ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਸ਼ਾਇਰ ਸੁਰਿੰਦਰ ਸੀਰਤ ਨਾਲ ਅਦਬੀ ਬੈਠਕ

(ਸਰੀ)-ਗ਼ਜ਼ਲ ਮੰਚ ਸਰੀ ਵੱਲੋਂ ਅਮਰੀਕਾ ਵਸਦੇ ਪ੍ਰਸਿੱਧ ਪੰਜਾਬੀ ਸ਼ਾਇਰ ਸੁਰਿੰਦਰ ਸੀਰਤ ਨਾਲ ਵਿਸ਼ੇਸ਼ ਅਦਬੀ ਬੈਠਕ ਕੀਤੀ ਗਈ। ਮੰਚ ਵੱਲੋਂ ਸੁਰਿੰਦਰ ਸੀਰਤ ਦਾ ਸਵਾਗਤ ਕਰਦਿਆਂ ਉਸਤਾਦ ਗ਼ਜ਼ਲਗੋ ਕ੍ਰਿਸ਼ਨ ਭਨੋਟ ਨੇ ਕਿਹਾ ਕਿ ਸੁਰਿੰਦਰ ਸੀਰਤ ਦਾ ਪੰਜਾਬੀ ਗ਼ਜ਼ਲ ਵਿਚ ਜ਼ਿਕਰਯੋਗ ਸਥਾਨ ਹੈ ਅਤੇ ਵਿਸ਼ੇਸ਼ ਕਰਕੇ ਜੰਮੂ ਕਸ਼ਮੀਰ ਵਿਚ ਇਨ੍ਹਾਂ ਦੀ ਮਕਬੂਲੀਅਤ ਉਸ ਤਰ੍ਹਾਂ ਹੈ ਜਿਵੇਂ ਪੰਜਾਬ ਵਿਚ ਸੁਰਜੀਤ ਪਾਤਰ ਹੁਰਾਂ ਦੀ। ਮੰਚ ਦੇ ਪ੍ਰਧਾਨ ਜਸਵਿੰਦਰ ਨੇ ਕਿਹਾ ਕਿ ਸੁਰਿੰਦਰ ਸੀਰਤ ਪਿਛਲੇ ਚਾਰ ਦਹਾਕਿਆਂ ਤੋਂ ਕਾਵਿ ਰਚਨਾ ਕਰਦੇ ਆ ਰਹੇ ਹਨ ਅਤੇ ਹੁਣ ਤੱਕ ਉਨ੍ਹਾਂ ਦੇ ਪੰਜ ਗ਼ਜ਼ਲ ਸੰਗ੍ਰਹਿ, ਦੋ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਤੋਂ ਇਲਾਵਾ ਇਕ ਨਾਵਲ ਅਤੇ ਇਕ ਕਹਾਣੀ ਸੰਗ੍ਰਹਿ ਵੀ ਉਨ੍ਹਾਂ ਪਾਠਕਾਂ ਦੀ ਝੋਲੀ ਪਾਇਆ ਹੈ।

