਬੋਲ ਚਾਲ ਦੀ ਭਾਸ਼ਾ ਵਿੱਚ, ਵੱਖ ਵੱਖ ਵਿਸ਼ਿਆਂ ‘ਤੇ ਲਿਖੇ ਲੇਖ ਹਨ ਪਰ ਇਹਨਾਂ ਵਿਚਲੀ ਜਾਣਕਾਰੀ ਪੁਖਤਾ ਹੈ। ਗੱਲ ਪੰਜਾਬੀ ਸੂਬੇ ਦੇ ਇਤਿਹਾਸ ਦੀ ਹੋਵੇ ਜਾਂ ਗੁਰਮੁਖੀ ਅੱਖਰਾਂ ਦੀ ਬਰੀਕੀ ਦੀ, ਗਿਆਨੀ ਜੀ ਨੇ ਬੜੀ ਤਹਿ ਤੱਕ ਜਾ ਕੇ ਇਹਨਾਂ ਦੀ ਵਿਆਖਿਆ ਕੀਤੀ ਹੈ। ਉਹਨਾਂ ਦੀਆਂ ਕਿਤਾਬਾਂ ਦੇ ਸ਼ੁਰੂ ਵਿੱਚ ਲਿਖੇ ਇਹ ਸ਼ਬਦ: ”ਕੋਈ ਕਾਪੀ ਰਾਈਟ ਨਹੀਂ ,ਬਿਨਾਂ ਆਗਿਆ ਕੋਈ ਵੀ ਛਾਪੇ” ਦਰਿਆ ਦਿਲ ਤੇ ਸਮਰਪਤ ਭਾਵਨਾ ਵਾਲੀ ਮੋਕਲੀ ਸ਼ਖ਼ਸੀਅਤ ਦੀ ਸ਼ਾਹਦੀ ਭਰਦੇ ਹਨ। ਆਲੋਚਨਾ ਨੂੰ ਖਿੜੇ ਮੱਥੇ ਕਬੂਲ ਕਰਨਾ ਗਿਆਨੀ ਜੀ ਦੀ ਸਹਿਜ ਵਿੱਚ ਵਿਚਰਨ ਵਾਲੀ ਸ਼ਖ਼ਸ਼ਅਤ ਦਾ ਦੈਵੀ ਗੁਣ ਹੈ।
ਆਪਣੀ ‘ਕੁਝ ਏਧਰੋਂ ਕੁਝ ਓਧਰੋਂ’ ਨਾਮ ਦੀ ਦਸਵੀਂ ਪੁਸਤਕ ਵਿੱਚ, ਗਿਆਨੀ ਸੰਤੋਖ ਸਿੰਘ ਨੇ, ਆਪਣੀਆਂ ਯਾਤਰਾਵਾਂ ਸ਼ਖ਼ਸੀਅਤਾਂ ਤੇ ਹੋਰ ਫੁਟਕਲ ਵਿਸ਼ਿਆਂ ਨੂੰ ਸ਼ਾਮਲ ਕੀਤਾ ਹੈ। ਘਟਨਾਵਾਂ ਦਾ ਵੇਰਵਾ ਉਹਨਾਂ ਨੇ ਏਨੀ ਬਰੀਕੀ ਨਾਲ ਦਿੱਤਾ ਹੈ ਜਿਵੇਂ ਸਾਡੀਆਂ ਅੱਖਾਂ ਸਾਹਵੇਂ ਕੋਈ ਫਿਲਮ ਚੱਲ ਰਹੀ ਹੋਵੇ। ਆਪਣੇ ਦਿਲ ਦੇ ਬਾਈ ਪਾਸ ਵਾਲੇ ਆਪ੍ਰੇਸ਼ਨ ਦੀ ਵਾਰਤਾ ਉਹਨਾਂ ਨੇ ਆਪਣੇ ਸੁਭਾਅ ਵਾਂਗ ਹਾਸੇ ਠੱਠੇ ਵਿੱਚ ਸਹਿਜ ਸੁਭਾਅ ਹੀ ਬਿਆਨ ਕਰ ਦਿਤੀ ਹੈ।
ਬਿਹਾਰ ਸਰਕਾਰ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਸੌ ਪੰਜਾਹ ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ, ਸਰਕਾਰੀ ਤੌਰ ਤੇ ਸੱਦਾ ਮਿਲਣਾ ਤੇ ਓਥੋਂ ਦੇ ਪ੍ਰਬੰਧਾਂ ਅਤੇ ਗੋਸ਼ਟੀਆਂ ਬਾਰੇ ਬੜੇ ਵਧੀਆ ਅੰਦਾਜ਼ ਵਿੱਚ ਜ਼ਿਕਰ ਕੀਤਾ ਹੈ। ਗਲੋਬਲ ਪੰਜਾਬੀ ਮੀਡੀਆ ਦੇ ਨੌਜਵਾਨ ਐਂਕਰਾਂ ਨੇ ਉਹਨਾਂ ਨੂੰ ‘ਜਗਤ ਤਾਇਆ’ ਦਾ ਖਿਤਾਬ ਦਿੱਤਾ ਹੋਇਆ ਹੈ। ਪਲਾਂ ਛਿਣਾਂ ਵਿੱਚ ਹੀ ਅਣਜਾਣ ਬੰਦੇ ਨੂੰ ਆਪਣਾ ਬਣਾ ਲੈਣ ਵਾਲੇ ਗੁਣ ਕਰਕੇ, ਮੈਂ ਉਹਨਾਂ ਦੀ ਜ਼ਿੰਦਾਦਿਲੀ ਦਾ ਸਭ ਤੋਂ ਵੱਧ ਕਾਇਲ ਹਾਂ। ਉਦਾਸੀਆਂ, ਚਿੰਤਾਵਾਂ ਨੂੰ ਜੁੱਤੀ ਦੀ ਨੋਕ ‘ਤੇ ਰੱਖਣ ਵਾਲੇ ਗਿਆਨੀ ਜੀ, ਉਹ ਚਾਨਣ ਮੁਨਾਰਾ ਹਨ ਜਿਨ੍ਹਾਂ ਦੀ ਰੋਸ਼ਨੀ ਵਿੱਚ ਰਹਿ ਕੇ, ਜ਼ਿੰਦਗੀ ਪ੍ਰਤੀ ਸਕਾਰਾਤਮਕ ਪਹੁੰਚ ਰੱਖਣ ਦੀ ਪ੍ਰੇਰਨਾ ਮਿਲਦੀ ਹੈ। ਅਜਿਹੇ ਲੋਕ ਵਾਕਈ ਸਮਾਜ ਦਾ ਅਨਮੋਲ ਤੇ ਬਹੁਮੁੱਲਾ ਖਜ਼ਾਨਾ ਹਨ। ਮੇਰੀ ਪਰਵਦਗਾਰ ਅੱਗੇ ਅਰਦਾਸ ਹੈ ਕਿ ਇਹ ਸ਼ਖ਼ਸੀਅਤ ਏਸੇ ਤਰ੍ਹਾਂ ਆਪਣੇ ਵਿਚਾਰਾਂ ਤੇ ਮਿਲਣੀਆਂ ਦੀ ਮਹਿਕ ਖਿੰਡਾਉਂਦੀ ਰਹੇ! ਆਮੀਨ!

ਸਤਿੰਦਰ ਸਿੰਘ ਓਠੀ

Install Punjabi Akhbar App

Install
×