ਪੰਜਾਬ ਮੇਲਿਆਂ ਦੀ ਧਰਤੀ ਹੈ। ਇੱਥੇ ਅਨੇਕਾਂ ਤਰ੍ਹਾਂ ਦੇ ਮੇਲੇ ਮਨਾਏ ਜਾਂਦੇ ਹਨ। ਮੇਲਿਆਂ ਦਾ ਸਬੰਧ ਰੁੱਤਾਂ ਧਰਮਾਂ ਅਤੇ ਇਤਿਹਾਸਕ ਘਟਨਾਵਾਂ ਨਾਲ ਹੁੰਦਾ ਹੈ। ਸਾਡੇ ਸੱਭਿਆਚਾਰ ਵਿੱਚ ਵੀ ਮੇਲਿਆਂ ਦਾ ਵਿਸ਼ੇਸ਼ ਸਥਾਨ ਹੈ। ਮੇਲੇ ਖੁਸ਼ੀਆਂ ਅਤੇ ਖੇੜਿਆਂ ਦੇ ਪ੍ਰਤੀਕ ਹੁੰਦੇ ਹਨ। ਪੰਜਾਬੀਆਂ ਦਾ ਸੁਭਾਅ ਹੈ ਕਿ ਉਹ ਹੁੰਮਹੁਮਾ ਕੇ ਮੇਲਿਆਂ ਵਿੱਚ ਪਹੁੰਚਦੇ ਹਨ, ਜਿਨ੍ਹਾਂ ਨੂੰ ਪੰਜਾਬ ਦੇ ਨਾਮਵਰ ਕਵੀਆਂ ਅਤੇ ਲਿਖਾਰੀਆਂ ਨੇ ਵੀ ਆਪਣੀ ਕਲਮ ਨਾਲ ਨਵਾਜ਼ਿਆ ਹੈ। ਮੇਲੇ ਪੰਜਾਬੀਆਂ ਦੀ ਰੂਹ ਦੀ ਖੁਰਾਕ ਹਨ। ਪੰਜਾਬ ਦੇ ਮੇਲਿਆਂ ਦੀ ਦੁਨੀਆਂ ਭਰ ਵਿਚ ਪੂਰੀ ਚਰਚਾ ਹੈ।
ਪਿਛਲੇ ਕਈ ਕਈ ਵਰ੍ਹਿਆਂ ਤੋਂ ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਨਿਰੰਤਰ ਲੱਗਣ ਵਾਲਾ ਨਾਟਕਾਂ ਭਰੀ ਰਾਤ ਦਾ ਮੇਲਾ ਉੱਤਰੀ ਭਾਰਤ ਦਾ ਪੰਜਾਬ ਵਿੱਚ ਲੱਗਣ ਵਾਲਾ ਇਕ ਵਿਲੱਖਣ ਮੇਲਾ ਹੈ । ਨਾਟਕਾਂ ਭਰੀ ਰਾਤ ਦੇ ਇਸ ਮੇਲੇ ਦੀ ਇਹ ਖਾਸੀਅਤ ਹੈ ਕਿ ਇਹ ਮੇਲਾ ਉਨ੍ਹਾਂ ਮੇਲਿਆਂ ਵਿੱਚੋਂ ਨਹੀਂ ਜਿੱਥੇ ਸਾਡੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਨੇਕਾਂ ਲੋਕਾਂ ਦਾ ਹਜੂਮ ਅੰਧ ਵਿਸ਼ਵਾਸ ਦੀ ਦਲਦਲ ਵਿੱਚ ਫਸ ਕੇ ਅੰਨ੍ਹੀ ਸ਼ਰਧਾ ਵੱਸ ਮੱਥਾ ਟੇਕਣ ਅਤੇ ਮੰਨਤਾਂ ਮੰਨਣ ਆਉਂਦੇ ਹਨ ਸਗੋਂ ਨਾਟਕਾਂ ਭਰੀ ਇਹ ਰਾਤ ਇਨਕਲਾਬੀ ਬੁੱਧੀਜੀਵੀਆਂ ਤੇ ਅਗਾਂਹਵਧੂ ਸੋਚ ਵਾਲਿਆਂ ਦੀ ਰਾਤ ਹੈ ਜਿਨ੍ਹਾਂ ਨੇ ਦੇਸ਼ ਦੀ ਹੋਣੀ ਦਾ ਭਵਿੱਖ ਤੈਅ ਕਰਨਾ ਹੈ ।ਰੰਗਮੰਚ ਮੰਚ ਦੇ ਬਾਬਾ ਬੋਹੜ ਅਤੇ ਪੰਜਾਬ ਲੋਕ ਸੱਭਿਆਚਾਰਕ ਮੰਚ ਪੰਜਾਬ ਦੇ ਪਹਿਲੇ ਪ੍ਰਧਾਨ ਭਾਅ ਜੀ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਵੱਲੋਂ ਲਗਾਏ ਗਏ ਪਲਸ ਮੰਚ ਦੇ ਇਸ ਇਨਕਲਾਬੀ ਬੂਟੇ ਨੂੰ ਦੇਸ਼ ਭਗਤ, ਖੋਜਕਾਰ, ਵਿਦਵਾਨ ,ਇਤਿਹਾਸਕਾਰ, ਲੇਖਕ, ਆਲੋਚਕ ਅਤੇ ਸੰਗਰਾਮੀ ਇਤਿਹਾਸ ਦੇ ਪਹਿਰੇਦਾਰ ਆਪੋ ਆਪਣੇ ਫ਼ਰਜ਼ਾਂ ਦੀ ਪਛਾਣ ਕਰਦਿਆਂ ਅੱਜ ਵੀ ਭਾਅ ਅਮੋਲਕ ਸਿੰਘ ਦੀ ਅਗਵਾਈ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।
ਭਾਅ ਜੀ ਗੁਰਸ਼ਰਨ ਸਿੰਘ ਨੇ ਪੰਜਾਬ ਦੀ ਨਵੀਂ ਉੱਠ ਰਹੀ ਪੀੜ੍ਹੀ ਦੀ ਸੋਚ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਲੁਧਿਆਣਾ ਸ਼ਹਿਰ ਦੇ ਪੰਜਾਬੀ ਭਵਨ ਅੰਦਰ ਸ਼ੁਰੂ ਕੀਤਾ ਗਿਆ ਸੀ ਲੋਕ ਪੱਖੀ ਨਾਟਕਾਂ ਭਰੀ ਰਾਤ ਦਾ ਇਹ ਸਫ਼ਰ ਜੋ ਕਿ ਹਰ ਵਰ੍ਹੇ ਪਹਿਲੀ ਮਈ ਦੀ ਸ਼ਾਮ ਨੂੰ ਸ਼ੁਰੂ ਹੋ ਕੇ ਸਰਘੀ ਵੇਲੇ ਤੱਕ ਚੱਲਦਾ ਹੈ ਜਿਸ ਵਿੱਚ ਪੰਜਾਬੀਆਂ ਸਮੇਤ ਉੱਤਰੀ ਭਾਰਤ ਵਿਚੋਂ ਬੱਚੇ ,ਬੁੱਢੇ, ਇਸਤਰੀਆਂ, ਗੱਭਰੂ ਤੇ ਮੁਟਿਆਰਾਂ ਪੂਰੇ ਜੋਸ਼ੋ ਖਰੋਸ਼ ਨਾਲ ਇਸ ਮੇਲੇ ਵਿੱਚ ਸ਼ਾਮਲ ਹੁੰਦੇ ਹਨ ਅਤੇ ਨਵੀਆਂ ਉਮੰਗਾਂ ਸੰਘ ਵਾਪਸ ਪਰਤਦੇ ਹਨ।
