ਕਰੋਨਾ ਵਾਇਰਸ ਦੀ ਕਰੋਪੀ ਮੌਕੇ ਗੁਰੂ ਕੀ ਗੋਲਕ ਦੀ ਮਹੱਤਤਾ ਅਤੇ ਸਿੱਖੀ ਦੇ ਸਰਬੱਤ ਦੇ ਭਲੇ ਦਾ ਮਿਸ਼ਨ

ਈਰਖਾ ਵਾਦੀ ਸੋਚ ਅਫ਼ਗ਼ਾਨਿਸਤਾਨ ਵਰਗੇ ਹਮਲਿਆਂ ਨਾਲ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਢਾਹ ਨਹੀਂ ਲਾ ਸਕਦੀ

ਕਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਨੇ ਭਾਵੇਂ ਪੂਰੀ ਦੁਨੀਆ ਤੇ ਹਮਲਾ ਕੀਤਾ ਹੈ ਅਤੇ ਪੂਰੀ ਦੁਨੀਆ ਹੀ ਇਸ ਸਮੇਂ ਡਰ ਤੇ ਦਹਿਸ਼ਤ ਦੇ ਸਾਏ ਹੇਠ ਜਿਉਂ ਰਹੀ ਹੈ,ਪਰ ਭਾਰਤ ਵਰਗੇ ਮੁਲਕ ਦੇ ਹਾਲਾਤ ਕੁੱਝ ਵੱਖਰੇ ਹਨ।ਇੱਥੇ ਭੁੱਖ ਮਰੀ ਹੈ,ਇੱਥੇ ਵਿਤਕਰੇਬਾਜ਼ੀ ਦਾ ਬੋਲਬਾਲਾ ਹੈ,ਇੱਥੇ ਲੋਕ ਧਰਮਾਂ,ਜਾਤਾਂ,ਮਜ਼੍ਹਬਾਂ ਚ ਬੁਰੀ ਤਰਾਂ ਵੰਡੇ ਹੋਏ ਹਨ।ਇੱਥੇ ਖ਼ੁਸ਼ਹਾਲੀ ਨਾਮ ਦੀ ਕੋਈ ਚੀਜ਼ ਨਹੀਂ ਹੈ।ਇੱਥੇ ਸਿਆਸਤ ਨੇ ਹਮੇਸ਼ਾ ਲੋਕਾਂ ਨੂੰ ਆਪਸ ਵਿਚ ਜਾਤਾਂ,ਧਰਮਾਂ,ਮਜ਼੍ਹਬਾਂ ਦੇ ਨਾਮ ਤੇ ਲੜਾ ਕੇ ਰੱਖਿਆ ਹੈ।ਇਸ ਲਈ ਇੱਥੋਂ ਦੀਆਂ ਸਮੱਸਿਆਵਾਂ ਬਾਕੀ ਦੁਨੀਆ ਤੋ ਕੁੱਝ ਹੱਟ ਕੇ ਹਨ।
ਜਿਸ ਦਿਨ ਤੋ ਕਰੋਨਾ ਵਾਇਰਸ ਨਾਮ ਦੀ ਅਲਾਮਤ ਮਹਾਂਮਾਰੀ ਬਣ ਕੇ ਦੁਨੀਆ ਚ ਫੈਲਣੀ ਸ਼ੁਰੂ ਹੋਈ ਹੈ,ਉਸ ਦਿਨ ਤੋ ਹੀ ਭਾਰਤ ਅੰਦਰ ਵੀ ਇਸ ਵਾਇਰਸ ਦੀ ਦਹਿਸ਼ਤ ਬਣੀ ਹੋਈ ਹੈ,ਕਿਉਂਕਿ ਵੱਡੀ ਗਿਣਤੀ ਵਿਚ ਭਾਰਤੀ ਰੋਜ਼ੀ ਰੋਟੀ ਲਈ ਉਨ੍ਹਾਂ ਮੁਲਕਾਂ ਚ ਗਏ ਹੋਏ ਹਨ,ਜਿਨ੍ਹਾਂ ਨੂੰ ਇਸ ਬਿਮਾਰੀ ਨੇ ਆਪਣੀ ਲਪੇਟ ਚ ਲਿਆ ਹੋਇਆ ਹੈ।ਭਾਰਤੀਆਂ ਦਾ ਆਉਣਾ ਜਾਣਾ ਹੀ ਇਸ ਬਿਮਾਰੀ ਦਾ ਭਾਰਤ ਅੰਦਰ ਪ੍ਰਵੇਸ਼ ਦੁਆਰ ਬਣਿਆ ਹੈ,ਜਿਸ ਤੋ ਇਹ ਇੱਕ ਤੋ ਅੱਗੇ ਅੱਗੇ ਫੈਲਦਾ ਗਿਆ ਤੇ ਹਾਲਾਤ ਇੱਥੋਂ ਤੱਕ ਪੁੱਜ ਗਏ। ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਵਿਚ ਹੀ ਇਸ ਵਾਇਰਸ ਦੇ ਫੈਲਣ ਦਾ ਕਾਰਨ ਅੰਤਰਰਾਸ਼ਟਰੀ ਆਵਾਜਾਈ ਹੀ ਬਣੀ ਹੈ॥ਜਦੋਂ ਤੱਕ ਇਸ ਦੇ ਦੁਰ ਪ੍ਰਭਾਵਾਂ ਦਾ ਪਤਾ ਲੱਗਾ,ਉਦੋਂ ਤੱਕ ਇਹ ਦੁਨੀਆ ਦੇ ਦਰਜਨਾਂ ਮੁਲਕਾਂ ਵਿਚ ਆਪਣੇ ਪੈਰ ਪਸਾਰ ਚੁੱਕਾ ਸੀ,ਜਿਨ੍ਹਾਂ ਵਿਚ ਭਾਰਤ ਵੀ ਸ਼ਾਮਲ ਹੈ।ਸੋ ਭਾਰਤ ਦੀ ਗੱਲ ਜਿਸ ਤਰ੍ਹਾਂ ਉੱਪਰ ਵੀ ਕੀਤੀ ਗਈ ਹੈ ਕਿ ਇੱਥੋਂ ਦੇ ਹਾਲਾਤ ਕੁੱਝ ਵੱਖਰੇ ਹੋਣ ਕਰ ਕੇ ਸਮੱਸਿਆਵਾਂ ਵੀ ਵਧੇਰੇ ਹਨ।ਇੱਕ ਤਾਂ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਇਸ ਬਿਮਾਰੀ ਤੇ ਕਾਬੂ ਪਾਉਣ ਲਈ ਸਤਰਕਤਾ ਵਰਤੀ ਹੈ ਤੇ ਜਲਦੀ ਕਾਰਵਾਈ ਕਰਦਿਆਂ ਪੂਰੇ ਦੇਸ਼ ਅੰਦਰ ਲੌਕ ਡਾਊਨ ਦੇ ਹੁਕਮ ਕੀਤੇ ਹਨ,ਭਾਵ ਲੋਕਾਂ ਨੂੰ ਕੰਮ ਕਾਰ ਬੰਦ ਕਰ ਕੇ ਘਰਾਂ ਦੇ ਅੰਦਰ ਹੀ ਰਹਿਣ ਦੀ ਤਾਕੀਦ ਕੀਤੀ ਹੈ,ਉਹਦੇ ਨਾਲ ਇੱਕ ਨਵੀਂ ਸਮੱਸਿਆ ਹੋਰ ਬਣਦੀ ਸਾਹਮਣੇ ਆ ਰਹੀ ਹੈ।
ਉਹ ਇਹ ਹੈ ਕਿ ਜਿਸ ਬੰਦੇ ਨੇ ਦਿਹਾੜੀ ਕਰ ਕੇ ਸਾਮ ਨੂੰ ਪਰਿਵਾਰ ਲਈ ਰੋਟੀ ਦਾ ਇੰਤਜ਼ਾਮ ਕਰਨਾ ਸੀ,ਉਨ੍ਹਾਂ ਲੋਕਾਂ ਲਈ ਅੰਦਰ ਵੜ੍ਹ ਕੇ ਬੈਠਣਾ ਸਖ਼ਤ ਸਜ਼ਾ ਤੋ ਵੀ ਬੁਰਾ ਹੈ,ਕਿਉਂਕਿ ਸਰਕਾਰ ਉਨ੍ਹਾਂ ਤੱਕ ਕਿਸੇ ਵੀ ਹਾਲ ਰੋਟੀ ਪੁੱਜਦੀ ਕਰਨ ਵਿਚ ਕਾਮਯਾਬ ਹੁੰਦੀ ਦਿਖਾਈ ਨਹੀਂ ਦਿੰਦੀ।ਇਹ ਮਹਾਂਮਾਰੀ ਦੇ ਖ਼ਤਰਿਆਂ ਤੋ ਵੀ ਮੁਨਕਰ ਹੋਣਾ ਸਿਆਣਪ ਨਹੀਂ,ਪਰ ਇਹਦੀ ਰੋਕਥਾਮ ਦੇ ਨਾਲ ਨਾਲ ਉਨ੍ਹਾਂ ਕਰੋੜਾਂ ਲੋਕਾਂ ਦੀ ਦੋ ਵਖਤ ਦੀ ਪੇਟ ਭਰ ਰੋਟੀ ਦਾ ਇੰਤਜ਼ਾਮ ਕਰਨਾ ਵੀ ਤਾਂ ਸਰਕਾਰਾਂ ਦੀ ਜ਼ੁੰਮੇਵਾਰੀ ਹੈ।