ਪਰਥ ਸ਼ਹਿਰ ਦੇ ਚਰਚ ਵਿਚ; ਵੱਡੀਆਂ ਗੱਲਾਂ ..ਬਾਬੇ ਨਾਨਕ ਦੀਆਂ

ਅਸਟ੍ਰੇਲੀਆ ਦੇ ਸ਼ਹਿਰ ਪਰਥ ਦੇ ਚੜ੍ਹਦੇ ਪਾਸੇ ਇਕ ਬਹੁਤ ਹੀ ਸੁੰਦਰ ਸਵੈਨ ਵਾਦੀ ਹੈ; ਗੋਰਿਆ ਦੇ ਫਾਰਮ, ਬਹੁਤ ਸਾਰੇ ਰੈਸਟੋਰੈਂਟ, ਕਾਫ਼ੀ-ਹਾਊਸ; ਹਰੇ ਭਰੇ ਦਿਲਕਸ਼ ਨਜ਼ਾਰੇ ਵਾਲਾ ਕੁਦਰਤੀ ਪਸਾਰਾ ਹੈ। ਪਿਛਲੇ ਐਤਵਾਰ ਮੈਂ ਤੇ ਘਰਵਾਲੀ ਸੁਭਾ ਦੀ ਸੈਰ ਵੇਲੇ ਚੱਲਦੇ ਚੱਲਦੇ ਫਾਰਮਾਂ ਵਿਚ ਬਣੇ ਕੰਮਪਲੈਕਸ ਵੱਲ ਚਲੇ ਗਏ। ਉਥੇ 25-30 ਕਾਰਾਂ ਖੜੀਆਂ ਸਨ;ਵਿਚਕਾਰ ਕਰ ਕੇ ਛੋਟਾ ਜਿਹੀ ਕਬਰਸਤਾਨ ਸੀ ਤੇ ਅੱਗੇ ਇਕ ਛੋਟੇ ਜਿਹੇ ਆਕਾਰ ਦਾ 50 ਕੁ ਬੰਦਿਆ ਦੀ ਸਮਰੱਥਾ ਵਾਲਾ ਚਰਚ ਸੀ। ਉਸ ਵਿਚ ਕੁੱਝ ਗੋਰੇ ਲੋਕ ਇਕੱਠੇ ਹੋਏ ਸਨ। ਝਿਜਕਦੇ ਹੋਏ ਅਸੀਂ ਵੀ ਅੰਦਰ ਚਲੇ ਗਏ ਤੇ ਪਿੱਛੇ ਇਕ ਬੈਂਚ ‘ਤੇ ਬੈਠ ਗਏ। ਉਨ੍ਹਾਂ ਆਪਣੀ ਮਰਯਾਦਾ ਤੇ ਸ਼ਰਧਾ ਸਹਿਤ ਸਾਰੀ ਪਰੇਅਰ ਕੀਤੀ ਤੇ ਪਾਦਰੀ ਨੇ ਜੀਸਸ ਕਰਾਈਸਟ ਦਾ ਸੰਦੇਸ਼ ਦਿੱਤਾ। ਸਾਰਾ ਸਮਾਗਮ ਖ਼ਤਮ ਹੋ ਗਿਆ ਤੇ ਉਨ੍ਹਾਂ ਲੋਕਾਂ ਨੇ ਸਾਨੂੰ ਉਥੇ ਪਿੱਛੇ ਬੈਠੇ ਵੇਖਿਆ ਤਾਂ ਉਹ ਬਹੁਤ ਹੀ ਖੁਸ਼ ਹੋਏ। ਤਮਾਮ ਔਰਤਾਂ ਤੇ ਆਦਮੀ ਇਕੱਲੇ ਇਕੱਲੇ ਸਾਡੇ ਕੋਲ ਆਏ। ਉਨ੍ਹਾਂ ਨਿਮਰਤਾ ਸਹਿਤ ਸਾਡੇ ਨਾਲ ਗੱਲਬਾਤ ਕੀਤੀ – ਤੁਸੀਂ ਕਿੱਥੇ ਠਹਿਰੇ ਹੋ; ਕਦ ਆਏ ਹੋ ਵਗ਼ੈਰਾ ਵਗ਼ੈਰਾ। ਫਿਰ ਉਨ੍ਹਾਂ ਅਰਜ਼ ਫ਼ਰਮਾਈ ਪਲੀਜ਼ ਆਓ ਚੱਲੋ;ਸਾਡੇ ਨਾਲ ਚਾਹ ਦਾ ਕੱਪ ਸਾਂਝਾ ਕਰੋ ਸਾਨੂੰ ਖ਼ੁਸ਼ੀ ਹੋਵੇਗੀ। ਚਰਚ ਦੇ ਨਾਲ ਹੀ ਕੰਟੀਨ ਸੀ ਅਸੀਂ ਚਾਹ ਦਾ ਕੱਪ ਕੱਪ ਲੈ ਕੇ ਇਕ ਬੈਂਚ ਤੇ ਬੈਠ ਗਏ। ਉਹ ਫਿਰ ਗੱਲਬਾਤ ਕਰਨ ਲਈ ਸਾਡੇ ਕੋਲ ਆਉਣ ਲੱਗੇ। ਹਰੇਕ ਇਹ ਹੀ ਪੁੱਛਦਾ; ਏਥੇ ਤੁਹਾਡਾ ਕੌਣ ਹੈ ਤੁਹਾਡੇ ਗਰੈਂਡ ਚਿਲਡਰਨ (ਦੋਹਤੇ ਪੋਤੇ) ਵਗ਼ੈਰਾ ਹੋਣਗੇ ? ਕਿੰਨਾ ਚਿਰ ਏਥੇ ਰਹਿਣਾ। ਸਭ ਨੇ ਕਿਹਾ ਅਗਲੀ ਵਾਰ ਨੂੰ ਫਿਰ ਆਉਣਾ ਸਾਨੂੰ ਖ਼ੁਸ਼ੀ ਮਿਲੇਗੀ। ਚਰਚ ਦਾ ਪਾਦਰੀ ਵੀ ਆਪਣਾ ਗਾਊਨ ਉਤਾਰ ਕੇ ਆਮ ਲਿਬਾਸ ਵਿਚ ਉਥੇ ਆ ਗਿਆ। ਉਸ ਦੱਸਿਆ ਕਿ ਇਸ ਸਥਾਨ ਨੂੰ 1827 ਵਿਚ ਕੈਪਟਨ ਜੇਮਜ਼ ਸਟਰਲਿੰਗ ਨੇ ਖੋਜਿਆ ਸੀ ਤੇ ਉਹ ਬਾਅਦ ਵਿਚ ਉਹ ਪਰਥ ਦਾ ਗਵਰਨਰ ਵੀ ਬਣਿਆ। ਉਸ ਦੀ ਯਾਦ ਵਿਚ ਇਹ ਚਰਚ 1838 ਵਿਚ ਬਣਿਆ ਹੈ। ਪਾਦਰੀ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਸਾਨੂੰ ਉਚੇਚੇ ਤੌਰ ਤੇ ਫਿਰ ਆਉਣ ਲਈ ਕਿਹਾ ।
ਅਗਲੇ ਐਤਵਾਰ ਅਸੀਂ ਪਹੁੰਚ ਗਏ। ਉਨ੍ਹਾਂ ਨੇ ਆਪਣੀ ਮਰਯਾਦਾ ਅਨੁਸਾਰ ਫਿਰ ਸਾਰੀ ਪਰੇਅਰ ਵਗ਼ੈਰਾ ਕੀਤੀ, ਮਾਨਵਤਾ ਪ੍ਰਤੀ ਜੀਸਸ ਕਰਾਈਸਟ ਦਾ ਸੰਦੇਸ਼ ਦਿੱਤਾ। ਚੱਲਦੇ ਸਮਾਗਮ ਦੌਰਾਨ ਦਾਸ ਨੇ ਇਕ ਚਿੱਟ ਭੇਜ ਦਿੱਤੀ ਕਿ ਦੋ ਕੁ ਮਿੰਟ ਦਾ ਸਮਾਂ ਮੈਨੂੰ ਵੀ ਦੇ ਦਿੱਤਾ ਜਾਵੇ। ਜਦ ਉਨ੍ਹਾਂ ਨੇ ਆਪਣਾ ਸਾਰਾ ਕਾਰਜ ਡੇਢ ਕੁ ਘੰਟੇ ਕੁ ਵਿਚ ਮੁਕੰਮਲ ਕਰ ਲਿਆ ਤਾਂ ਪਾਸਟਰ ਨੇ ਬੜੇ ਸੁਲਝੇ ਤਰੀਕੇ ਨਾਲ ਦੋ ਚਾਰ ਸ਼ਬਦ ਬੋਲ ਕੇ ਮੈਨੂੰ ਬੁਲਾ ਲਿਆ। ਲਗਭਗ ਸਾਰਾ ਚਰਚ ਭਰਿਆ ਹੋਇਆ ਸੀ; ਤਾਦਾਦ 60-65 ਸਾਲ ਤੋਂ ਉਪਰ ਵਾਲਿਆਂ ਸੀਨੀਅਰ ਸਿਟੀਜ਼ਨ ਦੀ ਸੀ; ਸਾਰਾ ਬੋਲਚਾਲ ਅੰਗਰੇਜ਼ੀ ਵਿਚ ਸੀ।

