ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ…..?

ਗੁਰੂ ਨਾਨਕ ਸਾਹਿਬ ਦਾ ਪਾਵਨ ਫੁਰਮਾਨ ”ਅਰਬਦ ਨਰਬਦ ਧੁੰਧੂਕਾਰਾ” ਗਿਆਤ ਕਰਾਉਂਦਾ ਹੈ ਕਿ ਜਗਤ ਦੀ ਰਚਨਾ ਤੋਂ ਪਹਿਲਾਂ ਅਜਿਹੇ ਘੁੱਪ ਹਨੇਰੇ ਦੀ ਹਾਲਤ ਸੀ, ਜਿਸ ਬਾਬਤ ਕੋਈ ਭੀ ਮਨੁੱਖ ਕੁਝ ਨਹੀਂ ਦੱਸ ਸਕਦਾ। ਜਿਸ ਸ਼੍ਰਿਸ਼ਟੀ ਬਾਰੇ ਕੁਝ ਮਨੁੱਖ ਜਾਣਦਾ ਹੈ ਉਸ ਵਿਚ ਵੀ ਕਈ ਨਸਲਾਂ ਅਤੇ ਸੱਭਿਆਤਾਵਾਂ ਪਨਪੀਆਂ ਤੇ ਸਮੇਂ-ਸਮੇਂ ਨੇਸਤੋਨਾਬੂਦ ਹੋ ਗਈਆਂ। ਕੁਝ ਸੱਭਿਆਤਾਵਾਂ ਦੀ ਜਾਣਕਾਰੀ ਮੌਜੂਦ ਹੈ ਅਤੇ ਹੁਣ ਉਨ੍ਹਾਂ ਦੇ ਖੰਡਰ ਮਿਲਦੇ ਹਨ। ਪੁਰਾਤੱਤਵ ਜਗਤ ਖੋਜਾਂ ਕਰਦਾ ਹੈ ਅਤੇ ਰੌਚਿਕ ਤੱਥ ਪੇਸ਼ ਕਰਦਾ ਹੈ।ਇਸੇ ਤਰ੍ਹਾਂ ਇਸ ਸ਼੍ਰਿਸ਼ਟੀ’ਤੇ ਧਾਰਮਿਕ, ਰਾਜਨੀਤਕ, ਸੱਭਿਆਚਾਰਕ, ਆਰਥਿਕ ਇਤਿਆਦਿਕ ਅਣਗਿਣਤ ਸੰਸਥਾਵਾਂ ਤੇ ਜਥੇਬੰਦੀਆਂ ਬਣਦੀਆਂ ਆਈਆਂ ਹਨ। ਇਹ ਵੀ ਜਨਮ ਤੋਂ ਬਾਅਦ ਬਚਪਨਾ, ਜਵਾਨੀ ਤੇ ਬੁਢੇਪਾ ਪਾਰ ਕਰ ਖਤਮ ਹੋ ਜਾਂਦੀਆਂ ਹਨ, ਮਨੁੱਖਾ ਸਰੀਰ ਦੀ ਤਰ੍ਹਾਂ ਜਰਜਰਾ ਹੋ ਜਾਂਦੀਆਂ ਹਨ। ਪਰ ਨਵ-ਨਰੋਈ ਵਿਚਾਰਧਾਰਾ ਸਦਾ ਜਿਊਂਦੀ ਰਹਿੰਦੀ ਹੈ। ਮਹਾਂਪੁਰਸ਼ਾਂ ਦੇ ਬਚਨ ਅਮਰ ਰਹਿੰਦੇ ਹਨ। ਉਹ ਬਚਨ ਗੁਰੂ ਨਾਨਕ ਸਾਹਿਬ ਦੇ ਹੋਣ, ਮੁਹੰਮਦ ਸਾਹਿਬ ਦੇ ਹੋਣ, ਯਿਸੂ ਮਸੀਹ ਦੇ ਹੋਣ ਅਤੇ ਭਾਵੇਂ ਮਹਾਤਮਾ ਬੁੱਧ ਵਰਗੇ ਮਹਾਨ ਰਹਿਬਰਾਂ ਦੇ ਹੋਣ।
ਗੁਰੂ ਨਾਨਕ ਸਾਹਿਬ ਨੇ ਸਮੁੱਚੀ ਮਾਨਵਤਾ ਦੇ ਭਲੇ ਦੀ ਵਿਚਾਰਧਾਰਾ ਦਿੱਤੀ ਅਤੇ ਬਾਕੀ ਗੁਰੂ ਸਾਹਿਬਾਨ ਨੇ ਉਸ ਨੂੰ ਵਿਸਮਾਦੀ ਸ਼ਕਤੀ ਨਾਲ ਅੱਗੇ ਤੋਰਿਆ। ਗੁਰੂ ਗੋਬਿੰਦ ਸਿੰਘ ਜੀ ਨੇ ਅਲੌਕਿਕ ਵਿਉਂਤਬੰਦੀ ਨਾਲ ਸੰਤ ਤੇ ਸਿਪਾਹੀ ਦੇ ਮਿਸ਼ਨ ਨੂੰ ਸਾਕਾਰ ਰੂਪ ਵਿਚ ਪੇਸ਼ ਕੀਤਾ। ਆਪਾ ਨਿਛਾਵਰ ਕਰਨ ਵਾਲੀ ਖ਼ਾਲਸਾ ਫ਼ੌਜ ਤਿਆਰ ਕੀਤੀ। ਜਿਸ ਵਿਚ ਉਹੀ ਭਰਤੀ ਹੁੰਦਾ ਸੀ ਜੋ ਧਰਮ ਦੇ ਪ੍ਰਗਾਸ ਤੇ ਦੁਸ਼ਟਾਂ ਦੇ ਨਾਸ਼ ਲਈ ਜਾਨ ਕੁਰਬਾਨ ਕਰਨ ਤੱਕ ਦਾ ਸਾਹਸ ਰੱਖਦਾ ਸੀ। ਇਸ ਪਰਉਪਕਾਰੀ ਮਿਸ਼ਨ ਵਿਚ ਹਰ ਕੋਈ ਭਰਤੀ ਨਹੀਂ ਹੋ ਸਕਦਾ ਅਤੇ ਨਾ ਹੀ ਕੀਤਾ ਜਾਣਾ ਚਾਹੀਦਾ ਹੈ। ਉੱਚੇ-ਸੁੱਚੇ ਕਿਰਦਾਰ ਦੇ ਲਖਾਇਕ ਕਕਾਰ ਯੋਗ ਸਿੱਖਾਂ ਨੂੰ ਹੀ ਸ਼ੋਭਾ ਦਿੰਦੇ ਹਨ। ਕੀ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਦੇ ਪਾਂਧੀਆਂ ਤੋਂ ਇਲਾਵਾ ਹਰ ਕੋਈ ਇਸ ਦਾਤ ਦੀ ਕਦਰ ਕਰ ਸਕਦਾ ਹੈ?
ਸਿੱਖ ਧਰਮ ਵਿਚ ਵੀ ਅਨੇਕਾਂ ਜਥੇਬੰਦੀਆਂ ਜੰਮੀਆਂ ਅਤੇ ਮਰੀਆਂ। ਦਰਜਨਾਂ ਜਥੇਬੰਦੀਆਂ ਜਰਜਰ ਹਾਲਤ ਵਿਚ ਹੋਂਦ ਰੱਖਦੀਆਂ ਹਨ। ਅਕਾਲੀ ਦਲ ਵੀ ਉਸੇ ਕੜੀ ਵਿਚ ਸਮੇਂ ਮੁਤਾਬਕ ਹੋਂਦ ਵਿਚ ਆਇਆ ਸੀ। ਅੱਜ 102 ਸਾਲ ਦਾ ਹੋ ਗਿਆ ਹੈ ਅਤੇ ਇਸ ਦਾ ਮੁਢਲਾ ਸਮਾਂ ਸੁਨਹਿਰੀ ਇਤਿਹਾਸ ਰੱਖਦਾ ਹੈ। ਸੰਨ 1952-1957 ਦੌਰਾਨ ਸਿਆਸੀ ਅਕਾਲੀ ਦਲ ਵਿਚ ਜਾਗੀਰਦਾਰਾਂ ਨੂੰ ਚੌਧਰਾਂ ਤੇ ਟਿਕਟਾਂ ਮਿਲਣੀਆਂ ਸ਼ੁਰੂ ਹੋ ਗਈਆਂ। ਸਿੱਖ ਸਮਾਜ ਨੂੰ ਹੀ ਨਹੀਂ ਬਲਕਿ ਪੰਜਾਬ ਨੂੰ ਮਾੜੇ ਨਤੀਜੇ ਭੁਗਤਣੇ ਪੈ ਗਏ। ਉਦਾਹਰਨ ਵਜੋਂ ਮਾਸਟਰ ਤਾਰਾ ਸਿੰਘ ਇਮਾਨਦਾਰ ਆਗੂ ਸੀ ਪਰ ਮਰਨ ਵਰਤ ਦੀ ਅਰਦਾਸ’ਤੇ ਪੂਰੇ ਨਾ ਉੱਤਰ ਸਕੇ। ਸਿਦਕੀ ਤੇ ਸਿਰੜੀ ਸਿੱਖ ਸ: ਦਰਸ਼ਨ ਸਿੰਘ ਫੇਰੂਮਾਨ ਸ਼ਹੀਦੀ ਦੇ ਕੇ ਢੌਂਗੀ ਨੇਤਾਵਾਂ ਦੇ ਪਾਜ ਖੋਲ੍ਹ ਗਿਆ। ਉਸ ਦਾ ਨਾਂ ਕੋਈ ਕਿਉਂ ਨਹੀਂ ਲੈਂਦਾ?
