ਨਾਰੀ ਲੇਖਿਕਾਵਾਂ ਦੇ ਇਤਿਹਾਸ ਦਾ ਸੁਨਹਿਰਾ ਪੰਨਾ ਹੈ ਬਚਿੰਤ ਕੌਰ – ਡਾ. ਰਾਜਵੰਤ ਕੌਰ ਪੰਜਾਬੀ
ਪੰਜਾਬੀ ਮਾਤ ਭਾਸ਼ਾ ਦੇ ਵਿਕਾਸ ਵਿਚ ਬਚਿੰਤ ਕੌਰ ਦਾ ਯੋਗਦਾਨ ਪ੍ਰਸ਼ੰਸਾਮਈ – ਡਾ. ਦਰਸ਼ਨ ਸਿੰਘ ‘ਆਸ਼ਟ’
(ਪਟਿਆਲਾ)- ਉਘੀ ਪੰਜਾਬੀ ਸਾਹਿਤਕ ਅਤੇ ਸਟੇਟ ਐਵਾਰਡੀ ਜੋੜੀ ਡਾ. ਦਰਸ਼ਨ ਸਿੰਘ ‘ਆਸ਼ਟ’ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿਖੇ ਅਸਿਸਟੈਂਟ ਪ੍ਰੋਫੈਸਰ ਵਜੋਂ ਕਾਰਜਸ਼ੀਲ ਡਾ. ਰਾਜਵੰਤ ਕੌਰ ਪੰਜਾਬੀ ਦੇ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚ ਸਥਿਤ ਗ੍ਰਹਿ ਵਿਖੇ ਪੰਜਾਬੀ ਦੀ ਉਘੀ ਗਲਪਕਾਰ ਬਚਿੰਤ ਕੌਰ ਨਾਲ ਰੂਬਰੂ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਵਿਚ ਡਾ. ਰਾਜਵੰਤ ਕੌਰ ਪੰਜਾਬੀ ਨੇ ਬਚਿੰਤ ਕੌਰ ਦੇ ਜੀਵਨ ਅਤੇ ਭਿੰਨ ਭਿੰਨ ਵਿਧਾਵਾਂ ਵਿਚ ਰਚੇ ਸਾਹਿਤ ਉਪਰ ਚਾਨਣਾ ਪਾਉਂਦਿਆਂ ਦੱਸਿਆ ਕਿ ਬਚਿੰਤ ਕੌਰ ਨਾਰੀ ਲੇਖਿਕਾਵਾਂ ਦੇ ਇਤਿਹਾਸ ਦਾ ਸੁਨਹਿਰਾ ਪੰਨਾ ਹੈ ਜੋ ਹਰ ਪੰਜਾਬੀ ਸਾਹਿਤ ਪ੍ਰੇਮੀ ਨੂੰ ਆਪਣੇ ਵੱਲ ਖਿੱਚ ਪਾਉਂਦਾ ਹੈ। ਡਾ. ‘ਪੰਜਾਬੀ’ ਨੇ ਇਹ ਵੀ ਕਿਹਾ ਕਿ ਬਚਿੰਤ ਕੌਰ ਦਾ ਜੀਵਨ ਸੰਘਰਸ਼ ਦੀ ਲੰਮੀ ਦਾਸਤਾਨ ਹੈ ਜੋ ਉਹਨਾਂ ਦੇ ਨਾਵਲਾਂ ਅਤੇ ਕਹਾਣੀਆਂ,ਵਿਸ਼ੇਸ਼ ਕਰਕੇ ਸਵੈ-ਜੀਵਨੀ ‘ਪਗਡੰਡੀਆਂ’ ਵਿਚੋਂ ਰੂਪਮਾਨ ਹੁੰਦਾ ਹੈ।
ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਕਿਹਾ ਕਿ ਪੰਜਾਬੀ ਮਾਤ ਭਾਸ਼ਾ ਨੇ ਜੋ ਬੁਲੰਦੀ ਹਾਸਿਲ ਕੀਤੀ ਹੈ, ਉਸ ਪਿੱਛੇ ਬਚਿੰਤ ਕੌਰ ਵਰਗੀਆਂ ਸਿਰੜੀ ਅਤੇ ਮਿਹਨਤੀ ਕਲਮਕਾਰਾਂ ਦਾ ਯੋਗਦਾਨ ਠੋਸ ਨੀਂਹ ਵਾਂਗ ਹੈ।ਡਾ. ਆਸ਼ਟ ਨੇ ਉਹਨਾਂ ਦੇ ਬਾਲ ਸਾਹਿਤ ਦਾ ਵਿਸ਼ੇਸ਼ ਜ਼ਿਕਰ ਵੀ ਕੀਤਾ।
ਆਪਣੇ ਰੂਬਰੂ ਦੌਰਾਨ ਬਚਿੰਤ ਕੌਰ ਨੇ ਕਿਹਾ ਕਿ ਉਹ ਨਾਭਾ ਨੇੜਲੇ ਇਕ ਛੋਟੇ ਜਿਹੇ ਪਿੰਡ ਭੜੋਅ ਵਿਚ ਜੰਮੀ ਪਲੀ ਅਤੇ ਮੁੱਢਲੀ ਸਿੱਖਿਆ ਪਟਿਆਲਾ ਵਿਖੇ ਹੋਈ। ਉਪਰੰਤ ਉਸ ਦੇ ਸੰਘਰਸ਼ ਨੇ ਉਸ ਨੂੰ ਦਿੱਲੀ ਵਰਗੇ ਮਹਾਂਨਗਰ ਦਾ ਵਸਨੀਕ ਬਣਾ ਦਿੱਤਾ।ਸੰਘਰਸ਼ਮਈ ਜੀਵਨ ਨੇ ਹੀ ਉਸ ਦੇ ਮਨ ਵਿਚ ਅਜਿਹੀ ਚਿਣਗ ਪੈਦਾ ਕੀਤੀ ਜਿਸ ਨਾਲ ਉਹ ਪੰਜਾਬ ਦੇ ਪਿੰਡਾਂ,ਸ਼ਹਿਰਾਂ, ਮਹਾਂਨਗਰ ਅਤੇ ਵਿਦੇਸਾਂ ਦੇ ਅਨੁਭਵਾਂ ਨੂੰ ਸਾਹਿਤ ਵਿਚ ਪ੍ਰੋਣ ਦੇ ਸਮਰੱਥ ਹੋ ਸਕੀ।ਉਹਨਾਂ ਕਿਹਾ ਕਿ ਉਹ ਆਪਣੇ ਪਾਠਕਾਂ ਦੀ ਮੰਗ ਤੇ ਆਪਣੀ ਸਵੈ-ਜੀਵਨੀ ‘ਪਗਡੰਡੀਆਂ’ ਦੀ ਅਗਲੀ ਕੜੀ ਦੀ ਸਿਰਜਣਾ ਕਰ ਚੁੱਕੀ ਹੈ ਜੋ ਨੇੜ ਭਵਿੱਖ ਵਿਚ ਛਪ ਰਹੀ ਹੈ।
ਇਸ ਦੌਰਾਨ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਬਚਿੰਤ ਕੌਰ ਦੀ ਰਚਨਾਤਮਕ ਪ੍ਰਕਿਰਿਆ ਬਾਰੇ ਸੁਆਲ ਕੀਤੇ ਜਿਨ੍ਹਾਂ ਦਾ ਉਹਨਾਂ ਬਦਲੀਲ ਉਤਰ ਦਿੱਤਾ।
ਇਸ ਮੌਕੇ ਸਾਹਿਤਕ ਜੋੜੀ ਵੱਲੋਂ ਗਲਪਕਾਰ ਬਚਿੰਤ ਕੌਰ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।