ਗੈਬਰੀਅਲ ਤੂਫਾਨ ਜ਼ਿੰਦਗੀ ਕੀਤੀ ਜਾਮ: ਨਿਊਜ਼ੀਲੈਂਡ ’ਚ ਚੱਲ ਰਹੇ ਖਰਾਬ ਮੌਸਮ ਕਾਰਨ ਸੈਂਕੜੇ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾ ਰੱਦ

ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ, ਸੜਕਾਂ ਟੁੱਟੀਆਂ, ਘਰ ਨੁਕਸਾਨੇ ਗਏ

(ਔਕਲੈਂਡ), 13  ਫਰਵਰੀ, 2023: ਨਿਊਜ਼ੀਲੈਂਡ ਦੇ ਵਿਚ ਬੀਤੇ ਕਲੱ੍ਹ ਤੋਂ ਚੱਕਰਵਾਤੀ ਤੁਫਾਨ ਗੈਬਰੀਅਲ ਇਕ ਤਰ੍ਵਾਂ ਨਾਲ ਜ਼ਿਦੰਗੀਆਂ ਜਾਮ ਕਰ ਦਿੱਤੀਆਂ ਹੋਈਆਂ ਹਨ। ਦੇਸ਼ ਦੇ ਉਤਰੀ ਟਾਪੂ ਦੇ ਵਿਚ ਇਸ ਤੁਫਾਨ ਦਾ ਕਹਿਰ ਜਾਰੀ ਹੈ। ਸਮੁੰਦਰੀ ਲਹਿਰਾਂ ਬਹੁਤ ਉਚੀਆਂ ਉਠੀਆਂ ਹੋਈਆਂ ਹਨ। ਕਈ ਜਗ੍ਹਾ 10,000 ਅਤੇ ਕਈ ਖੇਤਰਾਂ ਵਿਚ 48,000 ਵੱਧ ਘਰ ਬਿਜਲੀ ਤੋਂ ਬਿਨਾਂ ਹਨ। ਕਈ ਕਿਸਾਨਾਂ ਦੀਆਂ ਫਸਲਾਂ ਜਿਹੜੀ ਬਿਜਲੀ ਉਪਕਰਣ ਨਾਲ ਸੰਚਾਲਿਤ ਸਨ, ਬਿਜਲੀ ਜਾਣ ਕਰਕੇ ਜਨਰੇਟਰ ਉਤੇ ਕੀਤੀਆਂ ਗਈਆਂ ਹਨ। ਬਣਦੇ ਘਰਾਂ ਦੀਆਂ ਪੈੜਾਂ (ਸਕਾਫ ਫੋਲਡਿੰਗ) ਟੁੱਟ ਗਈਆਂ ਹਨ।

ਪਹਿਲਾਂ ਉਤਰੀ ਟਾਪੂ ਦੇ ਵਿਚ ਸੰਤਰੀ ਰੰਗ ਦੇ ਪੱਧਰ ਦਾ ਖਤਰਾ ਸੀ, ਪਰ ਹੁਣ ਲਾਲ ਰੰਗ ਦੇ ਪੱਧਰ ਦਾ ਖਤਰਾ ਦਸ ਦਿੱਤਾ ਗਿਆ ਹੈ। ਔਕਲੈਂਡ ਦਾ ਹਾਰਬਰ ਬਿ੍ਰਜ ਬੰਦ ਕੀਤਾ ਗਿਆ ਹੈ। ਦਰਿਆਵਾਂ ਦਾ ਪਾਣੀ ਉਚੇ ਪੱਧਰ ਉਤੇ ਪੁੱਜ ਗਿਆ ਹੈ। ਬਹੁਤ ਸਾਰੀਆਂ ਸੜਕਾਂ ਟੁੱਟਣ ਕਾਰਨ ਕਈ ਹਿੱਸੇ ਦੂਜੇ ਹਿਸਿਆਂ ਨਾਲ ਸੰਪਰਕ ਟੁੱਟਿਆ ਹੋਇਆ ਹੈ। ਸੁਪਰ ਮਾਰਕੀਟ ਦੇ ਵਿਚ ਲੋਕਾਂ ਦਾ ਤੰਤਾ ਲੱਗਾ ਰਿਹਾ ਅਤੇ ਲੋਕ ਕਾਫੀ ਸਮਾਨ ਡਰ ਦੇ ਮਾਰੇ ਕਈ-ਕਈ ਦਿਨਾਂ ਦਾ ਲੈ ਗਏ। ਏਅਰਪੋਰਟ ਉਤੇ ਕੱਲ੍ਹ ਦੀਆਂ ਸੈਂਕੜੇ ਅੰਤਰਰਾਸ਼ਟਰੀ ਫਲਾਈਟਾਂ ਰੱਦ ਹੋਈਆਂ ਹਨ। ਅੱਜ 85 ਅੰਤਰਰਾਸ਼ਟਰੀ ਉਡਾਣਾ ਕੈਂਸਿਲ ਹੋਈਆਂ। ਘਰੇਲੂ ਉਡਾਣਾ 301 ਸਨ ਜੋ ਕਿ ਸਾਰੀਆਂ ਰੱਦ ਕੀਤੀਆਂ ਗਈਆਂ। ਦੇਸ਼ ਦੇ ਵਿਚ ਬਹੁਤ ਥਾਵਾਂ ਉਤੇ ਸਟੇਟ ਐਮਰਜੈਂਸੀ ਲੱਗੀ ਹੋਈ ਹੈ। ਸਿਵਲ ਡਿਫੈਂਸ ਨੇ ਐਮਰਜੈਂਸੀ ਸ਼ੈਲਟਰ ਬਣਾਏ ਹੋਏ ਹਨ। ਖਰਾਬ ਮੌਸਮ ਦੀ ਚੇਤਾਵਨੀ ਮੰਗਲਵਾਰ ਤੱਕ ਦੱਸੀ ਗਈ ਹੈ। ਭਾਰੀ ਮੀਂਹ 400  ਮਿਲੀਮੀਟਰ ਤੋਂ 424 ਮਿਲੀਮੀਟਰ ਤੱਕ ਨਾਪਿਆ ਗਿਆ। ਪ੍ਰਧਾਨ ਮੰਤਰੀ ਨੇ ਵੀ ਲੋਕਾਂ ਨੂੰ ਸੰਜਮ ਦੇ ਨਾਲ ਰਹਿਣ ਦੀ ਅਪੀਲ ਕੀਤੀ ਹੋਈ ਹੈ।