ਗਿਆਨੀ ਲਾਲ ਸਿੰਘ ਦੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਦੇਣ

160321 giani lal singh jiਗਿਆਨੀ ਲਾਲ ਸਿੰਘ ਉੱਚ ਸ਼ਖ਼ਸੀਅਤ ਦੇ ਸੁਆਮੀ ਸਨ। ਉਨ੍ਹਾਂ ਦੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਵਡਮੁੱਲੀ ਦੇਣ ਹੈ। ਪਿੰਡ ਦੌਧਰ ਜ਼ਿਲ੍ਹਾ ਮੋਗਾ (ਉਦੋਂ ਫ਼ਿਰੋਜ਼ਪੁਰ) ਵਿਖੇ 18 ਜਨਵਰੀ 1916 ਈ: ਵਿਚ ਇੱਕ ਮੱਧਵਰਗੀ ਕਿਸਾਨ ਪਰਿਵਾਰ ਵਿਚ ਪੈਦਾ ਹੋਏ ਗਿਆਨੀ ਜੀ ਨੇ ਉੱਚ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਨੇ ਵਿਭਿੰਨ ਪ੍ਰੀਖਿਆਵਾਂ ਵਿਚ ਜ਼ਿਲ੍ਹੇ, ਰਾਜ ਅਤੇ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਗਿਆਨੀ ਜੀ ਨੇ ਅਤੇ ਐਮ.ਏ ਦੀਆਂ ਪ੍ਰੀਖਿਆਵਾਂ ਵਿਚ ਸੋਨੇ ਦੇ ਤਮਗ਼ੇ ਜਿੱਤੇ।
ਗਿਆਨੀ ਜੀ ਦੀ ਸ਼ਖ਼ਸੀਅਤ ਦੀ ਉਸਾਰੀ ਨੂੰ ਸਮਝਣ ਲਈ ਉਨ੍ਹਾਂ ਦੇ ਵਿਦਿਆਰਥੀ ਅਤੇ ਮੁੱਢਲੇ ਸਮੇਂ ਦੀਆਂ ਸਮਾਜਿਕ, ਆਰਥਿਕ, ਰਾਜਨੀਤਕ, ਸਭਿਆਚਾਰਕ ਪ੍ਰਸਥਿਤੀਆਂ ‘ਤੇ ਝਾਤ ਮਾਰ ਲੈਣੀ ਉਚਿੱਤ ਹੈ। ਇਹ 1935 ਤੋਂ 1947 ਤਕ ਦਾ ਸਮਾਂ ਸੀ। ਉਨ੍ਹਾਂ ਨੇ ਸਕੂਲੀ ਸਿੱਖਿਆ ਪਿੰਡ ਦੌਧਰ, ਚੂਹੜਚੱਕ ਦੇ ਸਕੂਲਾਂ ‘ਚੋਂ ਪ੍ਰਾਪਤ ਕਰ ਕੇ ਬੀ.ਏ ਮੋਗਾ ਤੋਂ ਕੀਤੀ। ਫਿਰ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਅਤੇ ਐਮ.ਏ. ਰਾਜਨੀਤੀ ਵਿਗਿਆਨ ਕੀਤੀ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਧਰਮ-ਅਧਿਐਨ ਦਾ ਡਿਪਲੋਮਾ ਕੀਤਾ।
