ਆਪਸੀ ਸਾਂਝ ਦਾ ਪ੍ਰਤੀਕ ਸਨ ਘਰਾਟ

ਸਿਆਣੇ ਕਹਿੰਦੇ ਹਨ ਕਿ ਸਮਾਂ ਬੜਾ ਬਲਵਾਨ ਹੁੰਦਾ ਹੈ। ਸਮੇਂ ਦੇ ਮੁਤਾਬਿਕ ਅਤੇ ਮਨੁੱਖ ਦੀਆਂ ਲੋੜਾਂ ਦੇ ਅਨੁਸਾਰ ਕਈ ਚੀਜ਼ਾਂ ਹੋਂਦ ਵਿਚ ਆਉਂਦੀਆਂ ਹਨ , ਪ੍ਰੰਤੂ  ਸਮੇਂ ਅਨੁਸਾਰ ਹੋਈਆਂ ਨਵੀਆਂ – ਨਵੀਆਂ ਕਾਢਾਂ ਨਾਲ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਹਿੱਤ ਕਈ ਪੁਰਾਣੀਆਂ ਚੀਜ਼ਾਂ ਖ਼ਤਮ ਹੋ ਜਾਂਦੀਆਂ ਹਨ ਤੇ ਹੋਰ ਨਵੀਆਂ ਹੋਂਦ ਵਿੱਚ ਆ ਜਾਂਦੀਆਂ ਹਨ। ਸਮਾਂ – ਵਿਆਹ ਚੁੱਕੀਆਂ ਵਸਤਾਂ ਤੇ ਯਾਦਾਂ ਵਿਚੋਂ ਘਰਾਟਾਂ ਦੀ ਆਪਣੇ ਸਮੇਂ ਪੂਰੀ ਸਰਦਾਰੀ ਸੀ ਅਤੇ ਘਰਾਟ ਪੂਰਨ ਤੌਰ ‘ਤੇ ਸਮਾਜਿਕ ਤਾਣੇ – ਬਾਣੇ ਦੀ ਏਕਤਾ ਨੂੰ ਇੱਕ ਸੂਤਰ ਵਿੱਚ ਪਰੋਅ ਕੇ ਰੱਖਣ ‘ਚ ਸਹਾਇਕ ਸਿੱਧ ਹੋਏ। ਕਈ ਦਹਾਕੇ ਪਹਿਲਾਂ ਅਨਾਜ ਪਿਸਵਾਉਣ ਲਈ ਵੱਖੋ – ਵੱਖ ਥਾਵਾਂ ‘ਤੇ ਚਲਦੇ ਪਾਣੀ ਦੀ ਸਥਿਤੀ ਦੇ ਅਨੁਸਾਰ ਘਰਾਟ ਲਗਾਏ ਗਏ ਹੁੰਦੇ ਸੀ। ਇਹ ਇੱਕ ਤਰ੍ਹਾਂ ਦੀ ਪਣ – ਚੱਕੀ ਹੁੰਦੀ ਸੀ , ਜਿਸ ‘ਤੇ ਕਾਰਜ ਕਰਨ ਲਈ ਨਿਰੰਤਰ ਚਲਦੇ ਪਾਣੀ ਦੀ ਹੋਂਦ ਯਥਾਸੰਭਵ ਮਾਤਰਾ ਵਿੱਚ ਜ਼ਰੂਰੀ ਹੁੰਦੀ ਸੀ। ਘਰਾਟਾਂ ਦੀ ਹੋਂਦ ਆਜ਼ਾਦੀ ਤੋਂ ਪਹਿਲਾਂ ਤੇ ਬਾਅਦ ਵਿੱਚ ਵੀ ਬਰਕਰਾਰ ਰਹੀ। ਪਿੰਡਾਂ ਦੇ ਲੋਕ ਗੱਡਿਆਂ , ਊਠਾਂ , ਖੱਚਰਾਂ ਜਾਂ ਊਠਾਂ ਵਾਲੀਆਂ ਗੱਡੀਆਂ ‘ਤੇ ਅਨਾਜ ਲੱਦ ਕੇ ਘਰਾਟਾਂ ਤੱਕ ਪਹੁੰਚਾਉਂਦੇ ਹੁੰਦੇ ਸੀ। ਸਾਰੀ – ਸਾਰੀ ਰਾਤ ਘਰਾਟਾਂ ‘ਤੇ ਹੀ ਰਹਿੰਦੇ ਅਤੇ ਵਾਰੀ ਆਉਣ ‘ਤੇ ਅਨਾਜ ਦੀ ਪਿਸਾਈ ਕਰਵਾ ਕੇ ਹੀ ਘਰਾਂ ਨੂੰ ਵਾਪਸ ਪਰਤਦੇ ਸਨ। ਘਰਾਟਾਂ ‘ਤੇ ਰਾਤ ਬਿਤਾਉਣ ਲਈ  ਲੋਕਾਂ ਦੇ ਠਹਿਰਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੁੰਦਾ ਸੀ। ਇੱਥੋਂ ਤੱਕ ਕੇ ਪਸ਼ੂਆਂ , ਊਠਾਂ , ਖੱਚਰਾਂ ਆਦਿ ਦੇ ਚਾਰੇ – ਪਾਣੀ ਆਦਿ ਦਾ ਪ੍ਰਬੰਧ ਵੀ ਕੀਤਾ ਹੁੰਦਾ ਸੀ ਅਤੇ  