ਸੰਨ 1965 ਤੱਕ ਅਕਾਲੀ ਦਲ ਦੀ ਭੱਲ ਬਣੀ ਰਹੀ। ਅਕਾਲੀ ਦਲ ਵਿਚ ਵੀ ਅਤੇ ਕਾਂਗਰਸ ਵਿਚ ਵੀ ਸਾਰੇ ਹੀ ਧਰਮਾਂ ਦੇ ਲੋਕਾਂ ਨੇ ਸੰਘਰਸ਼ ਕੀਤਾ। ਏਥੋਂ ਤੱਕ ਕਿ ਗੋਪਾਲ ਸਿੰਘ ਕੌਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਪ੍ਰਧਾਨ ਬਣਿਆ ਅਤੇ ਕਾਂਗਰਸ ਦਾ ਵੀ ਪ੍ਰਧਾਨ ਬਣਿਆ। ਗੁਰਮੁਖ ਸਿੰਘ ਅਕਾਲ ਤਖ਼ਤ ਦਾ ਜਥੇਦਾਰ ਵੀ ਬਣਿਆ ਅਤੇ ਪੰਜਾਬ ਦਾ ਮੁੱਖ ਮੰਤਰੀ ਵੀ ਬਣਿਆ। ਏਥੋਂ ਤੱਕ ਕਿ ਕਾਮਰੇਡਾਂ ਨੇ ਵੀ ਅਕਾਲੀ ਦਲ ਦੇ ਸੰਘਰਸ਼ਾਂ ਵਿਚ ਵੱਡਾ ਹਿੱਸਾ ਪਾਇਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ। ਪ੍ਰਤਾਪ ਸਿੰਘ ਕੈਰੋਂ ਵੀ ਪਹਿਲਾਂ ਅਕਾਲੀ ਹੀ ਸੀ। ਸਿੱਖ ਗੁਰਦੁਆਰਾ ਲਹਿਰ ਵਿਚ ਵੀ ਸਾਰੀਆਂ ਸਿਆਸੀ ਪਾਰਟੀਆਂ ਦਾ ਚੰਗਾ ਯੋਗਦਾਨ ਸੀ। ਮਗਰੋਂ ਸਮਾਂ ਪਾ ਕੇ ਵਿਚਾਰਾਂ ਦੇ ਵਖਰੇਵਿਆਂ ਕਾਰਨ ਸਾਰੇ ਅਕਾਲੀਆਂ ਤੋਂ ਦੂਰ ਹੁੰਦੇ ਚਲੇ ਗਏ। ਅੱਜ ਤਾਂ ਇਹ ਵੀ ਸਵਾਲ ਖੜ੍ਹਾ ਹੈ ਕਿ ਕੀ ਸਿੱਖ ਪੰਥ ਦੇ ਠੇਕੇਦਾਰ ਸਹਿਜਧਾਰੀ ਸਿੱਖਾਂ ਨੂੰ ਜਾਂ ਗੁਰਬਾਣੀ ਨੂੰ ਪ੍ਰਣਾਏ ਸਿੰਧੀਆਂ ਤੇ ਹੋਰਾਂ ਨੂੰ ਸਿੱਖ ਮੰਨਣਗੇ ਜਾਂ ਨਹੀਂ? ਕੀ ਸਿੱਖ ਮਤ ਦੀ ਧਾਰਨੀ ਸੰਗਤ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੀ ਸ਼ੋਭਾ ਨਹੀਂ ਵਧਾਉਂਦੀ?