ਮੈਂ ਪਹਿਲੀ ਫੇਰੀ ਦਾ ਜ਼ਿਕਰ ਕਰਦੇ ਹੋਏ ਬੋਲਣਾ ਸ਼ੁਰੂ ਕੀਤਾ;
‘ਪਿਛਲੇ ਐਤਵਾਰ ਸਾਨੂੰ ਇਸ ਸਤਿਕਾਰਤ ਚਰਚ ਵਿਚ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ। ਉਸ ਦਿਨ ਜੋ ਤੁਸੀਂ ਅਤੇ ਪਾਸਟਰ ਨੇ ਸਾਡਾ ਸਤਿਕਾਰ ਤੇ ਖ਼ਾਤਰਦਾਰੀ ਕੀਤੀ; ਸਾਨੂੰ ਆਪ ਦਾ ਸਹਿਣਸ਼ੀਲਤਾ ਭਰਿਆ ਮਿਲਾਪ ਬਹੁਤ ਚੰਗਾ ਲੱਗਿਆ।
ਮੇਰਾ ਸਿੱਖ ਧਰਮ ਇਸ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਲਗਭਗ 553 ਕੁ ਸਾਲ ਦਾ ਹੈ
ਸਾਡੇ ਸਿੱਖਾਂ ਦੇ ਪਹਿਲੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਮਨੁੱਖਤਾ ਨੂੰ ਦਿੱਤਾ ਵੱਡਾ ਸੰਦੇਸ਼ ਹੈ;-
ਕਿਰਤ ਕਰੋ; ਰੋਜ਼ਮਰ੍ਹਾ ਜ਼ਿੰਦਗੀ ਵਿਚ ਕਿਸੇ ਨੂੰ ਲੁੱਟਣਾ ਨਹੀਂ;ਸ਼ੋਸ਼ਣ ਕਰ ਕੇ ਰੋਟੀ ਨਹੀਂ ਕਮਾਉਣੀ, ਹੱਕ ਸੱਚ ਦੀ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਕਿਰਤ ਕਰਨੀ ਹੈ।
ਨਾਮ ਜਪੋ; ਉਹ ਰਚਣਹਾਰਾ ਜੋ ਕੁੱਲ ਹਯਾਤੀ ਦਾ ਚਾਲਕ ਹੈ ਉਸ ਦੀ ਅਰਾਧਨਾ ਕਰਦੇ ਰਹਿਣਾ ਹੈ; ਉਸ ਨੂੰ ਹਿਰਦੇ ਚੋਂ ਵਿਸਾਰਨਾ ਨਹੀਂ; ਹਮੇਸ਼ਾ ਉਸ ਬ੍ਰਹਿਮੰਡ ਦੇ ਮਾਲਕ ਨੂੰ ਯਾਦਾਂ ਵਿਚ ਵਸਾਈ ਰੱਖਣਾ ਹੈ।
ਵੰਡ ਛਕੋ; ਆਪਣੀ ਕਿਰਤ ਕਮਾਈ ਚੋਂ ਲੋੜਵੰਦਾਂ ਦੀ ਸਹਾਇਤਾ ਕਰਨੀ ਹੈ;ਤਿਲਫੁਲ ਵੰਡ ਕੇ ਛਕਣਾ। ਭੁੱਖੇ ਨੂੰ ਭੋਜਨ ਦੇਣਾ ਹੈ। ਦੁੱਖਾਂ ਮਾਰੇ ਲੋਕਾਂ ਦੀ ਮਦਦ ਕਰਨੀ ਹੈ।