ਅੱਜ ਜਦੋਂ ਪੂਰੀ ਦੁਨੀਆਂ ਵਿੱਚ ਇੱਕ ਪਿੰਡ ਦਾ ਰੂਪ ਧਾਰਨ ਕਰ ਜਾ ਰਹੀ ਹੋਵੇ ਅਤੇ ਵਿਗਿਆਨ ਨੇ ਇਹ ਸਭ ਕੁਝ ਆਪਣੀ ਮੁੱਠੀ ਵਿੱਚ ਬੰਦ ਕਰੀ ਰੱਖਿਆ ਹੋਵੇ ਤਾਂ ਸਾਡੇ ਦੇਸ਼ ਅੰਦਰ ਸਰਮਾਏਦਾਰੀ ਨਿਜ਼ਾਮ ਆਪਣੇ ਰਾਜਭਾਗ ਦੀ ਉਮਰ ਲੰਬੀ ਕਰਨ ਲਈ ਸਮਾਜ ਨੂੰ ਵੱਖ ਵੱਖ ਧਰਮਾਂ ਕੌਮਾਂ ਅਤੇ ਮਜ੍ਹਬਾਂ ਅੰਦਰ ਵੰਡ ਕੇ ਭਰਾ ਮਾਰੂ ਜੰਗ ਕਰਵਾ ਰਿਹਾ ਹੋਵੇ, ਰੂਪ ਭਾਵੇਂ ਕੋਈ ਵੀ ਹੋਵੇ ਜਿਸ ਦਾ ਭਿਆਨਕ ਰੂਪ ਅਸੀਂ ਜੰਮੂ ਕਸ਼ਮੀਰ ,ਪੰਜਾਬ, ਗੁਜਰਾਤ, ਮਹਾਰਾਸ਼ਟਰ, ਦਿੱਲੀ ਸਮੇਤ ਪੂਰੇ ਮੁਲਕ ਅੰਦਰ ਦੇਖ ਚੁੱਕੇ ਹਾਂ ਅਤੇ ਦੇਖ ਰਹੇ ਹਾਂ ।ਇਸ ਲੋਕ ਦੋਖੀ ਨਿਜ਼ਾਮ ਅੰਦਰਮਘਦੀ ਲਾਟ ਵਾਂਗ ਲਟ ਲਟ ਮੱਚਦੀ ਹੈ ਪਹਿਲੀ ਮਈ ਦੀ ਗੀਤਾਂ ਅਤੇ ਨਾਟਕਾਂ ਭਰੀ ਇਹ ਰਾਤ । ਮੁਲਕ ਦੇ ਦੂਜਿਆਂ ਹਿੱਸਿਆਂ ਵਾਂਗ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਵੀ ਅਣਗਿਣਤ ਪਾਖੰਡੀ ਬੈਠੇ ਹੋਏ ਹਨ ਜੋ ਆਪਣੇ ਆਪ ਨੂੰ ਸਿਆਣੇ ਜਾਂ ਬਾਬੇ ਅਖਵਾਉਂਦੇ ਹਨ । ਇਹ ਪੁੱਛਾਂ ਦੇਣ ਵਾਲੇ ਵਾਲੇ ਅਤੇ ਕਥਿਤ ਭੂਤਾਂ ਪ੍ਰੇਤਾਂ ਦੇ ਡਰ ਨੂੰ ਦੂਰ ਕਰਨ ਦੇ ਦਾਅਵੇ ਕਰਕੇ ਲੋਕਾਂ ਦੀ ਆਰਥਿਕ ਅਤੇ ਮਾਨਸਿਕ ਲੁੱਟ ਕਰਦੇ ਹਨ। ਇਨ੍ਹਾਂ ਨੇ ਆਪਣੇ ਅੱਡਿਆਂ ਉੱਤੇ ਅਜਿਹਾ ਵਾਤਾਵਰਨ ਸਿਰਜਿਆ ਹੁੰਦਾ ਹੈ ਕਿ ਕਮਜ਼ੋਰ ਮਾਨਸਿਕਤਾ ਵਾਲਾ ਬੰਦਾ ਆਪਣੇ ਆਪ , ਆਪ ਮੁਹਾਰੇ ਹੀ ਇਨ੍ਹਾਂ ਦੇ ਅਸਰ ਹੇਠ ਆ ਕੇ ਲੁੱਟਿਆ ਜਾਂਦਾ ਹੈ। ਢੋਲ ਛੈਣੇ ਖੜਕਾਉਣੇ ,ਧੂਫਾਂ, ਜੋਤਾਂ ਜਗਦੀਆਂ ਹੋਣਾ, ਜੁੜੇ ਹੋਏ ਅੰਧਵਿਸ਼ਵਾਸੀ ਲੋਕਾਂ ਦਾ ਇਕੱਠ, ਸਿਰ ਘੁੰਮਾਉਣ ਵਰਗੀਆਂ ਹਰਕਤਾਂ ਅਤੇ ਜਾਦੂ ਦੇ ਟਰਿੱਕਾਂ ਨਾਲ ਭੱਠੀ ਪਾਖੰਡੀ ਬਾਬੇ ਗ਼ੈਰ ਸਮਾਜਿਕ ਤੱਤਾਂ ਦੇ ਅੱਡੇ ਬਣਾ ਕੇ ਲੋਕਾਂ ਨੂੰ ਖੂਬ ਮੂਰਖ ਬਣਾ ਰਹੇ ਹਨ । ਪਹਿਲੀ ਮਈ ਦੀ ਨਾਟਕਾਂ ਭਰੀ ਰਾਤ ਲੋਕਾਂ ਨੂੰ ਇਨ੍ਹਾਂ ਪਾਖੰਡੀ ਬਾਬਿਆਂ ਅਤੇ ਗ਼ੈਰ ਸਮਾਜਿਕ ਤੱਤਾਂ ਦੀਆਂ ਕਰਤੂਤਾਂ ਤੋਂ ਸੁਚੇਤ ਕਰਦੀ ਹੋਈ ਕਰਦੀ ਹੋਈ ਆਪਣੀਆਂ ਸਮੱਸਿਆਵਾਂ ਦੇ ਇੱਕੋ ਇੱਕ ਹੱਲ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਅਤੇ ਗ਼ਦਰ ਲਹਿਰ ਦੀ ਵਿਚਾਰਧਾਰਾ ਨੂੰ ਅਪਣਾ ਕੇ ਬਰਾਬਰਤਾ ਦੀ ਲੜਾਈ ਵੱਲ ਦਾ ਰਸਤਾ ਦਿਖਾਉਂਦੀ ਹੈ। ਸਾਡੇ ਦੇਸ਼ ਦੀ ਆਜ਼ਾਦੀ ਸੰਗਰਾਮ ਦਾ ਇਤਿਹਾਸ ਸਾਡੇ ਉਸ ਲਹੂ ਸਿੰਜੇ ਵਿਰਸੇ ਦੀ ਬੀਰ ਗਾਥਾ ਹੈ ਜਿਸ ਉੱਪਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦਾ ਨਾਜ਼ ਹੋਵੇਗਾ। ਆਪਣੇ ਪਿਆਰੇ ਵਤਨ ਨੂੰ ਸਾਮਰਾਜੀਆਂ ਅਤੇ ਧਾੜਵੀਆਂ ਤੋਂ ਮੁਕਤ ਕਰਵਾਉਣ ਲਈ ਪ੍ਰੀਤੀ ਲਤਾ, ਮਾਤਾ ਗੁਜਰੀ, ਮਾਈ ਭਾਗੋ ,ਦੁਰਗਾ ਭਾਬੋ ਅਤੇ ਰਾਣੀ ਝਾਂਸੀ ਵਰਗੀਆਂ ਮਹਾਨ ਔਰਤਾਂ ਦੀਆਂ ਕੀਤੀਆਂ ਕੁਰਬਾਨੀਆਂ ਦੀ ਮਹਿਕ ਅੱਜ ਵੀ ਫ਼ਿਜ਼ਾ ਅੰਦਰ ਘੁਲੀ ਹੋਈ ਹੈ । ਪ੍ਰੰਤੂ ਅੱਜ ਦੇ ਦੌਰ ਅੰਦਰ ਜਦੋਂ ਔਰਤਾਂ ਤੇ ਹਰ ਤਰ੍ਹਾਂ ਦੇ ਜ਼ੁਲਮ ਹੋ ਰਹੇ ਹੋਣ ਔਰਤਾਂ ਦੀ ਮੰਡੀ ਵਿੱਚ ਖ਼ਰੀਦੋ ਫ਼ਰੋਖ਼ਤ ,ਜਿਸਮਫਰੋਸ਼ੀ, ਬਾਲ ਵਿਆਹ, ਦਾਜ ਪ੍ਰਥਾ ਅਤੇ ਔਰਤਾਂ ਉੱਪਰ ਅਣਮਨੁੱਖੀ ਅੱਤਿਆਚਾਰ ਕਰਨ ਵਾਲੇ ਔਰਤ ਵਿਰੋਧੀ ਸਿਸਟਮ ਦੇ ਮੂੰਹ ਤੇ ਇੱਕ ਕਰਾਰਾ ਥੱਪੜ ਵੀ ਹੈ ਇਹ ਨਾਟਕਾਂ ਭਰੀ ਰਾਤ ।
ਇਸ ਨਾਟਕਾਂ ਭਰੀ ਰਾਤ ਦੇ ਮੇਲੇ ਅੰਦਰ ਪਹੁੰਚਦਿਆਂ ਹੀ ਹਰ ਬੱਚਾ ਮਹਿਸੂਸ ਕਰਦਾ ਹੈ ਕਿ ਮੈਂ ਗੋਬਿੰਦ ਦੇ ਲਾਲਾਂ ਅਜੀਤ, ਜੁਝਾਰ , ਜ਼ੋਰਾਵਰ ਅਤੇ ਫਤਿਹ ਸਿੰਘ, 19 ਅਤੇ 24 ਸਾਲ ਦੀ ਉਮਰੇ ਫਾਂਸੀ ਤੇ ਲੱਗਣ ਵਾਲੇ ਭਗਤ ਸਰਾਭੇ ਦਾ ਵਾਰਸ ਹਾਂ । ਤੇ ਇਥੇ ਪਹੁੰਚਿਆ ਹਰ ਗੱਭਰੂ ਆਪਣੇ ਆਪ ਨੂੰ ਬਸੰਤੀ ਚੋਲੇ ਵਿਚ ਰੰਗਿਆ ਭਗਤ ਸਿੰਘ ਮਹਿਸੂਸ ਕਰਦਾ ਹੈ । ਜੇਕਰ ਜ਼ਿੰਦਗੀ ਜਿਊਣ ਲਈ ਬੁਢਾਪੇ ਦੀ ਗੱਲ ਤੁਰਦੀ ਹੈ ਤਾਂ ਹਰ ਬਾਬਾ ਆਪਣੇ ਆਪ ਨੂੰ ਬਾਬਾ ਭਕਨਾ ਜਾਂ ਹੋਰ ਦੂਜੇ ਗ਼ਦਰੀ ਬਾਬਿਆਂ ਵਾਂਗ ਮਹਿਸੂਸ ਕਰਦਾ ਹੈ ਔਰਤਾਂ ਮਾਵਾਂ ਤੇ ਧੀਆਂ ਵੀ ਆਪਣੇ ਆਪ ਨੂੰ ਮਾਈ ਭਾਗੋ ਦੀਆਂ ਵਾਰਸ ਮਹਿਸੂਸ ਕਰਦੀਆਂ ਹਨ ਇਹੀ ਸਿਪਰਿਟ ਹੈ ਇਸ ਨਾਟਕਾਂ ਭਰੀ ਰਾਤ ਦੀ ।
ਸੱਭਿਆਚਾਰ ਦੇ ਨਾਂ ਦੇ ਉੱਤੇ ਤਾਂ ਮੇਲੇ ਥਾਂ ਥਾਂ ਤੇ ਲੱਗਦੇ ਹਨ ਜਿੱਥੇ ਔਰਤ ਨੂੰ ਅਧਨੰਗੇ ਕੱਪੜੇ ਪੁਆ ਕੇ ਉਨ੍ਹਾਂ ਦੇ ਜਿਸਮ ਦੀ ਨੁਮਾਇਸ਼ ਲਗਾ ਕੇ ਲੱਚਰਤਾ ਦੇ ਸਭ ਹੱਦਾਂ ਬੰਨ੍ਹੇ ਪਾਰ ਕੀਤੇ ਜਾਂਦੇ ਹਨ ਗੱਭਰੂਆਂ ਨੂੰ ਸ਼ਰਾਬ ਅਤੇ ਹੋਰ ਨਸ਼ਿਆਂ ਵਿੱਚ ਗੜੁੱਚ ਹੋਇਆ ਦਿਖਾ ਕੇ ਅਜਿਹੇ ਗੀਤ ਫ਼ਿਲਮਾਏ ਜਾਂਦੇ ਹਨ ਜਿਨ੍ਹਾਂ ਦਾ ਪੰਜਾਬੀ ਸੱਭਿਆਚਾਰ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ ।ਅਸ਼ਲੀਲ ਗੀਤਾਂ ਨਾਲ ਪੰਜਾਬੀਮਾਂ ਬੋਲੀ ਦਾ ਚੀਰ ਹਰਨ ਕੀਤਾ ਜਾਂਦਾ ਹੈ ਅਤੇ ਨਾਂ ਦਿੱਤਾ ਜਾਂਦਾ ਹੈ ਸੱਭਿਆਚਾਰਕ ਮੇਲੇ ਦਾ ਪ੍ਰੰਤੂ ਇਹ ਸੱਭਿਆਚਾਰਕ ਮੇਲੇ ਸਗੋਂ ਸੱਭਿਆਚਾਰਕ ਨਹੀਂ ਸਗੋਂ ਸੱਭਿਆਚਾਰ ਦੇ ਨਾਂ ਉੱਪਰ ਬਹੁਤ ਵੱਡਾ ਕਲੰਕ ਹੋ ਨਿੱਬੜਦੇ ਹਨ ।
ਅੱਜ ਇਲੈਕਟ੍ਰਾਨਿਕ ਮੀਡੀਏ ਦੇ ਯੁੱਗ ਅੰਦਰ ਹਰ ਧੀ ਨੂੰ ਹੀਰ ਅਤੇ ਗੱਭਰੂ ਨੂੰ ਰਾਂਝੇ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ । ਕਾਲਜਾਂ ਨੂੰ ਵਿੱਦਿਆ ਦੇ ਮੰਦਰ ਨਹੀਂ ਸਗੋਂ ਇਸ਼ਕ ਮੁਸ਼ਕ ਦੇ ਅੱਡੇ ਸਮਝਣ ਵਾਲੇ ਲੋਕਾਂ ਦੀ ਕਮੀ ਨਹੀਂ ਰਹੀ । ਇੱਥੇ ਹੀ ਬੱਸ ਨਹੀਂ ਹੁਣ ਤਾਂ ਸਕੂਲਾਂ ਅੰਦਰ ਪੜ੍ਹਦੀਆਂ ਛੋਟੀਆਂ ਬਾਲੜੀਆਂ ਨੂੰ ਵੀ ਨਹੀਂ ਬਖਸ਼ਿਆ ਗਿਆ ਉਨ੍ਹਾਂ ਦੀਆਂ ਵੀ ਬੇਹੂਦਾ ਵੀਡੀਓ ਬਣਾ ਕੇ ਪੁੰਗਰਦੀਆਂ ਕਲੀਆਂ ਨੂੰ ਕੁਰਾਹੇ ਪਾਉਣ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ । ਪਿੰਡ ਪਿੰਡ ਅਤੇ ਸ਼ਹਿਰ ਸ਼ਹਿਰ ਉੱਜੜੇ ਰਾਹਾਂ ਉੱਪਰ ਉੱਗੀ ਗਾਜਰ ਬੂਟੀ ਵਾਂਗ ਉੱਗੇ ਬੇਸੁਰੇ ਗਾਇਕਾਂ ਤੇ ਗਾਇਕਾਵਾਂ ਦੇ ਮੂੰਹ ਤੇ ਥੱਪੜ ਤਾਂ ਮਾਰ ਹੀ ਰਹੀ ਹੈ ਇਹ ਨਾਟਕਾਂ ਭਰੀ ਰਾਤ ।