ਗਿਆਨ ਸਿੰਘ ਸੰਧੂ ਦੀਆਂ ਦੋ ਸ਼ਾਹਮੁਖੀ ਕਿਤਾਬਾਂ ਕਸ਼ਮੀਰ ਵਿਚ ਰਿਲੀਜ਼

(ਸਰੀ)- ਕੈਨੇਡਾ ਦੇ ਨਾਮਵਰ ਸਿੱਖ ਸਕਾਲਰ ਸਰਦਾਰ ਗਿਆਨ ਸਿੰਘ ਸੰਧੂ ਦੀਆਂ ਦੋ ਸ਼ਾਹਮੁਖੀ ਕਿਤਾਬਾਂ ਦੀ ਘੁੰਡ-ਚੁਕਾਈ ਕਸ਼ਮੀਰ ਜਨਤੇ ਬੇਨਜ਼ੀਰ ਵਿੱਚ ਬਹੁਤ ਹੀ ਭਾਵਪੂਰਤ ਮਾਹੌਲ ਵਿੱਚ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਡਾ. ਜਸਬੀਰ ਸਿੰਘ ਸਰਨਾ ਨੇ ਦੱਸਿਆ ਹੈ ਕਿ ਡਾ. ਕੀਰਤ ਸਿੰਘ ਇਨਕਲਾਬੀ, ਡਾ. ਚਿੰਤਨਜੀਤ ਕੌਰ, ਬਲਜੀਤ ਕੌਰ, ਡਾ. ਜਸਬੀਰ ਸਿੰਘ ਸਰਨਾ, ਪਰਮਜੀਤ ਕੌਰ ਅਤੇ ਇੰਜੀਨੀਅਰ ਤਰਨਜੋਤ ਸਿੰਘ ਨੇ ਇਹ ਕਿਤਾਬਾਂ ਰਿਲੀਜ਼ ਕਰਨ ਦੀ ਰਸਮ ਸਾਂਝੇ ਤੌਰ ‘ਤੇ ਅਦਾ ਕੀਤੀ।

