ਗ਼ਜ਼ਲ ਮੰਚ ਸਰੀ ਵੱਲੋਂ ਆਸਟਰੇਲੀਆ, ਅਮਰੀਕਾ ਦੇ ਸ਼ਾਇਰਾਂ ਦੇ ਮਾਣ ਵਿਚ ਸਜਾਈ ਵਿਸ਼ੇਸ਼ ਮਹਿਫ਼ਿਲ

(ਸਰੀ)-ਗ਼ਜ਼ਲ ਮੰਚ ਸਰੀ ਵੱਲੋਂ ਆਸਟਰੇਲੀਆ ਅਤੇ ਅਮਰੀਕਾ ਤੋਂ ਆਏ ਸ਼ਾਇਰਾਂ ਦੇ ਮਾਣ ਵਿਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਮਹਿਮਾਨ ਸ਼ਾਇਰਾਂ ਨੂੰ ਜੀ ਆਖਦਿਆਂ ਮੰਚ ਦੇ ਸ਼ਾਇਰ ਰਾਜਵੰਤ ਰਾਜ ਨੇ ਗ਼ਜ਼ਲ ਮੰਚ ਸਰੀ ਦੀਆਂ ਸਰਗਰਮੀਆਂ ਬਾਰੇ ਕੁਝ ਸ਼ਬਦ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਗ਼ਜ਼ਲ ਮੰਚ ਵੱਲੋਂ ਰਵਾਇਤੀ ਮੀਟਿੰਗਾਂ ਦੀ ਬਜਾਏ ਸਾਲ ਵਿਚ ਇਕ ਵੱਡਾ ਸ਼ਾਇਰਾਨਾ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਵਿਚ ਉੱਘੇ ਸ਼ਾਇਰ ਆਪਣਾ ਕਲਾਮ ਪੇਸ਼ ਕਰਦੇ ਹਨ ਅਤੇ ਇਸ ਵਿਚ ਸ਼ਾਇਰੀ ਨਾਲ ਲਗਾਓ ਰੱਖਣ ਵਾਲੇ ਸਰੋਤੇ, ਪਾਠਕ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦੇ ਹਨ। ਇਸ ਵਾਰ ਇਹ ਪ੍ਰੋਗਰਾਮ ਦਿਲਕਸ਼ ਸੁਰੀਲੀ ਸ਼ਾਮ ਦੇ ਰੂਪ ਵਿਚ 22 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਅਮਰੀਕਾ ਤੋਂ ਪ੍ਰਸਿੱਧ ਕਲਾਸੀਕਲ ਅਤੇ ਸੂਫ਼ੀਆਨਾ ਗਾਇਕ ਸੁਖਦੇਵ ਸਾਹਿਲ ਅਤੇ ਪ੍ਰੋ. ਸ਼ਰਨਦੀਪ ਕੌਰ ਆਪਣੀ ਸੁਰੀਲੀ ਆਵਾਜ਼ ਵਿਚ ਗ਼ਜ਼ਲ-ਗਾਇਣ ਕਰਨਗੇ ਅਤੇ ਨਾਮਵਰ ਸ਼ਾਇਰਾਂ ਦਾ ਖੂਬਸੂਰਤ ਕਲਾਮ ਹੋਵੇਗਾ।

ਆਸਟਰੇਲੀਆ ਤੋਂ ਆਏ ਸ਼ਾਇਰ ਸਰਬਜੀਤ ਸੋਹੀ, ਬਿੱਕਰ ਬਾਈ, ਸੁਰਜੀਤ ਸੰਧੂ ਅਤੇ ਪਾਲ ਰਾਊਕੇ ਨੇ ਆਸਟਰੇਲੀਆ ਅਤੇ ਵਿਸ਼ੇਸ਼ ਕਰਕੇ ਬ੍ਰਿਸਬੇਨ ਅਤੇ ਮੈਲਬੌਰਨ ਵਿਚਲੀਆਂ ਸਾਹਿਤਕ, ਸੱਭਿਆਚਾਰਕ ਸਰਗਰਮੀਆਂ ਅਤੇ ਪੰਜਾਬੀ ਭਾਈਚਾਰੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਜੀ ਸ਼ਾਇਰੀ ਦੀ ਮਹਿਫ਼ਿਲ ਵਿਚ ਸਭ ਤੋਂ ਪਹਿਲਾਂ ਬਿੱਕਰ ਬਾਈ ਨੇ ਰਾਜਵੰਤ ਰਾਜ ਦੀ ਗ਼ਜ਼ਲ ਆਪਣੇ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤੀ ਜਿਸ ਦੇ ਬੋਲ ਸਨ-

