ਦੁਨੀਆਂ ਵਿਚ ਪ੍ਰਿੰਟ ਮੀਡੀਆ ਦਾ ਭਵਿੱਖ

ਦੁਨੀਆਂ ਬੜੀ ਤੇਜ਼ੀ ਨਾਲ ਬਦਲ ਰਹੀ ਹੈ। ਜੋ ਕਲ੍ਹ ਸੀ ਉਹ ਅੱਜ ਨਹੀਂ ਹੈ। ਜੋ ਅੱਜ ਹੈ ਉਹ ਭਲਕੇ ਨਹੀਂ ਹੋਵੇਗਾ। ਪਿਛਲੇ ਇਕ ਦਹਾਕੇ ਦੌਰਾਨ ਵੇਖਦੇ ਵੇਖਦੇ ਸੰਗੀਤ ਉਦਯੋਗ ਮੁਕੰਮਲ ਬਦਲ ਗਿਆ ਹੈ। ਚੰਡੀਗੜ੍ਹ ਦੇ ਸੈਕਟਰ 17 ਵਿਚ ਸੰਗੀਤ ਸਮੱਗਰੀ ਨਾਲ ਸਬੰਧਤ ਵੱਡੇ-ਵੱਡੇ ਸ਼ੋਅਰੂਮ ਸਨ। ਕੈਸਟ, ਸੀ.ਡੀ., ਡੀ.ਵੀ.ਡੀ. ਹੱਥੋਂ ਹੱਥੀਂ ਵਿਕਦੀਆਂ ਸਨ। ਮੈਂ ਜਦੋਂ ਵੀ ਜਾਣਾ ਆਪਣੀ ਪਸੰਦ ਦੀਆਂ ਚੁਣ-ਚੁਣ ਕੇ ਲਿਆਉਣੀਆਂ। ਸਾਰਾ ਕੁਝ ਠੱਪ ਹੋ ਗਿਆ ਹੈ। ਸ਼ੋਅ ਰੂਮਾਂ ਨੂੰ ਜੰਦਰੇ ਵੱਜ ਗਏ ਹਨ ਜਾਂ ਉਥੇ ਕੋਈ ਹੋਰ ਕਾਰੋਬਾਰ ਸ਼ੁਰੂ ਹੋ ਗਿਆ ਹੈ। ਅਜਿਹੀਆਂ ਉਦਾਹਰਨਾਂ ਬਹੁਤ ਸਾਰੇ ਖੇਤਰਾਂ ਦੀਆਂ ਦਿੱਤੀਆਂ ਜਾ ਸਕਦੀਆਂ ਹਨ।

