ਆਰਮੀਡੇਲ ਸੈਕੰਡਰੀ ਕਾਲਜ ਬਣ ਕੇ 2021 ਦੇ ਸੈਸ਼ਨ ਲਈ ਤਿਆਰ

ਨਿਊ ਸਾਊਥ ਵੇਲਜ਼ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਆਰਮੀਡੇਲ ਵਿੱਚਲਾ ਸੈਕੰਡਰੀ ਕਾਲਜ ਦਾ ਨਵੀਨੀਕਰਣ ਕਰ ਦਿੱਤਾ ਗਿਆ ਹੈ ਅਤੇ ਹੁਣ ਇਹ ਅਦਾਰਾ 2021 ਦੇ ਸੈਸ਼ਨ ਲਈ ਬੱਚਿਆਂ ਨੂੰ ਸਿੱਖਿਆ ਦੇਣ ਵਾਸਤੇ ਤਿਆਰ ਹੈ। ਉਨ੍ਹਾਂ ਕਿਹਾ ਕਿ 121 ਮਿਲੀਅਨ ਡਾਲਰਾਂ ਦੀ ਲਾਗਤ ਨਾਲ ਇਸ ਕਾਲਜ ਦੇ ਨਵੀਨੀਕਰਣ ਨਾਲ ਹੁਣ ਇਸ ਵਿੱਚ 104 ਕਲਾਸਰੂਮ ਬਣਾਏ ਗਏ ਹਨ ਜਿਨ੍ਹਾਂ ਵਿੱਚ ਕਿ ਵਿਗਿਆਨ, ਉਦਯੋਗਿਕ ਕਲ਼ਾਵਾਂ ਅਤੇ ਹੋਸਪਿਟੈਲਿਟੀ ਆਦਿ ਦੀਆਂ ਸੁਵਿਧਾਵਾਂ, ਸਭਿਆਚਾਰਕ ਗਤੀਵਿਧੀਆਂ ਦੇ ਨਾਲ ਨਾਲ ਖੇਡਾਂ ਆਦਿ ਦੇ ਪ੍ਰਾਵਧਾਨ, ਚਾਰ ਦਿਵਾਰੀ ਦੇ ਅੰਦਰ ਅਤੇ ਬਾਹਰਵਾਰ ਪੜ੍ਹਾਈ ਦੀਆਂ ਸਹੂਲਤਾਂ ਅਤੇ ਆਧੁਨਿਕ ਖੇਤੀਬਾੜੀ ਦੇ ਇੱਕ ਨਵੇਂ ਖਿੱਤੇ ਨੂੰ ਵੀ ਪੜ੍ਹਾਈ ਲਿਖਾਈ ਦਾ ਜ਼ਰੀਆ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਸਮੁੱਚੀ ਸਰਕਾਰ ਇਹੋ ਚਾਹੁੰਦੀ ਹੈ ਕਿ ਰਾਜ ਦਾ ਹਰ ਬੱਚਾ ਆਪਣੇ ਬਚਪਨ ਵਿੱਚ ਪੜ੍ਹਾਈ ਦੇ ਸ਼ੁਰੂਆਤੀ ਦੌਰ ਤੋਂ ਹੀ ਕੁੱਝ ਅਜਿਹਾ ਸਿੱਖੇ ਜਿਸ ਨਾਲ ਕਿ ਉਹ ਆਪਣੀ ਸਕੂਲੀ ਅਤੇ ਕਾਲਜੀ ਪੜ੍ਹਾਈ ਸੰਪੂਰਨ ਕਰਦਿਆਂ ਹੀ ਆਪਣੇ ਰੌਜ਼ਗਾਰ ਵੱਲ ਜਾਗਰੂਕ ਹੋ ਜਾਵੇ ਅਤੇ ਉਸਾਰੂ ਨੀਤੀਆਂ ਅਤੇ ਰੌਜ਼ਗਾਰ ਨੂੰ ਅਪਣਾਉਂਦਿਆਂ ਆਪਣੇ ਜੀਵਨ ਨੂੰ ਹਰ ਵੇਲੇ ਬੁਲੰਦੀਆਂ ਉਪਰ ਲੈ ਕੇ ਜਾਂਦਾ ਰਹੇ।