ਭਾਵੇਂ ਬਹੁਤ ਸਾਰੀਆਂ ਸੰਸਥਾਵਾਂ ਨੇ ਉਪਰਾਲੇ ਸ਼ੁਰੂ ਕੀਤੇ ਹੋਏ ਹਨ,ਪਰ ਉਹ ਕਾਫ਼ੀ ਨਹੀਂ ਸਮਝੇ ਜਾ ਸਕਦੇ।ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਇੱਥੇ ਵੀ ਉਨ੍ਹਾਂ ਗ਼ਰੀਬ ਲੋਕਾਂ ਦੀ ਕਾਫ਼ੀ ਗਿਣਤੀ ਹੈ,ਜਿਹੜੇ ਸਵੇਰੇ ਕੰਮ ਤੇ ਜਾ ਕੇ ਸਾਮ ਨੂੰ ਰਾਸ਼ਨ ਲੈ ਕੇ ਪਰਿਵਾਰ ਪਾਲਦੇ ਹਨ।ਉਨ੍ਹਾਂ ਗ਼ਰੀਬ ਲੋਕਾਂ ਤੱਕ ਪੇਟ ਭਰ ਖਾਣਾ ਭੇਜਣ ਦੀ ਜ਼ੁੰਮੇਵਾਰੀ ਸਰਕਾਰ ਤੋ ਇਲਾਵਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੈ ਲਈ ਹੈ,ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋ ਜਿੱਥੇ ਵੀ ਜ਼ਰੂਰਤ ਹੁੰਦੀ ਹੈ,ਓਥੇ ਲੰਗਰ ਭੇਜਿਆ ਜਾ ਰਿਹਾ ਹੈ,ਜਿਸ ਨਾਲ ਉਨ੍ਹਾਂ ਲੋਕਾਂ ਨੂੰ ਵੀ ਆਪਣੇ ਆਪ ਉਨ੍ਹਾਂ ਦੇ ਬੇਹੂਦਾ ਸੁਆਲਾਂ ਦਾ ਜਵਾਬ ਵੀ ਮਿਲ ਗਿਆ ਹੋਵੇਗਾ,ਜਿਹੜੇ ਗੁਰਦੁਆਰਿਆਂ ਤੇ ਅਕਸਰ ਹੀ ਉਂਗਲਾਂ ਚੁੱਕਦੇ ਰਹਿੰਦੇ ਹਨ,ਗੁਰੂ ਦੀ ਗੋਲਕ ਤੇ ਇਤਰਾਜ਼ ਕਰਦੇ ਹਨ।
ਉਨ੍ਹਾਂ ਲੋਕਾਂ ਨੂੰ ਗੁਰੂ ਕੀ ਗੋਲਕ ਅਤੇ ਗੁਰੂ ਕੇ ਲੰਗਰਾਂ ਦੀ ਮਹਾਨਤਾ ਹੁਣ ਸਮਝ ਆ ਜਾਣੀ ਚਾਹੀਦੀ ਹੈ ਜਿਹੜੇ ਆਪਣੇ ਆਪ ਬਣੇ ਵਿਦਵਾਨ ਕਹਿੰਦੇ ਹਨ ਕਿ ਗੁਰਦੁਆਰੇ ਬਣਾਉਣ ਨਾਲੋਂ ਤਾਂ ਸਕੂਲ ਜਾਂ ਹਸਪਤਾਲ ਬਣਾਉਣੇ ਚਾਹੀਦੇ ਹਨ ਤਾਂ ਕਿ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਚੰਗਾ ਪ੍ਰਬੰਧ ਹੋ ਸਕੇ।