ਬੀਤੇ ਦਹਾਕੇ-ਡੇਢ ਦਹਾਕੇ ਤੋਂ ਦੁਨੀਆਂ ਦੀ ਵਸੋਂ ਦਾ ਵੱਡਾ ਹਿੱਸਾ ਆਨਲਾਈਨ ਮੀਡੀਆ ਨਾਲ ਜੁੜ ਗਿਆ ਹੈ। ਤੁਸੀਂ ਕਿਸੇ ਨੂੰ ਅਖ਼ਬਾਰ ਦੀ ਹਾਰਡ ਕਾਪੀ ਪੜ੍ਹਨ ਲਈ ਮਜ਼ਬੂਰ ਨਹੀਂ ਕਰ ਸਕਦੇ। ਮੈਂ ਡੇਢ ਮਹੀਨੇ ਤੋਂ ਇੰਗਲੈਂਡ ਵਿਚ ਹਾਂ। ਇਨ੍ਹਾਂ 45 ਦਿਨਾਂ ਤੋਂ ਮੈਂ ਹੱਥ ਵਿਚ ਅਖ਼ਬਾਰ ਫੜ੍ਹ ਕੇ ਨਹੀਂ ਪੜ੍ਹੀ। ਜਿਹੜੀ ਅਖ਼ਬਾਰ ਪੜ੍ਹਨੀ ਹੁੰਦੀ ਹੈ ਉਸਨੂੰ ਫ਼ੋਨ ʼਤੇ, ਆਈਪੈਡ ʼਤੇ ਜਾਂ ਲੈਪਟਾਪ ʼਤੇ ਖੋਲ੍ਹਦਾ ਹਾਂ ਅਤੇ ਪੜ੍ਹ ਲੈਂਦਾ ਹਾਂ। ਜੀ ਹਾਂ ਇਥੇ ਬਹੁਤੇ ਲੋਕ ਇੰਝ ਹੀ ਕਰਦੇ ਹਨ। ਸਵੇਰੇ ਘਰੋਂ ਘਰੀਂ ਅਖ਼ਬਾਰ ਮੰਗਵਾਉਣ ਦਾ ਰੁਝਾਨ ਹੀ ਨਹੀਂ ਹੈ। ਸਵੇਰ ਵੇਲੇ ਕਿਸੇ ਕੋਲ ਏਨਾ ਸਮਾਂ ਹੀ ਨਹੀਂ ਹੁੰਦਾ। ਕੁਝ ਅਖ਼ਬਾਰਾਂ ਮੁਫ਼ਤ ਮਿਲਦੀਆਂ ਹਨ। ਸਟੇਸ਼ਨਾਂ, ਸਟੋਰਾਂ, ਬੱਸ ਅੱਡਿਆਂ ʼਤੇ ਪਈਆਂ ਹੁੰਦੀਆਂ ਹਨ। ਲੋਕ ਆਉਂਦੇ ਜਾਂਦੇ ਚੁੱਕ ਲੈਂਦੇ ਹਨ। ਦੂਸਰੀਆਂ ਸਟੋਰਾਂ ਵਿਚ ਰੱਖੀਆਂ ਹੁੰਦੀਆਂ ਹਨ। ਲੋਕ ਨਿੱਤ ਵਰਤੋਂ ਦਾ ਸਮਾਨ ਖਰੀਦਣ ਆਉਂਦੇ ਹਨ ਜਿਸਨੂੰ ਹਾਰਡ ਕਾਪੀ ਪੜ੍ਹਨ ਦਾ ਭੁੱਸ ਹੈ ਉਹ ਖਰੀਦ ਲੈਂਦਾ ਹੈ। ਜਾਣਕਾਰੀ ਲਈ ਇਕ ਦਿਨ ਸਟੋਰ ਵਿਚ ਪਈਆਂ ਵੱਖ-ਵੱਖ ਛੋਟੀਆਂ ਵੱਡੀਆਂ ਅਖ਼ਬਾਰਾਂ ʼਤੇ ਨਜ਼ਰ ਮਾਰੀ। ਡੇਢ ਤੋਂ ਸਾਢੇ ਚਾਰ ਪੌਂਡ ਤੱਕ ਕੀਮਤ ਸੀ। ਭਾਰਤੀ ਕਰੰਸੀ ਵਿਚ 150 ਤੋਂ 450 ਰੁਪਏ ਤੱਕ।

ਭਾਰਤ ਦੇ ਵੱਡੇ-ਵੱਡੇ ਹਫ਼ਤਾਵਾਰ, ਮਹੀਨਾਵਾਰ ਮੈਗ਼ਜ਼ੀਨ ਜਿਹੜੇ ਧੜਾ ਧੜ ਵਿਕਦੇ ਸਨ, ਜਿਨ੍ਹਾਂ ਦੀ ਲੋਕ ਬੇਸਬਰੀ ਨਾਲ ਉਡੀਕ ਕਰਦੇ ਸਨ, ਅੱਜ ਬੰਦ ਹੋਣ ਕਿਨਾਰੇ ਹਨ। ਟੁੱਟਵੇਂ ਡੰਗ ਚਲ ਰਹੇ ਹਨ। ਛੋਟੇ ਆਕਾਰ ਵਿਚ ਛਪ ਰਹੇ ਹਨ ਅਤੇ ਕਿਸੇ ਨੂੰ ਨਵੇਂ ਅੰਕ ਦੀ ਇੰਤਜ਼ਾਰ ਵੀ ਨਹੀਂ ਹੁੰਦੀ ਕਿਉਂਕਿ ਸਾਰਾ ਕੁਝ ਆਨਲਾਈਨ ਉਪਲਬਧ ਹੈ। ਇੰਡੀਆ ਟੂਡੇ ਨੇ ਸਮੇਂ ਸਿਰ 2014 ਵਿਚ ਆਨਲਾਈਨ ਸਾਈਟ ਸ਼ੁਰੂ ਕਰ ਦਿੱਤੀ ਸੀ।

2000 ਤੋਂ ਬਾਅਦ ਪ੍ਰਿੰਟ ਮੀਡੀਆ, ਵਿਸ਼ੇਸ਼ ਕਰਕੇ ਅਖ਼ਬਾਰਾਂ ਦੀ ਛਪਣ-ਗਿਣਤੀ ਲਗਾਤਾਰ ਘੱਟ ਰਹੀ ਹੈ। ਘੱਟਣ ਦਾ ਇਹ ਰੁਝਾਨ ਦੁਨੀਆਂਭਰ ਦੇ ਦੇਸ਼ਾਂ ਵਿਚ ਇਕੋ ਜਿਹਾ ਹੈ। ਕੋਰੋਨਾ ਸੰਕਟ ਨੇ ਇਸ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਹੈ।

2000 ਤੋਂ 2010 ਦੌਰਾਨ ਇੰਟਰਨੈਟ ਦੀ ਵਰਤੋਂ ਤੇਜ਼ੀ ਨਾਲ ਵਧੀ।  ਇੰਟਰਨੈਟ ਖ਼ਬਰ ਪ੍ਰਾਪਤੀ ਦਾ ਵੱਡਾ ਮਾਧਿਅਮ ਬਣ ਗਿਆ। ਸਾਲ 2009 ਦੇ ਆਰੰਭ ਵਿਚ ਦੁਨੀਆਂ ਦੀਆਂ ਅਖ਼ਬਾਰਾਂ ਦੀ ਛਪਣ ਗਿਣਤੀ ਵਿਚ ਵੱਡੀ ਕਮੀ ਦਰਜ਼ ਹੋਈ। ਇਸਦਾ ਇਕ ਕਾਰਨ ਆਰਥਿਕ ਮੰਦੀ ਨੂੰ ਵੀ ਮੰਨਿਆ ਗਿਆ। ਅਮਰੀਕਾ ਦੇ ਅੰਕੜੇ ਦੱਸਦੇ ਹਨ ਕਿ 2009 ਵਿਚ ਪ੍ਰਿੰਟ ਮੀਡੀਆ ਦੇ 10000 ਕਰਮਚਾਰੀਆਂ ਨੂੰ ਨੌਕਰੀ ਤੋਂ ਹੱਥ ਧੋਣੇ ਪਏ ਅਤੇ ਇਸ਼ਤਿਹਾਰਾਂ ਵਿਚ 30-35 ਫ਼ੀਸਦੀ ਦੀ ਕਮੀ ਆਈ। ਮੁਲਕ ਦੀਆਂ 25 ਫ਼ੀਸਦੀ ਅਖ਼ਬਾਰਾਂ ਦੀ ਸਰਕੂਲੇਸ਼ਨ 10 ਤੋਂ 20 ਫ਼ੀਸਦੀ ਘੱਟ ਗਈ।

ਚੰਗਾ ਪੱਖ ਇਹ ਸੀ ਕਿ ਉਦੋਂ ਅਮਰੀਕਾ ਵਿਚ 1400 ਅਤੇ ਕਨੇਡਾ ਵਿਚ 100 ਤੋਂ ਵੱਧ ਰੋਜ਼ਾਨਾ ਅਖ਼ਬਾਰਾਂ ਛਪ ਰਹੀਆਂ ਸਨ ਅਤੇ ਇਨ੍ਹਾਂ ਵਿਚੋਂ ਬਹੁਤੀਆਂ ਆਰਥਿਕ ਮੰਦੀ ਦੇ ਬਾਵਜੂਦ ਮੁਨਾਫ਼ਾ ਕਮਾ ਰਹੀਆਂ ਹਨ।  

