ਅੱਤਵਾਦ ਨੂੰ ਆਪਣੇ ਸਾਰੇ ਗੁਆਂਢੀਆਂ ਲਈ ਖ਼ਤਰਾ ਦੱਸਦੇ ਹੋਏ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਨਾਲ ਨਿੱਬੜਨ ਲਈ ਇੱਕ ਸਪਸ਼ਟ ਖੇਤਰੀ ਰਣਨੀਤੀ ਦੀ ਲੋੜ ਹੈ, ਲੇਕਿਨ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਸੰਵਿਧਾਨਕ ਢਾਂਚੇ ਦੇ ਦਾਇਰੇ ‘ਚ ਤਾਲਿਬਾਨ ਨਾਲ ਗੱਲ ਕਰ ਸਕਦੀ ਹੈ। ਭਾਰਤ ਯਾਤਰਾ ‘ਤੇ ਆਏ ਅਫ਼ਗਾਨ ਨੇਤਾ ਨੇ ਆਪਣੇ ਦੇਸ਼ ‘ਚ ਪੁਨਰ ਨਿਰਮਾਣ ਕਾਰਜ ‘ਚ ਸਹਾਇਤਾ ਲਈ ਭਾਰਤ ਦਾ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਅਫ਼ਗਾਨਿਸਤਾਨ ਆਪਣੀ ਖ਼ੁਸ਼ਹਾਲੀ ਲਈ ਭਾਰਤੀ ਨਿਵੇਸ਼ਕਾਂ ਵੱਲ ਵੇਖ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਹੁਣ ਤੱਕ ਅਫ਼ਗਾਨਿਸਤਾਨ ‘ਚ ਕਰੀਬ 2. 2 ਅਰਬ ਡਾਲਰ ਦਾ ਵੱਖ ਵੱਖ ਯੋਜਨਾਵਾਂ ‘ਚ ਯੋਗਦਾਨ ਦਿੱਤਾ ਹੈ। ਗ਼ਨੀ ਨੇ ਪਿਛਲੇ ਸਤੰਬਰ ‘ਚ ਰਾਸ਼ਟਰਪਤੀ ਅਹੁਦੇ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਭਾਰਤ ਯਾਤਰਾ ‘ਤੇ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਸਾਡਾ ਗੁਆਂਢੀ ਹੈ, ਦੂਜੀ ਸਭ ਤੋਂ ਵੱਡੀ ਮੁਸਲਮਾਨ ਆਬਾਦੀ ਵਾਲਾ ਦੇਸ਼ ਹੈ ਤੇ ਸਿਖਰ ਨਿਵੇਸ਼ਕਾਂ ‘ਚੋਂ ਇੱਕ ਹੈ।