ਅੱਜ ਇਹ ਰਾਤ ਉਸਾਰੂ ਸੋਚ ਦੀ ਇੱਕ ਅਜਿਹੀ ਫ਼ੌਜ ਵੀ ਤਿਆਰ ਕਰ ਰਹੀ ਹੈ ਜਿਸ ਦੇ ਸਾਹਮਣੇ ਲੋਕ ਸੱਭਿਆਚਾਰ ਦੇ ਇਹ ਦੁਸ਼ਮਣ ਟਿਕ ਨਹੀਂ ਸਕਣਗੇ ਅਤੇ ਸੱਥਾਂ ਵਿੱਚ ਲੋਕ ਇਨ੍ਹਾਂ ਦਾ ਮੂੰਹ ਜ਼ਰੂਰ ਭੰਨਣਗੇ ।
ਰੰਗਮੰਚ, ਗੀਤ ਸੰਗੀਤ, ਕਾਵਿ ਰਚਨਾਵਾਂ ਕੋਰੀਓਗ੍ਰਾਫੀਆਂ ,ਗਿੱਧਾ, ਭੰਗੜਾ ,ਜਾਗੋ ਅਤੇ ਲੋਕ ਹੱਕਾਂ ਦੀ ਪ੍ਰਾਪਤੀ ਲਈ ਆਕਾਸ਼ ਗੁੰਜਾਊ ਨਾਅਰਿਆਂ ਦੇ ਇਸ ਵਗਦੇ ਦਰਿਆ ਵਿਚੋਂ ਜੋ ਵੀ ਪ੍ਰਾਪਤ ਹੁੰਦਾ ਉਸ ਨੂੰ ਬਿਆਨ ਕਰਨਾ ਇੰਨਾ ਸੌਖਾ ਨਹੀਂ ਸਗੋਂ ਗੂੰਗੇ ਦੇ ਗੁੜ ਖਾਣ ਦੇ ਬਰਾਬਰ ਹੈ। ਮਹਾਨ ਪੰਜਾਬੀ ਦਾ ਖਿਤਾਬ ਪ੍ਰਾਪਤ ਕਰ ਚੁੱਕੇ ਭਾਅ ਜੀ ਗੁਰਸ਼ਰਨ ਸਿੰਘ ਇੱਕ ਤੁਰਦੀ ਫਿਰਦੀ ਸੰਸਥਾ ਸਨ ਜਿਨ੍ਹਾਂ ਨੂੰ ਪੰਜਾਬੀ ਰੰਗਮੰਚ ਦਾ ਬੇਤਾਜ ਬਾਦਸ਼ਾਹ ਕਿਹਾ ਗਿਆ ਹੈ ਜਦੋਂ ਉਹ ਕੜਕਦੀ ਆਵਾਜ਼ ਵਿੱਚ ਬਾਹਾਂ ਉੱਪਰ ਕਰਕੇ ਭਰਵੇਂ ਇਕੱਠਾਂ ਵਿਚ ਸੰਬੋਧਿਤ ਹੁੰਦੇ ਸਨ ਤਾਂ ਆਪਣੀ ਉਮਰ ਦੇ ਆਖ਼ਰੀ ਸਾਲਾਂ ਵਿੱਚ ਆਪਣੇ ਬਾਬੇ ਦੀ ਵੰਗਾਰ ਨਾਲ ਪੂਰੇ ਪੰਡਾਲ ਵਿੱਚ ਸੰਨਾਟਾ ਛਾ ਜਾਂਦਾ ਸੀ ਅਤੇ ਲੋਕ ਅਜਿਹੀਆਂ ਸ਼ਖ਼ਸੀਅਤਾਂ ਨੂੰ ਸਾਹ ਰੋਕ ਕੇ ਸੁਣਦੇ ਸਨ ,ਨੂੰ ਵੀ ਯਾਦ ਕਰਨ ਦਾ ਮੌਕਾ ਹੈ ।ਅੱਜ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਨਾਟਕਾਂ ਭਰੀ ਰਾਤ ਦੇ ਮੌਕੇ