ਬਦਲਦੀਆਂ ਸਥਿਤੀਆਂ, ਬਦਲਦੇ ਸਮੇਂ ਦੌਰਾਨ ਕਿਹੜੀਆਂ ਅਖ਼ਬਾਰਾਂ ਘੱਟ ਅਤੇ ਕਿਹੜੀਆਂ ਵੱਧ ਪ੍ਰਭਾਵਤ ਹੋਈਆਂ ਮਾਹਿਰਾਂ ਦੁਆਰਾ ਇਸਦੀ ਇਕ ਸੂਚੀ ਤਿਆਰ ਕੀਤੀ ਗਈ ਹੈ। ਪੱਕੀ ਗਾਹਕੀ ਵਾਲੀਆਂ, ਮੁੱਲ ਵਿਕਣ ਵਾਲੀਆਂ, ਸੰਘਣੀ ਵਸੋਂ ਵਾਲੇ ਇਲਾਕੇ ਵਿਚ ਵਿਕਣ ਵਾਲੀਆਂ, ਜਿਨ੍ਹਾਂ ਦੀ ਆਮਦਨ ਦਾ 60 ਫ਼ੀਸਦੀ ਤੋਂ ਘੱਟ ਹਿੱਸਾ ਇਸ਼ਤਿਹਾਰਾਂ ਤੋਂ ਆਉਂਦਾ ਹੈ। ਅਜਿਹੀਆਂ ਅਖ਼ਬਾਰਾਂ ਘੱਟ ਪ੍ਰਭਾਵਤ ਹੋਈਆਂ। ਇਕ ਕਾਪੀ ਦੇ ਅਧਾਰ ʼਤੇ ਵਿਕਣ ਵਾਲੀਆਂ, ਮੁਫ਼ਤ ਵਿਕਣ ਵਾਲੀਆਂ, ਘੱਟ ਅਬਾਦੀ ਵਾਲੇ ਵਿਸ਼ਾਲ ਖੇਤਰ ਵਿਚ ਵਿਕਣ ਵਾਲੀਆਂ, 60 ਫ਼ੀਸਦੀ ਤੋਂ ਵੱਧ ਆਮਦਨ ਇਸ਼ਤਿਹਾਰਾਂ ਤੋਂ ਪ੍ਰਾਪਤ ਕਰਨ ਵਾਲੀਆਂ ਅਖ਼ਬਾਰਾਂ ਵਧੇਰੇ ਪ੍ਰਭਾਵਤ ਹੋਈਆਂ।

ਸਮਾਂ ਬਦਲ ਰਿਹਾ ਹੈ, ਸੁਭਾਅ ਬਦਲ ਰਿਹਾ ਹੈ, ਸਭਿਆਚਾਰ ਬਦਲ ਰਿਹਾ ਹੈ, ਸੋਚ ਬਦਲ ਰਹੀ ਹੈ, ਕਦਰਾਂ-ਕੀਮਤਾਂ ਬਦਲ ਰਹੀਆਂ ਹਨ, ਤਕਨੀਕ ਬਦਲ ਰਹੀ ਹੈ। ਨਤੀਜੇ ਵਜੋਂ ਅਖ਼ਬਾਰਾਂ ਦੀ ਸਰਕੂਲੇਸ਼ਨ ਬਦਲ ਰਹੀ ਹੈ, ਇਸ਼ਤਿਹਾਰਾਂ ਤੋਂ ਹੋਣ ਵਾਲੀ ਆਮਦਨ ਬਦਲ ਰਹੀ ਹੈ।

ਅਮਰੀਕਾ ਦੀ ਨੌਰਥ ਵੈਸਟਰਨ ਯੂਨੀਵਰਸਿਟੀ ਦੀ ਰਿਪੋਰਟ ਅਨੁਸਾਰ 2020 ਦੇ ਸ਼ੁਰੂ ਤੋਂ 2022 ਦੇ ਅੱਧ ਤੱਕ ਅਖ਼ਬਾਰਾਂ ਦੀ ਸਰਕੂਲੇਸ਼ਨ 7 ਫ਼ੀਸਦੀ ਘਟੀ ਹੈ। ਜੇਕਰ ਇਹ ਰੁਝਾਨ ਜ਼ਾਰੀ ਰਹਿੰਦਾ ਹੈ ਤਾਂ 2025 ਤੱਕ ਇਕ ਤਿਹਾਈ ਅਖ਼ਬਾਰ ਬੰਦ ਹੋਣ ਕਿਨਾਰੇ ਪਹੁੰਚ ਜਾਣਗੇ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਵੱਡੇ ਬਰੈਂਡ ਵਾਲੀਆਂ ਅਤੇ ਆਨ ਲਾਈਨ ਉਪਲਬਧ ਅਖ਼ਬਾਰਾਂ ਦੀ ਪਾਠਕ ਗਿਣਤੀ ਵਧੀ ਹੈ।

ਅਖ਼ਬਾਰਾਂ ਦੀ ਸਰਕੂਲੇਸ਼ਨ ਘੱਟਣ ਦੇ ਕਈ ਕਾਰਨ ਹਨ। ਟੈਲੀਵਿਜ਼ਨ, ਇੰਟਰਨੈਟ, ਸ਼ੋਸ਼ਲ ਮੀਡੀਆ ਰੋਜ਼ਾਨਾ ਖ਼ਬਰਾਂ ਦੇ ਮੁੱਖ ਸਰੋਤ ਬਣ ਗਏ ਹਨ। ਸਮਾਰਟ ਫ਼ੋਨ ਦੇ ਰੂਪ ਵਿਚ ਸਾਰੀ ਦੁਨੀਆਂ ਮੁੱਠੀ ਵਿਚ ਆ ਗਈ ਹੈ। ਦੁਨੀਆਂ ਦੀ ਪਲ ਪਲ ਦੀ ਖ਼ਬਰ, ਹਰ ਪਲ ਮਿਲ ਰਹੀ ਹੈ। ਲੋਕ ਪੜ੍ਹਨ ਦੇ ਨਾਲ ਖ਼ਬਰ ਵੇਖਣਾ ਵੀ ਚਾਹੁੰਦੇ ਹਨ। ਇਸ ਇੱਛਾ ਦੀ ਪੂਰਤੀ ਵੀਡੀਓ ਨੇ ਕੀਤੀ ਹੈ। ਵੀਡੀਓ ਇੰਟਰਨੈਟ ʼਤੇ ਉਪਲਬਧ ਹੈ। ਨਤੀਜੇ ਵਜੋਂ ਇਸ਼ਤਿਹਾਰਬਾਜ਼ੀ ਇੰਟਰਨੈਟ ਵੱਲ ਖ਼ਿਸਕ ਰਹੀ ਹੈ। ਅਖ਼ਬਾਰਾਂ ਦੇ ਵਧੇਰੇ ਇਸ਼ਤਿਹਾਰ ਪਹਿਲਾਂ ਹੀ ਟੈਲੀਵਿਜ਼ਨ ਵੱਲ ਚਲੇ ਗਏ ਹਨ ਕਿਉਂਕਿ ਟੈਲੀਵਿਜ਼ਨ ਦਾ ਪਹੁੰਚ ਘੇਰਾ ਵਿਸ਼ਾਲ ਹੈ।

ਮੀਡੀਆ ਦੇ ਬਾਦਸ਼ਾਹ ਰਿਉਪਰਟ ਮਰਡੋਕ ਨੇ ਅਖ਼ਬਾਰਾਂ ਤੋਂ ਹੁੰਦੀ ਆਮਦਨ ਦੇ ਪ੍ਰਸੰਗ ਵਿਚ ਇਕ ਵਾਰ ਕਿਹਾ ਸੀ, ਇਹ ʻਸੋਨੇ ਦੇ ਦਰਿਆʼ ਹਨ, ਪਰੰਤੂ ਕੁਝ ਸਾਲਾਂ ਬਾਅਦ ਸੋਧ ਕਰਦੇ ਹੋਏ ਕਿਹਾ, ʻਕਈ ਵਾਰ ਇਹ ਦਰਿਆ ਸੁੱਕ ਜਾਂਦੇ ਹਨʼ।

ਇਕ ਹੋਰ ਮੀਡੀਆ ਹਸਤੀ ਨੇ ਕਿਹਾ ਸੀ, “ਜੇ ਕੇਬਲ, ਸੈਟੇਲਾਈਟ ਟੀ.ਵੀ. ਅਤੇ ਇੰਟਰਨੈਟ ਬਹੁਤ ਸਮਾਂ ਪਹਿਲਾਂ ਆ ਜਾਂਦੇ ਤਾਂ ਅਖ਼ਬਾਰਾਂ ਜਿਨ੍ਹਾਂ ਨੂੰ ਆਪਾਂ ਮੌਜੂਦਾ ਰੂਪ ਵਿਚ ਵੇਖ ਰਹੇ ਹਾਂ ਕਦੇ ਨਾ ਵੇਖ ਪਾਉਂਦੇ।ˮ

ਸੱਚਾਈ ਇਹ ਵੀ ਹੈ ਕਿ ਸ਼ੋਸ਼ਲ ਮੀਡੀਆ ʼਤੇ ਤੈਰਦੀਆਂ 80 ਫ਼ੀਸਦੀ ਖ਼ਬਰਾਂ ਅਖ਼ਬਾਰਾਂ ਤੋਂ ਆਈਆਂ ਹੁੰਦੀਆਂ ਹਨ। ਗੂਗਲ, ਯਾਹੂ, ਫੇਸਬੁੱਕ ਤੇ ਵੱਟਸਐਪ ਕੋਲ ਰਿਪੋਰਟ ਨਹੀਂ ਹਨ ਜਿਹੜੇ ਖ਼ਬਰਾਂ ਲਈ ਗਲੀਆਂ ਵਿਚ ਤੁਰੇ ਫਿਰਦੇ ਹਨ। ਅਖ਼ਬਾਰਾਂ ਦੇ ਰਿਪੋਰਟਰ ਫੀਲਡ ਵਿਚ ਜਾ ਕੇ ਖ਼ਬਰਾਂ ਇਕੱਤਰ ਕਰਕੇ ਭੇਜਦੇ ਹਨ। ਉਨ੍ਹਾਂ ਸਦਕਾ ਸ਼ੋਸ਼ਲ ਮੀਡੀਆ ਮਹੱਤਵਪੂਰਨ ਬਣਿਆ ਹੋਇਆ ਹੈ।

ਦਰਅਸਲ ਸਾਰਾ ਮੀਡੀਆ ਛੋਟੇ-ਛੋਟੇ ਹਿੱਸਿਆਂ ਵਿਚ ਵੰਡਿਆ ਗਿਆ ਹੈ। ਉਹੀ ਛੋਟੇ-ਛੋਟੇ ਟੁਕੜੇ ਵੱਡੀਆਂ-ਵੱਡੀਆਂ ਅਖ਼ਬਾਰਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਸ਼ੋਸ਼ਲ ਮੀਡੀਆ ਕੰਪਨੀਆਂ ਨੇ ਪਾਠਕਾਂ ਦਰਸ਼ਕਾਂ ਦੀਆਂ ਆਦਤਾਂ ਬਦਲ ਦਿੱਤੀਆਂ ਹਨ। ਹਰ ਕੋਈ ਪਾਠਕ ਹੈ, ਹਰ ਕੋਈ ਪੱਤਰਕਾਰ ਹੈ, ਹਰ ਕੋਈ ਸੰਪਾਦਕ ਹੈ।

ਦਰਅਸਲ ਖ਼ਬਰ ਵੱਡੇ-ਵੱਡੇ ਟੈਲੀਵਿਜ਼ਨ ਸਟੂਡੀਓ ਅਤੇ ਵੱਡੀਆਂ-ਵੱਡੀਆਂ ਪ੍ਰਿੰਟਿੰਗ ਪ੍ਰੈਸਾਂ ਦੀ ਮੁਹਤਾਜ਼ ਨਹੀਂ ਰਹਿ ਗਈ ਹੈ। ਕੋਈ ਵੀ ਆਪਣੀ ਗੱਲ ਸਿੱਧੀ ਦੁਨੀਆਂ ਸਾਹਮਣੇ ਰੱਖ ਸਕਦਾ ਹੈ। ਅਨੇਕਾਂ ਨਵੇਂ ਮਾਧਿਅਮ ਆ ਗਏ ਹਨ ਜਿਹੜੇ ʻਮੀਡੀਆ ਲੈਂਡਸਕੇਪʼ ਦਾ ਮੂੰਹ-ਮੁਹਾਂਦਰਾ, ਸ਼ਕਲ ਸੂਰਤ ਬਦਲ ਰਹੇ ਹਨ। ਪਾਠਕ 24 ਘੰਟੇ ਅਖ਼ਬਾਰ ਦੀ ਉਡੀਕ ਨਹੀਂ ਕਰ ਸਕਦੇ। ਉਹ ਪਲ ਪਲ ਅਪਡੇਟ ਚਾਹੁੰਦੇ ਹਨ।

