ਗੈਂਗਸਟਰ ਸਭਿਆਚਾਰ ਦੇ ਪਰਦੇ ਪਿੱਛੇ ਦਾ ਸੱਚ

– ਪੰਜਾਬ ਦੇ ਭਵਿੱਖ ਨੂੰ ਤਬਾਹੀ ਵੱਲ ਲੈ ਕੇ ਜਾਣ ਦੇ ਅਸਲ ਗੁਨਾਹਗਾਰ ਕੌਣ?

bagel singh dhaliwal 180128 ਗੈਂਗਸਟਰ ਸੱਭਿਆਚਾਰ ਦੇ ਪਰਦੇ ਪਿੱਛੇ ਦਾ ਸੱਚccc
ਇਹ ਗੱਲ ਬਹੁਤ ਬਾਰ ਲਿਖੀ ਜਾ ਚੁੱਕੀ ਹੈ ਕਿ ਪੰਜਾਬ ਅੰਦਰ ਝੂਠੇ ਪੁਲਿਸ ਮੁਕਾਬਲਿਆਂ ਦਾ ਮੁੱਢ ਨਕਸਲਬਾੜੀ ਲਹਿਰ ਨੂੰ ਕੁਚਲਣ ਲਈ ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਵਿਚ ਸ੍ਰ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਬੰਨਿਆਂ, ਜਦੋਂ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸੀ। ਫਿਰ 1984 ਦਾ ਦੌਰ ਆਇਆ, ਜਦੋਂ ਭਾਰਤੀ ਫ਼ੌਜਾਂ ਨੇ ਸਿੱਖਾਂ ਦੇ ਸਭ ਤੋ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਤੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਹੀਦੀ ਦਿਹਾੜਾ ਮਨਾਉਣ ਲਈ ਪਹੁੰਚੇ ਸ਼ਰਧਾਲੂਆਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਸ ਫ਼ੌਜੀ ਹਮਲੇ ਤੋਂ ਬਾਅਦ ਰਿਸਦੇ ਪੰਜਾਬ ਦੇ ਜ਼ਖ਼ਮਾਂ ਤੇ ਮਰਹਮઠਲਾਉਣ ਦੇ ਯਤਨ ਕਰਨ ਦੀ ਵਜਾਏ ਹਕੂਮਤਾਂ ਨੇ ਬਜਟ ਦਾ ਵੱਡਾ ਹਿੱਸਾ ਪੰਜਾਬ ਪੁਲਿਸ ਅਤੇ ਭਾਰਤੀ ਨੀਮ ਫੋਰਸਾਂ ਲਈ ਰਾਖਵਾਂ ਕਰ ਕੇ ਉਨ੍ਹਾਂ ਦੀਆਂ ਡੋਰਾਂ ਖੁੱਲ੍ਹੀਆਂ ਛੱਡੀਆਂ ਗਈਆਂ ਤਾਂ ਕਿ ਸਿੱਖ ਜੁਆਨੀ ਨੂੰ ਚੁਣ ਚੁਣ ਕੇ ਖ਼ਤਮ ਕਰਨ ਵਿਚ ਕੋਈ ਅੜਚਣ ਪੇਸ਼ ਨਾ ਆਵੇ।

82 ਤੋਂ 92;93 ਤੱਕ ਦਾ ਦਹਾਕਾ ਪੰਜਾਬ ਵਿਚ ਘਰ ਘਰ ਬਲਦੇ ਸਿਵਿਆਂ ਦੇ ਭਾਂਬੜਾਂ ਦਾ ਦਹਾਕਾ ਕਿਹਾ ਜਾ ਸਕਦਾ ਹੈ। ਉਸ ਮੌਕੇ ਕੇਂਦਰੀ ਤਾਕਤਾਂ ਨੇ ਬਹੁਤ ਹੁਸ਼ਿਆਰੀ ਨਾਲ ਸਿੱਖ ਨੌਜਵਾਨਾਂ ਦੀ ਲਹਿਰ ਦਾ ਮੁੱਖ ਕੇਂਦਰ ਵੱਲੋਂ ਮੋੜ ਕੇ ਪੰਜਾਬ ਪੁਲਿਸ ਵੱਲ ਘੁਮਾ ਦਿੱਤਾ। ਕੇਂਦਰ ਦੀ ਪੰਜਾਬ ਮਾਰੂ ਇਹ ਸਾਜ਼ਿਸ਼ ਐਨੀ ਕਾਰਗਰ ਸਾਬਤ ਹੋਈ ਕਿ ਪੰਜਾਬ ਅੰਦਰ ਭਾਈ ਹੱਥੋਂ ਭਾਈ ਮਰਨ ਲੱਗੇ।ਪੰਜਾਬ ਦਾ ਅਣਖੀ ਖ਼ੂਨ ਗਲੀਆਂ ਬਾਜ਼ਾਰਾਂ ਵਿਚ ਬਹਿ ਤੁਰਿਆ।ਪੰਜਾਬ ਦੇ ਜਾਏ ਇੱਕ ਦੂਸਰੇ ਦੇ ਜਾਨੀ ਦੁਸ਼ਮਣ ਬਣ ਗਏ। ਉਦੋਂ ਇੱਕ ਨੂੰ ਤਾਂ ਰੱਬ ਤੋਂ ਵੀ ਵੱਧ ਮਿਲੇ ਅਧਿਕਾਰਾਂ ਵਾਲੀ ਵਰਦੀ ਦਾ ਗਰੂਰ ਸੀ ਤੇ ਦੂਸਰੇ ਦੇ ਦਿਮਾਗ਼ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਦਾ ਗ਼ੁੱਸਾ, ਪਰ ਇਹ ਗੱਲ ਉਹ ਦੋਨੋਂ ਹੀ ਭੁੱਲ ਬੈਠੇ ਕਿ ਅਸੀਂ ਅਜਿਹਾ ਕਰ ਕੇ ਕੇਂਦਰੀ ਤਾਕਤਾਂ ਨੂੰ ਲਾਭ ਪਹੁੰਚਾਉਣ ਤੋ ਸਿਵਾਏ ਜੇ ਕੁੱਝ ਹਾਸਲ ਕਰ ਰਹੇ ਹਾਂ, ਉਹ ਹੈ ਆਪਣੀਆਂ ਹੀ ਕੁਲਾਂ ਦਾ ਸਰਬ ਨਾਸ਼। ਸੋ ਇਸ ਤਰਾ੍ਹਂ ਕਰ ਕੇ ਕੇਂਦਰ ਨੇ ਪੰਜਾਬ ਦੇ ਆਗੂਆਂ ਨੂੰ ਮੋਹਰੇ ਬਣਾ ਕੇ ਪੰਜਾਬ ਦੀ ਜੁਆਨੀ ਦਾ ਘਾਣ ਕੀਤਾ।