ਅਸਲ ਵਿਚ ਇਨਕਲਾਬੀ ਸ਼ਕਤੀਆਂ, ਦੇਸ਼ ਭਗਤਾਂ ਅਤੇ ਬੁੱਧੀਜੀਵੀਆਂ ਦੇ ਮੱਕੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਤੋਂ ਚੱਲ ਕੇ ਪੰਜਾਬੀ ਭਵਨ ਲੁਧਿਆਣਾ ਵਿੱਚ ਮਨਾਈ ਜਾਂਦੀ ਇਹ ਰਾਤ ਇਨਕਲਾਬੀ ਲੋਕਾਂ ਲਈ ਕਿਸੇ ਮੱਕੇ ਦੇ ਹੱਜ ਤੋਂ ਘੱਟ ਨਹੀਂ ਕਿਉਂਕਿ ਹਰ ਲੋਕ ਪੱਖੀ ਸੋਚ ਰੱਖਦਾ ਇਨਸਾਨ ਇਸ ਰਾਤ ਪਿੱਛੋਂ ਨਵੀਂ ਊਰਜਾ ਨਾਲ ਲੈਸ ਹੋ ਕੇ ਨਿਕਲਦਾ ਹੈ ਅਤੇ ਸਮਾਜ ਅੰਦਰ ਕੁਝ ਕਰ ਗੁਜ਼ਰਨ ਦੀ ਤਮੰਨਾ ਰੱਖਦਾ ਹੈ । ਇਹ ਪੰਜਾਬ ਅੰਦਰ ਅਗਾਂਹਵਧੂ ਸ਼ਕਤੀਆਂ ਵੱਲੋਂ ਸਮਾਜਿਕ ਬਰਾਬਰੀ ਲਈ ਚਲਾਏ ਗਏ ਸੰਘਰਸ਼ ਦਾ ਇੱਕ ਅੰਗ ਹੈ ।ਆਪਣੇ ਜੀਵਨ ਅੰਦਰ ਵਿਗਿਆਨਕ ਸੋਚ ਨੂੰ ਅਪਣਾ ਕੇ ਅਮਰ ਸ਼ਹੀਦਾਂ ਦੇ ਸੁਪਨਿਆਂ ਦਾ ਨਵਾਂ ਨਰੋਆ ਸਮਾਜ ਸਿਰਜਣ ਲਈ ਨਾਟਕਾਂ ਭਰੀ ਇਸ ਰਾਤ ਅੰਦਰ ਯੋਗਦਾਨ ਪਾਉਣਾ ਹਰ ਇਨਕਲਾਬੀ ਅਤੇ ਜਾਗਦੀ ਜ਼ਮੀਰ ਦੀ ਅਣਸਰਦੀ ਲੋੜ ਹੈ ।
ਆਓ ! ਆਪਾਂ ਰਲ ਕੇ ਆਪਣੀ ਜ਼ਿੰਦਗੀ ਸੰਘਰਸ਼ਾਂ ਦੇ ਲੇਖੇ ਲਾਉਣ ਵਾਲੇ ਲੋਕ ਆਗੂ ਭਾਅ ਜੀ ਅਮੋਲਕ ਸਿੰਘ ਪ੍ਰਧਾਨ ਪੰਜਾਬ ਲੋਕ ਸੱਭਿਆਚਾਰਕ ਮੰਚ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਲੋਕ ਮੁਕਤੀ ਅਤੇ ਗ਼ਦਰ ਫਰੇਰੇ ਨੂੰ ਹੋਰ ਉੱਚਾ ਉਠਾਈਏ ਤੇ ਮਿਲ ਕੇ ਇਕ ਆਵਾਜ਼ ਵਿਚ ਕਹੀਏ ਕਿ:-
“ਸੋਨੇ ਦੀ ਸਵੇਰ ਜਦੋਂ ਆਊ ਹਾਣੀਆਂ,
ਨਚੂੱਗਾ ਅੰਬਰ ਭੂਮੀ ਗਾਊ ਹਾਣੀਆ ”
ਅਵਤਾਰ “ਲੰਗੇਰੀ”
+91 9463260181