‘ਆਗਾਜ਼ ਤੋਂ ਹਸ਼ਰ ਤੱਕ ਕਰਕੇ ਖ਼ੁਆਰ ਮੈਂਨੂੰ

ਸੂਲੀ ‘ਤੇ ਲਟਕਦੇ ਨੂੰ ਹੁਣ ਨਾ ਉਤਾਰ ਮੈਨੂੰ’

ਫਿਰ ਸੁਰਜੀਤ ਸੰਧੂ ਲੋਕਤਾ ਦੀ ਆਵਾਜ਼ ਲੈ ਕੇ ਸਨਮੁੱਖ ਹੋਇਆ-

‘ਕਲਮ ਉੱਠੇਗੀ ਮੇਰੀ ਬੇਚਾਰੇ ਲੋਕਾਂ ਲਈ

ਕਰਾਂ ਦੁਆਵਾਂ ਵਕਤ ਦੇ ਮਾਰੇ ਲੋਕਾਂ ਲਈ’

ਪਾਲ ਰਾਊਕੇ ਨੇ ਦੋ ਗੀਤ ‘ਮੈਂ ਤੇਰੇ ਕੁਰਬਾਨ ਵੇ ਵਿਹੜੇ ਆ ਵੜ ਮੇਰੇ’ ਅਤੇ ‘ਏਧਰ ਕਣਕਾਂ ਓਧਰ ਕਣਕਾਂ, ਵਿਚ ਕਣਕਾਂ ਦੇ ਬੂਰ ਪਿਆ, ਮੁਟਿਆਰੇ ਜਾਣਾ ਦੂਰ ਪਿਆ’ ਬਹੁਤ ਹੀ ਸੁਰੀਲੀ ਆਵਾਜ਼ ਵਿਚ ਪੇਸ਼ ਕੀਤੇ।

ਪ੍ਰੀਤ ਮਨਪ੍ਰੀਤ ਬਹੁਤ ਹੀ ਖੂਬਸੂਰਤ ਸ਼ਾਇਰੀ ਲੈ ਕੇ ਪੇਸ਼ ਹੋਇਆ-

‘ਉਲਾਂਭਾ ਪਾਣੀਆਂ ਦੇ ਸਿਰ ਨਾ ਕੋਈ, ਕਿਸੇ ਖਾਤਰ ਤਰੇਗਾ ਫਿਰ ਨਾ ਕੋਈ

ਘੜੇ ਪੱਕੇ ਨੇ ਪਰ ਹੁਣ ਸਿਦਕ ਕੱਚੇ, ਝਨਾਂ ਵਿਚ ਸਿਰਫ ਗਰਜ਼ਾਂ ਤਰਦੀਆਂ ਨੇ’

ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਦੀ ਸ਼ਾਇਰੀ ਦਾ ਰੰਗ ਸੀ-

‘ਆਪਣੇ ਸਮੇਂ, ਸਮੇ ਤੋਂ ਪਾਰ ਦੇਖਦੇ ਰਹੇ

ਉਹ ਫ਼ਕੀਰ ਵਕਤ ਦੇ ਆਸਾਰ ਦੇਖਦੇ ਰਹੇ’

ਅਮਰੀਕਾ ਤੋਂ ਆਏ ਪ੍ਰਸਿੱਧ ਸ਼ਾਇਰ ਰਵਿੰਦਰ ਸਹਿਰਾਅ ਨੇ ਚੜ੍ਹਦੇ ਲਹਿੰਦੇ ਪੰਜਾਬ ਦੀ ਗੱਲ ਕਰਦਿਆਂ ਬਹੁਤ ਹੀ ਪਿਆਰੀ ਅਤੇ ਭਾਵਪੂਰਤ ਨਜ਼ਮ ਪੇਸ਼ ਕੀਤੀ-‘ਲਾਹੌਰ ਵਸੇਂਦੀਓ ਕੁੜੀਓ ਕਦੇ ਅੰਬਰਸਰ ਵੀ ਆਓ’

ਸਰਬਜੀਤ ਸੋਹੀ ਅਜੋਕੇ ਮਨੁੱਖ ਦੀ ਮਨੋਵਿਗਿਆਨਕ ਸਥਿਤੀ ਬਿਆਨ ਕਰ ਰਿਹਾ ਸੀ-

‘ਸਬੂਤਾ ਜਿਸਮ ਫਿਰਦਾ ਹੈ ਬੜਾ ਕੁਝ ਤਿੜਕਿਆ ਅੰਦਰ

ਚਿਰਾਂ ਤੋਂ ਹੋਂਦ ਦਾ ਮਲਬਾ ਪਿਆ ਹੈ ਬਿਖਰਿਆ ਅੰਦਰ’

