ਗੜ੍ਹਸ਼ੰਕਰ ਖੇਤਰ ਦੇ 206 ਸ਼ੱਕੀ ਲੋਕਾਂ ਨੂੰ ਇਕਾਂਤਵਾਸ ‘ਚ ਰੱਖਿਆ

ਗੜ੍ਹਸ਼ੰਕਰ, 23 ਮਾਰਚ (ਧਾਲੀਵਾਲ)- ਕੋਰੋਨਾ ਵਾਇਰਸ ਦੀ ਦਹਿਸ਼ਤ ਨੇ ਗੜ੍ਹਸ਼ੰਕਰ ਇਲਾਕੇ ਨੂੰ ਵੀ ਪ੍ਰਭਾਵਿਤ ਕੀਤਾ ਹੈ। ਹੁਣ ਤੱਕ ਗੜ੍ਹਸ਼ੰਕਰ ਖੇਤਰ ਦੇ ਵੱਖ-ਵੱਖ ਪਿੰਡਾਂ ਦੇ ਸ਼ੱਕੀ 206 ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਘਰਾਂ ਵਿਚ ਹੀ ਇਕਾਂਤਵਾਸ ‘ਚ ਰੱਖਿਆ ਗਿਆ ਹੈ। ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਨਿਵਾਸੀ ਬਜ਼ੁਰਗ ਹਰਭਜਨ ਸਿੰਘ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਹਰਭਜਨ ਸਿੰਘ ਦੇ ਪਰਿਵਾਰ ਦੇ 5 ਮੈਂਬਰਾਂ ਸਮੇਤ ਪਿੰਡ ਮੋਰਾਂਵਾਲੀ ਦੇ ਕੁੱਲ 36 ਲੋਕ ਘਰਾਂ ਵਿਚ ਹੀ ਇਕਾਂਤਵਾਸ ਵਿਚ ਹਨ। ਐੱਸ.ਐੱਮ.ਓ. ਪੋਸੀ ਡਾ. ਰਘਵੀਰ ਸਿੰਘ ਦੱਸਿਆ ਕਿ ਇਕਾਂਤਵਾਸ ‘ਚ ਭੇਜੇ ਸ਼ੱਕੀ ਲੋਕਾਂ ‘ਚ 49 ਉਹ ਲੋਕ ਹਨ ਜੋ ਪਠਲਾਵਾ ਨਿਵਾਸੀ ਮ੍ਰਿਤਕ ਬਲਦੇਵ ਸਿੰਘ ਦੇ ਸੰਪਰਕ ਵਿਚ ਸਨ, 30 ਲੋਕ ਉਹ ਸ਼ਾਮਿਲ ਹਨ ਜੋ ਮੋਰਾਂਵਾਲੀ ਨਿਵਾਸੀ ਹਰਭਜਨ ਸਿੰਘ ਦੇ ਸੰਪਰਕ ਵਿਚ ਸਨ ਤੇ 83 ਲੋਕ ਵਿਦੇਸ਼ ਤੋਂ ਪਰਤੇ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਵੀ ਸਭ ਦੀ ਹਾਲਤ ਠੀਕ ਹੈ ਤੇ ਉਮੀਦ ਹੈ ਸਭ ਸ਼ੱਕੀ ਲੋਕ ਠੀਕ ਰਹਿਣਗੇ।

ਧੰਨਵਾਦ ਸਹਿਤ (ਅਜੀਤ)