ਫਿਰ ਦੌਰ ਚੱਲਿਆ ਨਸ਼ਿਆਂ ਦਾ। ਇਹ ਦੌਰ ਭਾਵੇਂ ਇੱਕ ਦਮ ਨਹੀਂ ਚੱਲਿਆ, ਇਸ ਨੂੰ ਬਹੁਤ ਹੀ ਯੋਜਨਾਬੱਧ ਢੰਗ ਨਾਲ ਪੰਜਾਬ ਚ ਉਤਾਰਿਆ ਗਿਆ, ਪਰੰਤੂ ਬਿਨਾ ਸ਼ੱਕ ਇਹ ਨਸ਼ਿਆਂ ਦਾ ਕਾਲਾ ਧੰਦਾ ਪੰਜਾਬ ਦੀ ਤਤਕਾਲੀ ਸ਼ਰੋਮਣੀ ਅਕਾਲੀ ਦਲ ਦੀ ਬਾਦਲ ਸਰਕਾਰ ਮੌਕੇ ਸਿਖਰਾਂ ਛੂਹ ਗਿਆ। ਪੂਰੇ ਸੰਸਾਰ ਪੱਧਰ ਤੇ ਰੌਲਾ ਪੈਣ ਦੇ ਬਾਵਜੂਦ ਵੀ ਪੰਜਾਬ ਚੋਂ ਨਸ਼ੇ ਦੇ ਧੰਦੇ ਖ਼ਤਮ ਨਹੀਂ ਹੋਏ, ਬਲਕਿ ਨਿਰਵਿਘਨ ਚਲਦੇ ਰਹੇ ਹਨ, ਤੇ ਅੱਜ ਵੀ ਬੇਰੋਕ ਚੱਲ ਰਹੇ ਹਨ। ਨਸ਼ਿਆਂ ਦੇ ਨਾਲ ਨਾਲ ਹੀ ਪੰਜਾਬ ਦੀ ਜੁਆਨੀ ਨੂੰ ਇੱਕ ਹੋਰ ਬਰਬਾਦੀ ਵੱਲ ਧੱਕਣ ਲਈ ਪੰਜਾਬ ਅੰਦਰ ਗੈਂਗਸਟਰ ਕਲਚਰ ਦੀ ਸ਼ੁਰੂਆਤ ਵੀ ਨਸ਼ਿਆਂ ਦੇ ਦੌਰ ਦੇ ਨਾਲ ਨਾਲ ਹੀ ਕੀਤੀ ਗਈ। ਇਹ ਸਭਿਆਚਾਰ ਨੂੰ ਸਿਆਸਤ ਦੀ ਗੰਦੀ ਉਪਜ ਕਿਹਾ ਜਾ ਸਕਦਾ ਹੈ। ਇਸ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਪੰਜਾਬੀ ਗਾਇਕੀ ਦਾ ਸਹਾਰਾ ਲਿਆ ਗਿਆ। ਸਰਕਾਰੀ ਸਰਪ੍ਰਸਤੀ ਹੇਠ ਪਾਲ਼ੇ ਜਾ ਰਹੇ ਇਸ ਸਭਿਆਚਾਰ ਦਾ ਮੁੱਖ ਮੰਤਵ ਅਸਲ ਵਿਚ ਪੰਜਾਬ ਦੀ ਜੁਆਨੀ ਦੀ ਨਸਲਕੁਸ਼ੀ ਲਈ ਜ਼ਮੀਨ ਤਿਆਰ ਕਰਨਾ ਹੀ ਸੀ, ਜਿਸ ਨੂੰ ਸਿਆਸਤਦਾਨ ਆਪਣੇ ਮੰਤਵ ਲਈ ਵਰਤਦੇ ਰਹੇ ਤੇ ਵਰਤ ਕੇ ਪਰਾਂ ਸੁੱਟਦੇ ਵੀ ਰਹੇ। ਇਹ ਇੱਕ ਬਹੁਤ ਗਹਿਰੀ ਸਾਜ਼ਿਸ਼ ਹੈ ਜਿਸ ਨੂੰ ਸਮਝਣ ਦੀ ਬੇਹੱਦ ਲੋੜ ਹੈ ਕਿ ਅਕਸਰ ਇਹ ਗੈਂਗਸਟਰ ਸਭਿਆਚਾਰ ਪਿਛਲੇ ਕੁੱਝ ਸਾਲਾਂ ਵਿਚ ਐਨਾ ਤਾਕਤਵਰ ਕਿਵੇਂ ਹੋ ਗਿਆ। ਕਿਉਂ ਸਿਆਸੀ ਲੋਕ ਉਨ੍ਹਾਂ ਦੀ ਪੁਸ਼ਤ-ਪਨਾਹੀ ਕਰਦੇ ਰਹੇ? ਕਿਉਂ ਪੰਜਾਬ ਦੀ ਪੁਲਿਸ ਇਹਨਾਂ ਦੇ ਸਮਾਜ ਵਿਰੋਧੀ ਕਾਰਨਾਮਿਆਂ ਨੂੰ ਨਜ਼ਰ-ਅੰਦਾਜ਼ ਕਰਦੀ ਰਹੀ?