ਨਾਮਵਰ ਸ਼ਾਇਰ ਜਸਵਿੰਦਰ ਦੀ ਸ਼ਾਇਰੀ ਮਹਿਫ਼ਿਲ ਨੂੰ ਬੇਹੱਦ ਗੰਭੀਰ ਕਰ ਗਈ-  

‘ਇਹ ਕਿੱਥੋਂ ਆ ਗਈ ਹੈ ਰਾਖ਼ ਏਨੀ ਕਿਸੇ ਤੋਂ ਵੀ ਨਾ ਏਥੇ ਠਹਿਰ ਹੋਵੇ

ਜਿਵੇਂ ਇਹ ਕਬਰ ਹੋਵੇ ਤਾਰਿਆਂ ਦੀ ਜਿਵੇਂ ਇਹ ਬੇ-ਚਿਰਾਗਾ ਸ਼ਹਿਰ ਹੋਵੇ’

ਮਹਿਫ਼ਿਲ ਦੇ ਮੇਜ਼ਬਾਨ ਰਾਜਵੰਤ ਰਾਜ ਦਾ ਖੂਬਸੂਰਤ ਕਲਾਮ ਸੀ-

‘ਚੁਫੇਰੇ ਝੁੱਲ ਰਹੀ ਅੰਨ੍ਹੀ ਹਨੇਰੀ, ਵਰੋਲੇ ਵੀ ਕਿਆਮਤ ਢਾਹ ਰਹੇ ਨੇ

ਮੁਸਾਫਿਰ ਫੇਰ ਵੀ ਮਾਰੂਥਲਾਂ ‘ਚੋਂ ਗੁਆਚੀ ਪੈੜ ਲੱਭਣ ਜਾ ਰਹੇ ਨੇ’

ਸ਼ਾਇਰ ਸਤੀਸ਼ ਗੁਲਾਟੀ ਆਪਣੀ ਸ਼ਾਇਰੀ ਨਾਲ ਸੁਚੇਤ ਕਰ ਰਿਹਾ ਸੀ –

‘ਫੇਰ ਨਾ ਕਹਿਣਾ ਕਿ ਕੋਈ ਲੈ ਗਿਆ ਜਗਦੇ ਚਿਰਾਗ

ਸੇਲ ਤੇ ਹਨ ਦੋਵੇਂ ਅੱਖਾਂ, ਦਿਲ, ਲਹੂ, ਗੁਰਦੇ, ਦਿਮਾਗ’

ਹਰਦਮ ਮਾਨ ਆਪਣੇ ਕੁਝ ਸ਼ਿਅਰਾਂ ਰਾਹੀਂ ਹਲੂਣਾ ਦੇ ਰਿਹਾ ਸੀ-

‘ਹਾਲੇ ਤਾਂ ਭੁਚਾਲ ਦੇ ਝਟਕੇ ਆਉਣ ਹੀ ਲੱਗੇ ਨੇ ਯਾਰੋ

ਹਾਲੇ ਵੀ ਵੇਲ਼ਾ ਹੈ ਸੁੱਤਾ ਸ਼ਹਿਰ ਜਗਾਇਆ ਜਾ ਸਕਦੈ’

ਅੰਤ ਵਿਚ ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ ਨੇ ਸਾਰੇ ਮਹਿਮਾਨਾ, ਸ਼ਾਇਰਾਂ ਦਾ ਧੰਨਵਾਦ ਕੀਤਾ। ਇਸ ਮਹਿਫ਼ਿਲ ਦਾ ਆਨੰਦ ਮਾਣਨ ਵਾਲ਼ਿਆਂ ਵਿਚ ਭੁਪਿੰਦਰ ਮੱਲ੍ਹੀ, ਕਾਮਰੇਡ ਨਵਰੂਪ ਸਿੰਘ, ਗੁਰਮੇਲ ਸਿੰਘ ਰਾਏ, ਮਿਸਜ਼ ਰਵਿੰਦਰ ਸਹਿਰਾਅ ਸ਼ਾਮਲ ਸਨ।

(ਹਰਦਮ ਮਾਨ) +1 604 308 6663

maanbabushahi@gmail.com