ਇਹ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ,ਕਿ ਚੰਗੀ ਸਿੱਖਿਆ ਅਤੇ ਸਿਹਤ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ,ਪਰ ਇਹ ਗੁਰਦੁਆਰੇ ਨਾ ਬਣਾਉਣ ਦੀ ਸ਼ਰਤ ਤੇ ਹੀ ਕਿਉਂઠ ? ਕਿਉਂ ਨਹੀਂ ਉਹ ਲੋਕ ਖੁਦ ਚੰਗੀਆਂ ਸਿਹਤ ਸਹੂਲਤਾਂ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੋਈ ਸਾਰਥਕ ਉਪਰਾਲਾ ਕਰਨ ਲਈ ਯਤਨਸ਼ੀਲ ਹੁੰਦੇ।ਇਹ ਸੱਚ ਹੈઠ ਕਿ ਸਕੂਲ ਚੰਗੀ ਸਿੱਖਿਆ ਦੇ ਸਕਦੇ ਹਨ,ਬੌਧਿਕ ਪੱਧਰ ਉੱਚਾ ਚੁੱਕ ਸਕਦੇ ਹਨ,ਚੰਗੇ ਹਸਪਤਾਲ ਵਧੀਆ ਸਿਹਤ ਸਹੂਲਤਾਂ ਦੇ ਸਕਦੇ ਹਨ,ਪਰ ਇਹ ਵੀ ਸੱਚ ਹੈ ਕਿ ਅਜਿਹੇ ਹਾਲਤਾਂ ਵਿਚ ਭੁੱਖੇ ਨੂੰ ਰੋਟੀ ਸਕੂਲ ਚੋ ਨਹੀਂ ਮਿਲ ਸਕਦੀ ਹੈ,ਸਿਰਫ਼ ਚੰਗੀ ਸਿੱਖਿਆ ਹੀ ਮਿਲ ਸਕਦੀ ਹੈ,ਇਸੇ ਤਰਾਂ ਹੀ ਹਸਪਤਾਲਾਂ ਚੋ ਚੰਗਾ ਇਲਾਜ ਹੋ ਸਕਦਾ ਹੈ,ਪਰ ਰੋਟੀ ਹਸਪਤਾਲ ਚੋ ਵੀ ਨਹੀਂ ਮਿਲ ਸਕਦੀ।ਪੀ ਜੀ ਆਈ ਤੋ ਵੱਡਾ ਹਸਪਤਾਲ ਪੰਜਾਬ,ਹਰਿਆਣਾ ਅਤੇ ਹਿਮਾਚਲ ਵਿਚ ਕੋਈ ਨਹੀਂ,ਪ੍ਰੰਤੂ ਅਜਿਹੇ ਹਾਲਤਾਂ ਵਿਚ ਰੋਟੀ ਉਥੇ ਵੀ ਗੁਰਦੁਆਰਾ ਸਾਹਿਬ ਤੋ ਹੀ ਜਾਂਦੀ ਹੈ।
ਸੋ ਅਗਲੀ ਗੱਲ ਇਹ ਹੈ ਕਿ ਜ਼ਿਲ੍ਹਾ ਹੈਡਕੁਆਰਟਰਾਂ ਤੇ ਸਰਕਾਰ ਨੇ ਹਰ ਲੋੜਵੰਦ ਤੱਕ ਖਾਣਾ ਭੇਜਣ ਦੀਆਂ ਹਦਾਇਤਾਂ ਕੀਤੀਆਂ ਹਨ,ਪਰ ਫਿਰ ਵੀ ਇਹ ਸੰਭਵ ਨਹੀਂ ਕਿ ਹਰ ਭੁੱਖੇ ਨੂੰ ਪੇਟ ਭਰ ਭੋਜਨ ਮੁਹੱਈਆ ਕਰਵਾਇਆ ਜਾ ਸਕੇ।