ਸਾਡੇ ਗੁਰੂ ਸਾਹਿਬਾਨ ਨੇ ਮਨੁੱਖਤਾ ਦੇ ਭਲੇ ਦੀ ਗੱਲ ਕੀਤੀ ਹੈ; ਹਰ ਮਾਨਵ ਦਾ ਸਤਿਕਾਰ ਕਰੋ, ਸਾਰੇ ਪ੍ਰਾਣੀ ਬਰਾਬਰ ਹਨ। ਕੋਈ ਵੀ ਅਮੀਰ ਨਹੀਂ, ਨਾਂ ਹੀ ਕੋਈ ਗ਼ਰੀਬ ਹੈ; ਉਸ ਰੱਬ ਦੇ ਸਾਹਵੇਂ ਸਾਰੇ ਬਰਾਬਰ ਹਨ।
ਕਰੈਸ਼ਚੈਨਿਟੀ ਵੀ ਇਹੋ ਸਿੱਖਿਆ ਦਿੰਦੀ ਹੈ।
ਅਸਾਂ ਦੀ ਰੋਜ਼ਾਨਾ ਦੀ ਅਰਦਾਸ ਵਿਚ ‘ਸਰਬੱਤ ਦੇ ਭਲੇ’ ਦੀ ਮੰਗ ਕੀਤੀ ਜਾਂਦੀ ਹੈ। ਹਮੇਸ਼ਾ ਹੱਥ ਜੋੜ ਕੇ ਕੁੱਲ ਆਲਮ ਦੀ ਮਾਨਵਤਾ ਦੀ ਖ਼ੁਸ਼ਹਾਲੀ ਲਈ ਦੁਆ ਕੀਤੀ ਜਾਂਦੀ ਹੈ।
ਸਿੱਖਇਜ਼ਮ ਦੁਨਿਆਵੀ ਭਾਈਚਾਰਕ ਸਾਂਝ ਦਾ ਹਾਮੀ ਹੈ; ਸਾਡੇ ਗੁਰੂ ਸਾਹਿਬਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ਾਂ ਤੇ ਚੱਲਣ ਦਾ ਆਦੇਸ਼ ਦਿੱਤਾ ਹੈ ਜੋ ਸੰਸਾਰਕ ਭਾਈਚਾਰੇ ਨੂੰ ਜੋੜਨ ਦਾ ਸੰਦੇਸ਼ ਦਿੰਦਾ ਹੈ।
ਸਾਡੇ ਗੁਰਦੁਆਰਾ ਵਿਚ ਹਰ ਬੰਦੇ ਦਾ ਚਾਹੇ ਉਹ ਕਿਸੇ ਵੀ ਮਜ਼੍ਹਬ ਦਾ ਹੋਵੇ, ਸਵਾਗਤ ਕੀਤਾ ਜਾਂਦਾ ਹੈ। ਸਾਡੇ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਗੋਲਡਨ ਟੈਂਪਲ ਅੰਮ੍ਰਿਤਸਰ ਦੇ ਚਾਰ ਦਿਸ਼ਾਵਾਂ ਵਿਚ ਚਾਰ ਦਰਵਾਜ਼ੇ ਹਨ ਜੋ ਸਾਰੇ ਧਰਮਾਂ ਦੇ ਲੋਕਾਂ ਵਾਸਤੇ ਹਿੰਦੂ ਮੁਸਲਮਾਨ, ਸਿੱਖ ਇਸਾਈ ਕੋਈ ਵੀ ਹੋਵੇ ਸਭ ਲਈ ਇਕ ਸਮਾਨ ਖੁੱਲ੍ਹੇ ਹਨ;
ਜਿਉਂ ਹੀ ਚਾਰ ਪੰਜ ਮਿੰਟ ਅੰਗਰੇਜ਼ੀ ਵਿਚ ਬੋਲ ਕੇ ਥੈਂਕਸ ਕਿਹਾ ਤਾਂ ਅਦਬ ਵਿਚ ਹਾਜ਼ਰ ਲੋਕਾਂ ਨੇ ਇਸ ਕਦਰ ਤਾੜੀਆਂ ਮਾਰੀਆਂ;ਚਰਚ ਗੂੰਜ ਉਠਿਆ। ਲਗਾਤਾਰ ਕਲੈਪਿੰਗ ਜਾਰੀ ਰਹਿਣ ਸਦਕੇ ਇਕ ਅਜੀਬ ਜਿਹੀ ਆਤਮਿਕ, ਰੂਹਾਨੀ ਅਵਸਥਾ ਜਿਹੀ ਤਾਰੀ ਹੋ ਗਈ। ਜਦ ਮੈਂ ਬੈਠ ਗਿਆ ਤਾਂ ਫਿਰ ਪਾਦਰੀ ਨੇ ਮੇਰੀ ਤਕਰੀਰ ਦੇ ਹਵਾਲੇ ਨਾਲ ਗੁਰੂ ਨਾਨਕ ਦੇਵ ਜੀ ਬਾਰੇ ਤੇ ਗੋਲਡਨ ਟੈਂਪਲ ਬਾਰੇ ਤੇ ਸਿੱਖੀ ਸਿਧਾਂਤਾਂ ਬਾਰੇ ਬਹੁਤ ਸਤਿਕਾਰਤ ਗੱਲਾਂ ਕੀਤੀਆਂ। ਜਦ ਸਾਰੇ ਚਰਚ ਚੋਂ ਬਾਹਰ ਆਏ ਤਾਂ ਪਾਦਰੀ ਨੇ ਦੋ ਤਿੰਨ ਵਾਰ ਅੰਗਰੇਜ਼ੀ ਵਿਚ ਕਿਹਾ -ਬਹੁਤ ਵਧੀਆ; ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ। ਬਾਕੀ ਦੂਸਰੇ ਵੀ ਬਜ਼ੁਰਗ ਔਰਤਾਂ ਵੀ ਤੇ ਆਦਮੀ ਵੀ ਇਕੱਲਾ ਇਕੱਲਾ ਮਿਲ ਕੇ ਗਏ ਤੇ ਧੰਨਵਾਦ ਧੰਨਵਾਦ ਕਹਿੰਦੇ ਰਹੇ। ਸਭ ਨੇ ਕਿਹਾ ਆਪ ਦਾ ਆਉਣਾ ਸਾਨੂੰ ਬਹੁਤ ਹੀ ਚੰਗਾ ਲੱਗਿਆ, ਆਉਂਦੇ ਰਹਿਣਾ।

ਬਾਅਦ ਵਿਚ ਚਾਹ ਦੇ ਕੱਪ ਤੇ ਜਦ ਬਾਹਰ ਉਨ੍ਹਾਂ ਗੋਰਿਆ ਨੇ ਜੋ ਗੱਲਾਂ ਕੀਤੀਆਂ; ਸੁਣ ਕੇ ਲੱਗਿਆ ਇਨ੍ਹਾਂ ਲੋਕਾਂ ਨੂੰ ਸਾਡੇ ਬਾਰੇ ਬਹੁਤ ਕੁੱਝ ਪਤਾ ਹੈ। ਬਹੁਤ ਹੀ ਮਾਣ ਜਿਹਾ ਮਹਿਸੂਸ ਹੋਇਆ ਜਦ ਉਨ੍ਹਾਂ ਆਖਿਆ ੁ ਤੁਹਾਡੀ ਕਮਿਊਨਿਟੀ ਦੇ ਲੋਕ ਬਹੁਤ ਗਰੇਟ ਹਨ। ਸੱਚਮੁੱਚ ਸੇਵਾ ਦਾ ਕਾਰਜ ਤੁਹਾਡੀ ਕਮਿਊਨਿਟੀ ਦੇ ਹਿੱਸੇ ਹੀ ਆਇਆ ਹੈ। ਸਾਡੇ ਜਦ ਹੜ੍ਹ ਆਏ ਤੇ ਅੱਗਾਂ ਲੱਗੀਆਂ ਤਾਂ ਸਿੱਖ ਸੰਸਥਾਵਾਂ ਨੇ ਦੁਖੀ ਲੋਕਾਂ ਦੀ ਬਹੁਤ ਹੈਲਪ ਕੀਤੀ। ਕਰੋਨਾ ਕਾਲ ਵੇਲੇ ਜਦ ਕੋਈ ਡਰਦਾ ਬਾਹਰ ਨਹੀਂ ਸੀ ਨਿਕਲਦਾ, ਤਦ ਤੁਸੀਂ ਲੋਕ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਲੋੜਵੰਦਾਂ ਤਕ ਪਹੁੰਚੇ; ਅਸੀਂ ਸੁਣ ਕੇ ਬਹੁਤ ਹੀ ਹੈਰਾਨ ਹੋਏ ਕਿ ਤੁਹਾਡਾ ਰਿਲੀਜ਼ਨ ਮਾਤਰ ਸਾਢੇ ਕੁ ਪੰਜ ਸੌ ਸਾਲ ਹੀ ਪੁਰਾਣਾ ਹੈ। ਪਰ ਜਿਸ ਤਰਾਂ ਤੁਸੀਂ ਸੰਸਾਰ ਪੱਧਰ ਤੇ ਨਾਮਣਾ ਹਾਸਲ ਕਰ ਰਹੇ ਹੋ ਬਹੁਤ ਹੀ ਕਾਬਲੇ-ਤਾਰੀਫ਼ ਹੈ। ਪਗੜੀ ਵਿਚ ਤੁਹਾਡੇ ਲੋਕਾਂ ਦੀ ਦਿੱਖ ਬਹੁਤ ਆਕਰਸ਼ਕ ਤੇ ਵਿਲੱਖਣ ਲਗਦੀ ਹੈ। ਤੁਹਾਡੀ ਫੂਡ ਸ਼ੇਅਰਿੰਗ (ਲੰਗਰ ਸੇਵਾ) ਦਾ ਕਾਰਜ ਬਹੁਤ ਹੀ ਸ਼ਲਾਘਾ ਯੋਗ ਹੈ। ਇਸ ਕੰਮ ਵਿਚ ਕੋਈ ਵੀ ਆਪ ਨੂੰ ਮਾਤ ਨਹੀਂ ਦੇ ਸਕਦਾ; ਕੋਈ ਤੁਹਾਡਾ ਮੁਕਾਬਲਾ ਨਹੀਂ ਕਰ ਸਕਦਾ। ਤੁਹਾਡੀ ਕਮਿਊਨਿਟੀ ਬਹੁਤ ਹੀ ਇਮਾਨ ਵਾਲੀ ਅਤੇ ਮਿਹਨਤੀ ਹੈ। ਬਹੁਤ ਹੀ ਟਰੱਸਟ ਕਰਨ ਯੋਗ ਲੋਕ ਹੋ।
ਮੈਨੂੰ ਲੱਗਿਆ ਜੋ ਉਸ ਵੇਲੇ ਚਰਚ ਵਿਚ ਜੋ ਅਦਬ ਵਜੋਂ ਜ਼ੋਰਦਾਰ ਤਾੜੀਆਂ ਵੱਜੀਆਂ ਸਨ ਅਤੇ ਕਿੰਨਾ ਚਿਰ ਤਾੜੀਆਂ ਦੀ ਗੁੰਜਾਰ ਜਾਰੀ ਰਹੀ ਸੀ। ਲੱਗਿਆ ਇਹ ਮੇਰੇ ਬੋਲਾਂ ਦੀ ਪ੍ਰਸੰਸਾ ਨਹੀਂ ਸੀ;ਅਸਲ ਚ ਇਹ ਗੁਰੂ ਦੀ ਵਾਹ ਵਾਹ ਸੀ; ਇਹ ਤਾਂ ਗੁਰੂ ਸਾਹਿਬਾਨ ਦੇ ਸੰਦੇਸ਼ਾਂ ਦੀ, ਉਨ੍ਹਾਂ ਦੀ ਕੀਰਤੀ ਦੀ ਵਾਹ ਵਾਹ ਸੀ। ਧੁਰ ਕੀ ਬਾਣੀ ਦਾ ਪੈਗ਼ਾਮ ਦੇਣ ਆਏ, ਮਨੁੱਖਤਾ ਦੇ ਭਲੇ ਦੀ ਗੱਲ ਦ੍ਰਿੜ੍ਹ ਕਰਾਉਣ ਵਾਲੇ, ਉਸ ਰੱਬ ਦੇ ਮੈਸੇਂਜਰ ਬਾਨੀ ਬਾਬੇ ਨਾਨਕ ਜੀ ਨੂੰ ਇਕ ਤਰਾਂ ਨਾਲ ਸਿਜਦਾ ਸੀ।

(ਗੱਜਣਵਾਲਾ ਸੁਖਮਿੰਦਰ ਸਿੰਘ)
+91 99151 06449