ਸੁਰਿੰਦਰ ਸੀਰਤ ਨੇ ਕਸ਼ਮੀਰ ਵਿਚ ਆਪਣੇ ਜਨਮ ਸਥਾਨ ਪੁਲਵਾਮਾ ਨਾਲ ਆਪਣੀਆਂ ਕੁਝ ਯਾਦਾਂ ਤਾਜ਼ਾ ਕੀਤੀਆਂ ਅਤੇ ਹੁਣ ਉੱਥੋਂ ਦੇ ਬਦਲ ਚੁੱਕੇ ਸਮਾਜਿਕ ਦ੍ਰਿਸ਼, ਮਾਹੌਲ ਬਾਰੇ ਗੱਲਬਾਤ ਕੀਤੀ। ਉਨ੍ਹਾਂ ਆਪਣੇ ਸਾਹਿਤਕ ਕਾਰਜ ਬਾਰੇ ਕਿਹਾ ਕਿ ਬੇਸ਼ੱਕ ਉਹ ਮੁੱਖ ਤੌਰ ‘ਤੇ ਗ਼ਜ਼ਲ ਕਹਿੰਦੇ ਹਨ ਪਰ ਉਨ੍ਹਾਂ ਨੂੰ ਆਪਣਾ ਨਾਵਲ ‘ਭਰਮ ਭੁਲਈਆਂ’ ਆਪਣੀ ਸਭ ਤੋਂ ਉੱਤਮ ਰਚਨਾ ਲੱਗਦੀ ਹੈ। ਉਨ੍ਹਾਂ ਜੰਮੂ ਕਸ਼ਮੀਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਤਿੰਨ ਪੁਸਤਕਾਂ ਨੂੰ ਮਿਲੇ ਸਨਮਾਨਾਂ ਦਾ ਜ਼ਿਕਰ ਕੀਤਾ ਅਤੇ ਵਿਦੇਸ਼ ਆ ਕੇ ਸ਼ੁਰੂਆਤੀ ਦੌਰ ਦੇ ਸਾਹਿਤਕ ਸਫ਼ਰ ਨਾਲ ਸਾਂਝ ਪੁਆਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਛੇਵਾਂ ਗ਼ਜ਼ਲ ਸੰਗ੍ਰਹਿ 2023 ਵਿਚ ਪ੍ਰਕਾਸ਼ਿਤ ਹੋ ਰਿਹਾ ਹੈ। ਇਸ ਮੌਕੇ ਉਨ੍ਹਾਂ ਦਾ ਨਵਾਂ ਕਹਾਣੀ ਸੰਗ੍ਰਹਿ ‘ਪੂਰਬ ਪੱਛਮ ਤੇ ਪਰਵਾਸ’ ਵੀ ਰਿਲੀਜ਼ ਕੀਤਾ ਗਿਆ। ਗ਼ਜ਼ਲ ਮੰਚ ਦੇ ਸ਼ਾਇਰਾਂ ਨੇ ਇਸ ਪੁਸਤਕ ਨੂੰ ਜੀ ਆਇਆਂ ਆਖਦਿਆਂ ਸੁਰਿੰਦਰ ਸੀਰਤ ਨੂੰ ਮੁਬਾਰਕਬਾਦ ਦਿੱਤੀ। ਸੁਰਿੰਦਰ ਸੀਰਤ ਨੇ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਡਾ. ਗੁਰੂਮੇਲ ਸਿੱਧੂ ਨੂੰ ਸਮੱਰਪਿਤ ਇਕ ਗ਼ਜ਼ਲ ਰਾਹੀਂ ਆਪਣੀ ਸ਼ਰਧਾਂਜ਼ਲੀ ਭੇਂਟ ਕੀਤੀ ਅਤੇ ਆਪਣੀਆਂ ਕੁਝ ਹੋਰ ਰਚਨਾਵਾਂ ਪੇਸ਼ ਕੀਤੀਆਂ। ਉਨ੍ਹਾਂ ਦੇ ਬੋਲ ਸਨ-

