ਸਾਬਕਾ ਗੈਂਗਸਟਰ ਕੁਲਵੀਰ ਨਰੂਆਣਾ ਤੇ ਉਸਦੇ ਸਾਥੀ ਦਾ ਕਤਲ, ਕਾਤਲ ਕਾਬੂ

ਬਠਿੰਡਾ -ਸਾਬਕਾ ਗੈਂਗਸਟਰ ਕੁਲਵੀਰ ਸਿੰਘ ਨਰੂਆਣਾ ਤੇ ਉਸਦੇ ਸਾਥੀ ਚਮਕੌਰ ਸਿੰਘ ਦਾ ਅੱਜ ਸਵੇਰੇ ਉਹਨਾਂ ਦੇ ਹੀ ਵੀਹ ਸਾਲ ਪੁਰਾਣੇ ਇੱਕ ਸਾਥੀ ਮਨਦੀਪ ਸਿੰਘ ਮੰਨਾ ਨੇ ਕਤਲ ਕਰ ਦਿੱਤਾ। ਕਥਿਤ ਕਾਤਲ ਵੀ ਇਸ ਮੌਕੇ ਕੁੱਝ ਜਖ਼ਮੀ ਹੋ ਗਿਆ ਸੀ ਜਿਸਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਤਫ਼ਤੀਸ ਸੁਰੂ ਕਰ ਦਿੱਤੀ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਕੁਲਵੀਰ ਸਿੰਘ ਤੇ ਕਤਲ, ਇਰਾਦਾ ਕਤਲ, ਲੁੱਟਮਾਰ, ਲੜਾਈ ਝਗੜੇ ਦੇ ਦਰਜਨ ਤੋਂ ਵੱਧ ਕੇਸ ਦਰਜ ਹੋਏ ਸਨ, ਜਿਹਨਾਂ ਵਿੱਚੋਂ ਕੁੱਝ ਕੇਸਾਂ ਚੋ ਉਹ ਬਰੀ ਹੋ ਗਿਆ ਸੀ ਅਤੇ ਕੁੱਝ ਅਦਾਲਤਾਂ ਵਿੱਚ ਚਲਦੇ ਹਨ ਪਰ ਉਹ ਜਮਾਨਤ ਤੇ ਬਾਹਰ ਸੀ। ਹੁਣ ਕੁਲਵੀਰ ਨਰੂਆਣਾ ਆਪਣੇ ਘਰ ਵਿੱਚ ਹੀ ਰਹਿੰਦਾ ਸੀ ਅਤੇ ਸਮਾਜ ਸੇਵੀ ਕੰਮਾਂ ਵਿੱਚ ਭਾਗ ਲੈਂਦਾ ਸੀ। ਇੱਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਪਿਛਲੇ ਮਹੀਨੇ ਦੀ 21 ਤਾਰੀਖ ਨੂੰ ਵੀ ਕੁਲਵੀਰ ਨਰੂਆਣਾ ਤੇ ਬਠਿੰਡਾ ਰਿੰਗ ਰੋਡ ਤੇ ਹਮਲਾ ਹੋਇਆ ਸੀ, ਗੋਲੀਆਂ ਚਲਾਈਆਂ ਗਈਆਂ ਸਨ ਪਰ ਗੱਡੀ ਬੁਲਟ ਪਰੂਫ ਹੋਣ ਸਦਕਾ ਉਹ ਬਚ ਗਿਆ ਸੀ।
ਅੱਜ ਸੁਭਾ ਕੁਲਵੀਰ ਦਾ ਸਾਥੀ ਮਨਦੀਪ ਸਿੰਘ ਮੰਨਾ ਵਾਸੀ ਤਲਵੰਡੀ ਸਾਬੋ ਫਾਰਚੂਨਰ ਗੱਡੀ ਤੇ ਉਹਨਾਂ ਦੇ ਘਰ ਨਰੂਆਣਾ ਵਿਖੇ ਆਇਆ ਤੇ ਕੁਲਵੀਰ ਨੂੰ ਗੱਲਬਾਤ ਕਰਨ ਲਈ ਆਪਣੀ ਕਾਰ ਵਿੱਚ ਬੈਠਣ ਲਈ ਕਿਹਾ। ਕੁਲਵੀਰ ਸਿੰਘ ਉਸਤੇ ਵਿਸਵਾਸ ਕਰਦਾ ਸੀ, ਇਸ ਲਈ ਉਸਦੀ ਗੱਡੀ ਵਿੱਚ ਬੈਠ ਗਿਆ। ਗੱਡੀ ਵਿੱਚ ਬੈਠਦੇ ਹੀ ਮਨਦੀਪ ਸਿੰਘ ਉਰਫ਼ ਮੰਨਾ ਨੇ ਕੁਲਵੀਰ ਨਰੂਆਣਾ ਤੇ ਫਾਇਰਿੰਗ ਕਰ ਦਿੱਤੀ, ਗੋਲੀਆਂ ਲੱਗਣ ਨਾਲ ਕੁਲਵੀਰ ਦੀ ਮੌਤ ਹੋ ਗਈ। ਮੰਨਾ ਨੇ ਕਾਰ ਭਜਾਈ ਤਾਂ ਕੁਲਵੀਰ ਦੇ ਇੱਕ ਸਾਥੀ ਚਮਕੌਰ ਸਿੰਘ ਵਾਸੀ ਝੁੰਬਾ ਜਿਲ੍ਹਾ ਬਠਿੰਡਾ ਨੇ ਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਕਾਤਲ ਮੰਨਾ ਨੇ ਗੱਡੀ ਉਸ ਉੱਪਰ ਚੜਾ ਦਿੱਤੀ, ਜਿਸ ਕਾਰਨ ਚਮਕੌਰ ਸਿੰਘ ਦੀ ਵੀ ਮੌਤ ਹੋ ਗਈ। ਇਸ ਹਮਲੇ ‘ਚ ਇੱਕ ਹੋਰ ਨੌਜਵਾਨ ਗੁਰਪ੍ਰੀਤ ਸਿੰਘ ਦੇ ਫੱਟੜ ਹੋਣ ਬਾਰੇ ਵੀ ਕਿਹਾ ਜਾ ਰਿਹਾ ਹੈ, ਪਰ ਉਸਦੀ ਪੁਸਟੀ ਨਹੀਂ ਹੋ ਸਕੀ।
ਕੁਲਵੀਰ ਨਰੂਆਣਾ ਤੇ ਭਾਵੇਂ ਦਰਜਨਾਂ ਮੁਕੱਦਮੇ ਵੱਖ ਵੱਖ ਧਾਰਾਵਾਂ ਅਧੀਨ ਦਰਜ ਹੋਏ ਸਨ ਅਤੇ ਕੁੱਝ ਸਮਾਂ ਉਹ ਭਗੌੜਾ ਵੀ ਰਿਹਾ ਸੀ, ਪਰ ਹੁਣ ਉਹ ਆਪਣੇ ਘਰ ਵਿੱਚ ਹੀ ਰਹਿ ਰਿਹਾ ਸੀ। ਕਥਿਤ ਕਾਲਤ ਮਨਦੀਪ ਮੰਨਾ ਤੇ ਵੀ ਇਰਾਦਾ ਕਤਲ, ਲੜਾਈ ਝਗੜੇ, ਕੁੱਟ ਮਾਰ, ਅਸਲਾ ਆਦਿ ਦੇ ਕਰੀਬ 15 ਮੁਕੱਦਮੇ ਦਰਜ ਹੋਏ ਹਨ, ਜਿਹਨਾਂ ਚੋਂ ਉਸਦੀ ਜਮਾਨਤ ਹੋ ਗਈ ਸੀ।
ਜਿਲ੍ਹਾ ਪੁਲਿਸ ਮੁਖੀ ਸ੍ਰੀ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਕਤਲ ਕਰਨ ਤੋਂ ਬਾਅਦ ਮਨਦੀਪ ਮੰਨਾ ਮੌਕੇ ਤੋਂ ਫਰਾਰ ਹੋ ਗਿਆ ਸੀ। ਉਸਦੀ ਲੱਤ ਵਿੱਚ ਵੀ ਗੋਲੀ ਲੱਗੀ ਹੋਈ ਸੀ ਤੇ ਉਸਦਾ ਨਸ਼ਾ ਕੀਤਾ ਹੋਇਆ ਸੀ, ਜਿਸ ਕਰਕੇ ਉਸਨੇ ਬਾਦਲ ਰੋਡ ਤੇ ਸਥਿਤ ਪਿੰਡ ਘੁੱਦਾ ਨਜਦੀਕ ਗੱਡੀ ਰੋਕ ਦਿੱਤੀ ਤੇ ਸੜਕ ਦੇ ਕਿਨਾਰੇ ਡਿੱਗ ਪਿਆ। ਉਹਨਾਂ ਦੱਸਿਆ ਕਿ ਇੱਕ ਪੁਲਿਸ ਕਰਮਚਾਰੀ ਨੇ ਭਲਾਈ ਕਰਦਿਆਂ ਉਸਨੂੰ ਚੁੱਕ ਕੇ ਘੁੱਦਾ ਦੇ ਹਸਪਤਾਲ ਪਹੁੰਚਾਇਆ ਅਤੇ ਪੁਲਿਸ ਦਫ਼ਤਰ ਨੂੰ ਸੂਚਿਤ ਕੀਤਾ। ਪਰ ਜਦ ਪਤਾ ਲੱਗਾ ਕਿ ਇਹ ਫਾਇਰਿੰਗ ਕਰਕੇ ਭੱਜਿਆ ਹੋਇਆ ਹੈ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਸਨੂੰ ਕਾਬੂ ਕਰ ਲਿਆ। ਉਹਨਾਂ ਦੱਸਿਆ ਕਿ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਤਫ਼ਤੀਸ ਜਾਰੀ ਹੈ।

Welcome to Punjabi Akhbar

Install Punjabi Akhbar
×
Enable Notifications    OK No thanks