ਚੀਨ ਦੇ ਸ਼ਹਿਰ ਬੀਜਿੰਗ ਵਿਚ ਹੋਈ ʻਮੀਡੀਆ ਸਮਿਟʼ ਵਿਚ ਰਿਉਪਰਟ ਮਰਡੋਕ ਨੇ ਇਸੇ ਲਈ ਕਿਹਾ ਸੀ, “ਬਦਲਾਅ ਦੀ ਮੌਜੂਦਾ ਲਹਿਰ ਦਾ ਲਾਭ ਉਠਾਉਂਦਿਆਂ ਸਾਨੂੰ ਆਨਲਾਈਨ ਸਮੱਗਰੀ ਨੂੰ ਪੇਡ ਕਰਨਾ ਚਾਹੀਦਾ ਹੈ।ˮ

ਪੱਤਰਕਾਰੀ ਦੇ ਖੇਤਰ ਵਿਚ 43 ਸਾਲ ਦਾ ਤਜ਼ਰਬਾ ਰੱਖਣ ਵਾਲੇ ਪਾਲ ਸਟੈਗਰ ਦਾ ਇਸ ਸਿਲਸਿਲੇ ਵਿਚ ਮੰਨਣਾ ਹੈ ਕਿ ਆਨਲਾਈਨ ਮੁਫ਼ਤ ਵਿਸ਼ਾ-ਸਮੱਗਰੀ ਪਰੋਸਣ ਦਾ ਅਰਥ ਭਵਿੱਖ ਵਿਚ ਆਪਣੇ ਕਾਰੋਬਾਰ-ਮਾਡਲ ਨੂੰ ਢਹਿ ਢੇਰੀ ਕਰਨਾ ਹੈ।

ਦੂਸਰੇ ਪਾਸੇ ਵਿਕਸਤ ਮੁਲਕਾਂ ਦੇ ਅੰਕੜੇ ਦੱਸਦੇ ਹਨ ਕਿ ਬਹੁ-ਗਿਣਤੀ ਲੋਕ ਨਾ ਅਖ਼ਬਾਰ ʼਤੇ ਪੈਸਾ ਖ਼ਰਚਦੇ ਹਨ, ਨਾ ਆਨਲਾਈਨ ਪੇਡ ਸਮੱਗਰੀ ਵਰਤਦੇ ਹਨ। ਉਹ ਦੁਨੀਆਂ ਭਰ ਦੀ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਇੰਟਰਨੈਟ ਅਤੇ ਸ਼ੋਸ਼ਲ ਮੀਡੀਆ ਰਾਹੀਂ ਮੁਫ਼ਤ ਹਾਸਲ ਕਰ ਰਹੇ ਹਨ। ਦੁਨੀਆਂ ਦੀ ਵਧੇਰੇ ਵਸੋਂ ਦੀ ਇਹ ਸੋਚ, ਇਹ ਨਜ਼ਰੀਆ, ਇਹ ਪਹੁੰਚ ਪ੍ਰਿੰਟ ਮੀਡੀਆ ਦੇ ਭਵਿੱਖ ਸਬੰਧੀ ਅਨੇਕਾਂ ਸਵਾਲ ਖੜੇ ਕਰਦੀ ਹੈ।

(ਪ੍ਰੋ. ਕੁਲਬੀਰ ਸਿੰਘ) +91 9417153513