ਖੁਰਲੀਆਂ ਆਦਿ ਦੀ ਵੀ ਜ਼ਰੂਰਤ ਪੂਰੀ ਕੀਤੀ ਹੁੰਦੀ ਸੀ। ਇੱਥੇ ਘਰਾਟਾਂ ‘ਤੇ ਇਕੱਠੇ ਹੋਏ ਲੋਕ ਸਾਰੀ – ਸਾਰੀ ਰਾਤ ਆਪਣੇ ਦੁੱਖ – ਸੁੱਖ ਸਾਂਝੇ ਕਰ ਲੈਂਦੇ ਸਨ ਅਤੇ ਮਨ ਦੀਆਂ ਭਾਵਨਾਵਾਂ ਵਿਅਕਤ ਕਰਕੇ ਆਪਣਾ ਮਨ ਵੀ ਹੌਲਾ ਕਰ ਲੈਂਦੇ ਸਨ। ਬਹੁਤੇਰੀ ਵਾਰ ਆਪਸੀ ਪ੍ਰੇਮ – ਪਿਆਰ ਏਨਾ ਵੱਧ ਹੁੰਦਾ ਸੀ ਕਿ ਬੱਚਿਆਂ ਦੇ ਰਿਸ਼ਤੇ ਵੀ ਘਰਾਟਾਂ ‘ਤੇ ਹੀ ਤੈਅ ਕਰ ਲਏ ਜਾਂਦੇ ਸਨ।  ਘਰਾਟਾਂ ‘ਤੇ ਸੋਇਆਬੀਨ , ਮੱਕੀ , ਮੱਡਲ , ਕੋਧਰਾ , ਕਾਲੇ ਚਨੇ , ਕਣਕ , ਜਵਾਰ , ਬਾਜਰਾ , ਮੱਕੀ , ਚਾਵਲ ਆਦਿ ਦੀ ਜ਼ਰੂਰਤ ਅਤੇ ਲੋੜ ਅਨੁਸਾਰ ਪਿਸਾਈ ਕਰਵਾਈ ਜਾਂਦੀ ਹੁੰਦੀ ਸੀ। ਮੋਟਾ ਆਟਾ ਤਿਆਰ ਕਰਨ ਲਈ ਘਰਾਟਾਂ ਨੂੰ ਤੇਜ਼ ਗਤੀ ਵਿੱਚ ਚਲਾਇਆ ਜਾਂਦਾ ਸੀ ਅਤੇ ਬਾਰੀਕ ਪੀਹਣ ਪੀਅਣ ਲਈ ਘਰਾਟਾਂ ਦੀ ਗਤੀ ਹੌਲੀ ਰੱਖੀ ਜਾਂਦੀ ਹੁੰਦੀ ਸੀ। ਇੱਕ ਘਰਾਟ ‘ਤੇ ਇੱਕ ਦਿਨ ਵਿੱਚ ਅੱਸੀ – ਨੱਬੇ ਕਿਲੋਗ੍ਰਾਮ ਅਨਾਜ ਦੀ ਪਿਸਾਈ ਕਰ ਲਈ ਜਾਂਦੀ ਸੀ। ਇੱਕ ਮਣ ਆਟਾ ਪਿਸਾਈ ਲਈ ਇੱਕ ਆਨਾ ਵਸੂਲਿਆ ਜਾਂਦਾ ਹੁੰਦਾ ਸੀ। ਅੰਗਰੇਜ਼ੀ ਹਕੂਮਤ ਸਮੇਂ ਇਨ੍ਹਾਂ ਘਰਾਟਾਂ ‘ਤੇ ਕਰ ਵੀ ਲਗਾਇਆ ਜਾਂਦਾ ਸੀ। ਘਰਾਟਾਂ ‘ਤੇ ਪੀਸੇ ਅਨਾਜ ਦਾ ਆਟਾ ਠੰਢਾ ਅਤੇ ਸਿਹਤਮੰਦ ਹੁੰਦਾ ਸੀ। ਇਸ ਆਟੇ ਵਿੱਚ ਅਨਾਜ ਦੇ ਸਾਰੇ ਤੱਤ ਮੌਜੂਦ ਰਹਿੰਦੇ ਸਨ। ਘਰਾਟਾਂ ਦੇ ਪੀਸੇ ਆਟੇ ਦੀ ਰੀਸ ਅੱਜ ਦੀਆਂ ਬਿਜਲਈ ਚੱਕੀਆਂ ਨਾਲ ਪੀਸੇ ਆਟੇ ਕਦੇ ਨਹੀਂ ਕਰ ਸਕਦੇ। ਇਸ ਗੱਲ ਦੀ ਪੁਸ਼ਟੀ ਵਿਗਿਆਨਕ ਤੌਰ ‘ਤੇ ਵੀ ਹੋ ਚੁੱਕੀ ਹੈ। ਸੱਚਮੁਚ ਘਰਾਟਾਂ ਨੇ ਮਨੁੱਖਤਾ ਨੂੰ ਬਥੇਰਾ ਕੁਝ ਦਿੱਤਾ , ਪਰ ਬਦਲੇ ਵਿੱਚ ਲਿਆ ਕੁਝ ਨਹੀਂ। ਅੱਜ ਘਰਾਟ ਆਪਣਾ ਵਜੂਦ ਸਮੇਂ ਦੇ ਥਪੇੜਿਆਂ ਵਿੱਚ ਗੁਆ ਚੁੱਕੇ ਹਨ।

(ਮਾਸਟਰ ਸੰਜੀਵ ਧਰਮਾਣੀ) +91 9478561356 sk5001189@gmail.com

Install Punjabi Akhbar App

Install
×