ਘਰ ਤੇ ਬਾਹਰ ਦਾ ਫਰਕ…..?

ਜੱਸਾ ਕਮਲਾ ਆਪਣੇ ਦੋਸਤਾਂ ਨਾਲ ਇੱਕ ਵਿਆਹ ਵੇਖ ਰਿਹਾ ਸੀ। ਵੈਸੇ ਤਾਂ ਉਹ ਐਮ. ਏ. ਪਾਸ ਸੀ ਪਰ ਮੂੰਹ ‘ਤੇ ਸੱਚ ਬੋਲਣ ਦੀ ਮਾੜੀ ਆਦਤ ਕਾਰਨ (ਸਾਡੇ ਸਮਾਜ ਦਾ ਸਭ ਤੋਂ ਵੱਡਾ ਗੁਨਾਹ) ਲੋਕਾਂ ਨੇ ਉਸ ਦਾ ਨਾਮ ਕਮਲਾ ਪਾਇਆ ਹੋਇਆ ਸੀ। ਉਸ ਦੇ ਦੋਸਤ ਖਾਣੇ ਦੀਆਂ ਧੱਜੀਆਂ ਉਡਾ ਕੇ ਸ਼ਗਣ ਵਿੱਚ ਦਿੱਤੇ ਪੰਜ ਸੌ ਰੁਪਏ ਦੀ ਪੂਰਤੀ ਕਰਨ ਦੀ ਕੋਸ਼ਿਸ਼ ਰਹੇ ਸਨ।

ਖਾਧਾ ਘੱਟ ਤੇ ਖਰਾਬ ਜਿਆਦਾ ਕੀਤਾ ਜਾ ਰਿਹਾ ਸੀ। ਕਦੇ ਕਿਸੇ ਡਿੱਸ਼ ਦੀ ਪਲੇਟ ਭਰ ਲੈਂਦੇ ਤੇ ਕਦੇ ਕਿਸੇ ਡਿੱਸ਼ ਦੀ। ਫਿਰ ਸਵਾਦੀ ਨਾ ਹੋਣ ਦਾ ਬਹਾਨਾ ਬਣਾ ਕੇ ਸਣੇ ਪਲੇਟ ਡਿੱਸ਼ ਡਸਟ ਬਿੱਨ ਵਿੱਚ ਵਗਾਹ ਮਾਰਦੇ। ਚਿਕਨ ਦੇ ਲੈੱਗ ਪੀਸਾਂ ਦੀ ਤਾਂ ਸਿਰਫ ਦਾਤਣ ਕੀਤੀ ਜਾ ਰਹੀ ਸੀ। ਥੋੜ੍ਹੀ ਜਿਹੀ ਦੰਦੀ ਵੱਢ ਕੇ ਬਾਕੀ ਚੱਲ ਮੇਜ ਦੇ ਥੱਲੇ।

ਖਾਣੇ ਦੀ ਹੋ ਰਹੀ ਬਰਬਾਦੀ ਜੱਸੇ ਕੋਲੋਂ ਬਰਦਾਸ਼ਤ ਨਾ ਹੋਈ। ਜਦੋਂ ਦੋਸਤ ਉਸ ਦੇ ਸਮਝਾਉਣ ‘ਤੇ ਵੀ ਖਰਮਸਤੀਆਂ ਕਰਨੋ ਨਾ ਹਟੇ ਤਾਂ ਸਮਾਜ ਵੱਲੋਂ ਘੋਸ਼ਿਤ ਕਮਲੇ (ਅਸਲ ਵਿੱਚ ਸੱਚੇ ਬੰਦੇ) ਨੇ ਸੱਚੋ ਸੱਚ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ, ”ਜਿਵੇਂ ਆਪਾਂ ਹੁਣ ਕਰ ਰਹੇ ਹਾਂ, ਪੱਲਿਉਂ ਪੈਸੇ ਖਰਚ ਕੇ ਲਏ ਸਮਾਨ ਨਾਲ ਕੀਤਾ ਕਦੇ ਇਸ ਤਰਾਂ? ਰੇਹੜੀ ਵਾਲਾ ਗੋਲ ਗੱਪੇ ਖਾਣ ਤੋਂ ਬਾਅਦ ਮੁਫਤ ਵਿੱਚ ਥੋੜ੍ਹੀ ਜਿਹੀ ਕਾਂਜੀ ਨਾ ਪਿਆਵੇ ਤਾਂ ਉਸ ਨਾਲ ਲੜਨ ਤੱਕ ਜਾਂਦੇ ਹਾਂ। ਆਈਸ ਕਰੀਮ ਦਾ ਕੱਪ ਖੋਲ੍ਹ ਕੇ ਪਹਿਲਾਂ ਉਸ ਦਾ ਢੱਕਣ ਚੱਟਦੇ ਹਾਂ। ਪੈਕਟ ਦਾ ਦੁੱਧ ਪਤੀਲੇ ਵਿੱਚ ਪਾ ਕੇ, ਉਸ ਦੇ ਖਾਲੀ ਲਿਫਾਫੇ ਵਿੱਚ ਪਾਣੀ ਪਾ ਕੇ ਚੰਗੀ ਤਰਾਂ ਹਿਲਾ ਕੇ ਤੇ ਪਤੀਲੇ ਵਿੱਚ ਪਾ ਕੇ ਫਿਰ ਸੁੱਟਦੇ ਹਾਂ। ਪੰਜਾਂ ਰੁਪਈਆਂ ਦੀ ਮੁੰਗਫਲੀ ਖਾਣ ਤੋਂ ਬਾਅਦ ਛਿੱਲਾਂ ਵਿੱਚੋਂ ਡਿੱਗੇ ਹੋਏ ਦਾਣੇ ਲੱਭਦੇ ਹਾਂ। ਦੀਵਾਲੀ ਤੋਂ ਅਗਲੇ ਦਿਨ ਸਵੇਰੇ ਉੱਠ ਕੇ ਰਾਤ ਦੇ ਮਿੱਸ ਪਟਾਕੇ ਲੱਭ ਕੇ ਦੁਬਾਰਾ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਘਰ ਬੱਕਰਾ ਬਣਾਇਆ ਹੋਵੇ ਤਾਂ ਉਸ ਦੀ ਹੱਡੀ ਉਨੀ ਦੇਰ ਤੱਕ ਚੂਸਦੇ ਹਾਂ ਜਦ ਤੱਕ ਉਹ ਬਾਂਸੁਰੀ ਵਾਂਗ ਖੋਖਲੀ ਨਾ ਹੋ ਜਾਵੇ।

ਟਰਾਂਜਿਸਟਰ ਜਾਂ ਰੇਡਿਉ ਚੱਲਣ ਯੋਗ ਨਾ ਰਹੇ ਤਾਂ ਸਪੀਕਰ ਵਿੱਚੋਂ ਚੁੰਬਕ ਕੱਢ ਲੈਂਦੇ ਹਾਂ। ਅਖਬਾਰਾਂ ਦੀ ਰੱਦੀ ਅਤੇ ਘਰ ਦਾ ਹੋਰ ਕਬਾੜ ਵੇਚ ਕੇ ਸੌ ਪੰਜਾਹ ਕਮਾ ਲੈਂਦੇ ਹਾਂ। ਇਸ ਲਈ ਜਿਵੇਂ ਘਰ ਵਿੱਚ ਬਚਤ ਕਰਦੇ ਉ, ਉਸੇ ਤਰਾਂ ਇਸ ਗਰੀਬ ਬਾਪ ਦਾ ਵੀ ਖਿਆਲ ਰੱਖੋ ਜੋ ਆਪਣੀ ਸਾਰੀ ਜਮਾਂ ਪੂੰਜੀ ਲਗਾ ਕੇ ਧੀ ਦਾ ਵਿਆਹ ਕਰ ਰਿਹਾ ਹੈ। ਖਾਣਾ ਉਨਾਂ ਹੀ ਪਲੇਟ ਵਿੱਚ ਪਾਉ ਜਿੰਨਾ ਖਾ ਸਕਦੇ ਉ।”

ਸੁਣ ਕੇ ਸਾਰੇ ਦੋਸਤਾਂ ਦੀਆਂ ਨਜ਼ਰਾਂ ਝੁਕ ਗਈਆਂ।