1965 ਸੰਨ ‘ਚ ਨਿਘਾਰ ਆਇਆ ਤਾਂ ਅਨਪੜ੍ਹ ਮਹੰਤ ਤੇ ਜਾਗੀਰਦਾਰ ਅਕਾਲੀ ਦਲ ਦੇ ਪ੍ਰਧਾਨ ਬਣਾਉਣੇ ਸ਼ੁਰੂ ਕਰ ਦਿੱਤੇ। ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਬਣ ਕੇ ਜੋ ਪੰਜਾਬ ਦਾ ਘਾਣ ਕੀਤਾ ਉਹ ਕਲੰਕਤ ਇਤਿਹਾਸ ਹੈ। ਨਕਸਲੀ ਹੱਤਿਆਵਾਂ, ਨਿਰੰਕਾਰੀ ਕਾਂਡ ਅਤੇ 1984 ਦੇ ਕਾਲੇ ਦੌਰ ਦਾ ਇਹ ਮੁੱਖ ਦੋਸ਼ੀ ਹੈ। ਖਾੜਕੂਆਂ ਦੇ ਭੋਗਾਂ’ਤੇ ਵੀ ਜਾਂਦਾ ਸੀ ਅਤੇ ਸਰਕਾਰਾਂ ਨਾਲ ਭਾਈਵਾਲੀ ਵੀ ਰੱਖਦਾ ਸੀ। ਇਨ੍ਹਾਂ ਦੇ ਰਾਜ ਵਿਚ ਭ੍ਰਿਸ਼ਟਾਚਾਰ, ਪਰਿਵਾਰਵਾਦ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ 328 ਸਰੂਪਾਂ ਦੀ ਚੋਰੀ ਆਦਿਕ ਵੱਡੇ ਗੁਨਾਹ ਹੋਏ ਹਨ। ਇਹ ਅਕਾਲੀ ਤਾਂ ਦੂਰ ਦੀ ਗੱਲ, ਸਾਧਾਰਨ ਸਿੱਖ ਵੀ ਨਹੀਂ ਹੈ। ਕੀ ਸਿੱਖ ਜਗਤ ਬਾਦਲ ਜੁੰਡਲੀ ਨੂੰ ਸਿੰਘ ਤਾਂ ਕੀ ਕਦੇ ਸਿੱਖ ਵੀ ਕਹਿ ਸਕੇਗਾ? ਕਦਾਚਿਤ ਨਹੀਂ।
ਇਸ ਦੀਆਂ ਦੋਗਲੇਪਨ ਦੀਆਂ ਕਹਾਣੀਆਂ ਜੱਗ ਜ਼ਾਹਰ ਹਨ। 15 ਜੂਨ 1989 ਨੂੰ ਭਾਰਤ ਦੇ ਚੋਣ ਕਮਿਸ਼ਨ ਨੇ ਸਾਰੀਆਂ ਰਾਜਸੀ ਪਾਰਟੀਆਂ ਨੂੰ ਸੈਕੂਲਰ ਕਦਰਾਂ ਕੀਮਤਾਂ ‘ਤੇ ਚੱਲਣ ਲਈ ਹਲਫ਼ਨਾਮਾ ਭਰਨ ਲਈ ਕਿਹਾ। ਅਕਾਲੀ ਦਲ ਨੇ ਇਹ ਹਲਫ਼ਨਾਮਾ ਪਾਰਟੀ ਵਲੋਂ ਦਿੱਤਾ। ਅਕਾਲੀ ਦਲ ਵਿਰੁੱਧ ਪਾਰਟੀ ਦੇ ਦੂਹਰੇ ਸੰਵਿਧਾਨ ਸਬੰਧੀ ਚੱਲ ਰਹੇ ਕੇਸ ਵਿਚ ਟਕਸਾਲੀ ਅਕਾਲੀ ਜਥੇਦਾਰ ਮਨਜੀਤ ਸਿੰਘ ਤਰਨਤਾਰਨੀ ਤਤਕਾਲੀ ਅਕਾਲੀ ਦਲ ਦੇ ਸਕੱਤਰ ਤੇ ਖਜ਼ਾਨਚੀ ਨੇ ਤਾਜ਼ਾ ਗਵਾਹੀ ਦਿੱਤੀ ਹੈ ਕਿ ਅਸੀਂ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਗ਼ੈਰ-ਇਖ਼ਲਾਕੀ ਕੰਮ ਕਰਨ ਤੋਂ ਵਰਜਿਆ। ਪਰ ਬਾਦਲ ਨੇ ਕਿਹਾ ਕਿ ਇਕ ਵਾਰ ਕਾਰਵਾਈ ਹੋਣ ਦੇਵੋ ਤੇ ਇਸ ਤੋਂ ਬਾਅਦ ਦੇਖ ਲਵਾਂਗੇ। ਸ: ਮਨਜੀਤ ਸਿੰਘ ਤਰਨਤਾਰਨੀ ਅਨੁਸਾਰ ਉਨ੍ਹਾਂ ਆਪਣੀ ਜ਼ਮੀਰ ਦੀ ਆਵਾਜ਼ ਸੁਣਦਿਆਂ ਉਸ ਹਲਫ਼ਨਾਮੇ’ਤੇ ਦਸਤਖ਼ਤ ਕਰਦਿਆਂ ਇਹ ਨੋਟ ਦੇ ਦਿੱਤਾ ਕਿ ਅਸੀਂ ਆਪਣੇ ਪੁਰਾਣੇ ਵਿਧਾਨ’ਤੇ ਚੱਲਦੇ ਰਹਾਂਗੇ।