Armidale SC

ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਵੀ ਇਸ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਸਕੂਲ ਉਪਰ ਆਧਾਰਿਤ ਹੋਰ ਸਕੂਲ/ਕਾਲਜ ਵੀ ਰਾਜ ਅੰਦਰ ਖੋਲ੍ਹੇ ਜਾਣਗੇ ਤਾਂ ਜੋ ਹਰ ਇੱਕ ਵਿਦਿਆਰਥੀ ਨੂੰ ਸਹੀ ਤਰੀਕੇ ਨਾਲ ਪੜ੍ਹਾਈ ਲਿਖਾਈ ਅਤੇ ਰੌਜ਼ਗਾਰ ਦੀ ਜਾਣਕਾਰੀ ਅਤੇ ਸਿਖਲਾਈ ਮੁਹੱਈਆ ਕਰਵਾਈ ਜਾ ਸਕੇ। ਇਸ ਸਕੂਲ ਅੰਦਰ ਹਰ ਸਾਲ 1,500 ਤੋਂ ਵੀ ਜ਼ਿਆਦਾ ਵਿਦਿਆਰਥੀਆਂ ਨੂੰ ਥਾਂ ਮਿਲੇਗੀ ਅਤੇ ਇਸ ਅੰਦਰ ਇੱਕ ਬਹੁ-ਪੱਖੀ ਕੰਮਾਂ ਆਦਿ ਵਾਸਤੇ ਇੱਕ ਵੱਡਾ ਹਾਲ ਕਮਰਾ ਵੀ ਉਸਾਰਿਆ ਜਾ ਰਿਹਾ ਹੈ ਜੋ ਕਿ 2022 ਤੱਕ ਬਣ ਕੇ ਤਿਆਰ ਹੋ ਜਾਵੇਗਾ। ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਨੇ ਕਿਹਾ ਕਿ ਸ਼ਹਿਰੀ ਆਬਾਦੀਆਂ ਤੋਂ ਦੂਰ ਜੰਗਲਾਂ ਆਦਿ ਦੇ ਸਥਾਨਾਂ ਵਿੱਚ ਬਣਨ ਵਾਲਾ ਇਹ ਕਾਲਜ, ਸਥਾਨਕ ਲੋਕਾਂ ਦੀ ਜ਼ਿੰਦਗੀ ਅੰਦਰ ਬਹੁਪੱਖੀ ਸ਼ਖ਼ਸੀਅਤਾਂ ਦਾ ਵਿਕਾਸ ਕਰੇਗਾ। ਜ਼ਿਕਰਯੋਗ ਹੈ ਕਿ ਰਾਜ ਸਰਕਾਰ ਨੇ ਅਗਲੇ ਚਾਰ ਸਾਲਾਂ ਅੰਦਰ ਅਜਿਹੇ ਕੰਮਾਂ ਵਾਸਤੇ 7 ਬਿਲੀਅਨ ਡਾਲਰ ਦਾ ਬਜਟ ਰੱਖਿਆ ਹੋਇਆ ਹੈ ਜਿਸ ਰਾਹੀਂ ਕਿ 200 ਤੋਂ ਵੀ ਵੱਧ ਸਕੂਲ ਨਵੇਂ ਖੋਲ੍ਹੇ ਜਾ ਰਹੇ ਹਨ ਅਤੇ ਜਾਂ ਫੇਰ ਪੁਰਾਣਿਆਂ ਦਾ ਨਵੀਨੀਕਰਣ ਅਤੇ ਆਧੁਨਿਕਰਣ ਕੀਤਾ ਜਾ ਰਿਹਾ ਹੈ।

Install Punjabi Akhbar App

Install
×