ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਮਿਲੇ ਬਾਪੂ ਸੂਰਤ ਸਿੰਘ ਨੂੰ

BREAKING-NEWS-Bapu-Surat-Singh-Khalsa
ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਪ੍ਰਮੁੱਖ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਵਫਦ ਨਾਲ ਬਾਪੂ ਸੂਰਤ ਸਿੰਘ ਜੀ ਨੂੰ ਮਿਲਣ ਵਾਸਤੇ ਡੀ.ਐਮ.ਸੀ. ਹਸਪਤਾਲ ਪੁੱਜੇ। ਲਗ-ਭਗ ਤਿੰਨ ਘੰਟੇ ਦੀ ਉਡੀਕ ਬਾਅਦ ਸਿਰਫ ਗਿਆਨੀ ਕੇਵਲ ਸਿੰਘ ਨੂੰ ਹੀ ਮਿਲਣ ਦਿੱਤਾ ਗਿਆ। ਬਾਪੂ ਸੂਰਤ ਸਿੰਘ ਕੋਈ ਗੱਲ-ਬਾਤ ਕਰਨ ਦੀ ਸਥਿਤੀ ਵਿਚ ਨਹੀਂ ਸਨ ਅਤੇ ਉਹਨਾਂ ਦੀ ਸਿਹਤ ਦੀ ਹਾਲਤ ਅਤਿ ਨਾਜ਼ਕ ਹੈ। ਸਿੰਘ ਸਾਹਿਬ ਨੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਪ੍ਰਸ਼ਾਸ਼ਨ ਕੋਲ ਰੋਸ ਜਿਤਾਇਆ ਕਿ ਦੇਸ਼ ਦੇ ਨਾਗਰਿਕਾਂ ਅਤੇ ਵਿਦੇਸ਼ ਤੋਂ ਆਏ ਸਬੰਧੀਆਂ ਨੂੰ ਮਿਲਣ ਤੋਂ ਰੋਕਣਾ ਸੰਵਿਧਾਨ ਦੀ ਉਲੰਘਣਾ ਹੈ। ਇਸ ਨਾਲ ਸਮਾਜ ਦੇ ਸਨਮਾਨਯੋਗ ਲੋਕਾਂ ਅੰਦਰ ਵੀ ਰੋਸ ਲਹਿਰ ਪੈਦਾ ਹੋ ਰਹੀ ਹੈ। ਉਹਨਾਂ ਕਿਹਾ ਕਿ ਦੇਸ਼-ਵਿਦੇਸ਼ ਦੇ ਮਨੋਵਿਗਿਆਨੀਆਂ ਤੇ ਸਮਾਜ-ਵਿਗਿਆਨੀਆਂ ਤੋਂ ਅਧਿਐਨ ਕਰਵਾ ਲੈਣਾ ਚਾਹੀਦਾ ਹੈ ਕਿ ਸਰਕਾਰ ਤੇ ਪੁਲਿਸ ਵਲੋਂ ਅਪਣਾਏ ਜਾ ਰਹੇ ਢੰਗ ਤਰੀਕੇ ਮਾਹੌਲ ਨੂੰ ਸਾਜਗਾਰ ਬਣਾ ਰਹੇ ਹਨ ਜਾਂ ਤਣਾਅ ਪੈਦਾ ਕਰ ਰਹੇ ਹਨ।
ਉਹਨਾਂ ਸੁਨੇਹਾ ਦਿੱਤਾ ਕਿ ਕਿ ਇਹ ਮਸਲਾ ਕੌਮੀ ਹੈ। ਪੰਜਾਬੀਆਂ ਅਤੇ ਸਿੱਖਾਂ ਦੀਆਂ ਮੰਗਾਂ ਨੂੰ ਲਟਕਾਈ ਰੱਖਣਾ ਅਤੇ ਕਦੇ ਸੁਹਿਰਦਤਾ ਵਿਖਾਉਣ ਦੀ ਥਾਂ ਹਮੇਸ਼ਾਂ ਦਬਾਉਣ ਦੀਆਂ ਨੀਤੀਆਂ ਇਸ ਮਸਲੇ ਦੀ ਪਿੱਠ-ਭੂਮੀ ਹੈ। ਇਸ ਲਈ ਰਾਜਸੀ ਕੈਦੀਆਂ ਨੂੰ ਰਿਹਾਅ ਕਰਨ ਕਰਾਉਣ ਦਾ ਰਸਤਾ ਫੜਨਾ ਚਾਹੀਦਾ ਹੈ ਅਤੇ ਮੁੱਖ ਮੰਤਰੀ ਜਾਂ ਗ੍ਰਹਿ ਮੰਤਰੀ ਨੂੰ ਬਹੁਤ ਦੇਰ ਪਹਿਲਾਂ ਬਾਪੂ ਨਾਲ ਸਿੱਧਾ ਸੰਪਰਕ ਸਾਦ ਕੇ ਭਰੋਸੇਯੋਗ ਹਾਲਾਤ ਪੈਦਾ ਕਰ ਲੈਣੇ ਚਾਹੀਦੇ ਸਨ। ਅੱਜ ਵੀ ਸਰਕਾਰ ਨੂੰ ਮਸਲੇ ਦੇ ਹੱਲ ਲਈ ਸਿੱਖ ਪੰਥ ਨਾਲ ਬੈਠ ਕੇ ਵਿਉਂਤਬੰਦੀ ਕਰ ਲੈਣੀ ਚਾਹੀਦੀ ਹੈ। ਜੇਕਰ ਬਾਪੂ ਜੀ ਦੀ ਜਾਨ ਚਲੇ ਜਾਂਦੀ ਹੈ ਤਾਂ ਪਤਾ ਨਹੀਂ ਕੌਮ ਨੂੰ ਕਿਸ ਸੰਤਾਪ ਵਿਚੋਂ ਗੁਜ਼ਰਨਾ ਪਵੇਗਾ। ਇਸ ਲਈ ਪੰਥ ਪਦਵੀਆਂ ਤੇ ਬੈਠੇ ਸੱਜਣਾਂ ਤੇ ਸਰਕਾਰਾਂ ਨੂੰ ਕੋਈ ਮੌਕਾ ਖੁੰਝਾਉਣਾ ਨਹੀਂ ਚਾਹੀਦਾ , ਪੂਰੀ ਸਿਆਣਪ ਵਰਤਣ ਵਿਚ ਕੰਜੂਸੀ ਵੀ ਨਹੀਂ ਕਰਨੀ ਚਾਹੀਦੀ।