ਗਿਆਨੀ ਜੀ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਬਤੌਰ ਪ੍ਰਚਾਰਕ ਧਰਮ ਦਾ ਪ੍ਰਚਾਰ ਕੀਤਾ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਖੇ ਪ੍ਰਾਧਿਆਪਕ, ਵਾਈਸ ਪ੍ਰਿੰਸੀਪਲ ਅਤੇ ਪ੍ਰਿੰਸੀਪਲ ਦੇ ਤੌਰ ‘ਤੇ ਕਾਰਜਸ਼ੀਲ ਰਹੇ। ਉਨ੍ਹਾਂ ਨੇ ਸਿੱਖ ਨੈਸ਼ਨਲ ਕਾਲਜ ਲਾਹੌਰ ਵਿਖੇ ਵੀ ਸੇਵਾ ਕੀਤੀ। ਇਸ ਸਮੇਂ ਦੇਸ਼ ਵਿਚ ਆਜ਼ਾਦੀ ਦੀ ਲਹਿਰ ਪੂਰੇ ਜ਼ੋਰਾਂ ‘ਤੇ ਸੀ ਅਤੇ ਪੰਜਾਬ ਵਿਚ ਅਕਾਲੀ ਲਹਿਰ ਦਾ ਬਹੁਤ ਵੱਡਾ ਪ੍ਰਭਾਵ ਸੀ। ਸਿੱਖ ਰਾਜਨੀਤੀ ਆਪਣੀ ਕਰਵੱਟ ਲੈ ਰਹੀ ਸੀ। ਉਸ ਸਮੇਂ ਦੇ ਪ੍ਰਮੁੱਖ ਅਕਾਲੀ ਨੇਤਾ ਗਿਆਨੀ ਕਰਤਾਰ ਸਿੰਘ, ਮਾਸਟਰ ਤਾਰਾ ਸਿੰਘ, ਪ੍ਰਿੰਸੀਪਲ ਗੰਗਾ ਸਿੰਘ, ਪ੍ਰਿੰਸੀਪਲ ਨਿਰੰਜਨ ਸਿੰਘ ਨਾਲ ਆਪ ਦੇ ਬਹੁਤ ਕਰੀਬੀ ਸਬੰਧ ਸਨ। ਉਨ੍ਹਾਂ ਦੇ ਪ੍ਰਭਾਵ ਸਦਕਾ ਆਪ ਦੀ ਸ਼ਖ਼ਸੀਅਤ ਦੀ ਉਸਾਰੀ ਹੋਈ। ਅਜਿਹੇ ਹਾਲਾਤਾਂ ਵਿੱਚੋਂ ਗੁਜ਼ਰਨ ਕਰ ਕੇ ਉਨ੍ਹਾਂ ਦਾ ਵਿਸ਼ਵ-ਦ੍ਰਿਸ਼ਟੀਕੋਣ ਅਤੇ ਨਜ਼ਰੀਆ ਬਹੁਤ ਵਿਆਪਕ ਬਣਿਆ। ਰਾਜਨੀਤੀ ਵਿਗਿਆਨ ਦੇ ਵਿਦਿਆਰਥੀ ਹੋਣ ਦੇ ਨਾਲ-ਨਾਲ ਰਾਜਨੀਤਕ ਆਗੂਆਂ ਦੀ ਨਿਕਟ ਸੰਗਤ ਦਾ ਅਸਰ ਉਨ੍ਹਾਂ ਦੇ ਵਿਅਕਤਿਤਵ ‘ਤੇ ਪਿਆ।
ਇਸ ਕਾਰਣ ਹੀ ਉਹ ਬੇਬਾਕ ਅਤੇ ਨਿਡਰ ਹੋ ਕੇ ਆਪਣੀ  ਗੱਲ ਕਹਿ ਦਿੰਦੇ ਸਨ। ਉਨ੍ਹਾਂ ਨੂੰ ਰਾਜਨੀਤੀਵਾਨਾਂ ਦੇ ਪੈਂਤੜਿਆਂ ਦੀ ਪੂਰੀ ਸੋਝੀ ਸੀ, ਪਰ ਉਹ ਆਪ ਰਾਜਨੀਤੀ ਵਿਚ ਨਹੀਂ ਪਏ। ਉਨ੍ਹਾਂ ਨੇ ਧਰਮਾਂ ਦੇ ਸੰਦਰਭ ਵਿਚ ਸਿੱਖ ਫ਼ਲਸਫ਼ੇ ਦੀ ਮਹਾਨਤਾ ਨੂੰ ਬਹੁਤ ਪਹਿਲਾਂ ਭਾਂਪ ਲਿਆ ਸੀ। ਉਨ੍ਹਾਂ ਨੂੰ ਪੰਜਾਬੀ ਭਾਸ਼ਾ ਸਾਹਿਤ ਤੇ ਸਭਿਆਚਾਰ ਦੇ ਵਿਆਪਕ ਪਸਾਰਾਂ ਦਾ ਗਿਆਨ ਬਹੁਤ ਪਹਿਲਾਂ ਹੋ ਚੁੱਕਾ ਸੀ।
