ਗੱਜਣਵਾਲਾ ਸੁਖਮਿੰਦਰ ਦਾ ਆਸਟ੍ਰੇਲੀਆ ‘ਚ ਸਨਮਾਨ

20151205_200350lrਅਸਟ੍ਰੇਲੀਆ ਦੇ ਬਹੁਤ ਹੀ ਛੋਟੇ ਜਿਹੇ ਪਰ ਸਮਾਰਟ ਪਿੰਡ ਸ਼ੈਪਰਟਨ ਵਿਚ ਪੰਜਾਬੀ ਸਾਹਿੱਤ ਪ੍ਰੇਮੀਆਂ ਵੱਲੋਂ ਸਭਾ ਆਯੋਜਿਤ ਕੀਤੀ ਗਈ ਜਿਸ ਵਿਚ ਲੇਖਕ, ਰਿਸਰਚ ਸਕਾਲਰ ਕਾਲਮ ਨਵੀਸ ਗੱਜਣਵਾਲਾ ਸੁਖਮਿੰਦਰ ਸਿੰਘ ਦਾ ਸਨਮਾਨ ਕੀਤਾ।
ਇਕੱਤਰਤਾ ਦੌਰਾਨ ਗੱਜਣਵਾਲਾ ਸੁਖਮਿੰਦਰ ਨੇ ਪੰਜਾਬੀ ਕਲਚਰ ਤੇ ਵਿਚਾਰ ਸਾਂਝੇ ਕਰਦਿਆਂ ‘ਕਿਤਾਬ ਦੀ ਅਹਿਮੀਅਤ’ ਦਾ ਜ਼ਿਕਰ ਕੀਤਾ ।ਉਨ੍ਹਾਂ ਆਖਿਆ, ਕਿਤਾਬ ਬੰਦੇ ਨੂੰ ਪਲਾਂ ਵਿਚ ਅਣਡਿੱਠੇ+ਅਣਸੁਣੇ ”ਸਮੇਂ ਸਥਾਨ” ‘ਤੇ ਲੈ ਜਾਂਦੀ ਹੈ ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਅਸੀਂ ਲੱਖਾਂ ਰੁਪਈਏ ਲਾ ਕੇ ਘਰ ਬਣਾਉਂਦੇ ਹਾਂ ਪਰ ਕਿਤਾਬ ਲਈ ਕੋਈ ਰਖਣਾ(ਖਾਨਾ) ਨਹੀਂ ਰੱਖਦੇ। ਸ਼ੈਲਫ ਤੇ ਪਈਆ ਕਿਤਾਬਾਂ, ਦਰਸ਼ਕ ਦੇ ਕਦਮ ਰੋਕ ਲੈਂਦੀਆਂ ਹਨ। ਹਰ  ਘਰ ਵਿਚ ਕਿਤਾਬ ਨੂੰ ਥਾਂ ਮਿਲਣੀ ਚਾਹੀਦੀ ਹੈ। ਗੱਜਣਵਾਲਾ ਨੇ ਆਖਿਆ, ਤੁਸੀਂ ਭਾਰਤ ਤੋਂ ਬਜ਼ੁਰਗਾਂ ਨੂੰ ਬੜੇ ਚਾਅ ਨਾਲ ਸੱਦਦੇ ਹੋ ਪਰ ਉਨ੍ਹਾਂ ਦਾ ਅਕਸਰ ਜੀਅ ਨਹੀਂ ਲਗਦਾ। ਤੁਹਾਨੂੰ ਛੋਟੀ ਜੇਹੀ ਲਾਇਬਰੇਰੀ ਵਰਗੀ ਐਸੀ ਵਿਵਸਥਾ ਤਿਆਰ ਕਰਨੀ ਚਾਹੀਦੀ ਹੈ ਤਾਂ ਜੋ ਉਹ ਘਰਾਂ ਚੋਂ ਨਿਕਲ ਕੇ ਸਾਂਝੀ ਥਾਂ ‘ਤੇ ਬੈਠ ਕੇ ਮੈਗਜ਼ੀਨ ਅਖ਼ਬਾਰ ਵਗ਼ੈਰਾ ਪੜ੍ਹ ਸਕਣ, ਆਪਸੀ ਵਿਚਾਰਾਂ ਕਰ ਸਕਣ।
ਸਭਾ ਦੇ ਸੰਚਾਲਕ ਕਰਨਬੀਰ ਸਿੰਘ ਭਾਈ ਰੂਪਾ ਨੇ ਸਾਹਿੱਤਿਕ ਪ੍ਰੇਮੀਆਂ ਦਾ ਤੁਆਰਫ਼ ਕਰਾਇਆ ਤੇ ਦੱਸਿਆ ਸਾਡੇ ਸ਼ੈਪਰਟਨ ਪਿੰਡ ਵਿਚ ਦੋ ਸੌ ਦੇ ਕਰੀਬ ਪੰਜਾਬੀ ਪਰਵਾਰ ਹਨ; ਸਭ ਦਾ ਆਪਸੀ ਬਹੁਤ ਗਹਿਰਾ ਮਿਲਵਰਤਨ ਹੈ ਛੋਟਾ ਜੇਹਾ ਪੇਂਡੂ ਨੁਮਾ ਕਸਬਾ ਹੋਣ ਕਰਕੇ ਹੋਰ ਜਾਤੀਆਂ ਦੇ ਖ਼ਾਸ ਕਰ ਗੋਰੇ ਵੀ ਸਾਡਾ ਬਹੁਤ ਸਤਿਕਾਰ ਕਰਦੇ ਹਨ। ਸਭਾ ਵਿਚ ਕੁਲਵਿੰਦਰ ਬੁੱਟਰ, ਹਰਦਮ ਦਿਉਲ, ਗੁਰਜੀਤ ਧਾਲੀਵਾਲ, ਸੁਮਿਤ ਮਿੱਤਲ ਬੱਧਨੀ(ਮੋਗਾ), ਜਸਵਿੰਦਰ ਵਿੱਕੀ, ਜੋਤੀ ਬੁੱਟਰ, ਗੁਰਪ੍ਰੀਤ ਸਿੰਘ ਮੋਗਾ, ਹਰਜੀਤ ਗੱਜਣਵਾਲਾ, ਲੈਪਸੀ ਸਿੰਘ ਸਿੱਧੂ ਆਦਿ ਸਭ ਨੇ ਹਾਜ਼ਰੀ ਭਰੀ।

Install Punjabi Akhbar App

Install
×