ਨਿਊ ਸਾਊਥ ਵੇਲਜ਼ ਵਿੱਚ ਕਲ਼ਾ ਅਤੇ ਸਭਿਆਚਾਰ ਨੂੰ ਵਧਾਉਣ ਲਈ 30 ਮਿਲੀਅਨ ਡਾਲਰ ਦਾ ਫੰਡ ਜਾਰੀ

ਕਲ਼ਾ ਅਤੇ ਸਭਿਆਚਾਰ ਨੂੰ ਹੋਰ ਪ੍ਰਫੁਲਤ ਕਰਨ ਵਾਸਤੇ ਨਿਊ ਸਾਊਥ ਵੇਲਜ਼ ਸਰਕਾਰ ਨੇ ਸਰਕਾਰ ਦੇ ਬਚਾਉ ਅਤੇ ਮੁੜ ਤੋਂ ਸ਼ੁਰੂ ਕਰਨ ਦੀਆਂ ਸਕੀਮਾਂ ਤਹਿਤ (NSW Government’s Rescue and Restart package) ਆਪਣੇ ਦੂਸਰੇ ਪੜਾਅ ਦੀ ਮਦਦ ਅਧੀਨ, 30.1 ਮਿਲੀਅਨ ਡਾਲਰਾਂ ਦਾ ਫੰਡ ਜਾਰੀ ਕੀਤਾ ਹੈ। ਸਬੰਧਤ ਵਿਭਾਗ ਦੇ ਮੰਤਰੀ ਸ੍ਰੀ ਡੋਨ ਹਾਰਵਿਨ ਨੇ ਸਾਂਝੀ ਕੀਤੀ ਜਾਣਕਾਰੀ ਵਿੱਚ ਦੱਸਿਆ ਕਿ ਕੋਵਿਡ-19 ਦੀ ਮਾਰ ਨੇ ਜਿੱਥੇ ਹਰ ਇੱਕ ਖੇਤਰ ਵਿੱਚ ਨੁਕਸਾਨ ਕੀਤਾ ਹੈ ਉਥੇ ਕਲ਼ਾ ਅਤੇ ਸਭਿਆਚਾਰਕ ਗਤੀਵਿਧੀਆਂ ਦੇ ਖੇਤਰ ਵਿੱਚ ਵੀ ਬਹੁਤ ਜ਼ਿਆਦਾ ਵਿੱਤੀ ਅਤੇ ਹੋਰ ਸੰਕਟ ਖੜ੍ਹੇ ਕਰ ਦਿੱਤੇ ਹਨ। ਸਮਾਜਿਕ ਸੁਰੱਖਿਆ ਦੇ ਨਾਲ ਨਾਲ ਇਸ ਖੇਤਰ ਵਿੱਚ ਵੀ ਫੌਰੀ ਤੌਰ ਤੇ ਸਹਾਇਤਾ ਦੀ ਜ਼ਰੂਰਤ ਹੈ ਅਤੇ ਇਸੇ ਦੇ ਮੱਦੇਨਜ਼ਰ ਸਰਕਾਰ ਨੇ ਇਨ੍ਹਾਂ ਖੇਤਰਾਂ ਵਿੱਚ ਵੀ ਸਮਾਂ ਰਹਿੰਦਿਆਂ ਹੀ ਮਦਦ ਪਹੁੰਚਾਈ ਹੈ। ਉਨ੍ਹਾਂ ਦਸਿਆ ਹੈ ਕਿ 160 ਅਜਿਹੀਆਂ ਹੀ ਕੰਪਨੀਆਂ ਨੂੰ 24.2 ਮਿਲੀਅਨ ਡਾਲਰਾਂ ਦੀ ਆਰਥਿਕ ਮਦਦ ਕੀਤਾ ਜਾ ਰਹੀ ਹੈ ਤਾਂ ਜੋ ਕਲ਼ਾ ਅਤੇ ਸਭਿਆਚਾਰਕ ਖੇਤਰਾਂ ਵਿੱਚ ਵੀ ਗਤੀਵਿਧੀਆਂ ਨੂੰ ਤੇਜ਼ ਕਰਕੇ ਗੱਡੀ ਮੁੜ ਤੋਂ ਲੀਹਾਂ ਤੇ ਲੈ ਆਈ ਜਾਵੇ।
ਉਕਤ ਕੰਪਨੀਆਂ ਅਜਿਹੇ ਅਦਾਰੇ ਹਨ ਜਿਹੜੇ ਕਿ ਬਿਨ੍ਹਾਂ ਕਿਸੇ ਲਾਭ-ਹਾਨੀ ਦੇ ਉਕਤ ਖੇਤਰਾਂ ਵਿੱਚ ਆਪਣੀਆਂ ਗਤੀਵਿਧੀਆਂ ਕਰਦੇ ਹਨ ਅਤੇ ਸਕੀਮ ਦੇ ਤਹਿਤ ਉਨ੍ਹਾਂ ਕੰਪਨੀਆਂ ਦੀ ਹੀ ਅਜਿਹੀ ਮਦਦ ਕੀਤੀ ਜਾਂਦੀ ਹੈ ਜਿਨ੍ਹਾਂ ਦੀ ਸਾਲ 2018-19 ਦੌਰਾਨ ਸਾਲਾਨਾ ਟਰਨ-ਓਵਰ 750,000 ਡਾਲਰ ਹੋਵੇ ਤਾਂ ਜੋ ਕੰਪਨੀਆਂ ਵੱਲੋਂ ਸਹੀ ਸਹੀ ਫੰਡਾਂ ਦੀ ਵਰਤੋਂ ਦਾ ਅਨੁਮਾਨ ਲਗਾਇਆ ਜਾ ਸਕੇ।
2.5 ਮਿਲੀਅਨ ਦੀ ਰਾਸ਼ੀ ਮਿਊਜ਼ਿਕ, ਲਿਟਰੇਚਰ ਅਤੇ ਲੇਖਣ ਕਲ਼ਾ ਲਈ ਰੱਖਿਆ ਗਿਆ ਹੈ ਤਾਂ ਜੋ ਅਜਿਹੇ ਕਲਾਕਾਰਾਂ ਦੀ ਮਦਦ ਹੋ ਸਕੇ। ਇਸ ਵਾਸਤੇ ਨਿਊ ਸਾਊਥ ਵੇਲਜ਼ ਸਰਕਾਰ ਦੀ ਵੈਬਸਾਈਟ ਉਪਰ 2021 ਦੇ ਸ਼ੁਰੂਆਤ ਵਿੱਚ ਹੀ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਅਜਿਹੀ ਹੀ ਸਕੀਮ ਦੇ ਪਹਿਲੇ ਪੜਾਅ ਦੇ ਤਹਿਤ ਕਲ਼ਾ ਅਤੇ ਸਭਿਆਰਕ ਗਤੀਵਿਧੀਆਂ ਵਾਲੇ ਅਦਾਰਿਆਂ ਨੂੰ 5,000 ਡਾਲਰਾਂ ਦੀ ਸਹਾਇਤਾ (ਇੱਕੋ ਸਮੇਂ ਲਈ) ਕੀਤੀ ਗਈ ਸੀ।

Install Punjabi Akhbar App

Install
×