ਗਿਆਨੀ ਜੀ ਨੇ 1947 ਤੋਂ ਪਹਿਲਾਂ ਪੰਜਾਬ ਦੇ ਪ੍ਰਮੁੱਖ ਵਿੱਦਿਅਕ, ਸਾਹਿੱਤਿਕ, ਸਭਿਆਚਾਰਕ, ਭਾਸ਼ਾਈ, ਧਾਰਮਿਕ ਅਤੇ ਰਾਜਨੀਤਕ ਕੇਂਦਰਾਂ ਵਿਚ ਜਿਵੇਂ ਕਿ ਲਾਹੌਰ, ਅੰਮ੍ਰਿਤਸਰ, ਨਨਕਾਣਾ ਸਾਹਿਬ, ਪੰਜਾ ਸਾਹਿਬ, ਖਾਨੇਵਾਲ ਆਦਿ ਵਿਚ ਆਪਣੀ ਵਿਦਵਤਾ ਨਾਲ ਧਾਂਕ ਕਾਇਮ ਕਰ ਲਈ ਸੀ। ਆਪ ਉੱਚਕੋਟੀ ਦੇ ਬੁਲਾਰੇ ਅਤੇ ਧਾਰਮਿਕ ਸਟੇਜਾਂ ਤੋਂ ਦਿਲ-ਟੁੰਬਵਾਂ ਵਖਿਆਨ ਕਰ ਕੇ ਲੋਕਾਂ ਨੂੰ ਕੀਲ ਲੈਂਦੇ ਸਨ। ਇਨ੍ਹਾਂ ਕੇਂਦਰਾਂ ਤੋਂ ਉਨ੍ਹਾਂ ਨੇ ਲੋਕ ਉਭਾਰਾਂ ਅਤੇ ਲੋਕ ਮਾਨਸਿਕਤਾ ਨੂੰ ਬਹੁਤ ਬਰੀਕੀ ਨਾਲ ਘੋਖਿਆ ਅਤੇ ਸਮਝਿਆ। ਉਨ੍ਹਾਂ ਨੇ ਉਸ ਸਮੇਂ ਦੇ ਅੰਗਰੇਜ਼ ਸ਼ਾਸਕਾਂ ਅਤੇ ਨਵੀਂ ਉੱਭਰ ਰਹੀ ਮੱਧਵਰਗੀ ਜਮਾਤ ਜੋ ਲਾਹੌਰ ਜਿਹੇ ਮਹਾਂਨਗਰ ਵਿਚ ਵੱਡੀ ਗਿਣਤੀ ‘ਚ ਪਨਪ ਰਹੀ ਸੀ, ਦੇ ਵਿਚਾਰ ਪ੍ਰਬੰਧ ਨੂੰ ਵਿਸ਼ਵ ਵਿਆਪੀ ਪਸਾਰੇ ਦੇ ਸੰਦਰਭ ਵਿਚ ਰੱਖ ਕੇ ਵਿਸ਼ਲੇਸ਼ਣ ਕੀਤਾ। ਉਨ੍ਹਾਂ ਨੇ ਆਪਣੇ ਵਿਚਾਰਾਂ ਨੂੰ ਅਮਲ ਦੀ ਕਸਵੱਟੀ ‘ਤੇ ਵੀ ਪਰਖਿਆ, ਕਿਉਂਕਿ ਉਹ ਇੱਕ ਪ੍ਰਾਧਿਆਪਕ ਹੋਣ ਦੇ ਨਾਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਹੋਣ ਸਦਕਾ ਲੋਕ ਇਕੱਠਾਂ ਵਿਚ ਆਪਣੇ ਭਾਵ ਪ੍ਰਗਟਾਉਂਦੇ ਸਨ ਅਤੇ ਲੋਕਾਂ ਤੋਂ ਫੀਡ ਬੈਕ ਲੈ ਕੇ ਆਪਣੀਆਂ ਧਾਰਨਾਵਾਂ ਨੂੰ ਹੋਰ ਪੁਖ਼ਤਾ ਕਰਦੇ ਰਹਿੰਦੇ ਸਨ। ਇਹੋ ਉਨ੍ਹਾਂ ਦੀ ਕਾਮਯਾਬੀ ਦਾ ਰਾਜ਼ ਸੀ।
1947 ਦੀ ਵੰਡ ਤੋਂ ਬਾਅਦ ਉਹ ਪਟਿਆਲਾ ਵਿਖੇ ਆ ਗਏ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਨਾਰਥੀਆਂ ਦੇ ਪੁਨਰਵਾਸ ਅਧਿਕਾਰੀ ਦੇ ਤੌਰ ‘ਤੇ ਕੰਮ ਕਰ ਕੇ ਸ਼ਰਨਾਰਥੀਆਂ ਦੇ ਵਸੇਬੇ ਲਈ ਸ਼ਲਾਘਾਯੋਗ ਕੰਮ ਕੀਤਾ। ਉਹ ਆਪਣੇ ਕੰਮ ਦਾ ਪ੍ਰਭਾਵ ਛੱਡਦੇ ਸਨ। ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਪੈਪਸੂ ਸਰਕਾਰ ਵੱਲੋਂ ਕਾਇਮ ਕੀਤੇ, ਮਹਿਕਮਾ ਪੰਜਾਬੀ, ਵਿਚ ਉਹ ਸਹਾਇਕ ਓ.ਐਸ.ਡੀ ਨਿਯੁਕਤ ਹੋਏ। ਫਿਰ ਜਿਵੇਂ ਜਿਵੇਂ ਮਹਿਕਮਾ ਵਧਦਾ ਗਿਆ ਗਿਆਨੀ ਜੀ ਵੀ ਤਰੱਕੀਆਂ ਕਰਦੇ ਗਏ। ਪਹਿਲਾਂ ਸਹਾਇਕ ਡਾਇਰੈਕਟਰ ਬਣੇ, ਪੈਪਸੂ ਅਤੇ ਪੰਜਾਬ ਦੇ ਏਕੀਕਰਣ ਉਪਰੰਤ ਮਹਿਕਮਾ ਪੰਜਾਬੀ, ਭਾਸ਼ਾ ਵਿਭਾਗ ਪੰਜਾਬ ਬਣ ਗਿਆ। ਗਿਆਨੀ ਜੀ 5-9-1959 ਨੂੰ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਬਣੇ ਅਤੇ ਫਿਰ ਡਾਇਰੈਕਟਰ ਜਨਰਲ ਭਾਸ਼ਾ ਵਿਭਾਗ ਪੰਜਾਬ ਬਣ ਗਏ।
ਗਿਆਨੀ ਜੀ ਦੀ ਰਹਿਨੁਮਾਈ ਹੇਠ ਭਾਸ਼ਾ ਵਿਭਾਗ ਨੇ ਬਹੁਤ ਤਰੱਕੀ ਕੀਤੀ। ਬਹੁਤ ਸਾਰਾ ਅਣਛਪਿਆ ਸਾਹਿਤ ਛਪ ਕੇ ਸਾਹਮਣੇ ਆਇਆ। ਪਹਿਲਾਂ ਛਪੇ ਹੋਏ ਸਾਹਿੱਤਿਕ ਗ੍ਰੰਥਾਂ ਦਾ ਪੁਨਰ-ਪ੍ਰਕਾਸ਼ਨ ਕੀਤਾ ਗਿਆ। ਗੁਰਸ਼ਬਦ ਰਤਨਾਕਰ ਮਹਾਨ ਕੋਸ਼, ਤਵਾਰੀਖ ਗੁਰੂ ਖ਼ਾਲਸਾ, ਪੰਜਾਬੀ ਪੰਜਾਬੀ ਕੋਸ਼, ਸਿੱਖ ਰਾਜ ਨਾਲ ਸਬੰਧਤ ਦੁਰਲੱਭ ਦਸਤਾਵੇਜ਼ ਜੋ ਅੰਗਰੇਜ਼ੀ ਵਿਚ ਸਨ, ਉਹ ਪ੍ਰਕਾਸ਼ਿਤ ਕੀਤੇ। ਦੂਸਰੀਆਂ ਭਾਸ਼ਾਵਾਂ ਦੇ ਪੰਜਾਬੀ ਅਨੁਵਾਦ ਛਾਪ ਕੇ ਸਸਤੇ ਮੁੱਲ ‘ਤੇ ਪਾਠਕਾਂ ਨੂੰ ਉਪਲਬਧ ਕਰਵਾਏ ਗਏ। ਇਸ ਪ੍ਰਕਾਰ ਪੰਜਾਬ ਵਿਚ ਪੁਸਤਕ ਲਹਿਰ ਪੈਦਾ ਕੀਤੀ।
ਗਿਆਨੀ ਜੀ ਨੇ ਪੰਜਾਬੀ ਯੂਨੀਵਰਸਿਟੀ ਦੀ ਸਥਾਪਤੀ ਵਿਚ ਬਹੁਤ ਵੱਡਾ ਯੋਗਦਾਨ ਪਾਇਆ। ਉਨ੍ਹਾਂ ਦੀ ਪ੍ਰਤਿਭਾ ਦਾ ਹੀ ਕਰਿਸ਼ਮਾ ਸੀ ਕਿ ਯੂਨੀਵਰਸਿਟੀ ਦੇ ਉਦਘਾਟਨ ਸਮੇਂ ਭਾਰਤ ਦੇ ਰਾਸ਼ਟਰਪਤੀ ਡਾ. ਰਾਧਾ ਕ੍ਰਿਸ਼ਨਨ ਦੇ ਅੰਗਰੇਜ਼ੀ ਭਾਸ਼ਣ ਦਾ ਪੰਜਾਬੀ ਰੂਪ ਨਾਲੋਂ-ਨਾਲ ਬਹੁਤ ਦਿਲਕਸ਼ ਅੰਦਾਜ਼ ਵਿਚ ਪੇਸ਼ ਕਰ ਕੇ ਉਤਕ੍ਰਿਸ਼ਟ ਵਿਦਵਾਨਾਂ ਉੱਚ ਸ਼ਖ਼ਸੀਅਤਾਂ ਅਤੇ ਭਾਰੀ ਇਕੱਠ ਨੂੰ ਅਸ਼-ਅਸ਼ ਕਰਨ ਲਾ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਅਤੇ ਗਿਆਨੀ ਜੀ ਦੀ ਰਾਸ਼ਟਰਪਤੀ ਜੀ ਨਾਲ ਬਹੁਤ ਗਹਿਰੀ ਮਿੱਤਰਤਾ ਹੋ ਗਈ ਸੀ। ਡਾ. ਰਾਧਾ ਕ੍ਰਿਸ਼ਨਨ ਜੋ ਆਪ ਬਹੁਤ ਵੱਡੇ ਚਿੰਤਕ ਸਨ। ਗਿਆਨੀ ਜੀ ਦੀ ਵਿਦਵਤਾ ਤੋਂ ਬਹੁਤ ਪ੍ਰਭਾਵਿਤ ਹੋਏ ਸਨ।
ਗਿਆਨੀ ਜੀ ਨੇ ਆਪਣੇ ਹਮਜਮਾਤੀ ਤਤਕਾਲੀਨ ਮੁੱਖ ਮੰਤਰੀ ਸ. ਲਛਮਣ ਸਿੰਘ ਗਿੱਲ ਦੀ ਸਰਕਾਰ ਤੋਂ ਪੰਜਾਬ ਰਾਜ ਭਾਸ਼ਾ ਐਕਟ 1967 ਪਾਸ ਕਰਾ ਕੇ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿਵਾਇਆ। ਇਹ ਇੱਕ ਇਨਕਲਾਬੀ ਕਦਮ ਸੀ। ਸਮੁੱਚੀ ਰਾਜ ਮਸ਼ੀਨਰੀ ਨੂੰ ਪੰਜਾਬੀ ਭਾਸ਼ਾ ਪ੍ਰਤੀ ਨਵਾਂ ਗੇੜਾ ਦਿੱਤਾ। ਇਸ ਨਾਲ ਪੰਜਾਬੀ ਭਾਸ਼ਾ, ਸਾਹਿਤ ਲਈ ਇੱਕ ਨਵਾਂ ਅਧਿਆਇ ਖੁੱਲ੍ਹਿਆ।
ਆਪ ਦਾ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਧਿਐਨ, ਧਰਮ, ਇਤਿਹਾਸ ਅਧਿਐਨ ਸਬੰਧੀ ਵਿਭਾਗਾਂ ਦੀ ਸਥਾਪਤੀ ਵਿਚ ਵੱਡਾ ਯੋਗਦਾਨ ਸੀ। ਉਹ ਅੰਤਿਮ ਸਮੇਂ ਤਕ ਪੰਜਾਬੀ ਯੂਨੀਵਰਸਿਟੀ ਦੀ ਸਿੰਡੀਕੇਟ ਸੈਨੇਟ ਦੇ ਮੈਂਬਰ ਰਹੇ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਦੇ ਵੀ ਮੈਂਬਰ ਰਹੇ। ਆਪ ਦੀਆਂ ਪੰਜਾਬੀ ਭਾਸ਼ਾ ਸਾਹਿਤ ਤੇ ਸਮਾਜਿਕ ਪ੍ਰਾਪਤੀਆਂ ਦੀ ਕਦਰ ਕਰਦੇ ਹੋਏ ਪੰਜਾਬ ਸਰਕਾਰ ਨੇ ਭਾਸ਼ਾ ਵਿਭਾਗ ‘ਚੋਂ ਸੇਵਾ ਮੁਕਤ ਹੋਣ ‘ਤੇ ਪੰਜਾਬ ਲੋਕ ਸੇਵਾ ਕਮਿਸ਼ਨ ਦਾ ਮੈਂਬਰ ਲਗਾ ਦਿੱਤਾ। ਇੱਥੇ ਆਪ ਨੇ ਪੰਜਾਬੀ ਭਾਸ਼ਾ ਤੇ ਸਾਹਿਤ ਲਈ ਆਪਣੇ ਕਾਰਜ ਜਾਰੀ ਰੱਖੇ। ਆਪ 12 ਜੂਨ 1971 ਤੋਂ 3 ਮਾਰਚ 1974 ਤਕ ਕਮਿਸ਼ਨ ਦੇ ਮੈਂਬਰ ਰਹੇ ਤੇ ਫਿਰ 1 ਅਪ੍ਰੈਲ 1974 ਤੋਂ 26 ਦਸੰਬਰ 1975 ਤਕ ਕਮਿਸ਼ਨ ਦੇ ਚੇਅਰਮੈਨ ਰਹੇ। ਚੇਅਰਮੈਨ ਦੇ ਕਾਰਜਕਾਲ ਦੌਰਾਨ ਆਪ ਨੇ ਆਪਣੇ ਪ੍ਰਭਾਵ ਸਦਕਾ ਯੂ.ਪੀ, ਐਸ.ਸੀ ਵਿਚ ਪੰਜਾਬੀ ਭਾਸ਼ਾ ਸਮੇਤ ਹੋਰ ਖੇਤਰੀ ਭਾਸ਼ਾਵਾਂ ਨੂੰ ਵਿਸ਼ੇ ਵਜੋਂ ਸ਼ਾਮਲ ਕਰਾਇਆ।
ਗਿਆਨੀ ਲਾਲ ਸਿੰਘ ਜੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਵੀ ਰਹੇ। ਪੰਜਾਬੀ ਸਾਹਿਤ ਅਕਾਦਮੀ ਲਈ ਆਰਥਿਕ ਵਸੀਲੇ ਜੁਟਾ ਕੇ ਪੱਕੇ ਪੈਰੀਂ ਕੀਤਾ। ਗਿਆਨੀ ਜੀ ਦੀਆਂ ਇਨ੍ਹਾਂ ਘਾਲਣਾਵਾਂ ਦੇ ਸਦਕਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪ ਨੂੰ 1991 ਵਿਚ ਡੀ.ਲਿਟ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ। ਆਪ ਪੰਜਾਬੀ ਯੂਨੀਵਰਸਿਟੀ ਦੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਆਨਰੇਰੀ ਪ੍ਰੋਫੈਸਰ ਅਖੀਰ ਤੱਕ ਰਹੇ।
ਬਹੁਪੱਖੀ ਤੇ ਬਹੁਭਾਂਤੀ ਵਿਅਕਤਿਤਵ ਦੇ ਮਾਲਕ ਗਿਆਨੀ ਲਾਲ ਸਿੰਘ 17 ਮਈ 1996 ਨੂੰ ਸਦੀਵੀ ਵਿਛੋੜਾ ਦੇ ਗਏ। ਅਜਿਹੇ ਮਹਾਨ ਵਿਅਕਤੀ ਬਹੁਤ ਘੱਟ ਹੀ ਹੁੰਦੇ ਹਨ। ਉਨ੍ਹਾਂ ਦਾ ਪ੍ਰਭਾਵ, ਉਨ੍ਹਾਂ ਦਾ ਕੰਮ ਤੇ ਦੇਣ ਅੱਜ ਵੀ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਤੇ ਪ੍ਰਸੰਗਕ ਹੈ।

ਡਾ.ਰਮਿੰਦਰ ਕੌਰ
ਅਕਾਲ ਡਿਗਰੀ ਕਾਲਜ ਲੜਕੀਆਂ, ਸੰਗਰੂਰ
01672-2504561
Email- jagointernationalpatiala@gmail.com

Install Punjabi Akhbar App

Install
×