ਇੱਥੇ ਵੀ ਗੁਰਦੁਆਰਾ ਕਮੇਟੀਆਂ ਨੇ ਇਹ ਕਾਰਜ ਅਰੰਭੇ ਹੋਏ ਹਨ। ਇੱਥੇ ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਅੱਜ ਬਹੁਤ ਸਾਰੀਆਂ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਇਸ ਕਾਰਜ ਵਿਚ ਲੱਗੀਆਂ ਹੋਈਆਂ ਹਨ,ਪਰ ਉਨ੍ਹਾਂ ਨੂੰ ਵੀ ਪਰੇਰਨਾ ਗੁਰੂ ਕੇ ਲੰਗਰ ਦੀ ਮਹਾਨ ਪਰੰਪਰਾ ਅਤੇ ਸਿੱਖੀ ਦੇ ਸਰਬੱਤ ਦੇ ਭਲੇ ਦੇ ਸੰਕਲਪ ਤੋ ਹੀ ਮਿਲੀ ਹੈ।ਇੱਥੇ ਗੁਰੂ ਕੀ ਗੋਲਕ ਗ਼ਰੀਬ ਦਾ ਮੂੰਹ ਸਿਰਫ਼ ਕਹਿਣ ਦੀਆਂ ਹੀ ਗੱਲਾਂ ਨਹੀਂ ਹਨ,ਬਲਕਿ ਹੁਣ ਜਦੋਂ ਪੂਰੀ ਦੁਨੀਆ ਮਹਾਂਮਾਰੀ ਦੀ ਮਾਰ ਝੱਲ ਰਹੀ ਹੈ ਤਾਂ ਇਹ ਗੁਰਦੁਆਰੇ ਹੀ ਹਨ, ਜਿੱਥੋਂ ਅਜਿਹੀਆਂ ਆਫ਼ਤਾਂ ਵਿਚ ਲੋੜਵੰਦਾਂ ਨੂੰ ਦੋ ਵਖਤ ਦਾ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ।ਇਹ ਗੁਰੂ ਦੀ ਗੋਲਕ ਦਾ ਹੀ ਪ੍ਰਤਾਪ ਹੈ ਕਿ ਹਰ ਭੁੱਖੇ ਨੂੰ ਪੇਟ ਭਰ ਖਾਣਾ ਮਿਲਦਾ ਹੈ।ਰਹਿਣ ਲਈ ਛੱਤ ਮਿਲਦੀ ਹੈ।ਦੁਨੀਆ ਦੇ ਕਿਸੇ ਵੀ ਧਰਮ ਦੇ ਹਿੱਸੇ ਇਹ ਵਡਿਆਈ ਨਹੀਂ ਆਈ ਜੋ ਗੁਰੂ ਸਹਿਬਾਨਾਂ ਨੇ ਸਿੱਖ ਕੌਮ ਨੂੰ ਬਖ਼ਸ਼ੀ ਹੈ। ਦੁਨੀਆ ਦੇ ਕਿਸੇ ਵੀ ਖ਼ਿੱਤੇ ਵਿਚ ਜਿੱਥੇ ਸਿੱਖ ਵਸਦੇ ਹਨ,ਉਨ੍ਹਾਂ ਨੇ ਉਥੇ ਸਭ ਤੋ ਪਹਿਲਾਂ ਗੁਰਦੁਆਰੇ ਬਣਾਏ ਹਨ,ਕੀ ਕੋਈ ਵਿਰੋਧੀ ਸੋਚ ਵਾਲਾ ਇਹ ਦਾਅਵੇ ਨਾਲ ਕਹਿ ਸਕਦਾ ਹੈ ਕਿ ਦੁਨੀਆ ਦੇ ਕਿਸੇ ਵੀ ਖ਼ਿੱਤੇ ਵਿਚ ਬਣੇ ਗੁਰਦੁਆਰਾ ਸਾਹਿਬ ਤੋ ਕਦੇ ਕੋਈ ਲੋੜਵੰਦ ਨਿਰਾਸ਼ ਪਰਤਿਆ ਹੋਵੇ,ਹਾਂ ਇਸ ਗੱਲ ਤੋ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਵਕਤੀ ਤੌਰ ਤੇ ਪ੍ਰਬੰਧ ਮਾੜੇ ਲੋਕਾਂ ਕੋਲ ਹੋਣ ਕਰ ਕੇ ਕੁਰਹਿਤਾਂ ਹੋ ਸਕਦੀਆਂ ਹਨ,ਪਰ ਕਿਸੇ ਵਿਅਕਤੀ ਵਿਸ਼ੇਸ਼ ਦੀਆਂ ਦੀਆਂ ਕੁਰਿਹਤੀ ਗ਼ਲਤੀਆਂ ਨੂੰઠ ਗੁਰਦੁਆਰੇ,ਗੋਲਕਾਂ ਅਤੇ ਲੰਗਰ ਦੇ ਸੰਕਲਪ ਨੂੰ ਹੀ ਢਾਹ ਲਾਉਣ ਜਾਂ ਝੁਠਲਾਉਣ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਦੁਨੀਆ ਵਿਚ ਸਿੱਖ ਹੀ ਅਜਿਹੀ ਕੌਮ ਵਜੋਂ ਉੱਭਰ ਕੇ ਸਾਹਮਣੇ ਆਏ ਹਨ,ਜਿਨ੍ਹਾਂ ਵੱਲੋਂ ਕਿਸੇ ਵੀ ਕਰੋਪੀ ਸਮੇਂ ਕਦੇ ਵੀ ਰੰਗ ਨਸਲ ਦਾ ਭੇਦ ਕੀਤੇ ਬਿਨਾਂ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਂਦੀ ਹੈ।ਉਹ ਵੱਖਰੀ ਗੱਲ ਹੈ ਕਿ ਸਿੱਖਾਂ ਨੂੰ ਮਿਲੀ ਸਰਬੱਤ ਦੇ ਭਲੇ ਵਾਲੀ ਮਹਾਨ ਵਿਰਾਸਤ ਤੋ ਬਹੁਤ ਸਾਰੇ ਲੋਕਾਂ ਨੂੰ ਈਰਖਾ ਵੀ ਹੈ,ਜਿਸ ਦਾ ਸਿੱਟਾ ਸਿੱਖਾਂ ਨੂੰ ਅਫ਼ਗ਼ਾਨਿਸਤਾਨ ਦੇ ਕਾਬੁਲ ਵਿਚ ਗੁਰਦੁਆਰੇ ਤੇ ਹੋਏ ਹਮਲੇ ਦੇ ਰੂਪ ਵਿਚ ਝੱਲਣਾ ਪੈਂਦਾ ਹੈ।ਅਫ਼ਗ਼ਾਨਿਸਤਾਨ ਵਿਚ ਵਾਪਰੀ ਇਹ ਦਿਲ ਦਹਿਲਾ ਦੇਣ ਵਾਲੀ ਤਾਜ਼ਾ ਘਟਨਾ ਤੇ ਜਿਸ ਤਰ੍ਹਾਂ ਭਾਰਤ ਅੰਦਰ ਚੁੱਪ ਸਾਧੀ ਗਈ ਹੈ,ਉਸ ਚੁੱਪ ਨੇ ਇਹ ਜ਼ਰੂਰ ਦਰਸਾ ਦਿੱਤਾ ਹੈ ਕਿ ਭਾਵੇਂ ਅਫ਼ਗ਼ਾਨਿਸਤਾਨ ਹੋਵੇ ਜਾਂ ਭਾਰਤ ਈਰਖਾ ਵਾਦੀ ਸੋਚ ਹਰ ਥਾਂ ਸੱਚ ਦਾ ਰਾਹ ਘੇਰਨ ਦੀ ਕੋਸ਼ਿਸ਼ ਵਿਚ ਹਮੇਸ਼ਾ ਰਹਿੰਦੀ ਹੈ।ਕਿੰਨੇ ਕਮਾਲ ਦੀ ਬਖ਼ਸ਼ਿਸ਼ ਕੀਤੀ ਹੈ ਗੁਰੂ ਨੇ ਸਿੱਖ ਤੇ ਕਿ ਅਜਿਹੀਆਂ ਘਟਨਾਵਾਂ ਵੀ ਉਨ੍ਹਾਂ ਦੀ ਸਰਬੱਤ ਦੇ ਭਲੇ ਵਾਲੀ ਸੇਵਾ ਭਾਵਨਾ ਨੂੰ ਢਾਹઠ ਨਹੀਂ ਲਾ ਸਕੀਆਂ ਬਲਕਿ ਸਿੱਖ ਅੱਜ ਵੀ ਦੁਨੀਆ ਪੱਧਰ ਤੇ ਆਪਣੇ ਸਰਬੱਤ ਦੇ ਭਲੇ ਵਾਲੇ ਮਿਸ਼ਨ ਤੇ ਬਗੈਰ ਨਸਲੀ ਭੇਦ ਭਾਵ ਤੇ ਦ੍ਰਿੜ੍ਹਤਾ ਨਾਲ ਪਹਿਰਾ ਦੇ ਰਹੇ ਹਨ।
ਬਘੇਲ ਸਿੰਘ ਧਾਲੀਵਾਲ
+91 99142-58142