ਗ਼ਜ਼ਲ ਸੰਗ੍ਰਹਿ ‘ਟੂਮਾਂ’ ਤੇ ਵਿਚਾਰ ਗੋਸ਼ਟੀ ਤੇ ਕਵੀ ਦਰਬਾਰ

(ਬਠਿੰਡਾ) -ਸਥਾਨਕ ਟੀਚਰਜ ਹੋਮ ਵਿਖੇ ਸਾਹਿਤ ਸਿਰਜਣਾ ਮੰਚ ਰਜਿ: ਵੱਲੋਂ ਲੋਕ ਮੰਚ ਰਜਿ: ਪੰਜਾਬ ਦੇ ਸਹਿਯੋਗ ਨਾਲ ਪ੍ਰਸਿੱਧ ਸ਼ਾਇਰ ਸੁਰਿੰਦਰਪ੍ਰੀਤ ਘਣੀਆ ਦੇ ਗ਼ਜ਼ਲ ਸੰਗ੍ਰਹਿ ‘ਟੂਮਾਂ’ ਤੇ ਵਿਚਾਰ ਗੋਸਟੀ ਤੇ ਕਵੀ ਦਰਬਾਰ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਗ਼ਜਲਕਾਰ ਬਟਾ ਸਿੰਘ ਚੌਹਾਨ, ਸ਼ਾਇਰ ਵਿਜੇ ਵਿਵੇਕ, ਮਨਜੀਤਪੁਰੀ, ਸੁਰਿੰਦਰਪ੍ਰੀਤ ਘਣੀਆ, ਸੁਖਦਰਸ਼ਨ ਗਰਗ, ਬਲਵਿੰਦਰ ਸੰਧੂ, ਗੁਰਦੇਵ ਖੋਖਰ ਤੇ ਸੁਖਮੰਦਰ ਸਿੰਘ ਸ਼ਾਮਲ ਸਨ। ਸ੍ਰੀ ਘਣੀਆ ਨੇ ਆਏ ਮਹਿਮਾਨਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ।
ਇਸ ਉਪਰੰਤ ਨੌਜਵਾਨ ਗ਼ਜ਼ਲ ਚਿੰਤਕ ਪ੍ਰੋ: ਦੀਪਕ ਧਲੇਵਾਂ ਨੇ ਪੁਸਤਕ ਟੂਮਾਂ ਤੇ ਪਰਚਾ ਪੜ੍ਹਦਿਆਂ ਕਿਹਾ ਕਿ ਸ੍ਰੀ ਘਣੀਆਂ ਦੀ ਗ਼ਜ਼ਲ ਲੋਕ ਮਸਲਿਆਂ ਤੇ ਲੋਕ ਫਿਕਰਾਂ ਦੀ ਸ਼ਾਇਰੀ ਹੈ, ਜੋ ਪਾਠਕ ਨੂੰ ਕਾਵਿ ਸੁਹਜ ਵੀ ਪ੍ਰਦਾਨ ਕਰਦੀ ਹੈ ਅਤੇ ਉਸਨੂੰ ਚੇਤੰਨ ਵੀ ਕਰਦੀ ਹੈ। ਪਰਚੇ ਤੇ ਬਹਿਸ ਦਾ ਆਰੰਭ ਕਰਦਿਆਂ ਪ੍ਰੋ: ਗੁਰਦੀਪ ਸਿੰਘ ਢਿੱਲੋਂ ਨੇ ਪਰਚੇ ਦੀ ਸਲਾਘਾ ਕਰਦਿਆਂ ਕਿਹਾ ਕਿ ਆਪਣੇ ਸੁਹਜ ਅਤੇ ਸੰਗੀਤਕ ਤੱਤਾਂ ਕਾਰਨ ਇਹਨਾਂ ਗ਼ਜ਼ਲਾਂ ਨੂੰ ਬੜੀ ਖੂਬਸੂਰਤੀ ਨਾਲ ਸੰਗੀਤਬੱਧ ਕੀਤਾ ਜਾ ਸਕਦਾ ਹੈ। ਬੂਟਾ ਸਿੰਘ ਚੌਹਾਨ ਦਾ ਵਿਚਾਰ ਸੀ ਕਿ ਟੂਮਾਂ ਦੇ ਸੇਅਰਾਂ ਵਿੱਚ ਸਮਕਾਲੀ ਮਸਲਿਆਂ ਤੇ ਬਹੁਤ ਪ੍ਰਤੀਕਰਮ ਹੋਇਆ ਹੈ। ਜਗਮੀਤ ਹਰਫ਼ ਨੇ ਗ਼ਜ਼ਲਾਂ ਦੇ ਕਾਫੀਏ ਅਤੇ ਭਾਸ਼ਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਮਨਜੀਤ ਪੁਰੀ ਨੇ ਚਰਚਾ ਕਰਦਿਆਂ ਕਿਹਾ ਕਿ ਕਵੀ ਕਾਵਿ ਸਿਰਜਣਾ ਸਮੇਂ ਅਚੇਤ ਹੀ ਖੁਲ੍ਹਾਂ ਲੈ ਲੈਂਦਾ ਹੈ ਜੋ ਕਿ ਪੰਜਾਬੀ ਸੁਭਾਅ ਅਨੁਸਾਰ ਸੁਭਾਵਿਕ ਹੀ ਹੈ। ਗੁਰਦੇਵ ਖੋਖਰ ਨੇ ਬਹਿਸ ਨੂੰ ਸਮੇਟਦਿਆਂ ਕਿਹਾ ਕਿ ਸਾਰੇ ਹੀ ਬੁਲਾਰਿਆਂ ਨੇ ਨਿਰਪੱਖ ਤੇ ਬੇਬਾਕ ਹੋ ਕੇ ਵਿਚਾਰ ਪੇਸ਼ ਕੀਤੇ ਹਨ। ਦਰਸ਼ਨ ਬੁੱਟਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਦੀਪਕ ਧਲੇਵਾਂ ਨੇ ਪੇਪਰ ਵਿੱਚ ਬੜੀਆਂ ਮੁੱਲਵਾਨ ਗੱਲਾਂ ਕੀਤੀਆਂ ਹਨ। ਦੂਜੇ ਬੁਲਾਰਿਆਂ ਨੇ ਵੀ ਪੁਸਤਕਦੇ ਵਿਭਿੰਨ ਪੱਖਾਂ ਤੇ ਬੜੀ ਨਰੋਈ ਭਾਸ਼ਾ ਵਿੱਚ ਗੱਲ ਕੀਤੀ ਹੈ।
ਇਸ ਉਪਰੰਤ ਹੋਏ ਕਵੀ ਦਰਬਾਰ ਵਿੱਚ ਸਰਵ ਸ੍ਰੀ ਰਮੇਸ਼ ਕੁਮਾਰ ਗਰਗ, ਲੀਲਾ ਸਿੰਘ ਰਾਏ, ਜਸ ਬਠਿੰਡਾ, ਦਮਜੀਤ ਦਰਸਨ, ਸੁਖਮੰਦਰ ਬਰਾੜ, ਅਮਰਜੀਤ ਜੀਤ, ਤਰਸੇਮ ਨਰੂਲਾ, ਹਰਮੇਲ ਪ੍ਰੀਤ, ਸੇਵਕ ਸਿੰਘ ਸਮੀਰੀਆ, ਅਮ੍ਰਿਤ ਬੰਗੇ, ਖੁਸ਼ਨਸੀਬ ਕੌਰ ਸੂਰੀਆ, ਮਨਪ੍ਰੀਤ ਟਿਵਾਦਾ, ਮਨਜੀਤ ਪੁਰੀ, ਬਲਵਿੰਦਰ ਸੰਧੂ, ਬੂਟਾ ਸਿੰਘ ਚੌਹਾਨ, ਵਿਜੇ ਵਿਵੇਕ, ਦਰਸ਼ਨ ਬੁੱਟਰ ਨੇ ਸਿਰਕਤ ਕਰਕੇ ਰਚਨਾਵਾਂ ਪੇਸ਼ ਕੀਤੀਆਂ। ਪ੍ਰਿੰ: ਜਗਮੇਲ ਸਿੰਘ ਜਠੌਲ ਨੇ ਸਭਨਾ ਦਾ ਧੰਨਵਾਦ ਕੀਤਾ। ਮੰਚ ਸੰਚਾਲਣ ਡਾ: ਜਸਪਾਲ ਜੀਤ ਤੇ ਜਗਨ ਨਾਥ ਨੇ ਬਾਖੂਬੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਪੇਂਟਰ, ਡਾ: ਅਜੀਤਪਾਲ, ਤਰਸੇਮ ਬਸ਼ਰ, ਗੁਰਸੇਵਕ ਚੁੱਘੇ, ਅਮਰਜੀਤ ਕੌਰ ਹਰਡ, ਦਵੀ ਸਿੱਧੂ, ਅਮਨਦੀਪ ਕੌਰ ਮਾਨ, ਪੋਰਿੰਦਰ ਸਿੰਗਲਾ, ਬਲਵਿੰਦਰ ਭੁੱਲਰ, ਕੁਲਦੀਪ ਬੰਗੀ, ਜਸਵਿੰਦਰ ਕੌਰ ਘਣੀਆਂ, ਬੱਗਾ ਸਿੰਘ, ਪਿਪ੍ਰਤਪਾਲ ਸਿੰਘ, ਹਰਭੁਪਿੰਦਰ ਲਾਡੀ, ਲਛਮਣ ਮਲੂਕਾ, ਦਰਸ਼ਨ ਮੌੜ ਆਦਿ ਵੀ ਹਾਜਰ ਸਨ।