ਇਹਦਾ ਸਿੱਧਾ ਤੇ ਸਪਸ਼ਟ ਜਵਾਬ ਹੈ ਕਿ ਉਦੋਂ ਪੰਜਾਬੀ ਜੁਆਨੀ ਦੀ ਬਰਬਾਦੀ ਲਈ ਜ਼ਮੀਨ ਪੂਰੀ ਤਰਾਂ ਤਿਆਰ ਨਹੀਂ ਸੀ ਹੋਈ, ਇਸ ਲਈ ਇਹਨਾਂ ਦੀਆਂ ਲਗਾਮਾਂ ਨੂੰ ਖੁੱਲ੍ਹਿਆਂ ਛੱਡਿਆ ਗਿਆ। ਚੋਣਾਂ ਦੌਰਾਨ ਇਹਨਾਂ ਦੀ ਤਾਕਤ ਦੀ ਦੁਰ ਵਰਤੋਂ ਤੋ ਕੋਈ ਅਣਜਾਣ ਨਹੀਂ, ਕਿ ਕਿਵੇਂ ਸਮੇਂ ਸਮੇਂ ਤੇ ਸਿਆਸੀ ਆਗੂ ਇਹਨਾਂ ਨੌਜਵਾਨਾਂ ਨੂੰ ਬੂਥਾਂ ਤੇ ਕਬਜ਼ੇ ਕਰਨ ਲਈ ਵਰਤਦੇ ਰਹੇ ਹਨ। ਇਹ ਵੀ ਸੱਚ ਹੈ ਕਿ ਇਹਨਾਂ ਫੋਕੀ ਸ਼ੁਹਰਤ ਪਿੱਛੇ ਗੁਮਰਾਹ ਹੋਏ ਨੌਜਵਾਨਾਂ ਨੂੰ ਪੰਜਾਬ ਦੀਆਂ ਦੋਨੋਂ ਹੀ ਪ੍ਰਮੁੱਖ ਰਾਜਨੀਤਕ ਪਾਰਟੀਆਂ ਆਪਣੇ ਆਪਣੇ ਮਨੋਰਥ ਲਈ ਵਰਤਦੀਆਂ ਰਹੀਆਂ ਹਨ। ਕਿਸੇ ਵਿਚਾਰਧਾਰਾ ਜਾਂ ਸਿਧਾਂਤ ਤੋ ਅਸਲੋਂ ਹੀ ਕੋਰੇ ਇਹ ਨੌਜਵਾਨ ਜੇਲ੍ਹਾਂ ਅੰਦਰ ਬੈਠੇ ਵੀ ਸੋਸ਼ਲ ਮੀਡੀਏ ਦੇ ਜਰੀਏ ਅਪਣਾ ਨੈੱਟਵਰਕ ਬੇਝਿਜਕ ਤੇ ਸਫਲਤਾ ਨਾਲ ਚਲਾਉਂਦੇ ਰਹੇ ਹਨ ਤੇ ਅੱਜ ਵੀ ਚਲਾ ਰਹੇ ਹਨ, ਇਸ ਦੀ ਖ਼ਬਰ ਉੱਪਰ ਤੱਕ ਹੋਣ ਦੇ ਬਾਵਜੂਦ ਵੀ ਸਬੰਧਿਤ ਨੌਜਵਾਨਾਂ ਤੇ ਪਰਚਾ ਦਰਜ ਕਰਨ ਤੋ ਸਿਵਾਏ ਕਦੇ ਕਿਸੇ ਜੇਲ੍ਹ ਅਧਿਕਾਰੀ ਤੇ ਕੋਈ ਕਾਰਵਾਈ ਦੀ ਖ਼ਬਰ ਨਹੀਂ ਸੁਣੀ ਗਈ। ਉਹ ਕਿਹੜੀਆਂ ਤਾਕਤਾਂ ਹਨ ਜੋ ਜੇਲ੍ਹਾਂ ਅੰਦਰ ਬੈਠੇ ਨੌਜਵਾਨਾਂ ਨੂੰ ਸੁਧਰਨ ਦੇ ਨਹੀਂ ਸਗੋਂ ਹੋਰ ਵਿਗਾੜਨ ਦੇ ਮੌਕੇ ਪ੍ਰਦਾਨ ਕਰ ਰਹੀਆਂ ਹਨ, ਤਾਂ ਇਸ ਦਾ ਜਵਾਬ ਬਹੁਤ ਸੁਖਾਲਾ ਆਪਣੇ ਆਪ ਮਿਲ ਜਾਵੇਗਾ ਜਦੋਂ ਹਰ ਕੋਈ ਆਪਣੇ ਆਪਣੇ ਇਲਾਕੇ ਅੰਦਰ ਗੈਂਗਵਾਰ ਦੀਆਂ ਵਾਰਦਾਤਾਂ ਤੇ ਸਰਸਰੀ ਝਾਤ ਮਾਰੇਗਾ, ਕਿ ਕਿਸ ਤਰਾ ਇਲਾਕੇ ਦੇ ਵੱਖੋ ਵੱਖ ਸਿਆਸੀ ਚੌਧਰੀ ਵੱਖੋ ਵੱਖਰੇ ਧੜਿਆਂ ਦੀ ਸ਼ਰੇਆਮ ਮਦਦ ਤੇ ਆਉਂਦੇ ਹਨ ਤੇ ਸਬੰਧਿਤ ਅਫ਼ਸਰਾਂ ਨੂੰ ਉਨ੍ਹਾਂ ਦੇ ਹੱਕ ਚ ਭੁਗਤਣ ਦੇ ਹੁਕਮ ਸੁਣਾਉਂਦੇ ਹਨ ਤੇ ਹੁਕਮਾਂ ਦੀ ਪਾਲਣਾ ਕਰਨ ਦੀ ਤਾੜਨਾ ਕਰਦੇ ਹਨ।

ਸਰਕਾਰੀ ਅੰਕੜਿਆਂ ਮੁਤਾਬਿਕ ਪੰਜਾਬ ਚ ਚੱਲ ਰਹੇ ਇਹਨਾਂ ਗੈਂਗਾਂ ਦੀ ਗਿਣਤੀ 54 ਦੱਸੀ ਗਈ ਹੈ, ਜਾਂ ਕਹਿ ਸਕਦੇ ਹਾਂ ਕਿ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਧੜਿਆਂ ਦੀ ਗਿਣਤੀ 54 ਤੋਂ ਟੱਪ ਗਈ ਹੈ।ਇੱਥੇ ਫਿਰ ਸਵਾਲ ਉੱਠਦਾ ਹੈ ਕਿ ਇਹਨਾਂ ਮਾਰ-ਧਾੜ ਵਾਲੇ ਗਰੁੱਪਾਂ ਦੀ ਐਨੀ ਵੱਡੀ ਗਿਣਤੀ ਹੋਣ ਦੇਣ ਪਿੱਛੇ ਦੇ ਕਾਰਨ ਕੀ ਹਨ? ਇਹ ਦਾ ਜਵਾਬ ਵੀ ਸਾਫ਼ ਹੈ ਕਿ ਜਿੰਨੀ ਦੇਰ ਇਸ ਵਰਤਾਰੇ ਨੂੰ ਸਿਖਰ ਤੇ ਨਹੀਂ ਪਹੁੰਚਾਇਆ ਜਾਂਦਾ ਓਨੀ ਦੇਰ ਖੁੱਲ ਕੇ ਪੰਜਾਬੀ ਨੌਜਵਾਨੀ ਦਾ ਘਾਣ ਨਹੀਂ ਸੀ ਕੀਤਾ ਜਾ ਸਕਦਾ। ਭਾਵੇਂ ਝੂਠੇ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ, ਪਰ ਇਹ ਮੁਕਾਬਲੇ ਸ੍ਰ ਬਾਦਲ ਤੋ ਬਾਅਦ ਬਣਨ ਵਾਲੀਆਂ ਸਾਰੀਆਂ ਹੀ ਸੂਬਾ ਸਰਕਾਰਾਂ ਕਰਦੀਆਂ ਰਹੀਆਂ ਹਨ। ਅੱਜ ਜਦੋਂ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਹੈ ਤੇ ਕੇਂਦਰ ਵਿਚ ਕਾਂਗਰਸ ਦੀ ਮੁੱਖ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ਦੀ ਕੱਟੜਵਾਦੀ ਸਰਕਾਰ ਹੈ ਤਾਂ ਵੀ ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲੇ ਲਗਾਤਾਰ ਹੋ ਰਹੇ ਹਨ ਤੇ ਇਸ ਕਾਰਜ ਵਿਚ ਕੇਂਦਰ ਦੀ ਵਿਰੋਧੀ ਧਿਰ ਵਾਲੀ ਸਰਕਾਰ ਦਾ ਥਾਪੜਾ ਵੀ ਕੈਪਟਨ ਦੀ ਪਿੱਠ ਤੇ ਹੈ।