ਸੰਨ 1996 ਵਿਚ ਮੋਗਾ ਕਾਨਫਰੰਸ ਵਿਚ ਲੋਕਾਂ ਨੂੰ ਮੂਰਖ ਬਣਾਇਆ ਤੇ ਐਲਾਨ ਕਰ ਦਿੱਤਾ ਕਿ ਇਹ ਪਾਰਟੀ ਪੰਜਾਬੀ ਪਾਰਟੀ ਬਣ ਗਈ ਹੈ। ਇਸ ਦਾ ਕਿਰਦਾਰ ਜ਼ਾਹਰ ਹੋ ਗਿਆ। ਅਕਾਲੀ ਦਲ ਦੇ ਦੂਹਰੇ ਸੰਵਿਧਾਨ ਬਣਾ ਕੇ ਰੱਖ ਦਿੱਤੇ। ਇਕ ਸੰਵਿਧਾਨ ਪਾਰਟੀ ਵਲੋਂ ਗੁਰਦੁਆਰਾ ਚੋਣ ਕਮਿਸ਼ਨ ਨੂੰ 2003 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਅਤੇ ਦੂਸਰਾ ਭਾਰਤੀ ਚੋਣ ਕਮਿਸ਼ਨ ਕੋਲ 2008 ਵਿਚ ਪੇਸ਼ ਕਰ ਦਿੱਤਾ। ਜਿਹੜਾ ਵਿਧਾਨ ਸੰਨ 2008 ਵਿਚ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਦੀ ਹੈਸੀਅਤ ਵਿਚ ਭਾਰਤ ਦੇ ਚੋਣ ਕਮਿਸ਼ਨ ਨੂੰ ਭੇਜਿਆ, ਉਹ ਅਕਾਲੀ ਦਲ ਦੇ ਕਿਸੇ ਜਨਰਲ ਅਜਲਾਸ ਵਿਚ ਪਾਸ ਨਹੀਂ ਹੋਇਆ ਤੇ ਨਾ ਹੀ ਕਾਰਵਾਈ ਰਜਿਸਟਰ ਵਿਚ ਦਰਜ ਹੈ। ਉਹ ਅੰਗਰੇਜ਼ੀ ਵਿਚ ਸੀ ਤੇ ਉਸ ਦੀ ਪੰਜਾਬੀ ਕਾਪੀ ਵੀ ਪ੍ਰਕਾਸ਼ਤ ਨਹੀਂ ਕੀਤੀ ਗਈ। ਸੰਨ 1996 ਵਿਚ ਬਾਦਲ ਤੇ ਬਰਨਾਲਾ ਦਲਾਂ ਦਾ ਆਪਸੀ ਰਲੇਵਾਂ ਵੀ ਗੈਰ-ਸੰਵਿਧਾਨਕ ਤੇ ਗੈਰ-ਕਾਨੂੰਨੀ ਸੀ।
ਇਸ ਤਰ੍ਹਾਂ ਦੇ ਕਿਰਦਾਰ ਵਾਲਿਆਂ ਦਾ ਕਬਜ਼ਾ ਸਾਰੀ ਦੁਰਦਸ਼ਾ ਦਾ ਕਾਰਨ ਹੈ। ਜਦੋਂ ਤੱਕ ਸੰਨ 1920 ਵਾਲਾ ਸੇਵਾ ਨੂੰ ਸਮਰਪਿਤ ਅਕਾਲੀ ਦਲ ਸੁਰਜੀਤ ਨਹੀਂ ਹੋਵੇਗਾ ਉਦੋਂ ਤੱਕ ਇਸ ਦਾ ਭਵਿੱਖ ਖਤਰਿਆਂ ਵਿਚ ਘਿਰਦਾ ਜਾਵੇਗਾ। ਸੱਚੇ ਸੁੱਚੇ ਅਸਲ ਅਕਾਲੀ ਹੀ ਅਕਾਲੀ ਦਲ ਦੇ ਵਾਰਸ ਹੋ ਸਕਦੇ ਹਨ।

(ਬਲਵੰਤ ਸਿੰਘ ਖੇੜਾ)
+91 94170 46112
khera.malta@yahoo.co.in