ਸ਼ੁਰੂਆਤ ਵਿਚ ਡਾ. ਜਸਬੀਰ ਸਿੰਘ ਸਰਨਾ ਨੇ ਗਿਆਨ ਸਿੰਘ ਸੰਧੂ ਬਾਰੇ ਸੰਖੇਪ ਸ਼ਬਦਾਂ ਵਿੱਚ ਜਾਣ-ਪਛਾਣ ਕਰਵਾਈ ਅਤੇ ਬਾਅਦ ਵਿੱਚ ਉਨ੍ਹਾਂ ਦੇ ਸੰਘਰਸ਼ਸ਼ੀਲ ਜੀਵਨ ਬਾਰੇ ਭਾਵਪੂਰਤ ਚਾਨਣਾ ਪਾਇਆ। ਉਸ ਤੋਂ ਬਾਅਦ ‘ਜਿਹਲਮ ਦਾ ਪਾਣੀ’  ਦੇ ਚੀਫ਼ ਐਡੀਟਰ ਡਾ. ਕੀਰਤ ਸਿੰਘ ਇਨਕਲਾਬੀ ਨੇ ਦੋਵਾਂ ਕਿਤਾਬਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਪੱਛਮੀ ਪੰਜਾਬ ਦੇ ਹਰਮਨ ਪਿਆਰੇ ਅਦੀਬ ਪ੍ਰੋ. ਆਸ਼ਿਕ ਰਹੀਲ ਦਾ ਖਾਸ ਤੌਰ ‘ਤੇ ਧੰਨਵਾਦ ਕੀਤਾ ਜਿਨ੍ਹਾਂ ‘ਅਣਗਾਹੇ ਰਾਹ’ ਦਾ ਸ਼ਾਹਮੁਖੀ ਵਿੱਚ ਖੂਬਸੂਰਤੀ ਨਾਲ ਲਿਪੀਅੰਤਰ ਕੀਤਾ ਹੈ ਅਤੇ ਕੈਨੇਡਾ ਦੇ ਸਰਗਰਮ ਸਿੱਖ ਸਕਾਲਰ ਸਰਦਾਰ ਜੈਤੇਗ ਸਿੰਘ ਅਨੰਤ ਦਾ ਦਿਲੋਂ ਧੰਨਵਾਦ ਕੀਤਾ ਜੋ ਇਨ੍ਹਾਂ ਸਾਰੇ ਕੰਮਾਂ ਲਈ ਮੋਹਰੀ ਹੋ ਕੇ ਚੁੰਬਕੀ ਸ਼ਕਤੀ ਦੀ ਕਸ਼ਿਸ਼ ਰੱਖਦੇ ਹਨ। ਸਰਦਾਰ ਗਿਆਨ ਸਿੰਘ ਨੇ ਇਸ ਕਿਤਾਬ ਵਿੱਚ ਸਵੈ-ਜੀਵਨੀ, ਇਤਿਹਾਸ, ਸਫਰਨਾਮਾ, ਸੰਘਰਸ਼ਮਈ ਗਾਥਾ ਆਦਿ  ਨੂੰ  ਪਾਠਕਾਂ ਦੇ ਕੈਨਵਸ ‘ਤੇ ਉਤਾਰਨ ਦਾ ਬੇਬਾਕੀ ਨਾਲ ਯਤਨ ਕੀਤਾ ਹੈ। ਇਹ ਕਿਤਾਬ ਪਹਿਲਾਂ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋਈ ਸੀ, ਫ਼ਿਰ ਗੁਰਮੁਖੀ  ਅਤੇ ਹੁਣ ਸ਼ਾਹਮੁਖੀ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ ਤਾਂ ਜੋ ਦੋਵਾਂ ਪੰਜਾਬਾਂ ਦੇ ਪਾਠਕ ਇਸ ਨੂੰ ਪੜ੍ਹ ਕੇ ਆਨੰਦ ਲੈ ਸਕਣ।

ਦੂਜੀ ਕਿਤਾਬ  ‘ਸਿੱਖ ਧਰਮ ਬਾਰੇ 20 ਮਿੰਟਾਂ ਦੀ ਜਾਣਕਾਰੀ’ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਂਝੇ ਪੰਜਾਬ ਦੀ ਧੀ ਅਤੇ ਝੰਗ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਪ੍ਰੋ. ਡਾ. ਨਬੀਲਾ ਰਹਿਮਾਨ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਇਸ ਦਾ ਸ਼ਾਹਮੁਖੀ ਵਿੱਚ ਲਿਪੀ ਅੰਤਰ ਕਰਕੇ ਪੰਜਾਬੀਅਤ ਦਾ ਮਾਣ ਵਧਾਇਆ ਹੈ। ਅਖੀਰ ਵਿਚ ਉਨ੍ਹਾਂ ਸਰਦਾਰ ਗਿਆਨ ਸਿੰਘ ਸੰਧੂ, ਪ੍ਰੋ ਆਸ਼ਿਕ ਰਹੀਲ, ਪ੍ਰੋ ਡਾ. ਨਬੀਲਾ ਰਹਿਮਾਨ ਅਤੇ ਨਾਮਵਰ ਸਿੱਖ ਚਿੰਤਕ ਜੈਤੇਗ ਸਿੰਘ ਅਨੰਤ ਨੂੰ ਇਨ੍ਹਾਂ ਕਿਤਾਬਾਂ ਦੀ ਪ੍ਰਕਾਸ਼ਨਾ ਲਈ ਦਿਲੀ ਮੁਬਾਰਕਬਾਦ ਦਿੱਤੀ।

(ਹਰਦਮ ਮਾਨ) +1 604 308 6663

maanbabushahi@gmail.com