ਹੁਣ ਜਦੋਂ ਸੂਬਾ ਸਰਕਾਰ ਚਾਰ-ਚੁਫੇਰੇ ਤੋ ਬੁਰੀ ਤਰਾਂ ਘਿਰੀ ਹੋਈ ਹੈ, ਉਨ੍ਹਾਂ ਵੱਲੋਂ ਕਿਸਾਨਾਂ ਦੇ ਕਰਜ਼ਿਆਂ ਦੀ ਮੁਆਫ਼ੀ ਦਾ ਚੋਣਾ ਦੌਰਾਨ ਕੀਤਾ ਵਾਅਦਾ ਗਲੇ ਦੀ ਹੱਡੀ ਬਣ ਗਿਆ ਹੈ।ਕਿਸਾਨਾਂ ਨੂੰ ਦਿੱਤੀ ਜਾਂਦੀ ਮੁਫ਼ਤ ਬਿਜਲੀ ਦੀ ਸਹੂਲਤ ਖੋਹਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ, ਜਿਸ ਕਰ ਕੇ ਕਿਸਾਨ ਜਥੇਬੰਦੀਆਂ ਸਰਕਾਰ ਨੂੰ ਘੇਰੀ ਖੜੀਆਂ ਹਨ। ਗੱਲ ਕੀ ਸਰਕਾਰ ਆਪਣੇ ਕੀਤੇ ਵਾਅਦਿਆਂ ਨੂੰ ਨਿਭਾਉਣ ਵਿਚ ਅਸਮਰਥ ਹੋ ਚੁੱਕੀ ਹੈ। ਇੱਥੇ ਹੀ ਬੱਸ ਨਹੀਂ, ਸਰਕਾਰ ਅੰਦਰ ਵੀ ਸਭ ਅੱਛਾ ਨਹੀਂ ਹੈ, ਹਾਲੇ ਕੁੱਝ ਦਿਨ ਪਹਿਲਾਂ ਦੀ ਗੱਲ ਹੈ ਜਦੋਂ ਨਗਰ ਨਿਗਮਾਂ ਦੇ ਮੇਅਰਾਂ ਦੀ ਨਿਯੁਕਤੀ ਨੂੰ ਲੈ ਕੇ ਨਵਜੋਤ ਸਿੱਧੂ ਨੇ ਪਰੈੱਸ ਕਾਨਫ਼ਰੰਸ ਕਰ ਕੇ ਅਪਣਾ ਗ਼ੁੱਸਾ ਜਨਤਕ ਕੀਤਾ ਹੈ ਤੇ ਉਹਦੇ ਵਿਰੋਧ ਵਿਚ ਮੁੱਖ ਮੰਤਰੀ ਨੂੰ ਵੀ ਆਪਣੀ ਆਦਤ ਅਨੁਸਾਰ ਸਖ਼ਤ ਭਾਸ਼ਾ ਵਰਤਦੇ ਸੁਣਿਆ ਗਿਆ ਹੈ, ਸੋ ਅਜਿਹੇ ਕਿੰਨੇ ਹੀ ਗੰਭੀਰ ਮੁੱਦੇ ਹਨ ਜਿਨ੍ਹਾਂ ਤੋ ਸਰਕਾਰ ਲੋਕਾਂ ਦਾ ਧਿਆਨ ਹਟਾ ਕੇ ਗੈਂਗਸਟਰਾਂ ਵੱਲ ਕਰਨ ਦਾ ਯਤਨ ਕਰ ਰਹੀ ਹੈ।

ਪਿਛਲੇ ਸਾਲ ਅਕਾਲੀ ਦਲ ਦੀ ਸਰਕਾਰ ਮੌਕੇ ਜੇਲ੍ਹ ਤੋ ਫ਼ਰਾਰ ਹੋਏ ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ ਅਤੇ ਉਹਦੇ ਇੱਕ ਹੋਰ ਸਾਥੀ ਦਾ ਬਣਾਇਆ ਗਿਆ ਪੁਲਿਸ ਮੁਕਾਬਲਾ ਭਾਵੇਂ ਸਰਕਾਰ ਦੀ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋ ਹਟਾਉਣ ਦੀ ਚਾਲ ਹੋਵੇ ਜਾਂ ਕਾਨੂੰਨ ਵਿਵਸਥਾ ਦੀ ਝੂਠੀ ਰਾਮ ਦੁਹਾਈ, ਪਰ ਅਸਲ ਗੱਲ ਤਾਂ ਇਹ ਹੈ ਕਿ ਪੰਜਾਬੀ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਉਣ ਵਾਲੀ, ਚੋਰ ਦੀ ਮਾਂ ਤੱਕ ਪਹੁੰਚਣ ਤੋ ਕਿਉਂ ਝਿਜਕਦੇ ਹਨ? ਕਿਉਂ ਨਹੀਂ ਉਹ ਸਿਸਟਮ ਨੂੰ ਕਾਬੂ ਵਿਚ ਕੀਤਾ ਜਾਂਦਾ ਜਿਹੜਾ ਇਹਨਾਂ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਗ਼ਲਤ ਰਸਤੇ ਤੇ ਤੋਰਨ ਦਾ ਜ਼ੁੰਮੇਵਾਰ ਹੈ? ਕਿਉਂ ਆਏ ਦਿਨ ਕਿਸੇ ਨਾ ਕਿਸੇ ਘਰ ਦਾ ਚਿਰਾਗ਼ ਬਹਾਨੇ ਲੈ ਲੈ ਕੇ ਬੁਝਾਇਆ ਜਾ ਰਿਹਾ ਹੈ? ਪੰਜਾਬ ਦੇ ਮੁੱਖ ਮੰਤਰੀ ਦਾ ਪੁਲਿਸ ਦੀ ਅਜਿਹੀ ਗੈਰ ਕਾਨੂੰਨੀ ਕਾਰਵਾਈ ਤੇ ਪੁਲਿਸ ਮੁਖੀ ਨੂੰ ਵਧਾਈ ਦੇਣ ਤੋ ਇਹ ਸਪਸ਼ਟ ਸੰਕੇਤ ਮਿਲਦਾ ਹੈ ਕਿ ਪੰਜਾਬੀ ਨੌਜਵਾਨਾਂ ਨੂੰઠ ਚੁਣ ਚੁਣ ਕੇ ਖ਼ਤਮ ਕਰਨ ਦਾ ਇੱਕ ਦੌਰ ਮੁੜ ਸ਼ੁਰੂ ਹੋ ਰਿਹਾ ਹੈ ਜਿਸ ਦਾ ਸੁਨੇਹਾ ਕੱਲ੍ਹ ਉਸ ਮੌਕੇ ਪੰਜਾਬ ਦੇ ਲੋਕਾਂ ਨੂੰ ਦਿੱਤਾ ਗਿਆ ਹੈ, ਜਦੋਂ ਪੂਰਾ ਦੇਸ਼ ਗਣਤੰਤਰਤਾ ਦੇ ਜਸ਼ਨਾਂ ਵਿਚ ਰੁੱਝਿਆ ਹੋਇਆ ਸੀ, ਉਸ ਸੰਵਿਧਾਨ ਦੀ ਜੈ ਜੈ ਕਾਰ ਕਰਨ ਲੱਗਾ ਹੋਇਆ ਸੀ ਜਿਸ ਅੰਦਰ ਸਭ ਨੂੰ ਬਰਾਬਰ ਅਧਿਕਾਰਾਂ ਨਾਲ ਜਿਊਣ ਦਾ ਹੱਕ ਦੇਣ ਦੀ ਗੱਲ ਦੇਸ਼ ਦੇ ਲੋਕਾਂ ਨੂੰ ਹੁਣ ਤੱਕ ਪੜਾਈ ਤੇ ਦ੍ਰਿੜ੍ਹ ਕਰਵਾਈ ਗਈ ਹੈ। ਅਜਿਹੇ ਮੌਕੇ ਪੰਜਾਬ ਅੰਦਰ ਵਾਪਰਿਆ ਇਹ ਅਣਮਨੁੱਖੀ ਸਰਕਾਰੀ ਦਹਿਸ਼ਤਗਰਦੀ ਵਾਲਾ ਵਰਤਾਰਾ ਜਿੱਥੇ ਸਮੁੱਚੇ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਹੈ, ਓਥੇ ਸਰਕਾਰਾਂ ਤੋ ਆਸ ਛੱਡ ਕੇ ਉਨ੍ਹਾਂ ਲੋਕਾਂ ਨੂੰ ਨੰਗਿਆਂ ਕਰਨ ਲਈ ਇੱਕਜੁੱਟ ਹੋਣ ਦੀ ਤਾਕੀਦ ਵੀ ਕਰਦਾ ਹੈ ਜਿਹੜੇ ਲੁਕਵੇਂ ਰੂਪ ਵਿਚ ਆਪਣੇ ਸੌੜੇ ਸਿਆਸੀ ਮੰਤਵਾਂ ਖ਼ਾਤਰ ਪੰਜਾਬ ਦੇ ਭਵਿੱਖ ਨੂੰ ਤਬਾਹੀ ਵੱਲ ਲੈ ਕੇ ਜਾਣ ਦੇ ਅਸਲ ਗੁਨਾਹਗਾਰ ਹਨ।

Install Punjabi Akhbar App

Install
×