ਭਵਿੱਖ ਦੇ ਗ੍ਰਾਹਕ ਯਾਤਰੀ ਨਵੀਆਂ ਟ੍ਰੇਨਾਂ ਬਣਾਉਣ ਵਿੱਚ ਕਰ ਰਹੇ ਮਦਦ

ਬੈਥਰਸਟ ਵਿਖੇ ਭਵਿੱਖ ਵਿੱਚ ਨਿਰਮਾਣ ਅਧੀਨ ਇੱਕ ਰੇਲ ਗੱਡੀ ਦਾ ਪੂਰਾ ਦਾ ਪੂਰਾ ਮਾਡਲ ਤਿਆਰ ਕੀਤਾ ਗਿਆ ਹੈ ਅਤੇ ਉਸ ਉਪਰ ਭਵਿੱਖ ਦੇ ਯਾਤਰੀਆਂ ਦੀ ਸਲਾਹ ਲਈ ਜਾ ਰਹੀ ਹੈ ਤਾਂ ਜੋ ਰੇਲ ਗੱਡੀ ਨੂੰ ਹੋਰ ਵੀ ਆਰਾਮਦਾਇਕ, ਸੁਵਿਧਾਜਨਕ ਅਤੇ ਹਰ ਪੱਖੋਂ ਸੁਰੱਖਿਅਤ ਬਣਾਇਆ ਜਾ ਸਕੇ। ਕੌਮੀ ਪੱਧਰ ਦੇ ਸੜਕ ਪਰਿਵਹਨ ਮੰਤਰੀ ਪੌਲ ਟੂਲੇ ਨੇ ਇਸ ਦਾ ਖੁਦ ਨਿਰੀਖਣ ਕੀਤਾ ਅਤੇ ਦੱਸਿਆ ਕਿ ਬਹੁਤ ਵਧੀਆ ਉਦਮ ਕੀਤਾ ਜਾ ਰਿਹਾ ਹੈ ਅਤੇ ਇਸ ਦੌਰਾਨ ਸਟਾਫ ਦੇ ਮੈਂਬਰਾਂ ਅਤੇ ਭਵਿੱਖ ਦੇ ਗ੍ਰਾਹਕ ਯਾਤਰੀਆਂ ਦੀ ਰਾਏ ਵੀ ਲਈ ਜਾ ਰਹੀ ਹੈ। ਇਸ ਨਵੀਂ ਰੇਲ ਗੱਡੀ ਅੰਦਰ ਬਹੁਤ ਸਾਰੀਆਂ ਸੁਵਿਧਾਵਾਂ ਜਿਵੇਂ ਕਿ ਯਾਤਰੀਆਂ ਦੇ ਆਉਣ ਜਾਣ, ਬੈਠਣ ਉਠਣ ਦੇ ਖਾਸ ਇੰਤਜ਼ਾਮ, ਅਪੰਗ ਵਿਅਕਤੀਆਂ ਵਾਸਤੇ ਵ੍ਹੀਲ ਚੇਅਰ ਦੇ ਰਾਹਾਂ ਦੀ ਮੋਜੂਦਗੀ, ਵਧੀਆ ਅਤੇ ਸੁਵਿਧਾਜਨਕ ਟਾਇਲਟਸ, ਅਤੇ ਇਸ ਦੇ ਨਾਲ ਨਾਲ ਬਾਈਕ ਸਟੋਰੇਜ ਦੇ ਵੀ ਇੰਤਜ਼ਾਮ ਕੀਤੇ ਜਾ ਰਹੇ ਹਨ ਤਾਂ ਜੋ ਯਾਤਰੀ ਆਪਣੀ ਮੋਟਰ ਬਾਈਕ ਆਦਿ ਲੈ ਕੇ ਵੀ ਇਸ ਟ੍ਰੇਨ ਅੰਦਰ ਸਫ਼ਰ ਕਰ ਸਕਣ। ਲੋਕਾਂ ਵਾਸਤੇ ਇਸ ਟ੍ਰੇਨ ਅੰਦਰ ਜਾਣ ਦਾ ਪੂਰਾ ਪੂਰਾ ਇੰਤਜ਼ਾਮ ਹੈ ਅਤੇ ਲੋਕਾਂ ਦੇ ਵਰਤਾਉ ਨੂੰ ਹਰ ਪਲ਼ ਪਰਖਿਆ ਜਾ ਰਿਹਾ ਹੈ ਕਿ ਲੋਕ ਦਿੱਤੀਆਂ ਗਈਆਂ ਸੁਵਿਧਾਵਾਂ ਦਾ ਇਸਤੇਮਾਲ ਕਿਵੇਂ ਕਰਦੇ ਹਨ ਅਤੇ ਜਾਂ ਫੇਰ ਲੋਕ ਮੌਜੂਦਾ ਪ੍ਰਾਵਧਾਨਾਂ ਦੇ ਨਾਲ ਨਾਲ ਹੋਰ ਕੀ ਚਾਹੁੰਦੇ ਹਨ ਤਾਂ ਕਿ ਯਾਤਰਾਵਾਂ ਦਾ ਆਨੰਦ ਪੂਰਨ ਤੌਰ ਤੇ ਉਠਾਇਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦੇ 2.8 ਬਿਲੀਅਨ ਡਾਲਰ ਦੇ ਉਕਤ ਪ੍ਰਾਜੈਕਟ ਦੇ ਤਹਿਤ ਪੁਰਾਣੇ ਸਮਿਆਂ ਤੋਂ ਚਲ ਰਹੀਆਂ ਰੇਲ ਗੱਡੀਆਂ ਨੂੰ ਬਦਲ ਕੇ 29 ਨਵੀਆਂ ਆਧੁਨਿਕ ਸੁਵਿਧਾਵਾਂ ਨਾਲ ਲੈਸ ਅਜਿਹੀਆਂ ਹੀ ਰੇਲ ਗੱਡੀਆਂ ਲਿਆਉਣ ਦਾ ਪ੍ਰਾਵਧਾਨ ਹੈ ਜਿਨ੍ਹਾਂ ਦਾ ਸਾਰਾ ਰੱਖ ਰਖਾਉ, ਸਰਵਿਸ ਆਦਿ ਦਾ ਡੂਬੋ ਵਿਖੇ ਇੰਤਜ਼ਾਮ ਹੋਵੇਗਾ। ਰੇਲ ਗੱਡੀਆਂ ਦੀ ਪਹਿਲੀ ਖੇਪ ਸਾਲ 2023 ਤੋਂ ਸ਼ੁਰੂ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ। ਜ਼ਿਆਦਾ ਜਾਣਕਾਰੀ https://www.transport.nsw.gov.au/projects/current-projects/regional-rail ਉਪਰ ਵਿਜ਼ਿਟ ਕਰਕੇ ਲਈ ਜਾ ਸਕਦੀ ਹੈ।

Install Punjabi Akhbar App

Install
×