ਡੁੱਬ ਗਿਆ ਇਕ ਹੋਰ ਸੂਰਜ, ਟੁੱਟਿਆ ਤਾਰਾ ਜਿਹਾ

ਕਹਿਕਸ਼ਾਂ ਵਿਚ ਦਰਦ ਕੰਬਿਆ, ਧਰਤ ਤੇ ਪਾਰਾ ਜਿਹਾ

ਪੀੜ ਦੀ ਵਾਦੀ ‘ਚ ਗੁੰਮਸੁੰਮ ਰਾਤ ਤੜਪੀ ਏ ਬਹੁਤ

ਕਲਪਨਾ ਵਿਚ ਕੀ ਉੱਤਰ ਆਇਆ ਕੋਈ ਠਾਰਾ ਜਿਹਾ

ਹੋਰ ਸਭ ਜੰਗਲ ‘ਚ ਰੁੱਖ ਨੇ ਝੂਮਦੇ ਲਹਿਰਾਂਵਦੇ

ਬਿਰਖ ਮੇਰੇ ‘ਤੇ ਹੀ ਸੀਰਤ ਚਲ ਰਹੇ ਆਰਾ ਜਿਹਾ

ਕਾਵਿਕ ਦੌਰ ਵਿਚ ਕ੍ਰਿਸ਼ਨ ਭਨੋਟ, ਪ੍ਰੀਤ ਮਨਪ੍ਰੀਤ, ਜਸਵਿੰਦਰ, ਰਾਜਵੰਤ ਰਾਜ ਅਤੇ ਹਰਦਮ ਮਾਨ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਉਸਤਾਦ ਕ੍ਰਿਸ਼ਨ ਭਨੋਟ ਦਾ ਰੰਗ ਸੀ-

ਜਿਨ੍ਹਾਂ ਰਾਹਾਂ ਦੀ ਮੈਂ ਨਾ ਸਾਰ ਜਾਣਾ ਉਨ੍ਹੀਂ ਰਾਹੀਂ ਸਫ਼ਰ ਕਰਨਾ ਪਿਆ ਹੈ

ਪ੍ਰੀਤ ਮਨਪ੍ਰੀਤ ਦੇ ਅਹਿਸਾਸ ਸਨ-

ਸੁਲਘਦੀ ਹੈ ਜੋ ਓਹਨੂੰ ਛੂਹ ਕੇ ਆਉਂਦੀ ਪੌਣ ਹਾਲੇ ਵੀ

ਅਜੇ ਨਾ ਉਸ ‘ਚੋਂ ਜ਼ਿੰਦਾ ਹੋਣ ਦਾ ਅਹਿਸਾਸ ਮਰਿਆ ਹੈ

ਨਾਮਵਰ ਸ਼ਾਇਰ ਜਸਵਿੰਦਰ ਚਿੰਤਤ ਸੀ-

ਕਿਵੇਂ ਮਾਸੂਮ ਦੀਵੇ ਰਹਿਣਗੇ ਜਗਦੇ ਘਰਾਂ ਅੰਦਰ

ਹਵਾ ਬਾਜ਼ਾਰ ਦੀ ਹੈ ਸ਼ੂਕਦੀ ਫਿਰਦੀ ਗਰਾਂ ਅੰਦਰ

ਰਾਜਵੰਤ ਰਾਜ ਦਾ ਰੰਗ ਸੀ-

ਜਦ ਬਾਤ ਦੇ ਧੀਮੇ ਹੁੰਗਾਰੇ ਹੋ ਗਏ

ਜਦ ਨੀਂਦ ਨੂੰ ਸੁਪਨੇ ਪਿਆਰੇ ਹੋ ਗਏ

ਉਸ ਵਕਤ ਧਰਤ ਪਾ ਕੇ ਨਿਕਲੀ ਝਾਂਜਰਾਂ

ਫਿਰ ਤਾਰਿਆਂ ਵੱਲ ਦੇਖ ਕੇ ਸ਼ਰਮਾ ਗਈ

ਹਰਦਮ ਮਾਨ ਅਜੋਕੇ ਦੌਰ ਬਾਰੇ ਕਹਿ ਰਿਹਾ ਸੀ-

ਬੋਲ ਮਸ਼ੀਨੀ ਹੋ ਗਏ ਦਿਲ ਵੀ ਧੜਕਣ ਨਾ

ਵਸਦੇ ਰਸਦੇ ਘਰ ਵੀ ਹੁਣ ਘਰ ਲੱਗਣ ਨਾ

(ਹਰਦਮ ਮਾਨ) +1 604 308 6663

maanbabushahi@gmail.com